ਪੰਜਾਬ ਯੂਨੀਵਰਸਿਟੀ, ਚੰਡੀਗੜ, ਨਾ ਸਿਰਫ ਪੰਜਾਬ ਦਾ ਇਕ ਵੱਕਾਰੀ, ਇਤਿਹਾਸਕ ਬ੍ਰਾਂਡ ਹੈ ਬਲਕਿ ਅੱਜ ਇਸ ਦੀ ਜ਼ਮੀਨ-ਜਾਇਦਾਦ ਦੀ ਕੀਮਤ ਖਰਬਾਂ ਵਿਚ ਹੈ | ਸ਼ੁਕਰ ਹੈ ਇਸ ਅਦਾਰੇ ਉਪਰ ਆਰ. ਐਸ. ਐਸ. ਦੇ ਚੋਰੀੰ ਛਿਪੀੰ ਕਬਜ਼ੇ ਵਿਰੁੱਧ ਸਮੁੱਚਾ ਪੰਜਾਬ ਇਕ ਜ਼ਬਾਨ, ਲਲਕਾਰੇ ਮਾਰਦਾ ਉਠ ਖੜਾ ਹੋਇਆ ਹੈ |
ਇਸ ਯੂਨੀਵਰਸਿਟੀ ਦੇ ਇਤਿਹਾਸ ਦੇ ਅਧਿਐਨ ਪਿਛੋੰ ਮੈੰ ਕੁਝ ਇਕ ਦਿਲਚਸਪ ਤੱਥ ਦੋਸਤਾਂ ਦੀ ਜਾਣਕਾਰੀ ਹਿਤ ਪੇਸ਼ ਕਰ ਰਿਹਾ ਹਾਂ |
ਪੰਜਾਬ ਉਪਰ 1849 ਵਿਚ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਉਪਰੰਤ ਅੰਗਰੇਜ਼ੀ ਹਕੂਮਤ ਨੂੰ ਕੁਸ਼ਲਤਾ ਨਾਲ ਚਲਾਉਣ ਦੇ ਹਿਤਾਂ ਵਿਚ ਯੂਰਪੀ ਤਰਜ਼ ਦੇ ਵਿਦਿਅਕ ਪਰਬੰਧ ਦੀ ਲੋੜ ਮਹਿਸੂਸ ਹੋਈ | ਪੰਜਾਬ ਵਿਚ ਵਿਦਿਆ ਵਿਭਾਗ ਦੀ ਸਥਾਪਨਾ 1856 ਵਿਚ ਹੋਈ |
ਪੰਜਾਬ ਵਿਚ ਵਿਦਿਆ ਦੇ ਪਸਾਰ ਵਿਚ ਸਟੇਟ ਦੇ ਲੋਕਾਂ ਦੀ ਵੱਡੀ ਭੂਮਿਕਾ ਰਹੀ | ਜ਼ਿਮੀੰਦਾਰਾਂ ਤੋੰ ਉਗਰਾਹੇ ਜਾਂਦੇ ਮਾਲੀਏ ਉਪਰ 1 ਫੀਸਦੀ ਸੈੱਸ ਲਗਿਆ | ਇਸ ਪੈਸੇ ਨਾਲ ਸ਼ੁਰੂ ਵਿਚ 456 ਪਿੰਡਾਂ ਵਿਚ ਸਕੂਲ ਖੁੱਲੇ | ਅਕਤੂਬਰ 1860 ਵਿਚ ਲਾਹੌਰ ਵਿਚ ਪਹਿਲਾ ਮੈਡੀਕਲ ਕਾਲਜ ਸਥਾਪਤ ਹੋਇਆ | ਅਪਰੈਲ 1861 ਵਿਚ ਲਾਹੌਰ ਵਿਚ ਹੀ ਇਕ ਉਚ ਕੋਟੀ ਦਾ ਸਕੂਲ ਖੋਲਣ ਦਾ ਫੈਸਲਾ ਹੋਇਆ ਜਿਸ ਨੇ ਅੱਗੋੰ ਭਵਿਖ ਦੇ ਬਣਨ ਵਾਲੇ ਕਾਲਜ ਦਾ ਕੇੰਦਰ ਬਣਨਾ ਸੀ|
ਇਸੇ ਕਿਸਮ ਦਾ ਇਕ ਹੋਰ ਸਕੂਲ ਦਿੱਲੀ ਖੋਲਿਆ ਗਿਆ | ਗ਼ਦਰ ਪਿਛੋੰ ਦਿੱਲੀ ਨੂੰ ਪੰਜਾਬ ਨਾਲ ਮਿਲਾ ਦਿਤਾ ਗਿਆ ਸੀ | ਇਨਾਂ ਦੋਵਾਂ ਸਕੂਲਾਂ ਨੂੰ ਕਲਕਤਾ ਯੂਨੀਵਰਸਿਟੀ ਨਾਲ ਜੋੜ ਦਿੱਤਾ ਗਿਆ | ਪੰਜਾਬ ਦੇ ਮੈਟਰਿਕ ਅਤੇ 12ਵੀੰ ਸ਼ਰੇਣੀ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਬਣਨ ਤਕ ਇਮਤਿਹਾਨ ਦੇਣ ਕਲਕੱਤੇ ਜਾਂਦੇ ਸਨ |
1865 ਵਿਚ ਅੰਜਮਨ-ਏ-ਪੰਜਾਬ ਨਾਮ ਦੇ ਸਾਹਿਤਕ ਸੰਗਠਨ ਨੇ ਪੰਜਾਬ ਲਈ ਅਪਣੀ ਯੂਨੀਵਰਸਿਟੀ ਦੀ ਤਹਿਰੀਕ ਸ਼ੁਰੂ ਕੀਤੀ ਕਿਉੰਕਿ ਪੰਜਾਬ ਦੇ ਵਿਦਿਆਰਥੀਆਂ ਲਈ ਕਲਕੱਤੇ ਜਾਣਾ ਵੱਡਾ ਝੰਜਟ ਸੀ |
ਇਸ ਤਹਿਰੀਕ ਵਿਚ ਅੱਗੇ ਜਾ ਕੇ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਵੱਡਾ ਯੋਗਦਾਨ ਪਾਇਆ | ਸਰਦਾਰ ਸਾਹਿਬ ਨੇ 1881 ਵਿਚ ਟ੍ਰਿਬਿਊਨ ਅਖਬਾਰ ਸ਼ੁਰੂ ਕੀਤਾ ਜਿਸ ਦਾ ਮੁਢਲਾ ਨਿਸ਼ਾਨਾ ਯੂਨੀਵਰਸਿਟੀ ਦੀ ਤਹਿਰੀਕ ਨੂੰ ਸਫਲ ਬਨਾਉਣਾ ਸੀ |
ਉਹਨੀਂ ਸਾਲੀੰ ਇਕ ਵਿਵਾਦ ਚੱਲਿਆ ਕਿ ਕੀ ਯੂਨੀਵਰਸਿਟੀ ਲਾਹੌਰ ਵਿਚ ਸਥਾਪਤ ਹੋਵੇ ਜਾਂ ਦਿੱਲੀ ਵਿਚ। ਪੂਰਬੀਆ ਲਾਬੀ ਦਿਲੀ ਲਈ ਜ਼ੋਰ ਪਾ ਰਹੀ ਸੀ। ਪਰ ਪੰਜਾਬੀ ਲੋਕ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਵਿਚ ਹੀ ਚਾਹੁੰਦੇ ਸਨ।
ਅੰਗਰੇਜ਼ ਸਰਕਾਰ ਨੇ ਦਿੱਲੀ ਵਾਲਾ ਸੁਝਾਅ ਰੱਦ ਕਰ ਦਿੱਤਾ | ਪਰ ਫੈਸਲਾ ਕੀਤਾ ਕਿ ਯੂਨੀਵਰਸਿਟੀ ਵੱਲ ਹੌਲੀ ਹੌਲੀ ਅੱਗੇ ਵਧਿਆ ਜਾਵੇ | ਇੰਜ 1865 ਵਿਚ ਲਾਹੌਰ ਵਾਲੇ ਕਾਲਜ ਦਾ ਨਾਂ “ਯੂਨੀਵਰਸਿਟੀ ਕਾਲਜ” ਰੱਖ ਦਿਤਾ ਅਤੇ ਇਸ ਨੂੰ 21000 ਰੁਪੈ ਦੀ ਗ੍ਰਾਂਟ ਦਿੱਤੀ | ਯੂਨੀਵਰਸਿਟੀ ਦੇ ਸਮਰੱਥਕ 1 ਲੱਖ ਰੁਪੈ ਅਪਣੇ ਤੌਰ ‘ਤੇ ਇਕੱਠੇ ਕਰ ਕੇ ਯੂਨੀਵਰਸਿਟੀ ਕਾਲਜ ਚਲਾਉੰਦੇ ਗਏ । ਯੂਨੀਵਰਸਿਟੀ ਕਾਲਜ ਦੀ ਗਵਰਨਿੰਗ ਵਾਲੇ ਅਦਾਰੇ ਦਾ ਨਾਂ ਸੈਨਟ ਸੀ। ਕਾਲਜ ਯੂਰਪੀ ਵਿਗਿਆਨ, ਅੰਗਰੇਜ਼ੀ ਅਤੇ ਦੇਸੀ ਭਾਸ਼ਾਵਾਂ ਦੀ ਪੜਾਈ ਕਰਵਾਉੰਦਾ ਸੀ | ਇਸੇ ਵਿਦਿਅਕ ਯੋਜਨਾ ਅਧੀਨ 1870 ਵਿਚ ਇਕ ਕਾਨੂੰਨ ਦੀ ਪੜਾਈ ਦਾ ਕਾਲਜ ਚਾਲੂ ਹੋਇਆ।
ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਦਾ ਕਾਨੂੰਨ ਲੈਜਸਲੇਟਿਵ ਕੌੰਸਲ ਨੇ ਅਕਤੂਬਰ 1882 ਵਿਚ ਪਾਸ ਕੀਤਾ ਅਤੇ ਇਸ ਦਾ ਗਜ਼ਟ ਨੋਟੀਫਿਕੇਸ਼ਨ 14 ਅਕਤੂਬਰ 1882 ਨੂੰ ਛਪਿਆ । ਪਹਿਲਾ ਵੀ.ਸੀ. ਬੇਡਨ ਪਾਵਲ ਲਾਇਆ, ਜਦ ਕਿ ਡਾ. ਲਿਟਨਰ ਰਜਿਸਟਰਾਰ ਨਿਯੁਕਤ ਹੋਇਆ। ਯੂਨੀਵਰਸਿਟੀ ਦੀ ਸੈਨਟ ਦੀ ਪਹਿਲੀ ਮੀਟਿੰਗ ਨੋਟੀਫਿਕੇਸ਼ਨ ਵਾਲੇ ਦਿਨ ਬਾਰਨਜ਼ ਕੋਰਟ, ਸ਼ਿਮਲੇ, ਹੋਈ।
ਅੰਗਰੇਜ਼ੀ ਭਾਰਤ ਦੀਆਂ ਪਹਿਲੀਆੰ ਤਿੰਨਾਂ ਯੂਨੀਵਰਸਿਟੀਆਂ ਜੋ ਕਲਕੱਤੇ, ਬੰਬੇ ਅਤੇ ਮਦਰਾਸ ਖੁਲੀਆਂ, ਦੇ ਟਾਕਰੇ ਪੰਜਾਬ ਯੂਨੀਵਰਸਿਟੀ ਦੀ ਵੱਡੀ ਭਿੰਨਤਾ ਇਸ ਗੱਲੋੰ ਸੀ ਕਿ ਇਸ ਦੀ ਹੋੰਦ ਸਰਕਾਰੀ ਪਹਿਲਕਦਮੀ ਦੀ ਕਿਰਪਾ ਨਾਲ ਨਹੀੰ ਬਲਕਿ ਲੋਕਾਂ ਦੀ ਪਹਿਲਕਦਮੀ ਕਾਰਨ ਸੰਭਵ ਹੋ ਸਕੀ ।
ਦੂਜਾ ਵਖਰੇਵਾਂ ਇਹ ਸੀ ਕਿ ਇਸ ਦੀ ਸੈਨਟ, ਹੋਰਨਾਂ ਯੂਨੀਵਰਸਿਟੀਆਂ ਦੇ ਮੁਕਾਬਲੇ, ਕਿਤੇ ਵਧੇਰੇ ਜਨਤਕ ਪ੍ਤੀਨਿਧਤਾ ਉਪਰ ਆਧਾਰਤ ਸੀ । ਤੀਜਾ ਵਖਰੇਵਾਂ ਇਹ ਸੀ ਕਿ ਇਹ ਇਮਤਿਹਾਨ ਲੈਣ ਦਾ ਅਦਾਰਾ ਵੀ ਸੀ ਅਤੇ ਨਾਲ ਨਾਲ ਕੈੰਪਸ ਤੇ ਪੜਾਈ ਵੀ ਕਰਵਾਉੰਦੀ ਸੀ ।
ਚੌਥਾ ਵਖਰੇਵਾਂ ਸੀ ਇਸ ਦੀ ਯੂਰਪੀ ਵਿਗਿਆਨਾਂ ਦੀ ਉਚ ਵਿਦਿਆ ਦੇ ਨਾਲ ਨਾਲ ਦੇਸੀ ਜ਼ਬਾਨਾਂ ਦੀ ਪੜਾਈ |
ਯੂਨੀਵਰਸਿਟੀ ਦੇ ਲੰਮੇ ਸਫਰ ਨੂੰ ਸੰਖੇਪ ਕਰਦਿਆਂ ਵੰਡ ਮੌਕੇ ਫੈਸਲਾ ਹੋਇਆ ਕਿ ਯੂਨੀਵਰਸਿਟੀ ਦੀ 40 ਫੀਸਦੀ ਚੱਲ ਸੰਪਤੀ ਪੂਰਬੀ ਪੰਜਾਬ ਨੂੰ ਮਿਲੇਗੀ ਪਰ ਫਸਾਦ ਇੰਨੇ ਬੇਕਾਬੂ ਹੋਏ ਕਿ ਯੂਨੀਵਰਸਿਟੀ ਦਾ ਰਜਿਸਟਰਾਰ ਐਮ.ਜੀ. ਸਿੰਘ ਹੀ ਆਪਣੇ ਦਫਤਰ ਬੈਠਾ ਕਤਲ ਕਰ ਦਿਤਾ ਗਿਆ।
ਮੌਜੂਦਾ ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਸ਼ਿਮਲੇ ਵਿਚ ਨਵੇੰ ਸਿਰੇ ਤੋੰ ਕਰਨੀ ਪਈ | ਇਸ ਲਈ ਪੰਜਾਬ ਸਰਕਾਰ ਨੇ 27 ਸਤੰਬਰ 1947 ਨੂੰ ਆਰਡੀਨੈੰਨਸ ਜਾਰੀ ਕੀਤਾ ਅਤੇ ਯੂਨੀਵਰਸਿਟੀ 1 ਅਕਤੂਬਰ 1947 ਵਾਲੇ ਦਿਨ ਹੋੰਦ ਵਿਚ ਆ ਗਈ | 26 ਨਵੰਬਰ 1947 ਨੂੰ ਕਾਨੂੰਨ ਨੇ ਆਰਡੀਨੈੰਨਸ ਦਾ ਸਥਾਨ ਲੈ ਲਿਆ । ਸ਼ਿਮਲੇ ਵਿਚ ਇਸ ਦਾ ਪਹਿਲਾ ਟਿਕਾਣਾ ਫੌਜ ਵਲੋੰ ਖਾਲੀ ਕੀਤੀਆੰ ਬੈਰਕਾਂ ਵਿਚ ਹੋਇਆ । ਯੂਨੀਵਰਸਿਟੀ ਸੈਨਟ ਦੀ ਪਹਿਲੀ ਮੀਟਿੰਗ ਜਸਟਿਸ ਤੇਜਾ ਸਿੰਘ ਦੇ ਨਿਵਾਸ ‘ਤੇ ਹੋਈ । ਮੀਟਿੰਗ ਨੇ ਜਸਟਿਸ ਤੇਜਾ ਸਿੰਘ ਨੂੰ ਪਹਿਲਾ ਵੀ.ਸੀ. ਲਾਇਆ | ਉਹ ਇਸ ਅਹੁਦੇ ਉਪਰ 31 ਅਗਸਤ 1949 ਤਕ ਸੇਵਾ ਕਰਦੇ ਰਹੇ। ਸ਼ਿਮਲੇ ਵਿਚ ਜਗਾ ਦੀ ਕਮੀ ਕਾਰਨ ਯੂਨਨੀਵਰਸਿਟੀ ਦੇ ਬਹੁਤ ਸਾਰੇ ਦਫਤਰ ਸੋਲਨ ਸ਼ਿਫਟ ਕਰਨੇ ਪਏ | ਕਈ ਸਾਲ ਸ਼ਿਮਲੇ ਅਤੇ ਸੋਲਨ ਨਿਵਾਸ ਰੱਖਣ ਪਿਛੋੰ ਇਸ ਦਾ ਨਵਾਂ ਘਰ ਚੰਡੀਗੜ ਬਣਿਆ |
ਸ. ਸੁਖਦੇਵ ਸਿੰਘ ਪੱਤਰਕਾਰ ਦੀ ਕਲਮ ਤੋਂ
