61 views 11 secs 0 comments

ਪੰਜ ਕਕਾਰ- ੩ : ਕ੍ਰਿਪਾਨ

ਲੇਖ
July 12, 2025

ਦੀਨ ਅੰਦਰ ਹੈ—ਦੁਨੀਆ ਬਾਹਰ ਹੈ। ਸੰਸਾਰ ਬਾਹਰ ਹੈ ਤੇ ਨਿਰੰਕਾਰ ਦੀ ਟੋਲ ਅੰਦਰ ਕਰਨੀ ਪਵੇਗੀ। ਦੈਵੀ ਗੁਣਾਂ ਦੀ ਸੰਪਦਾ ਤਾਂ ਅੰਦਰ ਹੈ ਪਰ ਧਨ-ਸੰਪਦਾ ਬਾਹਰ ਪਈ ਹੈ। ਇਨ੍ਹਾਂ ਦੋਹਾਂ ਸੰਪਦਾਂ ਦੇ ਦੁਸ਼ਮਣ ਹਰ ਵਕਤ ਇਸ ਤਾੜ ਵਿਚ ਰਹਿੰਦੇ ਹਨ ਕਿ ਇਹ ਸੰਪਦਾ ਲੁੱਟ ਲਈ ਜਾਵੇ। ਗਿਆਨ ਦੀ ਖੜਗ ਨਾਲ ਅੰਦਰ ਦੀ ਸੰਪਦਾ ਬਚਾਉਣੀ ਹੈ ਤੇ ਸਰਬ-ਲੋਹ ਦੀ ਖੜਗ ਨਾਲ ਬਾਹਰ ਦੀ ਸੰਪਦਾ ਬਚਾਉਣੀ ਹੈ। ਇਥੇ ਇਕ ਪ੍ਰਸ਼ਨ ਖੜਾ ਹੋ ਸਕਦਾ ਹੈ ਕਿ ਨੌਂ ਇੰਚ ਦੀ ਕ੍ਰਿਪਾਨ ਨਾਲ ਅਸੀਂ ਕਿਸ ਤਰ੍ਹਾਂ ਬਾਹਰ ਦਾ ਵੇਤਨ ਤੇ ਸੰਪਦਾ ਬਚਾਵਾਂਗੇ, ਜਦ ਕਿ ਮਾਰੂ ਹਥਿਆਰ ਅਣੂ-ਬੰਬ ਤੇ ਇਸ ਤੋਂ ਵੀ ਜ਼ਿਆਦਾ ਮਾਰੂ ਮੌਜੂਦ ਹਨ । ਵਾਸਤਵਿਕ ਤਾਂ ਛੋਟੀ ਕ੍ਰਿਪਾਨ ਅਸੀਂ ਮਾਰਨ ਵਾਸਤੇ, ਹਮਲਾ ਕਰਨ ਵਾਸਤੇ ਨਹੀਂ ਧਾਰਨ ਕੀਤੀ। ਇਹ ਤਾਂ ਇਸ ਵਾਸਤੇ ਪਹਿਨਣੀ ਜ਼ਰੂਰੀ ਹੈ, ਤਾਕਿ ਬੀਰ-ਰਸ ਅੰਦਰ ਬਣਿਆ ਰਹੇ। ਬੀਰ-ਰਸ ਦੀ ਪ੍ਰੇਰਨਾ ਤਾਂ ਕ੍ਰਿਪਾਨ ਤੋਂ ਮਿਲੇਗੀ। ਤਨ ‘ਤੇ ਪਾਏ ਹੋਏ ਕੱਪੜੇ ਤੇ ਕਪੜਿਆਂ ਦੇ ਰੰਗ ਦਾ ਵੀ ਮਨ ‘ਤੇ ਬਹੁਤ ਪ੍ਰਭਾਵ ਪੈਂਦਾ ਹੈ। ਤਨ ‘ਤੇ ਧਾਰਨ ਕੀਤੀ ਕ੍ਰਿਪਾਨ ਆਪਣਾ ਸੂਖਮ ਅਸਰ ਰੱਖਦੀ ਹੈ। ਮਨ ‘ਤੇ ਅਤਿਅੰਤ ਸੂਖਮ ਪ੍ਰਭਾਵ ਬੀਰ-ਰਸ ਦਾ ਹਰ ਵਕਤ ਪੈਂਦਾ ਰਹਿੰਦਾ ਹੈ । ਬਹਾਦਰ ਕੌਮਾਂ ਹਮੇਸ਼ਾ ਸ਼ਸਤ੍ਰਧਾਰੀ ਰਹੀਆਂ ਹਨ। ਅਹਿੰਸਾ ਧਰਮ ਦੇ ਪ੍ਰਚਾਰ ਹੇਠ ਆ ਕੇ ਜਦ ਭਾਰਤ ਵਾਸੀਆਂ ਨੇ ਸ਼ਸਤਰ ਸੁੱਟ ਦਿੱਤੇ ਤਾਂ ਇਕ ਹਜ਼ਾਰ ਸਾਲ ਦੀ ਨਾਪਾਕ ਗੁਲਾਮੀ ਦੇ ਦੌਰ ਵਿੱਚੋਂ ਲੰਘਣਾ ਪਿਆ। ਸੱਚਾਈ ਤਾਂ ਇਹ ਹੈ ਕਿ ਬਹਾਦਰ ਤੇ ਤਾਕਤਵਰ ਦੀ ਅਹਿੰਸਾ ਵਿਚ ਦਇਆ ਹੋਵੇਗੀ। ਬਾਕੀ ਅਹਿੰਸਾ ਦਾ ਆਧਾਰ ਤਾਂ ਕਾਇਰਤਾ ਬੁਜ਼ਦਿਲੀ ਹੋਵੇਗੀ।
ਅਜੋਕੀ ਵਿਗਿਆਨ ਦੀ ਖੋਜ ਇਸ ਨਾਲ ਪੂਰਨ ਤੌਰ ‘ਤੇ ਸਹਿਮਤ ਹੈ ਕਿ ਮਨੁੱਖੀ ਮਨ ਹਰ ਨਿਕਟਵਰਤੀ ਵਸਤੂ ਤੋਂ ਪ੍ਰਭਾਵਿਤ ਹੁੰਦਾ ਹੈ। ਕ੍ਰਿਪਾਨ ਬੀਰ-ਰਸ ਨੂੰ ਜ਼ਿੰਦਾ ਰੱਖਦੀ ਹੈ। ਭਾਰਤ ਦੇ ਪੁਰਾਣੇ ਰਿਸ਼ੀ-ਮੁਨੀ ਤੇ ਅਵਤਾਰ ਸ਼ਸਤਰਧਾਰੀ ਸਨ, ਇਸ ਲਈ ਸੂਰਬੀਰ ਸਨ। ਅਗਰ ਬੀਰ-ਰਸ ਅੰਦਰ ਬਣਿਆ ਰਹੇ ਤਾਂ ਵਕਤ ਦੀ ਲੋੜ ਮੁਤਾਬਿਕ ਕਿਸੇ ਵੀ ਸ਼ਸਤਰ ਨਾਲ ਲੜਿਆ ਜਾ ਸਕਦਾ ਹੈ। ਪਰ ਬੀਰ-ਰਸ ਅੰਦਰੋਂ ਖ਼ਤਮ ਹੋ ਜਾਵੇ ਤਾਂ ਵੱਡੇ ਵੱਡੇ ਹਥਿਆਰਾਂ ਦੇ ਧਾਰਨ ਕਰਨ ਵਾਲੇ ਵੀ ਮੈਦਾਨੇ-ਜੰਗ ਤੋਂ ਭੱਜਦੇ ਹਨ। ਲੜਨਾ ਤਾਂ ਬੀਰ-ਰਸ ਨੇ ਹੈ ਤੇ ਬੀਰ-ਰਸ ਹੀ ਮੁੱਕ ਜਾਵੇ ਤਾਂ ਹਥਿਆਰ ਕੀ ਕਰੇਗਾ ? ਅੰਦਰ ਬੀਰ-ਰਸ ਦੀ ਕਣੀ ਬਣੀ ਰਹੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਕ੍ਰਿਪਾਨ ਇਕ ਬਹੁਤ ਵਡਮੁੱਲੀ ਦਾਤ ਹੈ । ਕ੍ਰਿਪਾਨਧਾਰੀ ਬੇ-ਅਣਖ ਤੇ ਬੇ-ਗ਼ੈਰਤ ਨਹੀਂ ਹੋਵੇਗਾ। ਕ੍ਰਿਪਾਨ ਉਸ ਦਾ ਹੌਸਲਾ ਬਣਾਈ ਰੱਖੇਗੀ। ਬਦ-ਕਿਸਮਤੀ ਹੈ ਕਿ ਭਾਰਤਵਾਸੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਮਹਾਨ ਬਖ਼ਸ਼ਿਸ਼ ਨੂੰ ਸਮਝਿਆ ਨਹੀਂ ਹੈ।

ਗਿਆਨੀ ਸੰਤ ਸਿੰਘ ਜੀ ਮਸਕੀਨ