
( ‘ਸਿੱਖ ਇਤਿਹਾਸ’ ਦੇ ਪੰਨਿਆਂ ਵਿਚੋਂ)
ਮਹੀਨਾ ਜੇਠ ਸੰਮਤ ੧੮੯੬ (ਮਈ ਸੰਨ ੧੮੩੯) ਵਿੱਚ ਮਹਾਰਾਜਾ ਸਾਹਿਬ ਨੂੰ ਅਧਰੰਗ ਦਾ ਸਖਤ ਦੌਰਾ ਪੈ ਗਿਆ। ਲਾਹੌਰ ਅੰਮ੍ਰਿਤਸਰ ਤੇ ਹੋਰ ਥਾਵਾਂ ਦੇ ਪ੍ਰਸਿੱਧ ਹਕੀਮਾਂ ਨੇ ਆਪਣੀ ਵਾਹ ਲਾਈ । ਅੰਗ੍ਰੇਜ਼ ਸਰਕਾਰ ਨੇ ਵੀ ਇਕ ਲਾਇਕ ਡਾਕਟਰ ਭੇਜਿਆ, ਪਰ ਕੁਝ ਆਰਾਮ ਨਾ ਆਇਆ । ਰੋਗ ਵਧਦਾ ਤੇ ਸਰੀਰ ਘਟਦਾ ਹੀ ਗਿਆ । ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਆਪ ਨੇ ਆਪਣੇ ਸਭ ਸੰਬੰਧੀਆਂ, ਸਰਦਾਰਾਂ, ਵਜ਼ੀਰਾਂ, ਜਰਨੈਲਾਂ ਤੇ ਯੋਧਿਆਂ ਨੂੰ ਸੱਦ ਕੇ ਹਜ਼ੂਰੀ ਬਾਗ ਵਿੱਚ ਅੰਤਮ ਦਰਬਾਰ ਕੀਤਾ । ਆਪ ਬਿਮਾਰੀ ਦੀ ਹਾਲਤ ਵਿੱਚ ਪਾਲਕੀ ਵਿੱਚ ਬਹਿ ਕੇ ਦਰਬਾਰ ਵਿੱਚ ਆਏ । ਜਿਸ ਪੰਜਾਬ ਦੇ ਸ਼ੇਰ ਦਾ ਨਾਂ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸਨ । ਜਿਸ ਦੀ ਭਬਕ ਸੁਣ ਕੇ ਵੈਰੀਆਂ ਦੇ ਲਹੂ ਸੁੱਕਦੇ ਤੇ ਦਿਲ ਕੰਬਦੇ ਸਨ, ਜਿਸ ਦੀ ਬੇ-ਅਟਕ ਰਵਾਨਗੀ ਅੱਗੇ ‘ਅਟਕ’ ਵੀ ਝੱਟ ਅਟਕ ਜਾਂਦਾ ਸੀ, ਉਹ ਅੱਜ ਨਿਢਾਲ ਹੋਇਆ ਪਾਲਕੀ ਵਿੱਚ ਪਿਆ ਸੀ। ਉਸ ਦੀ ਹਾਲਤ ਵੇਖ ਕੇ ਸਭ ਦਰਬਾਰੀਆਂ ਦੀਆਂ ਅੱਖੀਆਂ ਤਰ ਹੋ ਗਈਆਂ ਅਤੇ ਭੁੱਬਾਂ ਨਿਕਲ ਗਈਆਂ ।
ਮਹਾਰਾਜਾ ਸਾਹਿਬ ਨੇ ਸਭ ਨੂੰ ਸੰਬੋਧਨ ਕਰਕੇ ਕਿਹਾ, “ਖਾਲਸਾ ਜੀ! ਜਾਪਦਾ ਹੈ ਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ । ਹੁਣ ਕੁਝ ਦਿਨਾਂ ਦਾ ਹੀ ਮੇਲਾ ਹੈ ਪਰ ਕਰਤਾਰ ਦਾ ਭਾਣਾ ਇਵੇਂ ਹੈ । ਇਸ ਅੱਗੇ ਸਿਰ ਝਕਾਉਣਾ ਹੀ ਬਣਦਾ ਹੈ । ਮੇਰੀ ਅੰਤਮ ਖਾਹਿਸ਼ ਅਤੇ ਅੰਤਮ ਸੁਨੇਹਾ ਇਹ ਹੈ ਕਿ ਜਿਸ ਤਾਕਤ ਤੇ ਸਲਤਨਤ ਨੂੰ ਆਪਾਂ ਨੇ ਅਕਾਲੀ ਜੀ, ਨਲੂਆ ਜੀ ਅਤੇ ਅਨੇਕਾਂ ਹੋਰ ਸੂਰਬੀਰਾਂ ਦਾ ਲਹੂ ਡੋਲ੍ਹ ਕੇ ਅਤੇ ਤੁਹਾਡੀ ਸਭ ਦੀ ਰਲਵੀਂ ਹਿੰਮਤ ਤੇ ਕੁਰਬਾਨੀ ਨਾਲ ਕਾਇਮ ਕੀਤਾ ਹੈ, ਉਸ ਨੂੰ ਕਮਜ਼ੋਰ ਤੇ ਨਾਸ ਨਾ ਹੋਣ ਦੇਣਾ। ਵੇਖਣਾ ! ਕਿਤੇ ਫੁਟ ਦਾ ਸ਼ਿਕਾਰ ਹੋ ਕੇ ਗੁਆਂਢੀਆਂ ਦਾ ਸ਼ਿਕਾਰ ਨਾ ਬਣ ਜਾਣਾ। ਵੈਰੀਆਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ । ਅਜ਼ਾਦੀ ਮੈਨੂੰ ਜਿੰਦ-ਜਾਨ ਨਾਲੋਂ ਪਿਆਰੀ ਹੈ । ਅਕਾਲ ਪੁਰਖ ਦੀ ਮਿਹਰ ਤੇ ਤੁਹਾਡੀਆਂ ਬਾਹਵਾਂ ਨਾਲ ਮੈਂ ਪੰਜਾਬ ਨੂੰ ਪ੍ਰਦੇਸੀ ਰਾਜ ਦੇ ਜੂਲੇ ਵਿੱਚੋਂ ਕੱਢਿਆ ਹੈ, ਕਿਤੇ ਇਸ ਦੀ ਧੌਣ ਉੱਤੇ ਮੁੜ ਜੂਲਾ ਨਾ ਟਿਕਵਾ ਪਵਾ ਦੇਣਾ । ਜੇ ਓਪਰੇ ਪੈਰ ਪੰਜਾਬ ਦੀ ਧਰਤੀ ਨੂੰ ਲਿਤਾੜਣਗੇ, ਤਾਂ ਉਹ ਮੇਰੀ ਛਾਤੀ ਨੂੰ ਮਿੱਧਣਗੇ । ਮੈਨੂੰ ਇਸ ਦੁਖਦਾਈ ਬੇ-ਇਜ਼ਤੀ ਤੋਂ ਬਚਾਈ ਰੱਖਣਾ, ਪੰਜਾਬ ਦੀ ਆਜ਼ਾਦੀ ਨੂੰ ਸੰਭਾਲ ਰੱਖਣਾ । ਜੇ ਤੁਸੀਂ ਇਕ-ਮੁੱਠ ਤੇ ਇਕ-ਜਾਨ ਰਹੋਗੇ, ਤਾਂ ਤੁਹਾਡੀ ‘ਵਾ ਵੱਲ ਕੋਈ ਨਹੀਂ ਵੇਖ ਸਕੇਗਾ, ਤੁਸੀਂ ਆਜ਼ਾਦ ਰਹੋਗੇ ਮੇਰੀ ਆਤਮਾ ਨਿਹਾਲ ਰਹੇਗੀ। ਹੁਣ ਵਧੇਰੇ ਕੁਝ ਕਹਿਣ ਦਾ ਸਮਾ ਨਹੀਂ । ਟਿੱਕਾ ਖੜਕ ਸਿੰਘ ਨੂੰ ਮੇਰੇ ਸਾਹਮਣੇ লিখা।”
ਮਹਾਰਾਜਾ ਸਾਹਿਬ ਨੇ ਅੱਗੇ ਸੰਮਤ ੧੮੭੩ (ਸੰਨ ੧੮੧੬) ਵਿੱਚ ਟਿੱਕਾ ਖੜਕ ਸਿੰਘ ਨੂੰ ਰਾਜ-ਤਿਲਕ ਦਿੱਤਾ ਸੀ ਅਤੇ ਆਪਣਾ ਉਤ੍ਰ-ਅਧਿਕਾਰੀ (ਆਪਣੇ ਮਗਰੋਂ ਤਖਤ ‘ਤੇ ਬਹਿਣ ਦਾ ਹੱਕਦਾਰ) ਨੀਯਤ ਕੀਤਾ ਸੀ । ਹੁਣ ਆਪ ਨੇ ਟਿੱਕਾ ਸਾਹਿਬ ਦੇ ਮੱਥੇ ਉੱਪਰ ਕੇਸਰ ਦਾ ਤਿਲਕ ਲਾਇਆ ਅਤੇ ਉਸ ਦੀ ਬਾਂਹ ਰਾਜਾ ਧਿਆਨ ਸਿੰਘ ਡੋਗਰੇ ਹੱਥ ਫੜਾ ਕੇ ਕਿਹਾ, ‘ਮੇਰੇ ਥਾਂ ਮਹਾਰਾਜਾ ਖੜਕ ਸਿੰਘ ਹੋਣਗੇ; ਤੁਸੀਂ ਇਨ੍ਹਾਂ ਦੇ ਵਜ਼ੀਰ ਹੋਵੋਗੇ । ਇਨ੍ਹਾਂ ਦਾ ਖਿਆਲ ਰੱਖਣਾ ।” ਰਾਜਾ ਧਿਆਨ ਸਿੰਘ ਨੇ ਗੀਤਾ ਉੱਪਰ ਹੱਥ ਧਰ ਕੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਤੇ ਰਾਜ-ਭਗਤ ਰਹਿਣ ਦੀ ਸਹੁੰ ਖਾਧੀ।
ਸਰਦਾਰਾਂ ਤੇ ਦਰਬਾਰੀਆਂ ਨੇ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਾਨੇ ਦਿੱਤੇ ।
ਫਿਰ ਮਹਾਰਾਜਾ ਰਣਜੀਤ ਸਿੰਘ ਦੀ ਇਛਿਆ ਮੂਜਬ ਖਜ਼ਾਨੇ ਦੇ ਬੂਹੇ ਖੋਲ੍ਹੇ ਗਏ ਅਤੇ ਗਰੀਬਾਂ ਨੂੰ ਦਾਨ ਦਿੱਤੇ ਗਏ । ਪੰਝੀ ਲੱਖ ਰੁਪਏ ਇਸ ਤਰ੍ਹਾਂ ਵੰਡੇ ਗਏ । ਇਸ ਤੋਂ ਮਗਰੋਂ ਆਪ ਨੇ ਹੁਕਮ ਦਿੱਤਾ ਕਿ ਕੋਹਨੂਰ ਹੀਰਾ ਅਤੇ ਕੁਝ ਹੋਰ ਹੀਰੇ-ਜਵਾਹਰਾਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਭੇਟਾ ਕੀਤੇ ਜਾਣ । ਪਰ ਰਾਜਾ ਧਿਆਨ ਸਿੰਘ ਅਤੇ ਜਮੇਦਾਰ ਖੁਸ਼ਹਾਲ ਸਿੰਘ ਡਿਉੜੀ ਵਾਲੇ ਨੇ ਉਰ੍ਹਾਂ-ਪਰ੍ਹਾਂ ਕਰ ਛੱਡਿਆ । ਉੱਨੇ ਚਿਰ ਨੂੰ ਮਹਾਰਾਜਾ ਸਾਹਿਬ ਨੂੰ ਬਿਮਾਰੀ ਦਾ ਦੌਰਾ ਪੈ ਗਿਆ ਅਤੇ ਉਹ ਬੇ-ਸੁਰਤ ਹੋ ਗਏ । ਇਸ ਹਾਲਤ ਵਿੱਚ ਦਰਬਾਰ ਸਮਾਪਤ ਹੋਇਆ । ਮਹਾਰਾਜਾ ਸਾਹਿਬ ਦੀ ਪਾਲਕੀ ਮੁੜ ਕਿਲ੍ਹੇ ਵਿੱਚ ਚਲੀ ਗਈ ।
ਬਿਮਾਰੀ ਜ਼ੋਰ ਫੜਦੀ ਗਈ । ਅੰਤ ਨੂੰ ੧੫ ਹਾੜ ਸੰਮਤ ੧੮੯੬ (੨੭ ਜੂਨ ੧੮੩੯) ਨੂੰ ਉਹ ਮਹਾਂਬਲੀ, ਨਿਰਭੈ ਯੋਧਾ, ਸੂਰਬੀਰ-ਜਰਨੈਲ, ਧਰਮੀ, ਮਹਾਂ-ਦਾਨੀ, ਨੀਤੀਵਾਨ, ਪੰਜਾਬ ਨੂੰ ਓਪਰਿਆਂ ਤੋਂ ਅਜ਼ਾਦ ਕਰਨ ਵਾਲਾ ਪੰਜਾਬ ਦਾ ਸ਼ੇਰ, ਅਕਾਲ ਚਲਾਣਾ ਕਰ ਗਿਆ । ਸਾਰੇ ਦੇਸ਼ ਵਿੱਚ ਸੋਗ ਦੀ ਸਫ ਵਿਛ ਗਈ । ਸਭ ਦੇ ਮੂੰਹੋਂ ਆਪ-ਮੁਹਾਰੇ ਇਹ ਲਫਜ਼ ਨਿਕਲਦੇ ਸਨ ਕਿ ਪੰਜਾਬ ਦਾ ਸੁਹਾਗ ਲੁੱਟਿਆ ਗਿਆ, ਪੰਜਾਬ ਰੰਡੀ ਹੋ ਗਈ, ਪੰਜਾਬੀ ਯਤੀਮ ਹੋ ਗਏ ।
ਅਗਲੇ ਦਿਨ ਹਜ਼ੂਰੀ ਬਾਗ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਪਾਸ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸਸਕਾਰ ਕੀਤਾ ਗਿਆ । ਉਸ ਥਾਂ ਮਗਰੋਂ ਆਲੀਸ਼ਾਨ ਸਮਾਧ ਬਣਾਈ ਗਈ ।
ਪ੍ਰੋ. ਕਰਤਾਰ ਸਿੰਘ ਐਮ.ਏ.