ਜੀਵਨ ਕੇਵਲ ਸੁੱਖ ਤੇ ਖ਼ੁਸ਼ੀ ਦਾ ਨਾਂਅ ਨਹੀਂ, ਸਗੋਂ ਸੰਘਰਸ਼, ਮਾਨਸਿਕ ਤਣਾਅ, ਦੁੱਖ, ਅਸਫ਼ਲਤਾ ਵੀ ਇਸ ਦਾ ਇਕ ਹਿੱਸਾ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿਚ ਜਿਥੇ ਪੈਸੇ ਦੀ ਦੌੜ ਵਧਦੀ ਜਾ ਰਹੀ ਹੈ, ਉਥੇ ਸਮੇਂ ਦੀ ਘਾਟ ਹੁੰਦੀ ਜਾ ਰਹੀ ਹੈ। ਜਿਸ ਵਿਚ ਆਪਣਾ ਸੁਖੀ ਜੀਵਨ ਬਿਤਾ ਸਕੀਏ, ਸੁੱਖ ਦਾ ਸਾਹ ਲੈ ਸਕੀਏ, ਚੈਨ ਦੀ ਨੀਂਦ ਸੌਂ ਸਕੀਏ। ਇਸ ਦੌੜ ਨੇ ਮਨ ਦੀ ਸ਼ਾਂਤੀ, ਸਕੂਨ, ਮੁਸਕਰਾਹਟ ਤੇ ਪਿਆਰ ਭਰਿਆ ਜੀਵਨ ਸਾਥੋਂ ਖੋਹ ਲਿਆ ਹੈ ਤੇ ਬਦਲੇ ਵਿਚ ਮਿਲੀਆਂ ਹਨ ਉਲਝਣਾਂ, ਤਣਾਅ, ਮਾਨਸਿਕ ਪ੍ਰੇਸ਼ਾਨੀ ਤੇ ਨਿਰੰਤਰ ਸੰਕਟ। ਭਾਵੇਂ ਇਹ ਸਭ ਕੁਝ ਜੀਵਨ ਦੇ ਆਰੰਭ ਤੋਂ ਹੀ ਜੀਵਨ ਦਾ ਹਿੱਸਾ ਰਿਹਾ ਹੈ, ਪਰ ਹੁਣ ਵਿਗਿਆਨ ਦੀ ਤਰੱਕੀ ਤੇ ਪਦਾਰਥਵਾਦੀ ਦੌੜ ਕਾਰਨ ਇਹ ਹਿੱਸਾ ਹਾਵੀ ਹੁੰਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਲੋੜ ਹੈ ਇਹ ਸੋਚ-ਵਿਚਾਰ ਕਰਨ ਦੀ ਕਿ ਇਸ ਤਣਾਅ ਤੇ ਪ੍ਰੇਸ਼ਾਨੀ ਨੂੰ ਕਿਵੇਂ ਘਟਾਇਆ ਜਾਵੇ ਜਾਂ ਇਸ ਤੋਂ ਮੁਕਤੀ ਕਿਵੇਂ ਪਾਈ ਜਾ ਸਕੇ।
ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰੇਸ਼ਾਨੀ ਦੇ ਕਾਰਨਾਂ ਨੂੰ ਸਹਿਜ ਭਾਵ ਨਾਲ ਵਿਚਾਰਿਆ ਜਾਵੇ, ਕਾਹਲੇ ਪੈਣ ਜਾਂ ਉਤਾਵਲੇ ਹੋਣ ਦੀ ਲੋੜ ਨਹੀਂ, ਕਿਉਂਕਿ ਕਿਸੇ ਵੀ ਸਮੱਸਿਆ ਦਾ ਹੱਲ ਸ਼ਾਂਤ, ਚਿੱਤ ਰਹਿ ਕੇ ਗੰਭੀਰਤਾ ਨਾਲ ਹੀ ਨਿਕਲ ਸਕਦਾ ਹੈ ਕਿਉਂਕਿ ਜੀਵਨ ਵਿਚ ਆਈ ਸਮੱਸਿਆ ਨੂੰ ਜੀਵਨ ਦਾ ਹਿੱਸਾ ਸਮਝ ਕੇ ਸਵੀਕਾਰ ਕਰੀਏ ਤੇ ਇਸ ਦਾ ਸਾਹਮਣਾ ਹੌਂਸਲੇ ਨਾਲ ਕਰੀਏ। ਆਪਣੇ ਅੰਦਰੋਂ ਜ਼ਿੰਦਾਦਿਲੀ ਤੇ ਜੋਸ਼ ਨੂੰ ਉਭਾਰੀਏ ਭਾਵ ਆਪਣੀ ਬੈਟਰੀ ਚਾਰਜ ਕਰਦੇ ਰਹੀਏ ਤਾਂ ਕਿ ਹਿੰਮਤ ਨਾਲ ਔਕੜਾਂ ਦਾ ਸਾਹਮਣਾ ਕੀਤਾ ਜਾ ਸਕੇ।
ਦੂਸਰੀ ਗੱਲ ਆਪਣੇ ਰੋਜ਼ਾਨਾ ਜੀਵਨ ਦਾ ਟੀਚਾ ਮਿੱਥ ਕੇ ਦਿਨ ਦੀ ਸ਼ੁਰੂਆਤ ਸ਼ਾਂਤ-ਚਿਤ ਰਹਿ ਕੇ ਪ੍ਰਮਾਤਮਾ ਦਾ ਨਾਂਅ ਲੈ ਕੇ ਕਰੀਏ। ਕਿਸੇ ਦੇ ਉਕਸਾਉਣ ‘ਤੇ ਆਪਣਾ ਮਾਨਸਿਕ ਸੰਤੁਲਨ ਨਾ ਗਵਾਈਏ। ਆਪਣੇ-ਆਪ ਨੂੰ ਬਦਲਦੇ ਹਾਲਾਤ ਮੁਤਾਬਿਕ ਢਾਲਣ ਦਾ ਯਤਨ ਕਰੀਏ। ਕਈ ਵਾਰ ਗਹਿਰ-ਗੰਭੀਰ ਤੇ ਸ਼ਾਂਤ ਰਹਿ ਕੇ ਰੂਟੀਨ ਵਿਚ ਆਈ ਤਬਦੀਲੀ ਸਫ਼ਲਤਾ ਵੱਲ ਜਾਂਦਾ ਰਾਹ ਉਲੀਕ ਦਿੰਦੀ ਹੈ।
ਬ ਆਪਣੇ ਟੀਚੇ ਮਿਥਣ ਲੱਗਿਆਂ ਸੂਝ ਬੂਝ ਤੋਂ ਕੰਮ ਲੈਣਾ ਉਚਿਤ ਹੈ ਤੇ ਫਿਰ ਜਿੰਨੀ ਦ੍ਰਿੜਤਾ ਨਾਲ ਉਸ ਟੀਚੇ ਵੱਲ ਵਧਾਂਗੇ, ਓਨੇ ਹੀ ਸਫ਼ਲਤਾ ਦੇ ਨੇੜੇ ਤੇ ਪ੍ਰੇਸ਼ਾਨੀ ਤੋਂ ਦੂਰ ਹੁੰਦੇ ਜਾਵਾਂਗੇ। ਜ਼ਿੰਦਗੀ ਫੁੱਟਬਾਲ ਦੀ ਤਰਾਂ ਹੈ, ਆਪਣੀ ਦਿਮਾਗੀ ਮਸ਼ੀਨਰੀ ਨੂੰ ਗਤੀਸ਼ੀਲ ਰੱਖੋ, ਜਦ ਪਹਿਲੀ ਪੌੜੀ ‘ਤੇ ਪੈਰ ਰੱਖੋਗੇ ਤਾਂ ਮਿਸ਼ਨ ਦੀ ਸੰਪੂਰਨਤਾ ਸਹਿਜੇ ਹੀ ਨੇੜੇ ਨਜ਼ਰ ਆਏਗੀ-ਸਵਾਲ ਟੀਚਾ ਹਾਸਲ ਕਰਨ ਦੀ ਤੀਬਰਤਾ ਦੀ ਹੋਂਦ ਦਾ ਹੈ।
ਤੀਸਰੀ ਗੱਲ ਕੰਮ ਦੀ ਯੋਜਨਾ ਬਣਾਉਂਦੇ ਹੋਏ ਮਨ ਹੀ ਮਨ ਉਸ ਨੂੰ ਪੂਰਾ ਕਰਨ ਲਈ ਦ੍ਰਿੜਤਾ ਨਾਲ ਪ੍ਰਤੀਬੱਧ ਹੋਈਏ ਤੇ ਆਪਣੀ ਸੋਚ ਨੂੰ ਸਾਕਾਰਾਤਮਿਕ ਰੂਪ ਦੇਈਏ। ਇਸ ਨਾਲ ਆਸ ਦੀ ਕਿਰਨ ਨਜ਼ਰ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਤੇ ਪ੍ਰੇਸ਼ਾਨੀ ਤੋਂ ਮੁਕਤ ਹੋਣ ਦੀ। ਕਿਸੇ ਔਕੜ ਤੋਂ ਘਬਰਾਉਣ ਦੀ ਬਜਾਏ ਜੇ ਮਨ ਨੂੰ ਸੰਤੁਲਤ ਰੱਖ ਕੇ ਇਸ ਨੂੰ ਹੱਲ ਕਰਨ ਵੱਲ ਸੋਚ ਦੇ ਘੋੜੇ ਦੌੜਾਈਏ ਤੇ ਇਹ ਸੋਚੀਏ ਕਿ ਅਸੀਂ ਇਕੱਲੇ ਹੀ ਪ੍ਰੇਸ਼ਾਨ ਨਹੀਂ ਸਾਡੇ ਜਿਹੇ ਹੋਰ ਵੀ ਹਨ ਤਾਂ ਸੋਚ ਮਜਬੂਤ ਤੇ ਮਨ ਬਲਵਾਨ ਹੋਵੇਗਾ। ਸਚਾਈ ਤੇ ਸੂਝ-ਬੂਝ ਦੋਵੇਂ ਸਾਡੇ ਮਿੱਤਰ ਹਨ, ਸਚਾਈ ਨੂੰ ਸਮਝੋ, ਸ਼ਾਂਤ ਰਹੋ, ਆਪਣੇ ਦਿਲ ਦਿਮਾਗ ਦੇ ਬਾਦਸ਼ਾਹ ਬਣ ਕੇ ਵਿਚਰੋ ਤਾਂ ਵੇਖੋ ਪ੍ਰੇਸ਼ਾਨੀ ਦਾ ਹੱਲ ਕਿਵੇਂ ਨਹੀਂ ਨਿਕਲਦਾ। ਇਸ ਤੋਂ ਇਲਾਵਾ ਆਪਣੇ ਵਿਹਲੇ ਸਮੇਂ ਨੂੰ ਕਿਸੇ ਉਸਾਰੂ ਕੰਮ ਵੱਲ ਲਾਓ, ਹਉਮੈ ਨੂੰ ਕਾਬੂ ਵਿਚ ਰੱਖੋ, ਮਨ ਵਿਚ ਕਿਸੇ ਨਾਲ ਵੀ ਵੈਰ ਭਾਵ ਨਾ ਰੱਖੋ ਸਗੋਂ ਪਿਆਰ ਦੀ ਡੋਰੀ ਨਾਲ ਜੁੜੇ ਰਹੋ, ਇਸ ਨਾਲ ਮਨ ਨੂੰ ਸਕੂਨ ਮਿਲੇਗਾ ਤੇ ਪ੍ਰੇਸ਼ਾਨੀ ਤੋਂ ਛੁਟਕਾਰਾ ਵੀ।
ਅਗਲੀ ਗੱਲ ਕਿਸੇ ਵੀ ਸੰਕਟ ਦੀ ਘੜੀ ਵਿਚ ਅਜਿਹੇ ਕੰਮਾਂ ਵਿਚ ਰੁਝ ਜਾਓ, ਜਿਸ ਨਾਲ ਮਨ ਤੇ ਰੂਹ ਨੂੰ ਸਕੂਨ ਮਿਲੇ। ਜਿਵੇਂ ਲੰਮੀ ਸੈਰ ‘ਤੇ ਨਿਕਲ ਜਾਣਾ, ਲਾਇਬ੍ਰੇਰੀ ਵਿਚ ਬੈਠ ਕੇ ਪੁਸਤਕਾਂ ਪੜ੍ਹਨਾ, ਕੁਝ ਲਿਖਣਾ, ਸੰਗੀਤ ਸੁਣਨਾ ਜਾਂ ਸੌਂ ਕੇ ਦਿਮਾਗ ਨੂੰ ਆਰਾਮ ਦੇਣਾ। ਸੰਗੀਤ ਰੂਹ ਦੀ ਖੁਰਾਕ ਹੈ,ਮਨ ਨੂੰ ਸ਼ਾਂਤੀ ਤੇ ਟਿਕਾਅ ਬਖਸ਼ਦਾ ਹੈ। ਚਿੰਤਾ ਦੇ ਗੁਲਾਮ ਨਾ ਬਣੋ। ਈਰਖਾ, ਦੁਸ਼ਮਣੀ ਤੇ ਵਿਰੋਧ ਨੂੰ ਆਪਣੀ ਸੋਚ ਦਾ ਹਿੱਸਾ ਨਾ ਬਣਨ ਦਿਓ। ਇਕ ਚੀਨੀ ਕਹਾਵਤ ਹੈ, ‘You can’t stop the birds of the air from flying over your head but you need not let them nest in your hair.’
ਆਪਣੀਆਂ ਸਮੱਸਿਆਵਾਂ ਬਾਰੇ ਸੋਚ-ਵਿਚਾਰ ਕਰੋ ਤੇ ਅਜਿਹੇ ਹਾਲਾਤ ਪੈਦਾ ਕਰਨ ਵਾਲੀ ਸਥਿਤੀ ਦਾ ਨਿਰੀਖਣ ਕਰੋ, ਦੋਸਤਾਂ-ਮਿੱਤਰਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ, ਸੋਚ ਨੂੰ ਉਸਾਰੂ ਪਾਸੇ ਲਾਓ ਤੇ ਗੁੱਸੇ ਉੱਤੇ ਕਾਬੂ ਰੱਖੋ। ਆਪਣੇ ਮਨ ਨੂੰ ਖੂਬਸੂਰਤ ਕਮਰੇ ਵਾਂਗ ਸਾਫ-ਸੁਥਰਾ, ਸ਼ਾਂਤ ਤੇ ਸੁੰਦਰ ਰੱਖੋ, ਪ੍ਰੇਸ਼ਾਨੀ ਤੋਂ ਭਾਂਜ ਦੀ ਨੀਤੀ ਨਾ ਅਪਣਾਓ, ਹਕੀਕਤ ਦਾ ਸਾਹਮਣਾ ਕਰੋ, ਜਿਥੋਂ ਤੱਕ ਹੋ ਸਕੇ ਕੁਦਰਤ ਨੂੰ ਮਾਣੋ ਜੋ ਮਨ ਨੂੰ ਸਕੂਨ ਦੇਣ ਲਈ ਵੱਡਾ ਸਹਾਰਾ ਹੈ। ਵਿਲੀਅਮ ਵਰਡਜ਼ਵਰਥ ਦੇ ਅਨੁਸਾਰ ਕੁਦਰਤ ਮਨੁੱਖ ਦੀ ਸਭ ਤੋਂ ਵੱਡੀ ਦੋਸਤ ਹੈ ਜੋ ਸਾਨੂੰ ਚਿੰਤਾਮੁਕਤ ਕਰਕੇ ਨਵਾਂ ਜੋਸ਼ ਭਰਦੀ ਹੈ, – ਖਿੜੇ ਹੋਏ ਫੁੱਲ ਖ਼ੁਸ਼ੀ ਦਾ ਸੁਨੇਹਾ ਦਿੰਦੇ ਹਨ। ਪਾਣੀ, ਝਰਨੇ, ਚਸ਼ਮੇ, ਪਹਾੜ, ਸਮੁੰਦਰ, ਘਾਟੀਆਂ ਆਦਿ ਮਨੁੱਖੀ ਮਨ ਉਤੇ ਸਕੂਨ ਭਰਿਆ ਪ੍ਰਭਾਵ ਛੱਡਦੇ ਹਨ। ਝਰਨੇ ਦਾ ਗੀਤ ਨਿਰੰਤਰ ਵਹਿੰਦੇ ਜੀਵਨ ਦਾ ਸੰਦੇਸ਼ ਹੈ। ਜਿਸ ਦੇ ਰਾਹ ਵਿਚ ਔਕੜਾਂ ਵੀ ਆਉਂਦੀਆਂ ਹਨ ਪਰ ਨਿਰੰਤਰ ਵਹਿੰਦਾ ਮੰਜ਼ਿਲ – ਵੱਲ ਵਧਦਾ ਜਾਂਦਾ ਹੈ। ਖ਼ਲੀਲ ਜਿਬਰਾਨ ਪ੍ਰਕ੍ਰਿਤੀ ਨੂੰ ਕੁਝ ਇਸ ਅੰਦਾਜ਼ ਵਿਚ ਚਿਤਰਦਾ ਹੈ:
ਝਰਨੇ ਦੌੜੇ ਜਾਂਦੇ ਨੇ ਆਪਣੇ ਪ੍ਰੇਮ ਸਾਗਰ ਵੱਲ,
ਫੁੱਲ ਮੁਸਕਰਾਉਂਦੇ ਨੇ ਵੇਖ ਪਿਆਰੇ ਸੂਰਜ ਵੱਲ,
ਬੱਦਲ ਉਤਰਦੇ ਨੇ ਆਪਣੀ ਆਸ਼ਕ ਘਾਟੀ ‘ਤੇ,
ਤੇ ਦੇਂਦੇ ਨੇ ਸੰਦੇਸ਼ ਸਭੇ ਪ੍ਰੇਮ ਦਾ।
ਮਨੁੱਖ ਲਈ ਵੀ ਇਹੀ ਸੰਦੇਸ਼ ਹੈ, ਖਿਤਿਜ ਦੇ ਉਸ ਪਾਰ – ਵੇਖੋ ਜਿਥੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ।
ਡਾ. ਜਗਦੀਸ਼ ਕੌਰ ਵਾਡੀਆ
