
੧੫ ਅਪ੍ਰੈਲ ਨੂੰ ਜਨਮ ਦਿਹਾੜੇ ‘ਤੇ
-ਡਾ. ਗੁਰਪ੍ਰੀਤ ਸਿੰਘ
ਪ੍ਰੋ. ਗੁਰਮੁਖ ਸਿੰਘ ਜੀ ਦਾ ਜਨਮ ੧੫ ਅਪ੍ਰੈਲ, ੧੮੪੯ ਈ. ਨੂੰ ਕਪੂਰਥਲਾ ਵਿਖੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਸ. ਬਸਾਵਾ ਸਿੰਘ ਪਹਿਲਾਂ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਚੰਧੜ ਦੇ ਵਸਨੀਕ ਸਨ। ਸ. ਬਸਾਵਾ ਸਿੰਘ ਲਾਹੌਰ ਵਿਖੇ ਮਹਾਰਾਜਾ ਸ਼ੇਰ ਸਿੰਘ ਦੇ ਰਸੋਈਏ ਵਜੋਂ ਭਰਤੀ ਹੋਏ ਸਨ। ਬਾਅਦ ਵਿਚ ਰਾਜਾ ਨਿਹਾਲ ਸਿੰਘ ਕੋਲ ਕਪੂਰਥਲਾ ਆ ਗਏ। ਇੱਥੇ ਫਿਰ ਰਾਜਾ ਰਣਧੀਰ ਸਿੰਘ ਤੇ ਫਿਰ ਕੰਵਰ ਬਿਕਰਮਾ ਸਿੰਘ ਦੀ ਸੇਵਾ ਵਿਚ ਰਹੇ। ਗੁਰਮੁਖ ਸਿੰਘ ਨੇ ਮੈਟ੍ਰਿਕ ਕਪੂਰਥਲੇ ਤੋਂ ਅਤੇ ਬੀ.ਏ. ਗੌਰਮਿੰਟ ਕਾਲਜ ਲਾਹੌਰ ਤੋਂ ਕੀਤੀ। ੧੮੭੩ ਈ. ਵਿਚ ਸਿੰਘ ਸਭਾ ਲਹਿਰ ਬਣਨ ਵੇਲੇ ਆਪ ਸਰਗਰਮ ਸਨ। ੧੮੭੭ ਈ. ਵਿਚ ਓਰੀਐਂਟਲ ਕਾਲਜ ਲਾਹੌਰ ਵਿਚ ਹਿੰਦੀ ਵਿਭਾਗ ਵਿਚ ਟੀਚਰ ਲੱਗੇ। ੧੮੮੧ ਈ. ਵਿਚ ਅਸਿਸਟੈਂਟ ਪ੍ਰੋਫ਼ੈਸਰ ਬਣੇ। ਆਪ ਜੀ ਦਾ ਮੁੱਖ ਉਦੇਸ਼ ਧਰਮ ਪ੍ਰਚਾਰ ਤੇ ਵਿੱਦਿਆ ਪ੍ਰਸਾਰ ਸੀ। ਆਪ ਜੀ ਨੇ ‘ਗੁਰਮੁਖੀ’, ‘ਖ਼ਾਲਸਾ ਅਖ਼ਬਾਰ’, ‘ਵਿਦਿਯਾਰਕ ਤੇ ਸੁਧਾਰਕ’ ਨਾਂ ਦੀਆਂ ਪਤ੍ਰਿਕਾਵਾਂ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ। ਪ੍ਰੋ. ਗੁਰਮੁਖ ਸਿੰਘ ਜੀ ਨੇ ਜਾਤ-ਪਾਤ, ਛੂਤ-ਛਾਤ, ਮੂਰਤੀ ਪੂਜਾ ਤੇ ਦੇਹਧਾਰੀ ਗੁਰੂ ਡੰਮ ਦਾ ਜ਼ੋਰਦਾਰ ਖੰਡਨ ਕੀਤਾ, ਜਿਸ ਕਾਰਨ ਆਪ ਜੀ ਵਿਰੋਧੀਆਂ ਦੀ ਨਜ਼ਰ ਵਿਚ ਰੜਕਣ ਲੱਗੇ। ਆਖ਼ਰ ਸਿੱਖ ਵਿਰੋਧੀ ਤਾਕਤਾਂ ਨੇ ੨੮ ਮਾਰਚ, ੧੮੮੭ ਈ. ਨੂੰ ਪ੍ਰੋ. ਗੁਰਮੁਖ ਸਿੰਘ ਜੀ ਨੂੰ ਅਕਾਲ ਤਖ਼ਤ ਤੋਂ ਹੁਕਮਨਾਮਾ ਕਢਵਾ ਕੇ ਸਿੱਖ ਪੰਥ ਵਿੱਚੋਂ ਛੇਕ ਦਿੱਤਾ। ਪਰ ਆਪ ਜੀ ਅਣਥੱਕ ਸੇਵਾ ਵਿਚ ਲੱਗੇ ਰਹੇ। ਬੰਦ ਹੋ ਚੁੱਕੀ ‘ਖ਼ਾਲਸਾ ਅਖ਼ਬਾਰ’ ਨੂੰ ਮੁੜ ਤੋਂ ਚਾਲੂ ਕੀਤਾ ਗਿਆ। ਪ੍ਰੋ. ਗੁਰਮੁਖ ਸਿੰਘ ਨੇ ਕਲਮ ਰਾਹੀਂ ਕੌਮ ਨੂੰ ਬਹੁਤ ਜਾਗਰੂਕ ਕੀਤਾ। ਦਿਨ-ਰਾਤ ਕੰਮ ਵਿਚ ਲੱਗੇ ਰਹਿਣ ਕਾਰਨ ਆਪ ਜੀ ਦੀ ਸਿਹਤ ਢਿੱਲੀ ਰਹਿਣ ਲੱਗੀ। ਸਤੰਬਰ ੧੮੯੮ ਈ. ਵਿਚ ਧੌਲਪੁਰ ਦੇ ਮਹਾਰਾਜੇ ਤੋਂ ਚੰਦਾ ਲੈਣ ਲਈ ਚਾਇਲ ਵਿਖੇ ਗਏ। ਵਾਪਸੀ ਤੇ ਸਿਹਤ ਖ਼ਰਾਬੀ ਕਾਰਨ ਕੰਡਾ ਘਾਟ (ਸ਼ਿਮਲਾ) ਠਹਿਰੇ। ੨੩ ਸਤੰਬਰ ਰਾਤ ਤਕ ਕੰਮ ਕਰਦੇ ਰਹੇ। ਅਗਲੇ ਦਿਨ ੨੪ ਸਤੰਬਰ, ੧੮੯੮ ਈ. ਨੂੰ ਅੰਬਾਲੇ ਜਾਣ ਦਾ ਵਿਚਾਰ ਸੀ। ਪਰ ਰਾਤ ਨੂੰ ਦਿਲ ਦੀ ਧੜਕਣ ਬੰਦ ਹੋਣ ’ਤੇ ਸੁੱਤੇ ਪਏ ਹੀ ਅਕਾਲ ਚਲਾਣਾ ਕਰ ਗਏ। ਪ੍ਰੋ. ਗੁਰਮੁਖ ਸਿੰਘ ਨੇ ਅਣਥੱਕ ਮਿਹਨਤ ਕਰਕੇ ਸਿੱਖ ਕੌਮ ਨੂੰ ਪੁਨਰ-ਸੁਰਜੀਤ ਕੀਤਾ।