ਸਿੱਖ ਪੰਥ ਦੇ ਨਿਧੜਕ ਢਾਡੀ ਅਤੇ ਪ੍ਰਚਾਰਕ ਭਾਈ ਬਿੱਕਰ ਸਿੰਘ ਕੜਾਕਾ ਦਾ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ, ਹਾਦਸੇ ਵਿਚ ਉਨ੍ਹਾਂ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ, ਬਾਹਵਾਂ ‘ਤੇ ਗੰਭੀਰ ਸੱਟਾਂ ਆਈਆਂ ਅਤੇ ਸਿਰ ਤੇ ਵੀ ਖਤਰਨਾਕ ਸੱਟਾਂ ਲੱਗੀਆਂ।
ਭਾਈ ਬਿੱਕਰ ਸਿੰਘ ਇੱਕ ਵਿਸ਼ਵਾਸਯੋਗ ਪੰਥਕ ਪ੍ਰਚਾਰਕ ਸਨ, ਜੋ ਬਿਨਾਂ ਕਿਸੇ ਲਾਲਚ ਤੋਂ ਪੰਥ ਦੀ ਸੇਵਾ ਕਰਦੇ ਰਹੇ। ਉਹ ਅਕਾਲੀ ਲਹਿਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮੇਂ ਤੋਂ ਹੀ ਪੰਥਕ ਸਰਗਰਮੀਆਂ ਵਿਚ ਸ਼ਾਮਲ ਰਹੇ ਅਤੇ ਲੰਬੇ ਸਮੇਂ ਤੱਕ ਮੋਟਰਸਾਈਕਲ ਰਾਹੀਂ ਸਿੱਖੀ ਦਾ ਪ੍ਰਚਾਰ ਕਰਦੇ ਰਹੇ।
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਭਾਈ ਬਿੱਕਰ ਸਿੰਘ ਆਪਣੇ ਮੋਟਰਸਾਈਕਲ ‘ਤੇ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ, ਜਦੋਂ ਉਹ ਇੱਕ ਵਾਹਨ ਦੀ ਲਪੇਟ ‘ਚ ਆ ਗਏ ਅਤੇ ਹਾਦਸਾ ਹੋ ਗਿਆ। ਉਨ੍ਹਾਂ ਨੂੰ ਤੁਰੰਤ ਬਠਿੰਡਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਬੇਅੰਤ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਭਾਈ ਬਿੱਕਰ ਸਿੰਘ ਕੜਾਕਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਹਿਲ (ਜ਼ਿਲ੍ਹਾ ਫਰੀਦਕੋਟ) ਵਿਖੇ ਕੀਤਾ ਜਾਵੇਗਾ। ਮਹਾਰਾਜ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਜਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
