
ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਤਿਆਰੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੇ ਵੋਟਰ ਸੂਚੀਆਂ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤੋਂ ਬਾਅਦ ਅਗਲੇ ਕਦਮ ਵਜੋਂ ਚੋਣਾਂ ਦੇ ਐਲਾਨ ਦੀ ਉਮੀਦ 3 ਮਾਰਚ ਤੋਂ ਬਾਅਦ ਕੀਤੀ ਜਾ ਰਹੀ ਹੈ।
ਇਲੈਕਸ਼ਨ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਧਿਕਾਰੀਆਂ ਨੂੰ 3 ਮਾਰਚ ਤੱਕ ਵੋਟਰ ਸੂਚੀਆਂ ਅਪਡੇਟ ਕਰਨ ਲਈ ਕਿਹਾ ਗਿਆ ਹੈ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਵੋਟਰ ਛੁੱਟ ਨਾ ਜਾਵੇ, 11 ਤੋਂ 18 ਫਰਵਰੀ ਤੱਕ ਦਾਅਵੇ ਅਤੇ ਇਤਰਾਜ਼ ਦਾਖਲ ਕੀਤੇ ਜਾ ਸਕਣਗੇ। ਇਸ ਮਿਆਦ ਵਿੱਚ ਵੋਟਰ ਆਪਣੇ ਨਾਂ ਦੀ ਸ਼ਮੂਲੀਅਤ, ਕੋਈ ਗਲਤ ਜਾਣਕਾਰੀ ਜਾਂ ਹੋਰ ਤਕਨੀਕੀ ਗਲਤੀਆਂ ਸੰਬੰਧੀ ਇਤਰਾਜ਼ ਜਮਾ ਕਰ ਸਕਣਗੇ।
ਇਸ ਕਾਰਵਾਈ ਤੋਂ ਬਾਅਦ, ਸੂਚੀਆਂ ਨੂੰ ਆਖਰੀ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਚੋਣਾਂ ਦੀ ਤਾਰੀਖ ਦਾ ਐਲਾਨ 3 ਮਾਰਚ ਤੋਂ ਬਾਅਦ ਕੀਤਾ ਜਾ ਸਕਦਾ ਹੈ। ਇਹ ਚੋਣਾਂ ਪੰਜਾਬ ਦੇ ਸਥਾਨਕ ਪੱਧਰ ‘ਤੇ ਲੋਕਤੰਤਰਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੀਆਂ। ਚੋਣ ਪ੍ਰਕਿਰਿਆ ਨਿਰਪੱਖ ਤਰੀਕੇ ਨਾਲ ਚਲਾਣ ਲਈ, ਇਲੈਕਸ਼ਨ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।