80 views 6 secs 0 comments

ਪੰਜ ਕਕਾਰ – ੪ : ਕਛਹਿਰਾ

ਲੇਖ
July 14, 2025

ਅੱਜ ਤਾਂ ਕਿਸੇ ਨਾ ਕਿਸੇ ਰੂਪ ਵਿਚ ਸਮੂਹ ਜਗਤ ਦੇ ਮਨੁੱਖ ਨੇ ਕਛਹਿਰਾ ਧਾਰਨ ਕਰ ਹੀ ਲਿਆ ਹੈ ਅਤੇ ਕੜੇ ਦਾ ਸ਼ੌਕ ਵੀ ਵਧਦਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰੂਹਾਨੀ ਸੂਝ ਬੂਝ ਨੇ ਕਛਹਿਰੇ ਨੂੰ ਇਕ ਮਹਾਨ ਰਹਿਤ ਦੇ ਰੂਪ ਵਿਚ ਖ਼ਾਲਸੇ ਨੂੰ ਪ੍ਰਦਾਨ ਕੀਤਾ ਹੈ।
ਰੱਬੀ ਸਿਫ਼ਤਾਂ ਵਿੱਚੋਂ ਸ਼ਰਮ ਲੱਜਾ ਇਕ ਖ਼ਾਸ ਗੁਣ ਹੈ। ਲੱਜਾ ਤੇ ਸ਼ਰਮ-ਹੀਨ ਮਨੁੱਖ ਤਾਂ ਪਸ਼ੂ ਹੈ ਕਿਉਂਕਿ ਇਹ ਗੁਣ ਪੰਛੀਆਂ ਵਿਚ ਵੇਖਣ ਨੂੰ ਨਹੀਂ ਮਿਲਦਾ। ਨਿਰਲੱਜ ਤਾਂ ਇਕ ਬਹੁਤ ਵੱਡੀ ਗਾਲ੍ਹ ਹੈ ਤੇ ਨਿਰਲੱਜ ਮਨੁੱਖ ਸਮਾਜ ਲਈ ਹਾਨੀਕਾਰਕ ਹੈ।
ਦਰਿਆ ਦਾ ਪਾਣੀ ਆਪਣੀ ਸੀਮਾ ਵਿਚ ਰਹੇ ਤਾਂ ਸੁਖਦਾਈ ਹੈ ਪਰ ਜੇ ਸੀਮਾ ਦੀ ਉਲੰਘਣਾ ਕਰ, ਹੜ੍ਹ ਦੀ ਸ਼ਕਲ ਧਾਰਨ ਕਰਨ ਜਾਵੇ ਤਾਂ ਜਗਤ ਲਈ ਦੁਖ ਦਾ ਕਾਰਨ ਬਣ ਜਾਂਦਾ ਹੈ । ਕਾਮ-ਵੇਗ ਜਦ ਸੀਮਾ ਦੀ ਉਲੰਘਣਾ ਕਰ ਜਾਵੇ ਤਾਂ ਮਨੁੱਖ ਨਿਰਲੱਜ ਹੋ ਜਾਂਦਾ ਹੈ। ਇਹ ਵੇਗ ਸੀਮਾ ਵਿਚ ਰਹੇ-ਜਿਥੇ ਪ੍ਰਭੂ-ਚਿੰਤਨ ਸਹਾਇਕ ਹੈ—ਉਥੇ ਬਾਹਰੋਂ ਕਛਹਿਰਾ ਕਾਮਕ-ਰੁਚੀਆਂ ਨੂੰ ਸੀਮਾ ਵਿਚ ਰੱਖਦਾ ਹੈ। ਕਾਮ-ਜੰਤਰ ਨੂੰ ਹਰ ਵਕਤ ਢੱਕ ਕੇ ਰੱਖਣ ਦਾ ਸਾਧਨ ਕਛਹਿਰਾ ਹੈ ਤੇ ਇਸ ਨਾਲ ਮਨੁੱਖ ਅੰਦਰ ਕਾਮ-ਵੇਗ ਨੂੰ ਸੀਮਾ ਵਿਚ ਰੱਖ ਸਕਣ ਲਈ ਲੱਜਾ ਪੈਦਾ ਹੋ ਜਾਂਦੀ ਹੈ । ਇਸ ਵਾਸਤੇ ਲੱਜਾ, ਸ਼ਰਮ, ਹਯਾ ਨੂੰ ਇਕ ਮਹਾਨ ਗਹਿਣਾ ਆਖਿਆ ਜਾਂਦਾ ਹੈ । ਸ਼ਰਮ ਹਯਾ ਵਿਚ ਰਹਿਣ ਵਾਲੇ ਮਨੁੱਖ ‘ਤੇ ਭਰੋਸਾ ਕੀਤਾ ਜਾ ਸਕਦਾ ਹੈ। ਇਸਤਰੀ-ਪੁਰਸ਼ ਦੀ ਜ਼ਰੂਰਤ ਤੋਂ ਜ਼ਿਆਦਾ ਨਗਨਤਾ ਕਾਮ-ਰੁਚੀਆਂ ਉਤੇਜਿਤ ਕਰਨ ਦਾ ਸਾਧਨ ਬਣਦੀਆਂ ਹਨ। ਕਛਹਿਰੇ ਨੂੰ ਇਸ ਲਈ ਜਤ ਸਤ ਨਾਲ ਜੋੜਿਆ ਗਿਆ ਹੈ—ਇਹ ਪੜਦਾ ਹੈ ਔਰ ਇਸ ਪੜਦੇ ਨਾਲ ਸ਼ਰਮ ਹਯਾ ਦਾ ਜਨਮ ਹੁੰਦਾ ਹੈ।
ਅਗਰ ਇਸਤਰੀ ਨੂੰ ਨਗਨਤਾ ਦੀ ਪ੍ਰਦਰਸ਼ਨੀ ਵਿਚ ਰਸ ਹੋਵੇ ਤੇ ਪੁਰਸ਼ ਨੂੰ ਨਗਨਤਾ ਵੇਖਣ ਵਿਚ ਹੀ ਰਸ ਮਿਲੇ ਤੇ ਐਸੇ ਸਮਾਜ ਵਿਚ ਸ਼ਰਮ ਹਯਾ ਬਿਲਕੁਲ ਨਾਸ ਹੋ ਜਾਂਦੀ ਹੈ ਤੇ ਦੁਰਾਚਾਰ ਜੀਵਨ ਦਾ ਇਕ ਅੰਗ ਬਣ ਜਾਂਦੀ :

ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚ ਭੇਨੀ ਖਾਣਾ ਖਾਜੁ ਅਹਾਜੁ ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥
(ਅੰਗ ੧੨੪੩)

ਸੋ ਇੱਜ਼ਤ-ਪਤ ਮਾਨ-ਮਰਯਾਦਾ ਦਾ ਪ੍ਰਤੀਕ ਹੈ ਕਛਹਿਰਾ। ਕਛਹਿਰਾ ਧਾਰਨ ਕਰਨ ਵਾਲੇ ਨੂੰ ਉਤੇਜਿਤ ਰੁਚੀਆਂ ਨੂੰ ਸੰਕੋਚਨ ਵਿਚ ਮਦਦ ਮਿਲੇਗੀ ।
ਕਛਹਿਰਾ ਗੋਡਿਆਂ ਦੇ ਨਾਲ ਲੱਗਦਾ ਹੋਣਾ ਚਾਹੀਦਾ ਹੈ ਤੇ ਉਹ ਉਰੇਬ ਕਛਹਿਰਾ ਹੀ ਹੋ ਸਕਦਾ ਹੈ।

ਗਿਆਨੀ ਸੰਤ ਸਿੰਘ ਜੀ ਮਸਕੀਨ