28 views 1 sec 0 comments

ਫੁੱਲਾਂ ਤੋਂ ਤਾਜ਼ਗੀ ਸਿੱਖੀਏ

ਲੇਖ
January 02, 2026

-ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ॥ (ਅੰਗ ੧੧੮)

-ਖਬਰਿ ਕਰਤੁ ਹੈ ਪਾਤ ਪਤ ਡਾਲੀ॥ (ਅੰਗ ੩੮੫)

ਫੁੱਲ ਜੀਵਨ ਵਿਚ ਖ਼ੁਸ਼ੀਆਂ ਅਤੇ ਖੇੜੇ ਦਾ ਪ੍ਰਤੀਕ ਹਨ।

ਦੁਖੀ ਤੋਂ ਦੁਖੀ ਵਿਅਕਤੀ ਵੀ ਫੁੱਲਾਂ ਦਾ ਖੇੜਾ ਵੇਖ ਕੇ ਇਕ ਵੇਰ ਜ਼ਰੂਰ ਮੁਸਕਰਾ ਪੈਂਦਾ ਹੈ। ਫੁੱਲਾਂ ਤੋਂ ਕੇਵਲ ਖ਼ੁਸ਼ੀ ਅਤੇ ਅਨੰਦ ਹੀ ਪ੍ਰਾਪਤ ਨਹੀਂ ਹੁੰਦਾ ਸਗੋਂ ਇਹ ਸਾਨੂੰ ਜੀਊਣ ਦੀ ਜਾਚ ਵੀ ਦੱਸਦੇ ਹਨ।

ਫੁੱਲਾਂ ਦਾ ਜੀਵਨ ਵੀ ਕੁਝ ਸਮੇਂ ਲਈ ਹੁੰਦਾ ਹੈ। ਇਸੇ ਕਰਕੇ ਉਹ ਆਪਣੇ ਸਾਰੇ ਜੀਵਨ ਕਾਲ ਵਿਚ ਖੁੱਲ੍ਹ ਕੇ ਖੇੜਾ ਅਤੇ ਖ਼ੁਸ਼ੀ ਵੰਡਦੇ ਹਨ।

ਪੀੜ ਦੀਆਂ ਘੜੀਆਂ ਤਾਂ ਹਰ ਇਨਸਾਨ ਦੇ ਜੀਵਨ ਵਿਚ ਆਉਂਦੀਆਂ ਹਨ। ਜਿਹੜੇ ਇਨਸਾਨ ਆਪਣੀ ਪੀੜ ਨੂੰ ਲੈ ਕੇ ਪੀੜਤ ਹੁੰਦੇ ਹਨ ਅਤੇ ਹਰ ਵੇਲੇ ਪੀੜਾ ਦਾ ਵਖਿਆਨ ਹੀ ਕਰਦੇ ਹਨ। ਉਹ ਆਪ ਵੀ ਦੁਖੀ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਹਨ। ਕਦੇ ਸਥਿਤੀ ਅਜਿਹੀ ਵੀ ਆਉਂਦੀ ਹੈ ਕਿ ਲੋਕੀਂ ਉਨ੍ਹਾਂ ਤੋਂ ਦੂਰ ਰਹਿਣ ਦਾ ਯਤਨ ਕਰਦੇ ਹਨ, ਪਰ ਜਿਹੜੇ ਫੁੱਲਾਂ ਵਾਂਗ ਹਰ ਵੇਲੇ ਖਿੜੇ ਰਹਿੰਦੇ ਹਨ ਅਤੇ ਪਿਆਰ ਦੀਆਂ ਮਹਿਕਾਂ ਬਿਖੇਰਦੇ ਹਨ ਉਹ ਹੀ ਆਪਣੀ ਪੀੜਾ ਭੁੱਲ ਸੁਖ ਦਾ ਅਨੰਦ ਭੋਗਦੇ ਹਨ ਅਤੇ ਦੂਜਿਆਂ ਨੂੰ ਖੇੜੇ ਤੇ ਖ਼ੁਸ਼ੀਆਂ ਦਾ ਪ੍ਰਸ਼ਾਦ ਵੰਡਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਅਜਿਹੀ ਖਿੱਚ ਪੈਦਾ ਹੋ ਜਾਂਦੀ ਹੈ ਜਿਹੜੀ ਕਿ ਦੂਜਿਆਂ ਨੂੰ ਉਨ੍ਹਾਂ ਵੱਲ ਆਕਰਸ਼ਕ ਕਰਦੀ ਹੈ। ਜਿਵੇਂ ਫੁੱਲਾਂ ਵੱਲ ਭੌਰੇ ਖਿੱਚੇ ਆਉਂਦੇ ਹਨ ਇਸੇ ਤਰ੍ਹਾਂ ਖਿੜੀਆਂ ਰੂਹਾਂ ਵੀ ਹਮੇਸ਼ਾ ਪਿਆਰ ਭਿੱਜੇ ਭੌਰਿਆਂ ਨਾਲ ਘਿਰੀਆਂ ਰਹਿੰਦੀਆਂ ਹਨ।

ਧਰਮ, ਰੰਗ, ਜਾਤ, ਕੌਮ ਆਦਿ ਦੇ ਨਾਮ ਉੱਤੇ ਵੰਡੀਆਂ ਕਿਉਂ ਹਨ ? ਫੁੱਲਾਂ ਨੇ ਕਦੇ ਕਿਸੇ ਨਾਲ ਵੈਰ, ਵਿਰੋਧ ਜਾਂ ਵਿਤਕਰਾ ਨਹੀਂ ਕੀਤਾ ਹੈ। ਨਫ਼ਰਤ ਅਤੇ ਵੈਰ ਤਾਂ ਆਤਮਘਾਤੀ ਹਨ। ਇਸ ਨਾਲ ਦੂਜਿਆਂ ਨੂੰ ਘੱਟ ਪਰ ਆਪਣੇ ਆਪ ਨੂੰ ਵਧੇਰੇ ਪੀੜ ਹੁੰਦੀ ਹੈ। ਪ੍ਰਮਾਤਮਾ ਦੀ ਜੀਵਨ ਰੂਪੀ ਅਨਮੋਲ ਬਖ਼ਸ਼ਿਸ਼ ਨੂੰ ਨਫ਼ਰਤ, ਵੈਰ ਅਤੇ ਵਿਰੋਧ ਨਾਲ ਕਿਉਂ ਖ਼ਰਾਬ ਕੀਤਾ ਜਾਵੇ।

ਜੀਵਨ ਦਾ ਆਨੰਦ ਉਦੋਂ ਹੀ ਆਉਂਦਾ ਹੈ ਜਦੋਂ ਨਾ ਕੋਈ ਵੈਰੀ ਹੋਵੇ ਅਤੇ ਨਾ ਹੀ ਕੋਈ ਬੇਗਾਨਾ ਹੋਵੇ। ਸਾਰੇ ਹੀ ਆਪਣੇ ਜਾਪਣ, ਫਿਰ ਵੇਖੋ ਫੁੱਲਾਂ ਵਾਂਗ ਹੀ ਹਰ ਵਿਅਕਤੀ ਵਿਚੋਂ ਖੇੜਾ ਅਤੇ ਖੁਸ਼ਬੋ ਝਲਕਾਂ ਮਾਰਦੀ ਨਜ਼ਰ ਆਵੇਗੀ।
ਫੁੱਲ ਹਉਮੈ ਤੋਂ ਨਿਰਲੇਪ ਹਨ। ਉਹ ਤਾਂ ਹਮੇਸ਼ਾ ਦਾਤਾ ਵਲੋਂ ਮਿਲੀ ਦਾਤ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਖ਼ੁਸ਼ੀਆਂ ਅਤੇ ਖੇੜੇ ਦੇਣ ਦਾ ਯਤਨ ਕਰਦੇ ਹਨ। ਉਨ੍ਹਾਂ ਦੇ ਪੱਲੇ ਸੇਵਾ ਹੈ ਅਤੇ ਇਸੇ ਨਸ਼ੇ ਵਿਚ ਉਹ ਗੜੂੰਦ ਆਪਣਾ ਸਿਰ ਉੱਚਾ ਕਰੀ ਇਸ ਕਾਰਜ ਵਿਚ ਲੱਗੇ ਰਹਿੰਦੇ ਹਨ। ਫੁੱਲਾਂ ਦੇ ਗੁਲਦਸਤੇ ਬੀਮਾਰਾਂ ਅਤੇ ਦੁਖੀਆਂ ਨੂੰ ਖੇੜਾ ਦਿੰਦੇ ਹਨ। ਉਨ੍ਹਾਂ ਦੇ ਕਮਰੇ ਵਿਚ ਦੁੱਖ ਦੀ ਪਰਛਾਈ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ। ਦੋ ਦਿਲਾਂ ਨੂੰ ਮੇਲਦੇ ਹਨ ਅਤੇ ਨਫ਼ਰਤਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ। ਜਿਵੇਂ ਫੁੱਲ ਸੰਸਾਰ ਵਿਚ ਨਫ਼ਰਤ ਅਤੇ ਈਰਖਾ ਤੋਂ ਦੂਰ ਰਹਿ ਕੇ ਪ੍ਰੇਮ ਦੀ ਮਹਿਕ ਵੰਡਦੇ ਹਨ ਇਸੇ ਤਰ੍ਹਾਂ ਹੀ ਹਰ ਇਨਸਾਨ ਨੂੰ ਪ੍ਰੇਮ ਦੀ ਮਹਿਕ ਵੰਡਣੀ ਚਾਹੀਦੀ ਹੈ। ਇਹ ਜੀਵਨ ਤਾਂ ਪ੍ਰੇਮ ਲਈ ਵੀ ਥੋੜਾ ਹੈ ਫਿਰ ਭਲਾ ਨਫ਼ਰਤ ਅਤੇ ਵੈਰ ਵਿਰੋਧ ਲਈ ਸਮਾਂ ਕਿਉਂ ਬਰਬਾਦ ਕੀਤਾ ਜਾਂਦਾ ਹੈ।

ਸਮੇਂ ਦਾ ਤਾਂ ਵੱਧ ਤੋਂ ਵੱਧ ਸਦਉਪਯੋਗ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਜੀਵਨ ਦੇ ਨਿੱਘ ਨੂੰ ਵੱਧ ਤੋਂ ਵੱਧ ਮਾਣ ਸਕੀਏ। ਦੁਖੀਆਂ ਦਾ ਦਰਦ ਵੰਡਾਇਆਂ ਅਤੇ ਲੋੜਵੰਦਾਂ ਦੀ ਸੇਵਾ ਕੀਤਿਆਂ ਇਕ ਅਦੁੱਤੀ ਅਨੰਦ ਪ੍ਰਾਪਤ ਹੁੰਦਾ ਹੈ। ਜੋ ਅਨੰਦ ਕਿਸੇ ਨੂੰ ਪਿਆਰ ਕੀਤਿਆਂ ਸਹਾਇਤਾ ਕੀਤਿਆਂ ਜਾਂ ਸੇਵਾ ਕੀਤਿਆਂ ਮਿਲਦਾ ਹੈ ਉਸ ਨਾਲੋਂ ਵਧੀਆ ਆਨੰਦ ਹੋਰ ਕਿਸੇ ਤਰਾਂ ਪ੍ਰਾਪਤ ਹੀ ਨਹੀਂ ਹੋ ਸਕਦਾ। ਦੌਲਤ ਇਕੱਠੀ ਕੀਤਿਆਂ ਜੋ ਨਸ਼ਾ ਮਿਲਦਾ ਹੈ ਉਹ ਦੌਲਤ ਨੂੰ ਵੰਡਿਆਂ ਮਿਲਣ ਵਾਲੇ ਨਸ਼ੇ ਤੋਂ ਬਹੁਤ ਹੀ ਕਮਜ਼ੋਰ ਹੁੰਦਾ ਹੈ। ਦੌਲਤ ਇਕੱਠੀ ਕੀਤਿਆਂ ਅਸਲ ਵਿਚ ਨਸ਼ਾ ਤਾਂ ਮਿਲਦਾ ਹੀ ਨਹੀਂ, ਸਗੋਂ ਉਹ ਹਉਮੈ ਦਾ ਸੇਕ ਹੁੰਦਾ ਹੈ ਜਿਹੜਾ ਤਨ ਅਤੇ ਮਨ ਦੋਹਾਂ ਨੂੰ ਸਾੜਦਾ ਹੈ ਜਦੋਂ ਕਿ ਕਿਸੇ ਦੀ ਸਹਾਇਤਾ ਕੀਤਿਆਂ ਜੋ ਨਸ਼ਾ ਮਿਲਦਾ ਹੈ ਉਹ ਤਨ ਅਤੇ ਮਨ ਨੂੰ ਨਿਖਾਰ ਬਖ਼ਸ਼ਦਾ ਹੈ। ਫੁੱਲ ਜਿਵੇਂ ਆਪਣੇ ਪਿੱਛੇ ਮਹਿਕ ਛੱਡ ਜਾਂਦਾ ਹੈ ਇਵੇਂ ਹੀ ਇਨਸਾਨ ਨੂੰ ਵੀ ਆਪਣੇ ਨੇਕ ਅਤੇ ਸ਼ੁੱਭ ਕਰਮਾਂ ਦੀ ਮਹਿਕ ਛਡ ਕੇ ਜਾਣਾ ਚਾਹੀਦਾ ਹੈ। ਇਸ ਮਹਿਕ ਨੂੰ ਲੋਕੀਂ ਹਮੇਸ਼ਾ ਯਾਦ ਕਰਦੇ ਹਨ, ਪਿਆਰ ਕਰਦੇ ਹਨ ਅਤੇ ਸਤਿਕਾਰ ਕਰਦੇ ਹਨ।

ਆਓ ! ਫੁੱਲਾਂ ਤੋਂ ਜੀਉਣ ਦੀ ਜਾਚ ਸਿੱਖੀਏ। ਦੂਜਿਆਂ ਦੀ ਸੇਵਾ ਕਰਕੇ, ਲੁਕਾਈ ਨਾਲ ਪਿਆਰ ਕਰਕੇ ਅਤੇ ਮਿਠ ਬੋਲੜਾ ਬਣ ਕੇ ਆਪਣੇ ਵਿਚ ਖੇੜਾ ਅਤੇ ਸੁਗੰਧੀ ਭਰੀਏ। ਫਿਰ ਇਸ ਸੁਗੰਧੀ ਅਤੇ ਖੇੜੇ ਨੂੰ ਫੁੱਲਾਂ ਵਾਂਗ ਵੱਧ ਤੋਂ ਵੱਧ ਲੋਕਾਂ ਵਿਚ ਵੰਡੀਏ। ਇਸ ਜੀਵਨ ਨੂੰ ਰੱਜ ਕੇ ਜੀਊਣ ਦਾ ਇਸ ਤੋਂ ਵੱਖਰਾ ਹੋਰ ਕੋਈ ਰਸਤਾ ਨਹੀਂ ਹੈ।

-ਰੇਣੁਕਾ ਸਰਬਜੀਤ ਸਿੰਘ