66 views 12 secs 0 comments

ਪੰਥ ਨੂੰ ਵੰਗਾਰ

ਲੇਖ
June 07, 2025

ਦੁਨੀਆ ਵਿਚ ਹਰ ਘਟਨਾ ਸਥਿਤੀ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਮਨੁੱਖ ਹੋਂਦ ਤੋਂ ਲੈ ਕੇ ਹੁਣ ਤਕ ਸਮੇਂ-ਸਮੇਂ ਪੈਦਾ ਹੋਏ ਮਤਾਂ ਦੀ ਉਂਗਲ ਫੜ ਕੇ ਪਹੁੰਚਾ ਹੈ । ਹਰ ਮਤ ਮਨੁੱਖਤਾ ਨੂੰ ਬੀਤੇ ਨਾਲੋਂ ਕੁਝ ਚੰਗਾ ਦੇਣ ਦੀ ਕੋਸ਼ਿਸ਼ ਵਿਚੋਂ ਪੈਦਾ ਹੋਇਆ।
ਪਰ ਸਮਾਂ ਪਾ ਕੇ ਪੈਰੋਕਾਰ ਪਹਿਲਾਂ ਵਾਲੀ ਦਲਦਲ ‘ਚ ਹੀ ਧੱਸਦੇ ਰਹੇ । ਆਪਾਂ ਅਜੋਕੇ ਸਮੇਂ ਦੇ ਹਾਲਾਤ ‘ਤੇ ਵਿਚਾਰ ਕਰ ਰਹੇ ਹਾਂ । ਜਦੋਂ ਮਨੁੱਖ ਜ਼ੋਰਾਵਰਾਂ, ਰਾਜਸੀ ਆਗੂਆਂ, ਧਾਰਮਕ ਬੁਰਕਾਧਾਰੀਆਂ ਅੱਗੇ ਅਸਲੋਂ ਹੀ ਲੰਮਾ ਪਿਆ ਹੈ । ਗੁਰੂ ਨਾਨਕ ਮਤ ਦੀ ਪੈਦਾਵਾਰ ਅਜਿਹੀਆਂ ਹਾਲਤਾਂ ਵਿਚ ਹੀ ਹੋਈ ਸੀ। ਉਦੋਂ ਵੀ ਅਜਿਹੇ ਮਤ ਖੁੰਬਾਂ ਵਾਂਗੂੰ ਪੈਦਾ ਹੋ ਰਹੇ ਸਨ ਜਾਂ ਚੋਰ ਮੋਰੀਆਂ ਰਾਹੀਂ ਪੈਦਾ ਕੀਤੇ ਜਾ ਰਹੇ ਸਨ । ਜੋ ਕਹਿੰਦੇ ਸਨ, ‘ਜੇ ਕੋਈ ਚਪੇੜ ਸੱਜੀ ਗੱਲ੍ਹ ‘ਤੇ ਮਾਰਦਾ ਤਾਂ ਅੱਗੋਂ ਖੱਬੀ ਗੱਲ੍ਹ ਕਰ ਦਿਓ ਪਰ ਅੱਗੋਂ ਹੱਥ ਨਹੀਂ ਚੁੱਕਣਾ, ਕਿਉਂਕਿ ਇਹ ਹਿੰਸਾ ਹੈ, ਆਪਾ ਅਹਿੰਸਾਵਾਦੀ ਹਾਂ।
ਸਰ ਇਕਬਾਲ ਦੀ ਪ੍ਰਸਿੱਧ ਉਰਦੂ ਕਵਿਤਾ ਦਾ ਪੰਜਾਬੀ ਰੂਪ ਹਾਜ਼ਰ ਹੈ:-
ਪੈਰਾ ਹੇਠਾਂ ਹੱਕ ਸੀ, ਜਦੋਂ ਲਿਤਾੜੇ ਜਾ ਰਹੇ ।
ਹਰ ਪਾਸੇ ਹਨ੍ਹੇਰ ਸੀ, ਸੱਧਰ ਫੁੱਲ ਸਾੜੇ ਜਾ ਰਹੇ ।
ਭਾਰਤ ਵਿਚ ਦੁਪਹਿਰ ਨੂੰ ਗਰੀਬ ਲਤਾੜੇ ਜਾ ਰਹੇ ।
ਬ੍ਰਾਹਮਣ ਦੀ ਤੂਤੀ ਬੋਲਦੀ ਬਾਕੀ ਦੇ ਰਾਹੜੇ ਜਾ ਰਹੇ ।
ਮਨੂੰ ਬਣਾਏ ਵੈਸ਼ ਤੇ ਸ਼ੂਦਰ ਦੇ ਘਰ ਸੋਗ ਸੀ ।
ਉਗ ਪੇ ਬੂਟਾ ਅਣਖ ਦਾ ਨਾ ਜ਼ਮੀਨ ਯੋਗ ਸੀ ।
‘ਜਫਰ ਹਨੇਰੇ ਰੋਸ਼ਨੀ ਸੋਮਾ ਫੁੱਟ ਪਿਆ ਪੰਜਾਬ ‘ਚੋਂ ।
ਗਰਜ ਬੱਬਰ ਸ਼ੇਰ ਦੀ ਹਿੰਦ ਨੂੰ ਜਗਾਇਆ ਖਵਾਬ ‘ਚੋਂ ।
ਅਜਿਹੀ ਹਾਲਤ ਵਿਚ ਗੁਰਮਤ ਨੇ ਮਨੁੱਖਤਾ ਨੂੰ ਸੱਚ ਕਹਿਣ ਦੀ ਜੁਰਅਤ ਬਖਸ਼ੀ, ਜ਼ੋਰਾਵਰ ਜ਼ਾਬਰ ਦੀ ਸੀਨਾਜ਼ੋਰੀ ਦਾ ਬੇ-ਝਿੱਜਕ ਵਿਰੋਧ ਸਿਰ ਤਲੀ ‘ਤੇ ਧਰ ਕੇ ਕਰਨ ਦੀ ਦਲੇਰੀ ਅਤੇ ਜਾਚ ਦੱਸੀ । ਮਨੁੱਖਤਾ ਦੇ ਅਲੋਪ ਹੋਏ ਧਾਰਮਕ ਗੁਣਾਂ ਨੂੰ ਉਜਾਗਰ ਕੀਤਾ ।
ਅੱਜ ਵੀ ਭਾਰਤੀ ਰਾਜ ਤੇ ਸਮਾਜ ਦੀ ਹਾਲਤ ਗੁਰਬਾਣੀ ਮੁਤਾਬਕ ਇਉਂ ਹੀ ਹੈ:
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
(ਅੰਗ ੪੬੮)
ਖਾਂਦੇ ਗਊ ਗਰੀਬ ਸਨ ਭਾਰਤ ਵਿਚ ਧੱਕੇ ।
ਰਾਖੇ ਬਣਗੇ ਖੇਤ ਦੇ ਸੀ ਦੁਸ਼ਮਣ ਪੱਕੇ ।
ਮੈਲੀ ਅੱਖ ਮਜ਼ਲੂਮ ਦੀ ਨਿੱਤ ਇੱਜ਼ਤ ਤੱਕੇ ।
ਗੁੰਡਿਆ ਹੱਥ ਸਰਦਾਰੀਆ ਵੱਢਦੇ ਇਕ ਟੱਕੇ ।
ਘੁੰਮਣ ਵਾਂਗ ਵਰੋਲਿਆਂ ਦੇ ਚੋਰ ਉਚੱਕੇ ।
ਲੋੜ ‘ਜ਼ਫ਼ਰ’ ਯੁਗ ਪੁਰਸ਼ ਦੀ ਜੇਹੜਾ ਸਭ ਡੱਕੇ ।
ਛੋਟੇ ਹੁੰਦਿਆਂ “ਬਾਪੂ ਦੇ ਤਿੰਨ ਗੁਰੂ” ਪ੍ਰਾਇਮਰੀ ਸਲੇਬਸ ‘ਚ ਪੜ੍ਹਿਆ ਸੀ । ਪਾਠ ਦੇ ਸ਼ੁਰੂ ‘ਚ ਤਿੰਨ ਬਾਦਰਾਂ ਦੀ ਫੋਟੋ ਸੀ । ਇਕ ਨੇ ਅੱਖਾਂ ਤੇ, ਦੂਜੇ ਨੇ ਮੂੰਹ ਅੱਗੇ, ਤੀਜੇ ਨੇ ਕੰਨਾਂ ਤੇ ਦੋਵੇਂ ਹੱਥ ਰੱਖੇ ਸਨ। ਵਿਸਥਾਰ ਸੀ, “ਮਾੜਾ ਵੇਖੋ ਨਾ, ਬੋਲੋ ਨਾ, ਸੁਣੋ ਨਾ ।” ਮਹਾਤਮਾ ਗਾਂਧੀ ਬਾਰੇ ਸੀ । ਪਰ ਪੈਰੋਕਾਰਾਂ ਅਮਲ ਉਲਟ ਕਰਕੇ ਦੇਸ਼ ਦੀ ਵਾਗਡੋਰ ਉਨ੍ਹਾਂ ਲੋਕ ਵਿਰੋਧੀ ਤਾਕਤਾਂ ਹੱਥ ਦੇ ਦਿੱਤੀ, ਜਿਨ੍ਹਾਂ ਦੀ ਪ੍ਰਵਿਰਤੀ ਔਰੰਗਜ਼ੇਬੀ ਹੈ । ਇਹ ਖੁਸ਼ਾਮਦ ਹੈ। ਕਾਨੂੰਨ ਦੇ ਰਾਖੇ ਕਾਤਲਾਂ, ਲੁਟੇਰਿਆਂ, ਗਰੋਹਾਂ ਦੀ ਸਰਪਰਸਤੀ ਕਰਕੇ ‘ਮਾੜਾ ਹੁੰਦੇਂ ਨੂੰ ਰੋਕਣ ਦਾ ਜਜ਼ਬਾ ਜੁਰਅਤ ਖ਼ਤਮ ਕਰਨ ਲਈ ਪਰਮ-ਧਰਮ ਨਿਭਾ ਕੇ, ਹਲਵਾ ਮੰਡਾ ਤੇ ਐਸ਼ੋ-ਇਸ਼ਰਤ ਬਹਾਲ ਰੱਖ ਰਹੇ ਹਨ । ਬੱਸਾਂ ਵਿਚ ਬਦ-ਇਖ਼ਲਾਕੀ ਕੈਸਟਾ ਵੱਜ ਰਹੀਆਂ ਹਨ, ਪਬਲਿਕ ਥਾਵਾਂ ‘ਤੇ ਗੁੰਡਾ ਅਨਸਰ ਅਸ਼ਲੀਲ ਹਰਕਤਾ ਕਰਕੇ ਲੋਕਾਂ ਨੂੰ ਜਲੀਲ ਕਰ ਰਿਹਾ ਹੈ ।
ਦਸ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ, ਦੇਸ਼ ਭਗਤਾਂ ਦੇ ਵਾਰਸੋ; ਜੇ ਸੱਪ ਫੁੰਕਾਰਾ ਛੱਡ ਜਾਵੇ ਤਾਂ ਲੋਕ ਰੱਸਿਆਂ ਦੀ ਥਾਂ ਪੱਠਿਆਂ ਦੀ ਪੰਡ ਬੰਨ੍ਹਣ ਲੱਗ ਪੈਣਗੇ ! ਪੰਜਾਬੀ ਕਵੀ ਲਿਖਦਾ ਹੈ,
“ਹੁਣ ਗੋਬਿੰਦ (ਗੁਰੂ) ਨੇ ਪਟਨੇ ‘ਚੋਂ ਨਹੀਂ ਆਉਣਾ।” ਸਗੋਂ ਉਹ ਤਾਂ ਨੇਕੀ ਰੂਪ ਹੋ ਕੇ ਸਾਡੇ ਕਣ-ਕਣ ‘ਚ ਸਮਾਅ ਚੁੱਕੇ ਹਨ ! ਆਪਾ ਆਪਣੀ ਵਿਲੱਖਣ ਸੋਚ ਅਤੇ ਅਮਲ ਬਰਕਰਾਰ ਰੱਖਦੇ, ਹਰ ਗਲਤ ਕਾਰਵਾਈ ਦੇ ਵਿਰੋਧ ‘ਚ ਡਟ ਜਾਈਏ ! ਇਹ ਸਮੇਂ ਦੀ ਮੰਗ ਹੈ।

ਸ. ਮੁਖਤਿਆਰ ਸਿੰਘ ਜਫ਼ਰ