
ਕੌਮੀ ਫ਼ਰਜ਼ਾਂ ਨੂੰ ਤਾਉਮਰ ਸਿਦਕਦਿਲੀ ਨਾਲ ਨਿਭਾਉਣ ਵਾਲੇ ਸਿੱਖ ਆਗੂਆਂ ਵਿੱਚੋਂ ਪ੍ਰਮੁੱਖ ਸਨ ਤੇਜਾ ਸਿੰਘ ਸਮੁੰਦਰੀ। ਉਨ੍ਹਾਂ ਦਾ ਜਨਮ ਪਿਤਾ ਰਸਾਲਦਾਰ ਮੇਜਰ ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਗ੍ਰਹਿ ਵਿਖੇ ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਪਿੰਡ ਰਾਇ ਦਾ ਬੁਰਜ ਵਿਖੇ 20 ਫਰਵਰੀ 1882 ਨੂੰ ਹੋਇਆ। ਉਨ੍ਹਾਂ ਦੀ ਬਚਪਨ ਵਿਚ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਪਿਆਰ ਦੀ ਚਰਚਾ ਪਰਿਵਾਰ ਵਿਚ ਹੁੰਦੀ ਰਹਿੰਦੀ ਸੀ।
ਸਮਾਜਿਕ ਕਾਰਜਾਂ ਵਿਚ ਮੋਹਰੀ ਬਣ ਕੇ ਵਿਚਰਨਾ ਵੀ ਸੁਭਾਅ ਦਾ ਵੱਡਾ ਗੁਣ ਸੀ। ਉਨ੍ਹਾਂ ਨੇ ਜਵਾਨੀ ਦੇ ਦਿਨਾਂ ਵਿਚ ਹੀ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਵਜੋਂ ਧਾਰਮਿਕ ਖੇਤਰ ਵਿਚ ਵਿਚਰਨਾ ਸ਼ੁਰੂ ਕੀਤਾ। ਦੀਵਾਨ ਦੇ ਆਗੂਆਂ ਨੂੰ ਕੌਮ ਵਿਚ ਅਨਪੜ੍ਹਤਾ ਅਤੇ ਗ਼ਰੀਬੀ ਤੋਂ ਛੁਟਕਾਰਾ ਦਿਵਾਉਣ ਦੀ ਵਿਚਾਰਧਾਰਾ ਨੇ ਉਨ੍ਹਾਂ ਨੂੰ ਧੁਰ ਹਿਰਦੇ ਤੋਂ ਪ੍ਰਭਾਵਿਤ ਕੀਤਾ। ਆਪਣੇ ਸ਼ਹਿਰ ਸਮੁੰਦਰੀ ਵਿਖੇ ਸਭ ਤੋਂ ਪਹਿਲਾਂ ਖ਼ਾਲਸਾ ਦੀਵਾਨ ਕਾਇਮ ਕੀਤਾ ।
ਕੌਮ ਨੂੰ ਜ਼ਹਾਲਤ ਵਿੱਚੋਂ ਕੱਢਣ ਲਈ ਵੱਡੀ ਸੋਚ ਦੇ ਧਾਰਨੀ ਹੋਣ ਕਰਕੇ ਹਰ ਕੋਈ ਇਨ੍ਹਾਂ ਦੇ ਵਿਚਾਰਾਂ ਪ੍ਰਤੀ ਹੁੰਗਾਰਾ ਭਰਦਾ ਸੀ। ਇਸੇ ਸਫਲ ਹੁੰਗਾਰੇ ਕਰ ਕੇ ਇਨ੍ਹਾਂ ਹੋਰ ਅਨੇਕਾਂ ਛੋਟੀਆਂ-ਛੋਟੀਆਂ ਸਿੱਖ ਸੰਸਥਾਵਾਂ ਨੂੰ ਇਕੱਠਾ ਕਰ ਕੇ ਖ਼ਾਲਸਾ ਦੀਵਾਨ ਬਾਰ ਦੀ ਸਥਾਪਨਾ ਕੀਤੀ । ਸਿੱਖਿਆ ਦੇ ਖੇਤਰ ਵਿਚ ਅਗਵਾਈ ਕਰਦਿਆਂ ਆਪਣੇ ਪਿੰਡ ਵਿਚ ਖ਼ਾਲਸਾ ਹਾਈ ਸਕੂਲ ਖੁਲ੍ਹਵਾਇਆ। ਸਰਹਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਦੀ ਸਥਾਪਨਾ ਕੀਤੀ।
ਲੋਕਾਂ ਵਿਚ ਸਿੱਖਿਆ ਪ੍ਰਤੀ ਜਾਗ੍ਰਿਤੀ ਪੈਦਾ ਕਰਨੀ ਵੱਡਾ ਉੱਦਮ ਸੀ। ਇਨ੍ਹਾਂ ਦਿਨਾਂ ਵਿਚ ਹੀ ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਤੋਂ ਬਾਅਦ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਅਸਥਾਨ ਲਈ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ। ਉਸ ਸਮੇਂ ਪ੍ਰਬੰਧਕੀ ਕੰਮਾਂ ਪ੍ਰਤੀ ਯੋਗਤਾ ਨੂੰ ਵੇਖਦਿਆਂ ਸਮੁੰਦਰੀ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ। ਸਿੱਖਾਂ ਵਿਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਘਾਟ ਨੂੰ ਵੇਖਦਿਆਂ ਜਦੋਂ ਅਖ਼ਬਾਰ ਸ਼ੁਰੂ ਕਰਨ ਦਾ ਵਿਚਾਰ ਚੱਲ ਰਿਹਾ ਸੀ ਤਾਂ ਤੇਜਾ ਸਿੰਘ ਸਮੁੰਦਰੀ ਨੂੰ ਨਵੀਂ ਬਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰ ਕੇ ਅਕਾਲੀ ਪੱਤ੍ਰਿਕਾ ਦੀ ਪ੍ਰਕਾਸ਼ਨਾ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਇਸ ਅਖ਼ਬਾਰ ਲਈ ਮਾਇਕ ਸਹਾਇਤਾ ਵੀ ਖੁੱਲ੍ਹੇਦਿਲ ਨਾਲ ਕੀਤੀ ਸੀ।
ਜਦੋਂ ਸ੍ਰੀ ਰਕਾਬਗੰਜ ਦਿੱਲੀ ਲਈ ਮੋਰਚਾ ਆਰੰਭ ਹੋਇਆ ਤਾਂ ਤੇਜਾ ਸਿੰਘ ਸਮੁੰਦਰੀ ਨੇ ਸੌ ਸਿੰਘਾਂ ਦੇ ਵੱਡੇ ਜਥੇ ਸਮੇਤ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਸਮੁੱਚੀ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਗਰਮ ਸਿੱਖ ਆਗੂ ਵਜੋਂ ਹਮੇਸ਼ਾ ਮੋਹਰੀ ਆਗੂ ਵਜੋਂ ਵਿਚਰੇ। 13 ਅਕਤੂਬਰ 1923 ਨੂੰ ਜਥੇ ਸਮੇਤ ਗ੍ਰਿਫ਼ਤਾਰੀ ਦਿੱਤੀ। ਜਦੋਂ 1925 ਵਿਚ ਭਾਰਤ ’ਤੇ ਹਕੂਮਤ ਕਰ ਰਹੀ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਗੁਰਦੁਆਰਾ ਐਕਟ ਪਾਸ ਕੀਤਾ ਤਾਂ ਇਸ ਐਕਟ ਪ੍ਰਤੀ ਸਾਰੇ ਸੰਘਰਸ਼ਸ਼ੀਲ ਆਗੂ ਇਕਜੁੱਟ ਨਹੀਂ ਸਨ।
ਇਸ ਦੇ ਵਿਰੋਧ ਵਿਚ ਜ਼ੋਰ-ਸ਼ੋਰ ਨਾਲ ਆਵਾਜ਼ ਉਠਾਉਣ ਵਾਲੇ ਸਿੱਖ ਆਗੂਆਂ ਦਾ ਵਿਚਾਰ ਸੀ ਕਿ ਇਸ ਐਕਟ ਦੇ ਬਣਨ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਹਮੇਸ਼ਾ ਹਕੂਮਤਾਂ ਦੀ ਦਖ਼ਲਅੰਦਾਜ਼ੀ ਬਣੀ ਰਹੇਗੀ। ਸੰਸਾਰ ਦੇ ਦੂਜੇ ਧਰਮਾਂ ਵਿਚ ਹਕੂਮਤਾਂ ਕਦੇ ਦਖ਼ਲ ਨਹੀਂ ਦਿੰਦੀਆਂ। ਸਿੱਖ ਧਰਮ ਦਾ ਪ੍ਰਬੰਧ ਵੀ ਆਜ਼ਾਦ ਹਸਤੀ ਵਾਲੇ ਪ੍ਰਬੰਧਕਾਂ ਕੋਲ ਹੋਣਾ ਚਾਹੀਦਾ ਹੈ। ਤੇਜਾ ਸਿੰਘ ਸਮੁੰਦਰੀ ਵੀ ਵਿਰੋਧੀ ਧੜੇ ਦੇ ਆਗੂਆਂ ਵਿਚ ਸ਼ਾਮਲ ਸਨ।
ਉਸ ਸਮੇਂ ਸਾਰੇ ਸੰਘਰਸ਼ੀਲ ਆਗੂ ਜੇਲ੍ਹਾਂ ਵਿਚ ਬੰਦ ਸਨ। ਵਿਰੋਧ ਕਰਨ ਵਾਲੇ ਆਗੂਆਂ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਵਿਚ ਸਮੁੰਦਰੀ ਵੀ ਸ਼ਾਮਲ ਸਨ। ਦ੍ਰਿੜ੍ਹ ਇਰਾਦੇ ਦੇ ਮਾਲਕ ਹੋਣ ਕਰਕੇ ਸਿਆਣਪ ਤੇ ਸਿਦਕਦਿਲੀ ਕਰਕੇ ਤੇਜਾ ਸਿੰਘ ਦਾ ਸਤਿਕਾਰ ਸਾਰਾ ਸਿੱਖ ਜਗਤ ਕਰਦਾ ਸੀ। ਜੇਲ੍ਹ ਵਿਚ ਤੰਗੀਆਂ-ਤੁਰਸ਼ੀਆਂ ਵਾਲਾ ਜੀਵਨ ਬਤੀਤ ਕਰਦਿਆਂ 17 ਜੁਲਾਈ 1926 ਨੂੰ 44 ਕੁ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਹ ਇਸ ਮਾਰੂ ਹੱਲੇ ਨਾਲ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਤੇਜਾ ਸਿੰਘ ਸਮੁੰਦਰੀ ਦੀ ਯਾਦ ਨੂੰ ਹਮੇਸ਼ਾ ਲਈ ਬਰਕਰਾਰ ਰੱਖਣ ਲਈ ਸਾਡੇ ਸੂਝਵਾਨ ਪੁਰਖਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਕੱਤਰੇਤ ਲਈ ਬਾਅਦ ਵਿਚ ਨਵੀਂ ਬਣੀ ਇਮਾਰਤ ਦਾ ਨਾਂ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ। ਸੰਨ 1969 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਆਗਮਨ ਪੁਰਬ ਸਮੇਂ ਨਵੀਂ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪਹਿਲੇ ਬਣੇ ਵਾਈਸ ਚਾਂਸਲਰ ਵੀ ਤੇਜਾ ਸਿੰਘ ਸਮੁੰਦਰੀ ਦੇ ਸਪੁੱਤਰ ਬਿਸ਼ਨ ਸਿੰਘ ਸਮੁੰਦਰੀ ਨੂੰ ਬਣਾਇਆ ਗਿਆ। ਅੱਜ ਇਸ ਸਿਦਕੀ ਸਿੱਖ ਆਗੂ ਦੀ ਯਾਦ ਹੀ ਬਾਕੀ ਹੈ।
-ਭਗਵਾਨ ਸਿੰਘ ਜੌਹਲ