119 views 21 secs 0 comments

ਪੰਜ ਕਕਾਰ-੧: ਕੇਸ ਤੇ ਕੰਘਾ

ਲੇਖ
July 10, 2025

ਰੂਹਾਨੀ ਦੁਨੀਆ ਨਾਲ ਕੇਸਾਂ ਦਾ ਖ਼ਾਸ ਸੰਬੰਧ ਦਿਖਾਈ ਦੇਂਦਾ ਹੈ, ਤਦੇ ਤਾਂ ਜਗਤ ਦੇ ਸ੍ਰੇਸ਼ਟ ਮਹਾਂਪੁਰਸ਼ ਕੇਸਾਧਾਰੀ ਹਨ। ਸਿਮਰਨ ਕਰ ਕੇ ਜਦ ਵੀ ਕਿਸੇ ਨੂੰ ਥੋੜੀ ਜਿਹੀ ਰਸ ਦੀ ਝਲਕ ਪੈਂਦੀ ਹੈ, ਉਹ ਕੇਸ ਕੱਟਣੇ ਬੰਦ ਕਰ ਦੇਂਦਾ ਹੈ। ਅਵਤਾਰੀ ਪੁਰਸ਼ ਚਾਹੇ ਉਹ ਦੁਨੀਆ ਦੇ ਕਿਸੇ ਕੋਨੇ ਵਿਚ ਪੈਦਾ ਹੋਏ ਹਨ, ਕੇਸਾਧਾਰੀ ਹੋਏ ਹਨ। ਹਿੰਦੁਸਤਾਨੀ ਰਿਸ਼ੀਆਂ ਮੁਨੀਆਂ ਤੋਂ ਛੁੱਟ ਇਸਲਾਮੀ ਤੇ ਈਸਾਈਆਂ ਦੇ ਅਵਤਾਰ, ਪੈਗੰਬਰ ਤੇ ਸੰਤ ਵੀ ਕੇਸਾਧਾਰੀ ਹੋਏ ਹਨ।
ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਕੇਸ ਖ਼ਾਸ ਅਸਥਾਨ ਰੱਖਦੇ ਹਨ।
ਜਦ ਮਨੁੱਖ ਸਿਮਰਨ ਕਰਨ ਬੈਠਦਾ ਹੈ ਤਾਂ ਸ਼ਕਤੀ ਦਾ ਪ੍ਰਵਾਹ ਜੋ ਰੋਮ ਰੋਮ ਵਿਚ ਵਿਆਪਕ ਹੈ, ਮਸਤਕ ਦੀ ਤਰਫ਼ ਚੱਲ ਪੈਂਦਾ ਹੈ। ਇਸ ਵਾਸਤੇ ਮਹਾਂਪੁਰਸ਼ਾਂ ਦੇ ਮਸਤਕ ਕੋਲ ਤਸਵੀਰਾਂ ਵਿਚ ਨੂਰ ਪ੍ਰਕਾਸ਼ ਦਿਖਾਇਆ ਜਾਂਦਾ है।
ਸੱਚਾਈ ਇਹ ਹੈ ਕਿ ਸਮਾਧੀ ਵਿਚ ਲੀਨ ਮਹਾਂਪੁਰਸ਼ਾਂ ਦੇ ਮਸਤਕ ਦੇ ਆਲੇ ਦੁਆਲੇ ਜੋ ਇਕ ਪ੍ਰਭਾ-ਮੰਡਲ ਬਣਦਾ ਹੈ, ਉਹ ਇਕ ਅਦ੍ਰਿਸ਼ ਪ੍ਰਕਾਸ਼ ਹੈ ਤੇ ਇਸੇ ਰਸ ਸਮਾਧੀ ਦੇ ਤਲ ‘ਤੇ ਪੁੱਜੇ ਹੋਏ ਮਹਾਂਪੁਰਸ਼ਾਂ ਨੂੰ ਇਕ ਦੂਜੇ ਦਾ ਇਹ ਪ੍ਰਭਾ-ਮੰਡਲ ਦਿਖਾਈ ਦੇਂਦਾ ਹੈ। ਬਹੁਤ ਚਿਰਾਂ ਬਾਅਦ ਇਹ ਸਮਝ ਆਈ ਕਿ ਮਸਤਕ ਵਿੱਚੋਂ ਬਹੁਤ ਸਾਰੀ ਊਰਜਾ ਸ਼ਕਤੀ ਛੀਨ ਹੋ ਜਾਂਦੀ ਹੈ, ਨਿਕਲ ਜਾਂਦੀ ਹੈ। ਇਹ ਸ਼ਕਤੀ ਸੀਮਾ ਤੋਂ ਜ਼ਿਆਦਾ ਨਾ ਨਿਕਲੇ, ਕੁਦਰਤ ਨੇ ਕੇਸ ਬਖ਼ਸ਼ੇ ਹਨ। ਸਿਮਰਨ ਕਰਨ ਵਾਲਿਆਂ ਨੂੰ ਜਦ ਤੋਂ ਇਹ ਸਮਝ ਆਈ, ਉਨ੍ਹਾਂ ਨੇ ਆਪਣੀ ਜਾਨ ਤੋਂ ਵੀ ਜ਼ਿਆਦਾ ਕੇਸਾਂ ਦੀ ਰੱਖਿਆ ਕੀਤੀ। ਕਿਸੇ ਨੂੰ ਸ਼ਕਤੀ-ਹੀਨ ਕਰਨਾ ਹੋਵੇ ਤਾਂ ਪੁਰਾਣੇ ਜ਼ਮਾਨੇ ਵਿਚ ਇਹੀ ਸਜ਼ਾ ਦਿੱਤੀ ਜਾਂਦੀ ਸੀ ਕਿ ਉਸ ਦੇ ਕੇਸ ਕੱਟ ਦਿੱਤੇ ਜਾਣ। ਤੇ ਅਕਸਰ ਮਨੁੱਖ ਰੂਹਾਨੀ ਰਸ ਤੇ ਸ਼ਕਤੀ ਤੋਂ ਵਾਂਝਾ ਰਹਿ ਜਾਂਦਾ ਸੀ। ਜਿਤਨੇ ਚਿਰ ਤਕ ਫਿਰ ਲੰਬੇ ਕੇਸ ਨਾ ਹੋਵਣ, ਰਸ ਮਾਨਣਾ ਔਖਾ ਹੋ ਜਾਂਦਾ ਸੀ । ਰਾਜੇ ਜਨਮੇਜੇ ਨੇ ਨਾਰਾਜ਼

ਹੋ ਕੇ ਉਨ੍ਹਾਂ ਤਮਾਮ ਬ੍ਰਾਹਮਣਾਂ ਦੇ ਕੇਸ ਕਟ ਦਿੱਤੀ ਸਨ, ਜੋ ਉਸ ਦੇ ਬ੍ਰਹਮ-ਭਜ ਵਿਚ ਆਏ ਸਨ। ਇਹ ਬ੍ਰਾਹਮਣ ਬੇ-ਪਰਦ ਮਹਾਰਾਣੀ ਨੂੰ ਵੇਖ ਕੇ ਹੱਸ ਪਏ ਸਨ-ਇਸ ਕਸੂਰ ਵਜੋਂ ਉਨ੍ਹਾਂ ਨੂੰ ਵਕਤੀ ਤੌਰ ‘ਤੇ ਰੂਹਾਨੀ ਸ਼ਕਤੀ ਤੋਂ ਹੀਨ ਕੀਤਾ ਜਾਵੇ-ਕੇਸ ਕੱਟ ਦਿੱਤੇ ਗਏ। ਪ੍ਰਾਚੀਨ ਸਮੇਂ ਕਿਸੇ ਦੇ ਕੇਸ ਕੱਟ ਦਿੱਤੇ ਜਾਣ ਤਾਂ ਇਹ ਸੋਗ ਦੀ ਨਿਸ਼ਾਨੀ ਗਿਣੀ ਜਾਂਦੀ ਸੀ। ਭਾਰਤ ਵਿਚ ਅੱਜ ਵੀ ਇਹ ਸ਼ੋਕ ਦੀ ਨਿਸ਼ਾਨੀ ਹੈ। ਜਦ ਕਿਸੇ ਹਿੰਦੂ ਵੀਰ ਦਾ ਸਿਰ ਬਿਲਕੁਲ ਰੋਡ-ਮੋਡ ਗੁੰਮ ਵੇਖਿਆ ਜਾਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਇਸ ਦੀ ਮਾਂ ਯਾ ਪਿਤਾ ਜ਼ਰੂਰ ਅਕਾਲ ਚਲਾਣਾ ਕਰ ਗਿਆ ਹੈ, ਸੋਗ-ਵਿਛੋੜੇ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਜਦ ਤੋਂ ਅਧਿਆਤਮਕ ਵਿਕਾਸ ਮਨੁੱਖ ਦੀ ਦੁਨੀਆ ਵਿਚ ਹੋਇਆ ਤਾਂ ਕੇਸਾਂ ਨਾਲ ਪਿਆਰ ਜਾਗ ਪਿਆ। ਕੇਸ ਇਤਨੇ ਕੀਮਤੀ ਹਨ ਤੇ ਇਨ੍ਹਾਂ ਦੀ ਰੱਖਿਆ ਤੇ ਇੱਜ਼ਤ ਲਈ ਗੁਰੂ-ਘਰ ਨੇ ਦਸਤਾਰ ਦੀ ਪ੍ਰਥਾ ਚਲਾਈ। ਪ੍ਰਾਚੀਨ ਕਾਲ ਤੋਂ ਰਾਜੇ, ਮਹਾਰਾਜੇ, ਪੰਡਿਤ, ਪਰੋਹਤ ਦਸਤਾਰ ਸਜਾਉਂਦੇ ਆਏ ਹਨ।
ਜੰਗਲਾਂ ਵਿਚ ਰਹਿੰਦੇ ਤਪੱਸਿਆ ਕਰਨ ਵਾਲੇ ਸਾਧੂਆਂ ਨੂੰ ਇਹ ਅੰਕੜ ਦਿਸੀ ਤਾਂ ਉਨ੍ਹਾਂ ਨੇ ਕੇਸਾਂ ਨੂੰ ਜਟਾਵਾਂ ਦਾ ਰੂਪ ਦੇ, ਜਟਾਵਾਂ ਦੀ ਹੀ ਦਸਤਾਰ ਬਣਾ ਲਈ। ਪੰਜ ਗਜ਼ ਦਸਤਾਰ ਦੀ ਥਾਂ ਉਨਾਂ ਨੇ ਕੇਸਾਂ ਨੂੰ ਬੌੜ੍ਹ ਦਾ ਦੁੱਧ ਤੇ ਹੋਰ ਵਿਸ਼ੇਸ਼ ਔਸ਼ਧੀਆਂ ਨਾਲ ਲੰਬਾ ਕਰ, ਜਟਾਵਾਂ ਨੂੰ ਹੀ ਦਸਤਾਰ ਦਾ ਰੂਪ ਦੇ ਦਿੱਤਾ। ਦਸਤਾਰ ਤੇ ਕੇਸ ਅਧਿਆਤਮਕ ਮਾਨ-ਸਨਮਾਨ ਦੀ ਨਿਸ਼ਾਨੀ ਬਣ ਗਏ।
ਸ੍ਰੀ ਕ੍ਰਿਸ਼ਨ ਜੀ ਦੇ ਗੁਰੂ-ਭਾਈ ਸੁਦਾਮਾ ਜਦ ਅਤਿਅੰਤ ਗਰੀਬੀ ਦੀ ਜਕੜ ਵਿਚ ਆਏ ਤੇ ਆਪਣੀ ਘਰ ਵਾਲੀ ਦੀ ਪ੍ਰੇਰਨਾ ਨਾਲ ਸ੍ਰੀ ਕ੍ਰਿਸ਼ਨ ਨੂੰ ਮਿਲਣ ਲਈ ਜਦ ਦਵਾਰਕਾ ਪੁੱਜੇ ਤਾਂ ਦੁਆਰ-ਪਾਲ ਨੇ ਬੂਹੇ ‘ਤੇ ਹੀ ਰੋਕ ਦਿੱਤਾ, ਕਿਉਂਕਿ ਦੁਆਰ-ਪਾਲ ਤਾਂ ਸਿਰਫ਼ ਤਨ ਵੇਖ ਰਿਹਾ ਸੀ। ਤਨ ਅਤਿਅੰਤ ਗਰੀਬੀ ਦਾ ਨਮੂਨਾ ਸੀ।
ਜਦ ਸੁਦਾਮੇ ਨੇ ਕਿਹਾ ਕਿ ਮੈਂ ਸ੍ਰੀ ਕ੍ਰਿਸ਼ਨ ਦਾ ਬਾਲ-ਸਖਾ ਮਿੱਤਰ ਤੇ ਗੁਰੂ-ਭਾਈ ਹਾਂ, ਤੂੰ ਮੈਨੂੰ ਅੰਦਰ ਜਾਣ ਦੇ ਜਾਂ ਤੂੰ ਅੰਦਰ ਸ੍ਰੀ ਕ੍ਰਿਸ਼ਨ ਜੀ ਨੂੰ ਜਾ ਕੇ ਦੱਸ ਕਿ ਤੁਹਾਡਾ ਬਾਲ-ਸਖਾ ਮਿੱਤਰ ਆਇਆ ਹੈ। ਬਹੁਤ ਤਰਲੇ ਕਰਨ ‘ਤੇ ਦੁਆਰ-ਪਾਲ ਰਾਜ਼ੀ ਹੋਇਆ ਔਰ ਉਸ ਨੇ ਜਾ ਕੇ ਅੰਦਰ ਬੇਨਤੀ ਕੀਤੀ ਤਾਂ ਸ੍ਰੀ ਕ੍ਰਿਸ਼ਨ ਜੀ ਨੇ ਪੁੱਛਿਆ ਕਿ ਉਸ ਦੀ ਵੇਸ ਭੂਸ਼ਾ ਕੀ ਹੈ ਤੇ ਉਸ ਦਾ ਨਾਮ ਕੀ ਹੈ ? ਉਸ ਜ਼ਮਾਨੇ ਵੇਸ ਭਾਸ਼ਾ ਤੋਂ ਪਤਾ ਚੱਲ ਜਾਂਦਾ ਸੀ ਕਿ ਸਾਧੂ ਹੈ, ਗ੍ਰਿਹਸਤੀ ਹੈ, ਯਾ ਖੱਤਰੀ, ਬ੍ਰਾਹਮਣ, ਵੈਸ਼ ਹੈ ਕਿਉਂਕਿ ਹਰ ਵਰਣ ਦੀ ਆਪਣੀ ਪੋਸ਼ਾਕ ਸੀ ਤੇ ਪੋਸ਼ਾਕ ਤੋਂ ਪਤਾ ਚੱਲ ਜਾਂਦਾ ਸੀ । ਰੂਹਾਨੀ ਰਸ ਵਿਚ ਜੀਵਨ ਵਾਲਾ ਵਿਦਵਾਨ ਸਿਰ ‘ਤੇ ਦਸਤਾਰ ਲਾਜ਼ਮੀ ਸਜਾਂਦਾ ਸੀ। ਦੁਆਰ-ਪਾਲ ਨੇ ਜੋ ਸ੍ਰੀ ਕ੍ਰਿਸ਼ਨ ਜੀ ਨੂੰ ਦੱਸਿਆ, ਉਹ ਕਵੀ ਨਰੋਤਮ ਜੀ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਹੇ ਭਗਵਾਨ। ਉਸ ਦੇ ਸਿਰ ‘ਤੇ ਦਸਤਾਰ ਨਹੀਂ, ਤਨ 5 ‘ਤੇ ‘ਤੇ ਝੱਗਾ ਝੱਗਾ ਤੇ ਪੈਰਾਂ ਵਿਚ ਜੁੱਤੀ ਨਹੀਂ ਤੇ ਭਗਵਨ । ਉਹ ਆਪਣਾ ਨਾਮ ਸੁਦਾਮਾ ਦੱਸਦਾ ਹੈ:
ਸੀਸ ਪਗਾ ਨ ਝਗਾ ਤਨ ਪੇ ਪ੍ਰਭ ਜਾਨ ਕਹਿ ਆਇ ਬਸੈ ਕਹਿ ਗਾਮਾ।
ਧੋਤੀ ਫਟੀ ਸੀ ਲਈ ਦੁਪਟੀ ਪੈਰ ਪਾਹਨ ਕੀ ਨਹੀਂ ਸਾਮਾ।
ਦੁਆਰ ਖਰੋਂ ਦ੍ਰਿਜ ਦਰਬਲ ਭੇਖ ਰਹਿਓ ਚਖ ਸਿਓ ਬਸੁਧਾ ਅਭਰਾਮਾ।
ਪੂਛਤ ਦੀਨ ਦਿਆਲ ਕੇ ਧਾਮ, ਬਤਾਵਤ ਅਪਨੋ ਨਾਮ ਸੁਦਾਮਾ।

ਸਾਢੇ ਤਿੰਨ ਹਜ਼ਾਰ ਸਾਲ ਪੁਰਾਣੀ ਘਟਨਾ ਉਹ ਇਸ ਦਸਤਾਰ ਦਾ ਜ਼ਿਕਰ ਇਸ ਗੱਲ ਦਾ ਸਬੂਤ ਹੈ ਕਿ ਦਸਤਾਰ ਸ੍ਰੀ ਕ੍ਰਿਸ਼ਨ ਜੀ ਦੇ ਵਕਤ ਵੀ ਰੂਹਾਨੀ ਮਾਨ-ਸਨਮਾਨ ਦਾ ਚਿੰਨ੍ਹ ਸੀ।
ਸਿਰ ਦੇ ਕੇਸ ਤਾਂ ਰੂਹਾਨੀ ਰਸ ਦੀ ਰੱਖਿਆ ਵਾਸਤੇ ਹਨ ਪਰ ਪੁਰਸ਼ ਦੇ ਮੁੱਖੜੇ ‘ਤੇ ਜੋ ਦਾੜ੍ਹੀ ਆਂਵਦੀ ਹੈ ਇਸ ‘ਤੇ ਤਰਕ ਹੋ ਸਕਦੀ ਹੈ। ਅਕਾਲ ਪੁਰਖ ਨੇ ਸਾਰੀ ਜੀਵ-ਸ਼੍ਰੇਣੀ ਨਰ ਤੇ ਮਦੀਨ ਵਿਚ ਵੰਡੀ ਹੋਈ ਹੈ ਤੇ ਇਨ੍ਹਾਂ ਦੋਹਾਂ ਦੇ ਪਹਿਚਾਣ-ਚਿੰਨ੍ਹ ਵੀ ਕਰਤਾ ਪੁਰਖ ਨੇ ਰੱਖੇ ਹਨ ਪਹਿਚਾਣ ਚਿਹਰੇ ਤੋਂ ਹੁੰਦੀ ਹੈ ਅਤੇ ਅਗਰ ਚਿਹਰੇ ਤੋਂ ਪੁਰਸ਼ ਦਾੜ੍ਹੀ ਇਕ ਪਾਸੇ ਕਰ ਲਵੇ ਤਾਂ ਪਹਿਚਾਣ ਮੁਸ਼ਕਿਲ ਹੋ ਜਾਂਦੀ ਹੈ। ਯੂਰਪ ਵਿਚ ਤਾਂ ਪਹਿਚਾਣ ਬਹੁਤ ਹੀ ਮੁਸ਼ਕਿਲ ਹੈ, ਜਿਥੇ ਇਸਤਰੀ ਪੁਰਸ਼ ਕਪੜੇ ਵੀ ਇੱਕੋ ਜਿਹੇ ਪਹਿਨਣ ਲੱਗ ਪਏ ਹਨ।
ਸਰੀਰਕ ਤੌਰ ‘ਤੇ ਤਾਂ ਅਕਾਲ ਪੁਰਖ ਨੇ ਮਦੀਨ ਨਾਲੋਂ ਨਰ ਨੂੰ ਜ਼ਿਆਦਾ ਖੂਬਸੂਰਤ ਬਣਾਇਆ ਹੈ।
ਜਿਤਨਾ ਸੁੰਦਰ ਮੋਰ ਹੈ, ਮੋਰਨੀ ਉਤਨੀ ਸੁੰਦਰ ਨਹੀਂ ਹੈ। ਸ਼ੇਰ ਵਿਚ ਜੋ ਖੂਬਸੂਰਤੀ ਹੈ, ਉਸ ਦੇ ਸਾਹਮਣੇ ਸ਼ੇਰਨੀ ਫਿੱਕੀ ਪੈ ਜਾਂਦੀ ਹੈ। ਨਰ ਚਿੜਾ ਤੇ ਤੋਤਾ ਮਦੀਨ ਨਾਲੋਂ ਜ਼ਿਆਦਾ ਖੂਬਸੂਰਤ ਹੈ। ਮੁਰਗੇ ਦੇ ਸਾਹਮਣੇ ਮੁਰਗੀ ਬਿਲਕੁਲ ਹੀਨ ਦਿਖਾਈ ਦੇਂਦੀ ਹੈ।
ਕੁਦਰਤ ਨੇ ਨਰ ਨੂੰ ਜ਼ਿਆਦਾ ਸ਼ਿੰਗਾਰਿਆ ਹੈ। ਪੁਰਸ਼ ਦਾ ਦਾੜ੍ਹਾ ਕੁਦਰਤ ਦਾ ਦਿੱਤਾ ਹੋਇਆ ਸੁਹੱਪਣ ਹੈ, ਪਰ ਮਨੁੱਖੀ ਮਨ ਵਿਚ ਇਕ ਐਸੀ ਧਾਰਨਾ ਹੈ ਕਿ ਇਸ ਨੂੰ ਖਿੱਚ-ਕਸ਼ਿਸ਼ ਵਿਪਰੀਤ ਵਿਚ ਹੀ ਹੁੰਦੀ ਹੈ। ਇਸ ਵਾਸਤੇ ਪੁਰਸ਼ ਨੂੰ ਨਾਰੀ ਵਿਚ ਸੁੰਦਰਤਾ ਦਿਖਾਈ ਦਿੰਦੀ ਹੈ। ਇਸ ਮਾਨਸਿਕ ਧਾਰਨਾ ਹੇਠ ਮਨੁੱਖ ਨੇ ਆਪਣੀ ਦਾੜ੍ਹੀ ਨੂੰ ਤ੍ਰਾਸ਼ ਕੇ ਚਿਹਰਾ ਇਸਤਰੀ ਵਰਗਾ ਕਰ
ਲਿਆ, ਪਰ ਇਸਤਰੀ ਨੂੰ ਵੀ ਵਿਪਰੀਤ ਵਿਚ ਭਾਵ ਪੁਰਸ਼ ਵਿਚ ਕਸ਼ਿਸ਼ ਸੀ ਤਾਂ ਉਸ ਨੇ ਆਪਣਾ ਚਿਹਰਾ ਗਹਿਣਿਆਂ, ਪਾਊਡਰ, ਸੁਰਖ਼ੀ ਇਤਿ ਆਦਿਕ ਨਾਲ ਸੰਵਾਰਨਾ ਸ਼ੁਰੂ ਕੀਤਾ ਤੇ ਅੱਜ ਦੁਨੀਆ ਵੀਹ ਫ਼ੀਸਦੀ ਦੌਲਤ, ਸੁੰਦਰਤਾ ਪ੍ਰਸਾਧਨ ‘ਤੇ ਖ਼ਰਚ ਹੋ ਰਹੀ ਹੈ। ਦਰ-ਅਸਲ ਨਾਰੀ ਦਾ ਸ਼ਿੰਗਾਰ ਉਸ ਦੀ ਲੱਜਾ, ਧੀਰਜਤਾ ਤੇ ਸਹਿਨਸ਼ੀਲਤਾ ਹੋਣਾ ਹੈ। ਰੱਬ ਵੱਲੋਂ ਮਾਂ ਹੋਣਾ ਇਕ ਖ਼ਾਸ ਸੰਗਾਤ ਇਸਤਰੀ ਨੂੰ ਮਿਲੀ ਹੋਈ ਹੈ। ਪੁਰਸ਼ ਦੀ ਮਹਿਮਾ ਬੀਰ-ਰਸ ਗਿਆਨ ਵਿਚਾਰ ਵਿਚ ਹੈ ਤੇ ਕੁਦਰਤ ਨੇ ਇਸ ਦਾੜ੍ਹੀ ਦਾ ਸ਼ਿੰਗਾਰ ਆਪ ਪ੍ਰਦਾਨ ਕੀਤਾ ਹੈ।
ਕੁਦਰਤ ਦੇ ਦਿੱਤੇ ਮਾਨ ਦਾੜ੍ਹੀ ਨੂੰ ਜਦ ਮਨੁੱਖ ਨੇ ਤਲਾਂਜਲੀ ਦਿੱਤੀ ਤਾਂ ਬਾਕੀ ਗੁਣਾਂ ਨੂੰ ਵੀ ਪ੍ਰਾਪਤ ਕਰਨ ਵਿਚ ਅਸਮਰਥ ਹੋ ਗਿਆ ਤੇ ਇਸਤਰੀ ਨੇ ਜਦ ਦਾ ਮਾਂ ਬਣਨਾ ਇਕ ਬੋਝ ਸਮਝਿਆ ਹੈ, ਉਸ ਦਿਨ ਤੋਂ ਬਾਕੀ ਗੁਣਾਂ ਤੋਂ ਵੀ ਖ਼ਾਲੀ ਹੋ ਗਈ ਹੈ।
ਇਸਤਰੀ ਵਿਚ ਭਾਵੁਕਤਾ ਜ਼ਿਆਦਾ ਹੋਣ ਕਰਕੇ ਸਿਮਰਨ ਤੋਂ ਇਹ ਬਹੁਤ ਛੇਤੀ ਰਸ ਪ੍ਰਾਪਤ ਕਰ ਸਕਦੀ ਹੈ। ਇਸ ਤਰ੍ਹਾਂ ਦੀ ਅਕਾਲ ਪੁਰਖ ਵੱਲੋਂ ਵਿਸ਼ੇਸ਼ ਬਖ਼ਸ਼ਿਸ਼ ਹੋਣ ਕਰਕੇ ਇਸਤਰੀ ਨੂੰ ਦਸਤਾਰ ਦੀ ਲੋੜ ਨਹੀਂ ਭਾਸੀ ਯਾ ਕੇਸਾਂ ਨੂੰ ਜਟਾਵਾਂ ਦੀ ਸ਼ਕਲ ਦੇਣ ਦੀ ਇਸ ਨੂੰ ਲੋੜ ਮਹਿਸੂਸ ਨਾ ਹੋਈ, ਕਿਉਂਕਿ ਇਸਤਰੀ ਆਪਣੀ ਭਾਵੁਕਤਾ ਨਾਲ ਰੱਬੀ ਰਸ ਨੂੰ ਸੰਜੋ ਰੱਖਣ ਵਿਚ ਸਮਰੱਥ ਹੈ। ਪੁਰਸ਼ ਨੇ ਆਪਣਾ ਸਿਰ ਮੈਦਾਨਿ-ਜੰਗ ਵਿਚ ਵੀ ਬਚਾਣਾ ਸੀ ਤੇ ਰੱਬੀ ਰਸ, ਜੋ ਸਿਮਰਨ ਨਾਲ ਮਿਲਿਆ ਹੈ, ਇਸ ਨੂੰ ਵੀ ਸੰਗ੍ਰਹਿ ਕਰਨਾ ਸੀ-ਕੇਸਾਂ ਦੇ ਨਾਲ ਦਸਤਾਰ ਦੀ ਲੋੜ ਪਈ। ਗੁਰਮਤਿ ਤੇ ਸਨਾਤਨੀ ਰਿਸ਼ੀਆਂ ਤੋਂ ਇਲਾਵਾ ਇਸਲਾਮ ਦੇ ਪੈਗ਼ੰਬਰ ਮੁਹੰਮਦ ਸਾਹਿਬ ਵੀ ਦਾੜ੍ਹੀ ਕੇਸ ਤੇ ਸਿਰ ‘ਤੇ ਦਸਤਾਰ ਸਜਾਂਦੇ ਸਨ । ਈਰਾਨ ਵਿਚ ਮੁਹੰਮਦ ਸਾਹਿਬ ਤੇ ਹਜ਼ਰਤ ਅਲੀ ਦੀਆਂ ਤਸਵੀਰਾਂ ਜੋ ਥਾਂ ਥਾਂ ‘ਤੇ ਟੰਗੀਆਂ ਹੋਈਆਂ ਹਨ, ਕੇਸਾਂ ਤੇ ਦਸਤਾਰ ਸਮੇਤ ਹਨ।
ਕੰਘਾ ਕੇਸਾਂ ਨੂੰ ਸੰਵਾਰ ਕੇ ਰੱਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਰਹਿਤ ਵਿਚ ਸ਼ਾਮਲ ਕੀਤਾ। ਕੇਸਾਂ ਵਿਚ ਕੰਘਾ ਕਰਨ ਨਾਲ ਦਿਮਾਗ਼ੀ ਥਕਾਵਟ ਦੂਰ ਹੋ ਜਾਂਦੀ ਹੈ ਤੇ ਨਿਤ-ਪ੍ਰਤਿ ਕੰਘਾ ਕਰਨ ਨਾਲ ਕੇਸ ਸਾਫ਼ ਰਹਿੰਦੇ ਹਨ ਤੇ ਆਪਸ ਵਿਚ ਉਲਝਦੇ ਨਹੀਂ ਹਨ।

ਗਿਆਨੀ ਸੰਤ ਸਿੰਘ ਜੀ ਮਸਕੀਨ