
ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਨਾ ਨਾ ਕੇਵਲ ਨਿੰਦਣਯੋਗ ਹੈ, ਸਗੋਂ ਸਾਡੇ ਸਮਾਜ ਵਿੱਚ ਗੁਰੂ ਘਰ ਦੀ ਸੇਵਕਾਂ ਦੇ ਮੌਜੂਦਾ ਹਾਲਾਤ ਵੀ ਬਿਆਨ ਕਰਦਾ ਹੈ।
ਪਿੰਡ ਜੰਡਸਰ ਦੇ ਗੁਰਦੁਆਰੇ ‘ਚ 65 ਸਾਲਾ ਗ੍ਰੰਥੀ ਸਿੰਘ ਬਲਵਿੰਦਰ ਸਿੰਘ ‘ਤੇ ਇੱਕ ਨੌਜਵਾਨ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਨੂੰ ਨਾ ਸਿਰਫ਼ ਕੁੱਟਿਆ ਗਿਆ, ਬਲਕਿ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ , ਜੋ ਕਿ ਗੁਰੂ ਘਰ ਦੀ ਪਵਿੱਤਰਤਾ ‘ਤੇ ਹਮਲਾ ਹੈ। ਸਾਰੀ ਘਟਨਾ ਗੁਰਦੁਆਰੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ।
ਇਸ ਕਾਇਰਾਨਾ ਹਮਲੇ ਤੋਂ ਬਾਅਦ, ਪਿੰਡ ਮੌੜਾਂ ਦੀਆਂ ਪੰਜ ਪੰਚਾਇਤਾਂ ਅਤੇ ਗੁਰਦੁਆਰਾ ਕਮੇਟੀ ਨੇ ਗ੍ਰੰਥੀ ਸਿੰਘ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਗੁਰਦੁਆਰਾ ਕਮੇਟੀ ਦੇ ਆਗੂ ਹਰਜਿੰਦਰ ਸਿੰਘ ਨੇ ਇਹ ਘਟਨਾ ਨਿੰਦਣਯੋਗ ਦੱਸਦੇ ਹੋਏ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਗੁਰੂਘਰ ਸਾਡੇ ਧਰਮ, ਸੱਭਿਆਚਾਰ ਅਤੇ ਆਤਮਕ ਜੀਵਨ ਦਾ ਕੇਂਦਰ ਹਨ ਅਤੇ ਗ੍ਰੰਥੀ ਸਿੰਘ ਉਹ ਪੰਥ ਸੇਵਕ ਹੁੰਦੇ ਹਨ, ਜੋ ਸਾਨੂੰ ਗੁਰੂ ਦੇ ਬਾਣੀ ਨਾਲ ਜੋੜਦੇ ਹਨ। ਇਹਨੂੰ ਪਿੰਡ ਦਾ ਸਭ ਤੋਂ ਆਦਰਯੋਗ ਵਿਅਕਤੀ ਹੋਣਾ ਚਾਹੀਦਾ ਹੈ ਪਰ ਅਫ਼ਸੋਸ ਕਿ ਅੱਜ ਉਹਨਾਂ ਨੂੰ ਸਤਿਕਾਰ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਗੁਰੂਘਰ ‘ਚ ਲੱਖਾਂ-ਕਰੋੜਾਂ ਰੁਪਏ ਦੀ ਸੰਗਤ ਭੇਟਾ ਕਰਦੀ ਹੈ , ਉਥੇ ਗ੍ਰੰਥੀ ਸਿੰਘ ਦੀ ਆਮਦਨ ਬਹੁਤ ਘੱਟ ਰਹਿ ਜਾਂਦੀ ਹੈ। ਉਹਨਾ ਦੀ ਜ਼ਿੰਦਗੀ ਦੀ ਸੁਰੱਖਿਆ, ਆਦਰ ਅਤੇ ਆਰਥਿਕ ਸਥਿਰਤਾ ਵੀ ਸਮਾਜ ਦੀ ਜ਼ਿੰਮੇਵਾਰੀ ਹੈ।
ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਇਹ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ। ਪਰ ਕੀ ਕੋਈ ਵੀ ਕਾਰਨ ਗੁਰੂ ਘਰ ਦੇ ਸੇਵਾਦਾਰ ‘ਤੇ ਹਮਲੇ ਨੂੰ ਜਾਇਜ਼ ਠਹਿਰਾ ਸਕਦਾ ਹੈ?
ਇਹ ਮਾਮਲਾ ਸਿਰਫ਼ ਇਕ ਗ੍ਰੰਥੀ ‘ਤੇ ਹਮਲੇ ਦਾ ਨਹੀਂ, ਇਹ ਸਾਡੇ ਸਮਾਜ ਦੀ ਲੰਮੀ ਗਿਰਾਵਟ ਨੂੰ ਉਜਾਗਰ ਕਰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਗੁਰੂ ਘਰਾਂ ਦੀ ਸਿਰਫ਼ ਵਿਧਾਨਕ ਸੁਰੱਖਿਆ ਹੀ ਨਹੀਂ ਸਗੋਂ ਉਨ੍ਹਾਂ ਦੀ ਸੇਵਾ ਕਰ ਰਹੇ ਗ੍ਰੰਥੀ ਸਿੰਘਾਂ ਨੂੰ ਵੀ ਯੋਗ ਆਦਰ ਅਤੇ ਆਰਥਿਕ ਮਦਦ ਦੇਣ ਬਾਰੇ ਸੋਚੀਏ