
ਜਿੱਤ ਗੁਰਮੁਖ ਨੂੰ ਵੀ ਚਾਹੀਦੀ ਏ; ਜਿੱਤ ਰਾਜਨੀਤਕ ਨੂੰ ਵੀ ਚਾਹੀਦੀ ਏ। ਫ਼ਰਕ ਸਿਰਫ਼ ਇਤਨਾ ਹੈ ਕਿ ਇਕ ਦੂਜਿਆਂ ਨੂੰ ਜਿੱਤਣਾ ਚਾਂਹਦਾ ਹੈ; ਇਕ ਆਪਣੇ ਆਪ ਨੂੰ ਜਿੱਤਣਾ ਚਾਂਹਦਾ ਹੈ। ਬੱਸ ਇਤਨੀ ਗੱਲ ਏ ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਨੇ ਆਪਣੇ ਆਪ ਨੂੰ ਨਹੀਂ ਜਿੱਤਿਆ ਅਤੇ ਜਗਤ ਨੂੰ ਜਿੱਤਣ ਲਈ ਚੱਲ ਪਿਆ; ਉਹ ਜ਼ਾਲਮ ਹੈ, ਦੁਸ਼ਟ ਹੈ। ਪਰ ਜਿਹੜਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਤੇ ਫਿਰ ਉਹ ਜੇਕਰ ਤਲਵਾਰ ਚੁੱਕ ਲੈਂਦਾ ਹੈ ਤਾਂ ਉਹ ਸੂਰਬੀਰ ਹੈ। ਉਹ ਜ਼ਾਲਮ ਨਹੀਂ ਹੈ, ਸੂਰਬੀਰ ਹੈ। ਸ਼ਸਤਰ ਰਾਵਣ ਦੇ ਹੱਥ ਵਿਚ ਵੀ ਹੈ; ਸ਼ਸਤਰ ਰਾਮ ਦੇ ਹੱਥ ਵਿਚ ਵੀ ਹੈ; ਸ਼ਸਤਰ ਕੰਸ ਦੇ ਹੱਥ ਵਿਚ ਵੀ ਹੈ; ਸ਼ਸਤਰ ਕ੍ਰਿਸ਼ਨ ਦੇ ਕੋਲ ਵੀ ਹੈ। ਸ਼ਸਤਰ ਔਰੰਗਜ਼ੇਬ ਨੇ ਵੀ ਚੁੱਕੇ ਨੇ; ਸ਼ਸਤਰ ਕਲਗ਼ੀਧਰ ਪਾਤਸ਼ਾਹ ਨੇ ਵੀ ਚੁੱਕੇ ਨੇ, ਪਰ ਮੈਂ ਅਰਜ਼ ਕਰਾਂ, ਹੱਥਾਂ ਹੱਥਾਂ ਵਿਚ ਬੜਾ ਫ਼ਰਕ ਹੈ। ਇਕ ਜ਼ਾਲਮ ਦਾ ਹੱਥ ਹੈ; ਇਕ ਸੰਤ ਦਾ ਹੱਥ ਹੈ। ਸ਼ਸਤਰ ਦੋਹਾਂ ਦੇ ਹੱਥ ਵਿਚ ਨੇ ਅਤੇ ਇਹ ਇਸ ਤਰ੍ਹਾਂ ਦਾ ਫ਼ਰਕ ਹੈ ਕਿ ਚਾਕੂ ਦੋਹਾਂ ਦੇ ਹੱਥ ਵਿਚ ਹੈ। ਇਕ ਡਾਕਟਰ ਦੇ ਹੱਥ ਵਿਚ ਹੈ; ਇਕ ਕਾਤਲ ਦੇ ਹੱਥ ਵਿਚ ਹੈ। ਡਾਕਟਰ, ਛੁਰੇ ਵਿੱਚੋਂ ਕਿਸੇ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ ਅਪ੍ਰੇਸ਼ਨ ਕਰ ਕੇ, ਚੀਰਾ ਫਾੜੀ ਕਰ ਕੇ।
ਛੁਰੇ ਵਿੱਚੋਂ ਕਿਸੇ ਦੀ ਜ਼ਿੰਦਗੀ ਲੱਭ ਰਿਹਾ ਹੈ ਅਤੇ ਕਾਤਲ ਛੁਰੇ ਵਿੱਚੋਂ ਕਿਸੇ ਦੀ ਮੌਤ ਲੱਭ ਰਿਹਾ ਹੈ ਤੇ ਛੁਰਾ ਦੋਹਾਂ ਦੇ ਹੱਥ ਵਿਚ ਹੈ।
ਕਿਸੇ ਨੇ ਤਲਵਾਰ ਚੁੱਕ ਲਈ ਏ ਦੇਸ਼ ਨੂੰ ਤਬਾਹ ਕਰਨ ਲਈ; ਕੌਮ ਨੂੰ ਮਿਟਾਣ ਲਈ। ਕਿਸੇ ਨੇ ਤਲਵਾਰ ਚੁੱਕ ਲਈ ਏ, ਦੇਸ਼ ਨੂੰ ਬਚਾਣ ਲਈ; ਕੌਮ ਨੂੰ ਬਚਾਣ ਲਈ, ਮਜ਼ਲੂਮ ਨੂੰ ਬਚਾਣ ਲਈ।
ਗਿਆਨੀ ਸੰਤ ਸਿੰਘ ਮਸਕੀਨ