81 views 25 secs 0 comments

ਬਾਣੀ ਨੇ ਮੇਰੀ ਬਾਂਹ ਫੜ ਲਈ

ਲੇਖ
May 01, 2025

-ਸ. ਨਰਿੰਦਰ ਸਿੰਘ ‘ਸੋਚ’*

ਸੰਤ ਰਾਮ ਸਿੰਘ ਜੀ ਸਾਰੀ ਜ਼ਿੰਦਗੀ ਗੁਰੂ ਬਾਣੀ ਦੇ ਲੜ ਲੱਗੇ ਰਹੇ ਅਤੇ ਜਗਿਆਸੂਆਂ ਨੂੰ ਭੀ ਬਾਣੀ ਦਾ ਪੱਲਾ ਫੜ੍ਹਾਉਂਦੇ ਰਹੇ। ਉਹ ਲੋਕਾਂ ਤੋਂ ਦੂਰ, ਸ਼ਮਸ਼ਾਨ ਭੂਮੀ ਵਿਚ ਰਿਹਾ ਕਰਦੇ ਸਨ, ਪਰ ਸ੍ਰੀ ਅੰਮ੍ਰਿਤਸਰ ਦੀਆਂ ਸੰਗਤਾਂ ਦੇ ਉਹ ਮਨ ਵਿਚ ਵਸਦੇ ਸਨ। ਕੰਨ-ਰਸ ਵਾਲਿਆਂ ਨੂੰ ਉਹ ਨੇੜੇ ਨਹੀਂ ਸਨ ਢੁੱਕਣ ਦੇਂਦੇ ਪਰ ਮਨ-ਰਸ ਵਾਲਿਆਂ ਨੂੰ ਉਹ ਢੂੰਢਦੇ ਰਹਿੰਦੇ ਸਨ। ਮਨ-ਰਸ ਵਾਲੇ ਟਾਵੇਂ-ਟਾਵੇਂ ਹੁੰਦੇ, ਪਰ ਕੰਨ-ਰਸ ਵਾਲਿਆਂ ਦੀਆਂ ਭੀੜਾਂ ਦਾ ਕੋਈ ਹਾਲ ਨਹੀਂ।

ਉਹ ਕਹਿੰਦੇ, ਰੱਜੀਆਂ ਮੱਝਾਂ ਖਾਂਦੀਆਂ ਥੋੜ੍ਹਾ ਤੇ ਉਜਾੜਦੀਆਂ ਬਹੁਤਾ ਹਨ। ਅਮੀਰ ਲੋਕ ਕੱਪੜਾ ਹੰਢਾਉਂਦੇ ਨਹੀਂ, ਕੇਵਲ ਲੋਕਾਂ ਨੂੰ ਵਿਖਾਉਂਦੇ ਹਨ। ਉਹ ਆਪਣੇ ਅੰਦਰਲੇ ਕੋ੍ਹਝ ਕੱਪੜੇ ਅਤੇ ਗਹਿਣੇ ਨਾਲ ਲੁਕਾਉਂਦੇ ਹਨ, ਪਰ ਉਨ੍ਹਾਂ ਨੂੰ ਜਾਣਨ ਵਾਲੇ ਲੋਕ ਜਦੋਂ ਉਹ ਲੰਘ ਜਾਂਦੇ ਹਨ, ਉਨ੍ਹਾਂ ਉੱਪਰ ਥੁੱਕਦੇ ਹਨ। ਇਸ ਤਰ੍ਹਾਂ ਅਨਭਵ ਕਰਦੇ ਹਨ, ਜਿਵੇਂ ਕੋਈ ਕੋਹੜਾ ਲਾਗਦੀ ਲੰਘ ਗਿਆ ਹੋਵੇ।

ਇਕ ਦਿਨ ਸਿਆਲ ਦੀ ਰਾਤ ਨੂੰ ਉਹ ਇਕ ਮਚਦੀ ਚਿਖਾ ਨੂੰ ਟਿਕਟਿਕੀ ਲਾ ਕੇ ਕਿਤਨਾ ਚਿਰ ਵੇਂਹਦੇ ਰਹੇ। ਉਨ੍ਹਾਂ ਦਾ ਸੇਵਕ ਲਾਗੇ ਖੜ੍ਹਾ ਚੁਪ ਕਰ ਕੇ ਵੇਖ ਰਿਹਾ ਸੀ। ਅਚਾਨਕ ਉਨ੍ਹਾਂ ਦੀ ਨਜ਼ਰ ਆਪਣੇ ਚੇਲੇ ਉੱਪਰ ਪਈ ਤਾਂ ਉਹ ਬੋਲੇ-“ਕੁਟੀਆ ਵਿੱਚੋਂ ਟਿੰਡ ਲੈ ਅਤੇ ਚਿਖਾ ਦੇ ਕੌਲਿਆਂ ਨਾਲ ਭਰ ਕੇ ਲੈ ਆ।”ਮਘਦੇ ਕੌਲਿਆਂਦੀ ਟਿੰਡ ਕੁਟੀਆ ਵਿਚ ਆ ਗਈ। ਸੰਤ ਰਾਮ ਸਿੰਘ ਜੀ ਬੋਲੇ-“ਦਿਆਲ ਬੇਟਾ, ਇੱਥੇ ਲੋਕ ਸੜੇ ਹੋਏ ਅਤੇ ਅੱਗ ਵਿਚ ਝੁਲਸੇ ਹੋਏ ਮੁਰਦੇ ਲੈ ਕੇ ਆਉਂਦੇ ਹਨ। ਉਮਰਾਂ ਭਰ ਸੜਨਵਾਲਿਆਂ ਨੂੰ ਏਥੇ ਦੂਜੀ ਵਾਰ ਤੀਲੀ ਲਾਈ ਜਾਂਦੀ ਹੈ। ਪੇ੍ਰਤ ਦੀ ਦੇਹ ਨਹੀਂ ਹੁੰਦੀ ਪਰ ਇਹ ਪੇ੍ਰਤ ਦੇਹਾਂ ਵਾਲੇ ਹਨ। ਪੇ੍ਰਤਦੇਹਾਂ ਕਲਜੁਗ ਵਿਚ ਸ਼ਹਿਰ ਵਸਾ ਕੇ ਰਹਿਣ ਲੱਗ ਪਈਆਂ ਹਨ। ਉਨ੍ਹਾਂ ਨੇ ਬੜੇ ਵੱਡੇ-ਵੱਡੇ ਬਜ਼ਾਰ ਵਸਾ ਲਏ ਹਨ। ਵੱਡੇ-ਵੱਡੇਕਾਰਖਾਨੇ ਚਲਾ ਲਏ ਹਨ। ਵੱਡੀਆਂ-ਵੱਡੀਆਂ ਬੈਂਕਾਂਖੋਲ੍ਹੀਆਂ ਹੋਈਆਂ ਹਨ। ਅੱਜ ਕੱਲ ਸਾਰਾ ਵਿਉਪਾਰ ਪੇ੍ਰਤ-ਦੇਹਾਂ ਕੋਲਹੈ। ਦੇਵ-ਦੇਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ।”

ਇਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ‘ਦੇਵ-ਦ੍ਰਿਸ਼ਟੀ’ ਨਾ ਹੋਣ ਤੇ ਇਹ ਮੁਨਾਖੇ ਹਨ। ਕੰਨ ਹਨ, ਪਰ ‘ਸ਼ਬਦ-ਸੁਰਤਿ’ਨਹੀਂ ਹੈ। ਹੱਥ ਹਨ ਪਰ ‘ਧਰਮ-ਕਿਰਤ’ ਨਹੀਂ ਹੈ। ਪੈਰ ਹਨ, ਪਰ ‘ਚਾਲ ਟੇਡੀ’ ਹੈ। ਜ਼ਬਾਨ ਹੈ ਪਰ ਬੋਲਾਂ ਤੋਂ ਸੱਖਣੀਹੈ। ਨੱਕ ਹੈ, ਪਰ ਸੁੰਘਣੀ ਮੱਖੀ ਅਤੇ ਸੂਰ ਦੀ ਹੈ। ਇਨ੍ਹਾਂ ਦੇ ਪੈਰ ਸਿੱਧੇ ਹਨ, ਪਰ ਇਹ ਚੱਲਦੇ ਪਿੱਛੇ ਨੂੰ ਹਨ, ਅੱਖਾਂ ਅੱਗੇਹਨ, ਪਰ ਵੇਖਦੇ ਪਿੱਛੇ ਨੂੰ ਹਨ। ਕੰਨਾਂ ਦਾ ਰੁਖ਼ ਅੱਗੇ ਵੱਲ ਹੈ ਪਰ ਇਹ ਸੁਣਦੇ ‘ਬੀਤ ਗਏ ਨੂੰ’ ਹਨ। ਸਭ ਕੁਝ ਉਲਟਾ ਹੋਗਿਆ ਹੈ। ਮਨੁੱਖ ਦੀ ਜੂਨ ਵਿਗੜ ਗਈ ਹੈ। ਬੜੀ ਮਿਹਨਤ ਨਾਲ ਪਸ਼ੂਆਂ ਤੋਂ ਮਨੁੱਖ ਅਤੇ ਮਨੁੱਖਾਂ ਤੋਂ ਦੇਵਤਾ ਬਣਾਇਆਗਿਆ ਸੀ, ਪਰ ਦੇਵ-ਸਰੀਰਾਂ ਵਿਚ ਪਸ਼ੂ-ਪਣ ਜਾਗ ਪਿਆ ਹੈ। ਸਾਰੀਆਂ ਕਰਤੂਤਾਂ ਪਸ਼ੂ ਦੀਆਂ ਹਨ, ਨਾਮ ਨੂੰ ਮਾਨਸ ਜਾਤਹੈ।

ਬੱਚਾ ਜੰਮਦਾ ਹੈ, ਫਿਰ ਮਿਲਦਾ ਹੈ, ਫਿਰ ਜਾਣਦਾ ਹੈ, ਫਿਰ ਪਛਾਣਦਾ ਹੈ, ਫਿਰ ਘੁਲ-ਮਿਲ ਜਾਂਦਾ ਹੈ। ਫਿਰ ਮਰਦਾਹੈ, ਸੜਦਾ ਹੈ ਤੇ ਭੁੱਲ ਜਾਂਦਾ ਹੈ।

ਕੋਈ ਭੀ ਬੰਦਾ ਜਨਮ ਲੈ ਕੇ ਵੱਡਾ ਨਹੀਂ ਬਣਦਾ, ਉਸ ਨੂੰ ਵੱਡਾ ਬਣਾਉਣ ਵਾਲੀ ਉਸ ਦੀ ਮੌਤ ਹੁੰਦੀ ਹੈ। ਜਨਮ ਲੈ ਕੇਜੀਵਨ ਕੇਵਲ ਤੁਰਨਾ ਸ਼ੁਰੂ ਕਰਦਾ ਹੈ, ਮੌਤ ਵੇਲੇ ਉਸ ਦੀ ਆਪਣੀ ਯਾਤਰਾ ਖਤਮ ਹੋ ਜਾਂਦੀ ਹੈ। ਜਨਮ, ਮਨੁੱਖ ਦਾ ਪਹਿਲਾਕਦਮ ਹੈ, ਮੌਤ ਮਨੁੱਖ ਦਾ ਅਖੀਰਲਾ ਕਦਮ ਹੈ। ਜਨਮ ਵੇਲੇ ਕਰਮਾਂ ਵਿਚ ਚੱਲਣ ਦੀ ਬੜੀ ਸਮਰੱਥਾ ਸੀ, ਸਮਰੱਥਾ ਦਾ ਮੁੱਕ ਜਾਣਾ ਹੀ ਮੌਤ ਹੈ।

ਜਨਮ ਤੇ ਮੌਤ, ‘ਜੀਵਨ ਯਾਤਰਾ’ ਦੇ ਦੋ ਸਿਰੇ ਹਨ। ਗਿਣਤੀ-ਮਿਣਤੀ ਕਰਨ ਯੋਗ ਜਨਮ ਅਤੇ ਮਰਨ ਦੇ ਵਿਚਕਾਰ ਕੀਤੀ ਹੋਈ ਯਾਤਰਾ ਹੁੰਦੀ ਹੈ। ਇਸ ਯਾਤਰਾ ਦੀ ਲੰਬਾਈ ਭੀ ਗਿਣੀ ਜਾਂਦੀ ਹੈ, ਵਿਸ਼ਾਲਤਾ ਭੀ ਗਿਣੀ ਜਾਂਦੀ ਹੈ, ਉਚਾਈ ਭੀ ਗਿਣੀ ਜਾਂਦੀ ਹੈ ਅਤੇ ਡੂੰਘਾਈ ਵੀ। ਇਹ ਯਾਤਰਾ ਸਰੀਰ ਤੋਂ ਬਾਹਰ ਭੀ ਕੀਤੀ ਜਾਂਦੀ ਹੈ, ਸਰੀਰ ਦੇ ਅੰਦਰ ਭੀ ਕੀਤੀ ਜਾਂਦੀ ਹੈ। ਯਾਤਰਾ ਵਾਲਾ ਕਾਫਲਾ ਪੈਦਲ ਚੱਲਦਾ ਹੈ, ਕਿਸੇ ਨੂੰ ਭੀ ਆਪਣੇ ਸੁਖ ਲਈ ਸਵਾਰੀ ਲੈਣ ਦੀ ਆਗਿਆ ਨਹੀਂ ਹੈ। ਪੈਰ ਯਾਤਰਾ ਕਰਦੇ ਹਨ। ਹੱਥ ਯਾਤਰਾ ਕਰਦੇ ਹਨ। ਅੱਖਾਂ ਯਾਤਰਾ ਕਰਦੀਆਂ ਹਨ, ਕੰਨ ਯਾਤਰਾ ਕਰਦੇ ਹਨ, ਨੱਕ ਯਾਤਰਾ ਕਰਦਾ ਹੈ, ਜ਼ੁਬਾਨ ਯਾਤਰਾ ਕਰਦੀ ਹੈ, ਚਮੜੀ ਯਾਤਰਾ ਕਰਦੀ ਹੈ, ਸਿਰ ਯਾਤਰਾ ਕਰਦਾ ਹੈ, ਮੋਢੇ ਯਾਤਰਾ ਕਰਦੇ ਹਨ, ਗੋਡੇਯਾਤਰਾ ਕਰਦੇ ਹਨ, ਡੌਲੇ ਯਾਤਰਾਕਰਦੇ ਹਨ, ਮਨ ਯਾਤਰਾ ਕਰਦਾ ਹੈ, ਬੁੱਧੀ ਯਾਤਰਾ ਕਰਦੀ ਹੈ। ਪ੍ਰਾਣ ਯਾਤਰਾ ਕਰਦੇ ਹਨ। ਸਰੀਰ ਦੇ ਸਾਰੇ ਅੰਗ ਯਾਤਰਾ ਕਰਦੇ ਹਨ। ਯਾਤਰਾ ਕਰਨ ਦਾ ਫ਼ਰਜ਼ ਕੀਤਾ ਗਿਆ ਹੈ, ਇਸ ਵਿਚ ਕਿਸੇ ਨੂੰ ਕੋਈ
ਰਿਆਇਤ ਨਹੀਂ, ਕਿਸੇ ਨੂੰ ਕੋਈ ਛੋਟ ਨਹੀਂ।

“ਕੋਈ ਪੁੱਤਰ, ਇਕ ਵਾਰ ਪੁੱਤਰ ਨਹੀਂ ਬਣਦਾ, ਇਸ ਤੋਂ ਪਹਿਲਾਂ ਭੀ ਉਹ ਕਈ ਵਾਰ ਪੁੱਤਰ ਬਣ ਚੁਕਿਆ ਹੈ ਅਤੇ ਇਸ ਤੋਂ ਪਿੱਛੋਂ ਭੀ ਉਸ ਨੇ ਕਈ ਵਾਰ ਪੁੱਤਰ ਬਣਨਾ ਹੈ। ਇਹੋ ਜਿਹੀ ਕਹਾਣੀ ਪਿਤਾ ਦੀ ਭੀ ਹੈ। ਉਹ ਭੀ ਕਈ ਵਾਰ ਬਾਪ ਬਣ ਚੁਕਿਆ ਹੈ ਅਤੇ ਅੱਗੇ ਨੂੰ ਕਈ ਵਾਰ ਫਿਰ ਮੁੜ ਮੁੜ ਕੇ ਬਾਪ ਬਣਨਾ ਹੈ। ਬਾਪ ਨੂੰ ਪੁੱਤਰ ਦੀ ਵਾਰੀ ਦੇਣੀ ਪੈਂਦੀ ਹੈ ਅਤੇ ਪੁੱਤਰ ਨੂੰ ਬਾਪ ਦੀ ਵਾਰੀ ਦੇਣੀ ਪੈਂਦੀ ਹੈ। ਦਿੱਤਾ ਲੈਣਾ ਹੈ, ਬਿਨਾਂ ਦਿੱਤਿਆਂ ਕਿਸੇ ਨੂੰ ਕੁਝ ਨਹੀਂ ਮਿਲਦਾ। ਜੀਵਨ ਯਾਤਰਾ
ਜਨਮਾਂ ਜਨਮਾਂ ਦੀ ਹੈ।”

“ਸੰਤ ਜੀ! ਅੱਜ ਤਕ ਤੁਸੀਂ ਕਦੇ ਚਿਖਾ ਦੇ ਕੋਇਲੇ ਲਿਆਉਣ ਲਈ ਨਹੀਂ ਸੀ ਕਿਹਾ,” ਭਾਈ ਦਿਆਲ ਨੇ ਪੁੱਛਿਆ।“ਬੇਟਾ ਦਿਆਲ ਜੀ! ਇਹ ਕੋਇਲੇ ਨਹੀਂ, ਇਹ ਇਕ ਯਾਦ ਹੈ। ਇਹ ਭਾਈ ਹਰਿਆ ਰਾਮ ਜੀ ਦਾ ਇਤਿਹਾਸ ਹੈ।ਭਾਈ ਹਰਿਆ ਰਾਮ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਮੇਸ਼ਾਂ ਲਈ ਹਰੇ ਹੋ ਗਏ, ਸਦਾ ਬਹਾਰ ਬਣ ਗਏ। ਬਾਣੀ ਦੀ ਬਸੰਤ, ਸਦਾ ਬਸੰਤ ਹੈ। ਬਾਣੀ ਦੀ ਬਹਾਰ ਉੱਪਰ ਕਦੇ ਖ਼ਿਜ਼ਾ ਨਹੀਂ ਆਉਂਦੀ, ਪਤ-ਝੜ ਨਹੀਂ ਆਉਂਦੀ।

“ਭਾਈ ਹਰਿਆ ਰਾਮ ਜੀ ਦੇ ਅੰਦਰ ਪ੍ਰਭੂ ਮਿਲਾਪ ਦੀ ਭੁੱਖ ਜਾਗ ਪਈ। ਪ੍ਰਭੂ-ਪਿਆਰ ਦੀ ਪਿਆਸ ਜਾਗ ਪਈ। ਸਰੀਰ ਦੀ ਭੁੱਖ ਕੁਝ ਚਿਰ ਲਈ ਦੂਰ ਕੀਤੀ ਜਾ ਸਕਦੀ ਹੈ, ਸਰੀਰ ਦੀ ਪਿਆਸ ਭੀ ਕੁਝ ਚਿਰ ਲਈ ਮਿਟ ਜਾਂਦੀ ਹੈ। ਸਰੀਰ ਦੀ ਭੁੱਖ ਬਹੁਤੀ ਵੱਡੀ ਨਹੀਂ ਹੁੰਦੀ, ਲਾਲਚ ਦੀ ਭੁੱਖ ਵੱਡੀ ਹੁੰਦੀ ਹੈ। ਸਰੀਰ ਦੀ ਭੁੱਖ ਵੇਲੇ ਅੱਕ ਦੀਆਂ ਖੱਖੜੀਆਂ ਮਠਿਆਈ ਬਣ ਜਾਂਦੀਆਂ ਹਨ। . . . ਬੰਦੇ ਨੂੰ ਧਰਤੀ ਸਾਢੇ ਤਿੰਨ ਹੱਥ ਦੀ ਚਾਹੀਦੀ ਹੈ, ਜੇ ਕੋਈ ਉਲੰਘਣਾ ਕਰੇਗਾ ਤਾਂ ਵੱਧ ਤੋਂ ਵੱਧ
ਪੌਣੇ ਚਾਰ ਹੱਥ ਲੈ ਲਵੇਗਾ। ਬਹੁਤੀ ਮਾਲਕੀ ‘ਲੋੜ’ ਨਹੀਂ, ਤ੍ਰਿਸ਼ਨਾ ਹੈ। ਪਰ, ਨਾਮ ਦੀ ਭੁੱਖ ਸਾਰੇ ਦੁੱਖ-ਕਲੇਸ਼ ਦੂਰ ਕਰਨ ਵਾਲੀ ਹੁੰਦੀ ਹੈ। ਸਭ ਤੋਂ ਵੱਡਾ ਕਲੇਸ਼ ਅਗਿਆਨ ਦਾ ਹੁੰਦਾ ਹੈ, ਭੁਲੇਖਿਆਂ ਅਤੇ ਸੰਸਿਆਂ ਦਾ ਹੁੰਦਾ ਹੈ, ਸ਼ੱਕ ਤੇ ਸੰਦੇਹ ਦਾ ਹੁੰਦਾ ਹੈ, ਦੁਬਿਧਾ ਅਤੇ ਦੁਚਿੱਤੀ ਦਾ ਹੁੰਦਾ ਹੈ। ਇਸ ਕਲੇਸ਼ ਦੀਆਂ ਭੁਲ-ਭਲਾਈਆਂ ਵਿਚ ਫਸਿਆ ਹੋਇਆ ਬੰਦਾ ਘੁੰਮ-ਘੁੰਮ ਕੇ ਵਿਚੇ ਹੀ ਮਰ ਜਾਂਦਾ ਹੈ। ਮਨਾਖੇ ਲਈ ਜਿਵੇਂ ਰੰਗਾਂ ਦੀ ਦੁਨੀਆ ਦੀ ਕੋਈ ਕੀਮਤ ਨਹੀਂ, ਕੋਈ ਸੁਹਜ ਨਹੀਂ। ਇਹੋ ਹਾਲ ਅਗਿਆਨ ਦੇ ਕਲੇਸ਼ ਵਾਲੇ ਦਾ ਹੁੰਦਾ ਹੈ।

ਦੂਜਾ ਕਲੇਸ਼ ਸਰੀਰ ਅਤੇ ਦੌਲਤ ਵਿਚ ‘ਮੈਂ’ ਦਾ ਘੁਲ-ਮਿਲ ਜਾਂਦਾ ਹੈ। ਘਰ ਭੀ ਮੈਂ, ਦੁਕਾਨ ਭੀ ਮੈਂ, ਜ਼ਮੀਨ ਭੀ ਮੈਂ, ਸਰੀਰ ਭੀ ਮੈਂ। ਦੁਕਾਨ ਗਈ ਤਾਂ ਮੈਂ ਮਰ ਗਿਆ। ਜ਼ਮੀਨ ਗਈ ਤਾਂ ਮੈਂ ਮਰ ਗਿਆ। ਪਦਵੀ ਗਈ ਤਾਂ ਮੈਂ ਮਰ ਗਿਆ, ਸਤਿਕਾਰ ਗਿਆ ਤਾਂ ਮੈਂ ਮਰ ਗਿਆ।

ਤੀਜਾ ਕਲੇਸ਼ ਮੋਹ ਹੈ। ਇਸ ਦਾ ਪਿਤਾ ਮਨ ਹੈ ਅਤੇ ਇਸ ਦੀ ਮਾਂ ਪ੍ਰਵਿਰਤੀ ਹੈ। ਪ੍ਰਵਿਰਤੀ ਵਿਚ ਸਾਰਾ ਲੋਕਾਚਾਰ ਆ ਜਾਂਦਾ ਹੈ। ਮੇਰਾ ਘਰ ਸਭ ਤੋਂ ਚੰਗਾ ਹੋਵੇ, ਮੇਰੀ ਪਦਵੀ ਸਭ ਤੋਂ ਉੱਚੀ ਹੋਵੇ, ਮੇਰੀ ਪੁਸ਼ਾਕ ਸਭ ਤੋਂ ਚੰਗੀ ਹੋਵੇ, ਮੇਰਾ ਪਰਵਾਰ ਸਭ ਤੋਂ ਵੱਡਾ ਹੋਵੇ, ਮੇਰੇ ਪੁੱਤਰ ਦੇ ਟਾਕਰੇ ਦਾ ਕਿਸੇ ਦੇ ਘਰ ਪੁੱਤਰ ਨਾ ਹੋਵੇ, ਮੇਰੇ ਪੋਤਰੇ ਦੇ ਟਾਕਰੇ ਦਾ ਕਿਸੇ ਘਰ ਪੋਤਰਾ ਨਾ ਹੋਵੇ। ਮੇਰੇ ਸਾਕ ਵੱਡੇ ਹੋਣ, ਮੇਰਾ ਖ਼ਾਨਦਾਨ ਸਭ ਤੋਂ ਉੱਚਾ ਤੇ ਵੱਡਾ ਹੋਵੇ। ਸਮਾਜ ਵਿਚ ਚਾਰ-ਚੁਫੇਰੇ ਮੇਰੀ ਵਾਹ
ਵਾਹ ਹੋਵੇ। ਸਿਆਣੇ ਕਹਿੰਦੇ ਹਨ:-

ਜਿੰਨਾ ਕੱਪੜਾ, ਉਤਨਾ ਪਾਲਾ।

ਜਿੰਨਾ ਟੱਬਰ, ਉਤਨਾ ਮੂੰਹ ਕਾਲਾ

ਪ੍ਰਵਿਰਤੀ ਵਿਚ ਸੁਖ ਨਹੀਂ।

ਚੌਥਾ ਕਲੇਸ਼ ਹੈ, ਈਰਖਾ ਅਤੇ ਦਵੈਸ਼। ਸ਼ਰੀਕ ਦੇ ਘਰ ਖੁਸ਼ੀ ਦੇ ਵਾਜੇ ਵੱਜਦੇ ਸੁਣ ਕੇ ਗਮਾਂ ਵਿਚ ਡੁੱਬ ਜਾਣਾ। ਸ਼ਰੀਕ ਮਰਨ ਤੇ ਘਿਓ ਦੇ ਦੀਵੇ ਬਾਲਣੇ। ਦੂਜਿਆਂ ਨੂੰ ਦੁਖੀ ਵੇਖ ਕੇ ਖੁਸ਼ ਹੋਣਾ ਅਤੇ ਸੁਖੀ ਹੋ ਕੇ ਭੁੰਜੇ ਲੱਥ ਜਾਣਾ।

ਪੰਜਵਾਂ ਕਲੇਸ਼ ਹੈ, ਇਹ ਜਾਣਦੇ ਹੋਏ ਕਿ ਇਹ ਕੰਮ ਚੰਗਾ ਨਹੀਂ ਹੈ, ਹੱਠ ਅਤੇ ਜ਼ਿੱਦ ਵਿਚ ਆ ਕੇ ਕਰੀ ਜਾਣਾ ਅਤੇ ਮੌਤ ਤੋਂ ਡਰਨਾ। ਇਹ ਸਾਰੇ ਕਲੇਸ਼ ਨਾਮ ਦੀ ਭੁੱਖ ਦੂਰ ਕਰਦੀ ਹੈ। ਨਾਮ ਦੇ ਚਾਨਣੇ ਵਿਚ ਕਲੇਸ਼ਾਂ ਦਾ ਅੰਧੇਰਾ ਨੇੜੇ ਨਹੀਂ ਢੁੱਕਦਾ।

ਭਾਈ ਹਰਿਆ ਰਾਮ ਜੀ ਕਾਫੀ ਚਿਰ ਭਟਕਦੇ ਫਿਰਦੇ ਰਹੇ। ਇਕ ਦਿਨ ਏਥੇ ਆ ਕੇ ਬੈਠ ਗਏ, ਜਿੱਥੇ ਤੁਸੀਂ ਉਨ੍ਹਾਂ ਦੀ ਚਿਖ਼ਾ ਦੇ ਕੋਇਲੇ ਟਿੰਡ ਵਿਚ ਪਾ ਕੇ ਰੱਖੇ ਹੋਏ ਹਨ। ਆ ਕੇ ਕਹਿਣ ਲੱਗੇ-
“ਵਿਸਮਾਦ ਕੀ ਹੁੰਦਾ ਹੈ? ਇਸ ਦੀ ਪ੍ਰਾਪਤੀ ਦਾ ਰਾਹ ਕੀ ਹੈ?”

ਮੈਂ ਉਸ ਨੂੰ ਪਿਆਰ ਨਾਲ ਏਥੇ ਬੈਠਾਇਆ ਅਤੇ ਕਿਹਾ, “ਭਾਈ ਹਰਿਆ ਰਾਮ ਜੀ! ਸਾਰੇ ਪ੍ਰਸ਼ਨਾਂ ਦੇ ਉੱਤਰ ਬਾਣੀਵਿਚ ਹਨ। ਬਾਣੀ ਅਰਥਾਂ ਵਿਚ ਹੈ। ਅਰਥ ਅਮਲ ਵੱਲ ਤੋਰਦੇ ਹਨ। ਯਾਤਰਾ ਟਿਕਾਣੇ ’ਤੇ ਪਹੁੰਚਾ ਦੇਂਦੀ ਹੈ। ਪਹਿਲਾ ਕੰਮਲੱਕ ਬੰਨ੍ਹ ਕੇ ਕਦਮ ਪੁੱਟਣ ਦਾ ਹੈ। ਮਨੁੱਖ ਤੁਰਦੇ ਹਨ, ਟਪੋਸੀਆਂ ਨਹੀਂ ਮਾਰਦੇ। ਜਿਸ ਨੇ ਪਹਿਲਾ ਕਦਮ ਚੁੱਕ ਲਿਆ, ਉਹ ਦੂਜਾ ਭੀ ਚੁੱਕੇਗਾ। ਲੱਤਾਂ ਦੋ ਹਨ, ਪਰ ਕਦਮਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਤੁਰਨ ਵਾਲਾ ਪਹਾੜਾਂ ਦੇ ਸਿਖ਼ਰਾਂ ਉੱਪਰ ਪੈਰ ਰੱਖਦਾ ਹੈ। ਰੇਗਸਤਾਨ ਪਿੱਛੇ ਛੱਡ ਜਾਂਦਾ ਹੈ। ਤੁਰਨ ਵਾਲੇ ਕਦਮ ਅੱਗੇ ‘ਦੂਰੀ’ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਚਾਈ ਨਾਂ ਦੀ ਕੋਈ ਚੀਜ਼ ਨਹੀਂ, ਡੂੰਘਾਈ ਨਾਂ ਦੀ ਕੋਈ ਚੀਜ਼ ਨਹੀਂ ਹੈ। ਚੌੜਾਈ ਨਾਂ ਦੀ ਕੋਈ ਚੀਜ਼ ਨਹੀਂ ਹੈ, ਸਾਰੇ ਪੰਧ ਬਾਛਰ-ਖੋਰ ਹੋ ਜਾਂਦੇ ਹਨ, ਵੱਛੇ ਦਾ ਖੁਰ।

“ਭਾਈ ਹਰਿਆ ਰਾਮ ਜੀ! ਸਾਰਾ ਸੰਸਾਰ ਵਿਸਮਾਦ ਹੈ, ਤੂੰ ਆਪ ਵਿਸਮਾਦ ਦੀਆਂ ਪੰਡਾਂ ਚੁੱਕੀ ਫਿਰਦਾ ਏਂ। ਤੇਰੀਆਂ ਅੱਖਾਂ ਦਾ ਵੇਖਣਾ ਵਿਸਮਾਦ ਹੈ, ਤੇਰੇ ਕੰਨਾਂ ਦਾ ਸੁਣਨਾ ਵਿਸਮਾਦ ਹੈ, ਤੇਰੇ ਨੱਕ ਦਾ ‘ਸੁੰਘਣਾ’ ਵਿਸਮਾਦ ਹੈ। ਤੇਰੀ ਚਮੜੀ ਦੀ ਛੂਹ ਵਿਸਮਾਦ ਹੈ। ਤੇਰਾ ਸਾਹ ਲੈਣਾ ਵਿਸਮਾਦ ਹੈ, ਤੇਰਾ ਪ੍ਰਸ਼ਾਦ ਛਕਣਾ ਵਿਸਮਾਦ ਹੈ। ਤੇਰੀ ਪਿਆਸ ਵਿਸਮਾਦ ਹੈ, ਤੇਰੀ ਭੁੱਖ ਵਿਸਮਾਦ ਹੈ। ਤੇਰਾ ਸੌਣਾ ਵਿਸਮਾਦ ਹੈ। ਤੇਰਾ ਜਾਗਣਾ ਵਿਸਮਾਦ ਹੈ। ਤੇਰੇ ਸੁਪਨੇ ਵਿਸਮਾਦ ਹਨ।

ਤੇਰੇ ਹੱਥ, ਤੇਰੇ ਪੈਰ, ਤੇਰਾ ਮੂੰਹ ਸਭ ਕੁਝ ਵਿਸਮਾਦ ਹੈ। ਤੇਰਾ ਸਾਹ ਲੈਣਾ ਵਿਸਮਾਦ ਹੈ। ਉਸ ‘ਵਿਸਮਾਦੀ’ ਨੇ ਵਿਸਮਾਦ ਤੋਂ ਬਿਨਾ ਕੋਈ ਇਕ ਭੀ ਚੀਜ਼ ਨਹੀਂ ਬਣਾਈ। ਉਸ ਦੇ ਚੰਦ ਵਿਸਮਾਦ, ਉਸ ਦੇ ਸੂਰਜ ਵਿਸਮਾਦ। ਉਸ ਦੀ ਪੌਣਵਿਸਮਾਦ, ਉਸ ਦੇ ਪਾਣੀ ਵਿਸਮਾਦ, ਉਸ ਦੀ ਅੱਗ ਵਿਸਮਾਦ, ਉਸ ਦੀ ਧਰਤੀ ਵਿਸਮਾਦ। ਉਸ ਦੇ ਅਕਾਸ਼ ਵਿਸਮਾਦ। ਵਿਸਮਾਦ ਵਿਚ ਰਹਿਣ ਵਾਲਿਆ! ਵਿਸਮਾਦ ਵਿਚ ਵਿਚਰਨ ਵਾਲਿਆ! ਮੇਰੇ ਕੋਲੋਂ ਵਿਸਮਾਦ ਦਾ ਰਾਹ ਪੁਛਨਾ ਏਂ! ਪਾਣੀ ਵਿਚ ਰਹਿਣ ਵਾਲੀ ਮੱਛੀ ਨੂੰ ਪਾਣੀ ਦਾ ਰਾਹ ਕੌਣ ਦੱਸੇਗਾ? ਪਾਣੀ ਹੀ ਤਾਂ ਮੱਛੀ ਦੀ ਜਿੰਦ ਹੈ, ਪਾਣੀ ਹੀ ਤਾਂ ਮੱਛੀ ਦੀ ਯਾਤਰਾ ਹੈ। ਪਾਣੀ ਹੀ ਤਾਂ ਮੱਛੀ ਦੇ ਕਲੋਲ ਹਨ। ਪਾਣੀ ਹੀ ਤਾਂ ਮੱਛੀ ਦੀ ਨਸਲ ਦਾ ਵਾਧਾ ਹੈ। ਪਾਣੀ ਵਿਚ ਪਿਆਸੀ ਮੱਛੀ ਦੀ ਪਿਆਸ ਕੌਣ ਦੂਰ ਕਰੇਗਾ? ਮੱਛੀ ਪਾਣੀ ਵਿਚ ਸਫਰ ਕਰਦੀ ਹੈ, ਪਰ ਉਹ ਪਾਣੀ ਵਿਚ ਪਗਡੰਡੀਆਂ ਅਤੇ ਸੜਕਾਂ ਨਹੀਂ ਬਣਾਉਂਦੀ। ਸਾਰਾ ਪਾਣੀ ਉਸ ਦਾ ਰਾਹ ਹੈ। ਤੁਰਨਾ ਹੀ ਰਾਹ ਹੈ। ਤੁਰਨ ਤੋਂ ਬਿਨਾ ਕੋਈ ਰਾਹ ਨਹੀਂ। ਉੱਡਣ ਦਾ ਕੰਮ ਪੰਛੀ ਨੇ ਕਰਨਾ ਹੈ, ਖੰਭਾਂ ਨੇ ਕਰਨਾ ਹੈ। ਸਾਰਾ ਅਕਾਸ਼ ਰਾਹ ਹੈ। ਉੱਡਣਾ ਹੀ ਰਾਹ ਹੈ। ਬੈਠਿਆਂ ਹੋਇਆਂ ਲਈ ਸਾਰੇ ਰਾਹ ਬੰਦ ਹਨ। ਤੁਰੋ, ਤੁਰੋ ਅਤੇ ਤੁਰੀ ਚਲੋ, ਤੁਰਨ ਵਾਲਾ ਕਦੇ ਰਾਹ ਵਿਚ ਨਹੀਂ ਰਹਿੰਦਾ।

ਭਾਈ ਹਰਿਆ ਰਾਮ ਜੀ ਬੋਲੇ, “ਮੇਰੀ ਬਾਂਹ ਫੜੋ, ਮੈਂ ਸਾਗਰ ਵਿਚ ਹਾਂ, ਮੇਰੀ ਕਿਸ਼ਤੀ ਨਿੱਕੀ ਹੈ, ਤੂਫਾਨ ਬੜਾ ਵੱਡਾ ਹੈ। ਨਾ ਮੈਨੂੰ ਤਰਨਾ ਆਉਂਦਾ ਹੈ, ਨਾ ਕਿਸ਼ਤੀ ਦੇ ਚੱਪੇ ਚਲਾਉਣ ਦੀ ਜਾਚ ਹੈ। ਕਿਸ਼ਤੀ ਵਿਚ ਅੱਗ ਭੀ ਲੱਗ ਚੁੱਕੀ ਹੈ। ਬਾਂਹ ਫੜੋ ਜਾਂ ਬਾਂਹ ਦਿਉ ਜੀ।

”ਮੈਂ ਭਾਈ ਹਰਿਆ ਰਾਮ ਜੀ ਨੂੰ ਪਿਆਰ ਦਿੱਤਾ ਤੇ ਕਿਹਾ, “ਬਾਂਹ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਫੜਨਾ ਜਾਣਦੇ ਹਨ। ਬਾਂਹ ਫੜਨਾ ਸਿਰ ਦੇਣਾ ਹੈ। ਸਿਰ ਦੇਣਾ, ਪਰ ਬਾਂਹ ਨਾ ਛੱਡਣੀ, ਇਹ ਕੁਰਬਾਨੀ ਦੀ ‘ਇਤੀ’ ਹੈ। ਅਖੀਰ ਹੈ, ਅੰਤ ਹੈ। ਇਸ ਤੋਂ ਅੱਗੇ ਹੋਰ ਕੁਝ ਨਹੀਂ ਹੋ ਸਕਦਾ। ਇਹ ਗੱਲ ਦਇਆ ਨਿਧ ਸ੍ਰੀ ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ ਹੀ ਕਰ ਸਕਦੇ ਹਨ। ਉਸੇ ਦੀ ਬਾਂਹ ਫੜੋ।

ਭਾਈ ਹਰਿਆ ਰਾਮ ਜੀ ਏਸੇ ਥਾਂ ’ਤੇ ਵਿਆਕੁਲ ਹੋ ਕੇ ਡਿੱਗ ਪਏ ਮੈਂ ਆਪਣੇ ਹੱਥਾਂ ਦਾ ਲਿਖਆ ਹੋਇਆ, ਸੁਖਮਨੀਸਾਹਿਬ ਦਾ ਗੁਟਕਾ ਭਾਈ ਹਰਿਆ ਰਾਮ ਜੀ ਦੇ ਹੱਥਾਂ ਤੇ ਰੱਖ ਕੇ ਕਿਹਾ “ਇਹ ਸੁਖਮਨੀ ਸਾਹਿਬ ਜੀ ਲੱਖਾਂ ਬਾਹਾਂ ਵਾਲੀ ਹੈ,ਮੈਂ ਏਸੇ ਦਾ ਲੜ ਫੜਿਆ ਹੈ। ਤੁਸੀਂ ਇਸਨੂੰ ਅਰਥ ਦੀ ਡੂੰਘਾਈ ਵਿਚ ਉਤਰ ਕੇ ਪੜ੍ਹੋ, ਇਹ ਤੁਹਾਡੀ ਬਾਂਹ ਫੜ ਲਵੇਗੀ।”

ਭਾਈ ਹਰਿਆ ਰਾਮ ਜੀ ਗੁਟਕਾ ਲੈ ਕੇ ਚਲੇ ਗਏ। ਹਰ ਪਾਠ ਪਿੱਛੋਂ ਉਹ ਨਾਮ ਦੀ ਬਾਉਲੀ ਦੀ ਇਕ ਪਉੜੀ ਹੇਠਾਂ ਉਤਰਦੇ ਗਏ। ਡੂੰਘੇ ਹੁੰਦੇ ਗਏ। ਜਿਵੇਂ ਕੋਈ ਮਾਨਸਿਕ ਤੌਰ ਉੱਪਰ ਖੂਹ ਪੁੱਟ ਰਹੇ ਹੋਣ। ਮਿੱਟੀ ਦੀ ਤੈਹ ਪਾਰ ਕਰ ਗਏ। ਰੋੜਾਂ ਦੀ ਤੈਅ ਭੀ ਖਤਮ ਹੋ ਗਈ। ਰੇਤ ਦੇ ਭੀ ਹੇਠਾਂ ਲੱਥ ਗਏ। ਪਾਣੀ ਵਾਲੀ ਰੇਤਾ ਤਕ ਪਹੁੰਚ ਗਏ। ਭਾਈ ਹਰਿਆ ਰਾਮ ਜੀ ਸੁਖਮਨੀ ਸਾਹਿਬ ਜੀ ਦੇ ਬਾਗ਼ ਦਾ ਇਕ ਇਕ ਪੱਤਾ, ਇਕ ਇਕ ਟਾਹਣੀ, ਇਕ ਇਕ ਮੁੱਢ, ਇਕ ਇਕ ਡੋਡੀ, ਇਕ ਇਕ ਫੁੱਲ ਨੂੰ, ਇਕ ਇਕ ਫ਼ਲ ਨੂੰ ਬੜੇ ਧਿਆਨ ਨਾਲ ਵੇਖ ਰਹੇ ਸਨ। ਉਨ੍ਹਾਂ ਨੂੰ ਭਰੋਸਾ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਾਗ਼ ਦੇ ਕਿਸੇ ਬੂਟੇ ਦੇ ਹੇਠਾਂ ਜਾਂ ਕਿਸੇ ਬੂਟੇ ਦੇ ਉੱਪਰ ਬੈਠੇ ਹੋਏ ਹੋਣਗੇ।

ਇਕ ਦਿਨ ਭਾਈ ਹਰਿਆ ਰਾਮ ਜੀ ਸਵੇਰੇ ਉਠ ਕੇ ਬਾਣੀ ਨੂੰ ਪ੍ਰਤੱਖ ਗੁਰੂ ਜਾਣ ਕੇ ਸਿਦਕ ਨਾਲ ਪੜ੍ਹਨ ਲੱਗ ਪਏ। ਜਦੋਂ ਪਹਿਲੀ ਹੀ ਅਸਟਪਦੀ ਦੇ ਅਠਵੇਂ ਪਦੇ ਨੂੰ ਪੜ੍ਹਿਆ ਤਾਂ ਭਾਈ ਮੱਖਣ ਸ਼ਾਹ ਲੁਬਾਣੇ ਵਾਂਗ ਕੂਕ ਉੱਠੇ ‘ਮੇਰੀ ਬਾਂਹ ਫੜ ਲਈ’, ‘ਸੁਖਮਨੀ ਨੇ ਮੇਰੀ ਬਾਂਹ ਫੜ ਲਈ’ ਮੇਰੀ ਬਾਂਹ ਉਸ ਨੇ ਫੜ ਲਈ ਹੈ, ਜੋ ਸਿਰ ਦੇਂਦਾ ਹੈ, ਪਰ ਬਾਂਹ ਨਹੀਂ ਛੱਡਦਾ।  ਮੇਰੇ ਗੁਰੂ ਦੀ ਬੜੀ ਮਜ਼ਬੂਤ ਬਾਂਹ ਹੈ। ਇਹ ਕਲਜੁਗ ਨਾਲੋਂ ਤਕੜੀ ਬਾਂਹ ਹੈ। ਸਾਗਰ ਨਾਲੋਂ ਭੀ ਤਕੜੀ ਹੈ। ਤੁਫਾਨਾਂ ਤੋਂ ਭੀ
ਬਲਵਾਨ ਹੈ।” ਇਹ ਕਹਿੰਦਿਆਂ ਕਹਿੰਦਿਆਂ ਮੇਰੇ ਕੋਲ ਆ ਗਏ। ਮੈਂ ਭਾਈ ਹਰਿਆ ਰਾਮ ਜੀ ਨੂੰ ਮੱਥਾ ਟੇਕਿਆ। ਉਹ ਘਬਰਾ ਉਠੇ ਅਤੇ ਬੋਲੇ:-

“ਬਾਬਿਓ, ਉਲਟੀ ਗੰਗਾ ਵਗਾਉਣ ਲੱਗੇ ਹੋ?”

ਮੈਂ ਹੱਥ ਜੋੜ ਕੇ ਕਿਹਾ, “ਭਾਈ ਹਰਿਆ ਰਾਮ ਜੀ ਸਿੱਖੀ ਹੈ ਹੀ ਉਲਟੀ ਗੰਗਾ। ਮੇਰੀ ਬਾਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦਾ ਗੁਟਕਾ ਲਿਖਦਿਆਂ ਦੀ ਫੜੀ ਸੀ, ਤੁਹਾਡੀ ਬਾਂਹ ਸੁਖਮਨੀ ਸਾਹਿਬ ਪੜ੍ਹਦਿਆਂ ਦੀ ਫੜੀ ਹੈ। ਮੇਰੀ ਤਾਂ ਗੁਰੂ ਜੀ ਨੇ ਕੇਵਲ ਬਾਂਹ ਫੜੀ ਹੈ, ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾਲ ਹੀ ਸੁਖਮਨੀ ਸਾਹਿਬ ਜੀ ਦੀ ਚਾਬੀ ਭੀ ਦੇ ਦਿੱਤੀ ਹੈ। ਤੁਹਾਡੇ ਰਾਹੀਂ ਇਹ ਕੁੰਜੀ ਸਭ ਸੰਗਤਾਂ ਪਾਸ ਪਹੁੰਚ ਜਾਵੇਗੀ। ਚਾਬੀਆਂ ਖਜ਼ਾਨਚੀ ਨੂੰ ਦਿੱਤੀਆਂ ਜਾਂਦੀਆਂ ਹਨ। ਤੁਸੀਂ ਪੋਤੇਦਾਰ ਹੋ।

ਭਾਈ ਹਰਿਆ ਰਾਮ ਜੀ ਦੀ ਸੱਜੀ ਬਾਂਹ ਹਮੇਸ਼ਾ ਉੱਚੀ ਰਹੀ। ਗੁਰੂ ਦੀ ਫੜੀ ਹੋਈ ਬਾਂਹ ਨੀਵੀਂ ਕਿਵੇਂ ਹੋ ਸਕਦੀ ਸੀ। ਸੱਠ ਸਾਲ ਤਕ ਉਹ ਉਨ੍ਹਾਂ ਲੋਕਾਂ ਨੂੰ ਸੁਖਮਨੀ ਸਾਹਿਬ ਜੀ ਦਾ ਲੜ ਫੜਾਉਂਦੇ ਰਹੇ, ਜਿਨ੍ਹਾਂ ਦੇ ਮਨ ਵਿਚ ਪ੍ਰਭੂ-ਪਿਆਰ ਦੀ ਭੁੱਖ ਅਤੇ ਪਿਆਸ ਲਗਦੀ ਰਹੀ।

ਅੱਜ ਭਾਈ ਹਰਿਆ ਰਾਮ ਜੀ ਜਦੋਂ ਚਾਰ ਸਿੱਖਾਂ ਦੇ ਮੋਢਿਆਂ ਉੱਪਰ ਅਸਵਾਰ ਹੋ ਕੇ ਏਥੇ ਆਏ ਤਾਂ ਉਹ ਪੂਰੇ ਜੀਉਂਦੇ ਸਨ, ਉਹ ਪੂਰੇ ਅਨੰਦ ਵਿਚ ਮੋਢਿਆਂ ਉੱਪਰ ਝੂਟੇ ਲੈਂਦੇ ਹੋਏ ਪੁੱਜੇ ਸਨ। ਉਨ੍ਹਾਂ ਦੀ ਬਾਂਹ ਪਹਿਲਾਂ ਵਾਂਗ ਉੱਚੀ ਸੀ। ਜਦੋਂ ਚਿਖ਼ਾ ਮਚ ਰਹੀ ਸੀ ਉਸ ਵੇਲੇ ਭੀ ਉਨ੍ਹਾਂ ਦੀ ਬਾਂਹ ਉੱਚੀ ਸੀ। ਉਹ ਦੁਨੀਆਂ ਵਿਚ ਬਾਣੀ ਦੇ ਪ੍ਰਚਾਰ ਦੀ ਸੇਵਾ ਕਰਦੇ ਕਰਦੇ ਦਰਗਾਹ ਵਲ ਨੂੰ ਬਾਂਹ ਲੁਡਾਂਦੇ ਜਾ ਰਹੇ ਸਨ। ਉਨ੍ਹਾਂ ਦਾ ਸਾਰਾ ਸਰੀਰ ਬਾਣੀ ਦਾ ਮੰਦਰ ਸੀ, ਨਾਮ ਦਾ ਮੰਦਰ ਸੀ। ਅਨਹਦ
ਨਾਦ ਸੀ, ਪਰ ਉਪਕਾਰ ਦਾ ਉਮਾਹ ਸੀ। ਇਹ ਉਨ੍ਹਾਂ ਵਿੱਚੋਂ ਇਕ ਹਨ, ਜੋ ਮਰਨ ਪਿੱਛੋਂ ਭੀ ਜੀਉਂਦੇ ਹਨ, ਜਿਨ੍ਹਾਂ ਨੂੰ ਮਰਨ ਦੀ ਜਾਚ ਹੈ। ਜਿਨ੍ਹਾਂ ਦਾ ਜੀਉਣਾ ਸਫਲ ਹੈ।”

“ਬਾਬਾ ਜੀ! ਭਾਈ ਹਰਿਆ ਰਾਮ ਜੀ ਨੂੰ ਕੁੰਜੀ ਕਿਹੜੀ ਲੱਭੀ? ਸੁਖਮਨੀ ਸਾਹਿਬ ਜੀ ਦੀ ਕੁੰਜੀ ਕੀ ਹੈ? ਭਾਈ
ਦਿਆਲ ਸਿੰਘ ਜੀ ਨੇ ਪੁੱਛਿਆ।

ਬਾਬਾ ਜੀ ਬੋਲੇ- ਜਿਸ ਪਦੇ ਵੱਲ ਉਹ ਇਸ਼ਾਰਾ ਕਰ ਗਏ ਹਨ, ਉਹੋ ਚਾਬੀ ਹੈ। ਇਸ ਨੂੰ ਸਮਝਣ ਲਈ ਪਹਿਲੇ ਕੁਝ ਪ੍ਰਸ਼ਨ ਕਰਨੇ ਪੈਣੇ ਹਨ।

ਭਗਤਾਂ ਨੂੰ ਜਨਮ ਦੇਣ ਵਾਲੀ ਕਿਹੜੀ ਸੁਭਾਗੀ ਅਤੇ ਸੁਲੱਖਣੀ ਕੁੱਖ ਹੈ?ਵੇਦ ਕਿੱਥੋਂ ਪੈਦਾ ਹੋਏ ਹਨ?
ਕੁਰਾਨ ਸ਼ਰੀਫ ਕਿੱਥੋਂ ਪੈਦਾ ਹੋਇਆ ਹੈ?
ਪਵਿੱਤਰ ਬਾਈਬਲ ਨੂੰ ਜਨਮ ਦੇਣ ਵਾਲੀ ਕਿਹੜੀ ਮਾਤਾ ਹੈ?
ਬਾਣੀ ਕਿੱਥੋਂ ਪੈਦਾ ਹੋਈ ਹੈ?
ਸਿੱਧਾਂ ਨੂੰ ਸਿੱਧ ਕਿਸ ਨੇ ਬਣਾਇਆ?
ਦਾਤਿਆਂ ਨੂੰ ਦਾਤਾ ਕਿਸ ਨੇ ਸਥਾਪਿਤ ਕੀਤਾ?
ਜੋਗੀਆਂ ਨੂੰ ਜੋਗੀ ਕਿਸ ਨੇ ਕੀਤਾ?
ਜਤੀਆਂ ਨੂੰ ਜਤੀ ਕਿਸ ਨੇ ਬਣਾਇਆ?
ਧਰਤੀ ਕਿਸ ਦੇ ਸਹਾਰੇ ਹੈ?
ਸਾਰੇ ਕਾਰਨਾਂ ਦਾ ਵੱਡਾ ਕਾਰਨ ਕੌਣ ਹੈ?
ਸਾਰੇ ਆਕਾਰ ਕਿਸ ਨੇ ਬਣਾਏ ਹਨ?
ਨੀਚ ਲੋਕਾਂ ਦੀ ਵਿਸ਼ਵ ਭਰ ਵਿਚ ਪ੍ਰਸਿੱਧੀ ਕਰਵਾਉਣ ਵਾਲਾ ਕੌਣ ਹੈ?
ਕਬੀਰ ਸਾਹਿਬ ਜੀ ਨੇ ਭੀ ਕੁਝ ਸਵਾਲ ਆਪਣੀ ਬਾਣੀ ਵਿਚ ਕੀਤੇ ਹਨ:-
ਰਾਮ ਵੱਡਾ ਹੈ ਕਿ ਰਾਮ ਨੂੰ ਜਾਣਨ ਵਾਲਾ ਵੱਡਾ ਹੈ?
ਤੀਰਥ ਵੱਡਾ ਹੈ ਕਿ ਹਰੀ ਦਾ ਸੇਵਕ ਵੱਡਾ ਹੈ?
ਵੇਦ ਵੱਡਾ ਹੈ ਕਿ ਜਿੱਥੋਂ ਵੇਦ ਆਇਆ ਹੈ, ਉਹ ਅਸਥਾਨ ਵੱਡਾ ਹੈ?
ਮਨ ਵੱਡਾ ਹੈ ਕਿ ਜਿਸ ਨਾਲ ਮਨ ਮੰਨ ਕੇ ਹਮੇਸ਼ਾ ਲਈ ਟਿਕ ਜਾਵੇ,
ਉਹ ਵੱਡਾ ਹੈ?
ਬਾਣੀ ਵਿਚ ਕਿਹਾ ਗਿਆ ਹੈ:- ‘ਨਾਉ ਤੇਰਾ ਨਿਰੰਕਾਰੁ ਹੈ॥’
ਨਿਰੰਕਾਰ ਸੱਚਖੰਡ ਵਿਚ ਵਸਦਾ ਹੈ।

ਸਾਰੇ ਜੀਵ-ਜੰਤਾਂ ਦਾ ਆਧਾਰ ਰੂਪ ਅਤੇ ਸਹਾਰਾ ਨਾਮ ਹੈ। ਨਿੱਕੀਆਂ-ਨਿੱਕੀਆਂ ਧਰਤੀਆਂ ਅਤੇ ਸਾਰੇ ਬ੍ਰਹਿਮੰਡ ਦਾ ਸਹਾਰਾ ਅਤੇ ਆਧਾਰ ਨਾਮ ਹੈ। ਸਾਰੀਆਂ ਸਿਮ੍ਰਤੀਆਂ, ਸਾਰੇ ਪੁਰਾਣ ਅਤੇ ਸਾਰੇ ਵੇਦ ਨਾਮ ਨੇ ਬਣਾਏ ਅਤੇ ਉਹੋ ਇਨ੍ਹਾਂ ਦਾ ਆਸਰਾ ਅਤੇ ਆਧਾਰ ਰੂਪ ਹੈ। ਹੇਠਲੇ ਅਤੇ ਉਪਰਲੇ ਸਾਰੇ ਪੁਲਾੜ ਨਾਮ ਨੇ ਪੈਦਾ ਕੀਤੇੇ ਹਨ ਅਤੇ ਨਾਮ ਹੀ ਇਨ੍ਹਾਂ ਦਾ ਸਹਾਰਾ ਅਤੇ ਆਧਾਰ ਹੈ।

ਬਾਣੀ ਅਨੁਸਾਰ ਖੰਭਾਂ ਵਾਲੇ ਸਾਰੇ ਪੰਛੀ ਨਾਮ ਜਪਦੇ ਹਨ। ਇਹ ਭੀ ਕਿਹਾ ਹੈ ਕਿ, ਮੈਂ ਉਨ੍ਹਾਂ ਸਾਰੇ ਪੰਛੀਆਂ ਦੇ ਉੱਪਰੋਂ ਜਾਨ ਵਾਰ ਦੇਵਾਂ, ਜਿਹੜੇ ਰੋੜੇ ਅਤੇ ਕੰਕਰਾਂ ਨਾਲ ਪੇਟ ਭਰਦੇ, ਜਿਨ੍ਹਾਂ ਦਾ ਵਾਸਾ ਜੰਗਲਾਂ ਅਤੇ ਬੀਆਬਾਨਾਂ ਵਿਚ ਹੈ, ਪਰ ਰੱਬ ਨੂੰ ਅੰਗ-ਸੰਗ ਜਾਣ ਕੇ ਉਸ ਦਾ ਸਿਮਰਨ ਕਰਦੇ ਹਨ।

ਮੈਂ ਉਨ੍ਹਾਂ ਸਾਰੇ ਚੁਪਾਇਆਂ ਤੋਂ ਭੀ ਕੁਰਬਾਨ ਜਾਂਦਾ ਹਾਂ, ਜਿਹੜੇ ਆਪਣੀ ਬੋਲੀ ਵਿਚ ਤੇਰਾ ਨਾਮ ਜਪਦੇ ਹਨ। ਮੈਂ ਜਲ ਵਿਚ ਰਹਿਣ ਵਾਲੀਆਂ ਬਤਾਲੀ ਲੱਖ ਜੋਨੀਆਂ ਦੇ ਸਦਕੜੇ ਜਾਂਦਾ ਹਾਂ, ਜੋ ਤੇਰੀ ਸਿਫਤ ਸਲਾਹ ਕਰਦੇ ਹਨ। ਤੈਨੂੰ ਧਰਤੀ ਅਰਾਧਦੀ ਹੈ, ਤੈਨੂੰ ਆਕਾਸ਼ ਆਰਾਧਦਾ ਹੈ। ਹੋਰ ਤਾਂ ਹੋਰ ਗਿੜਦੇ ਖੂਹ ਭੀ ‘ਤੂੰ ਤੂੰ’ ਦੀ ਧੁਨੀ ਲਾਉਂਦੇ ਹਨ। ਪੂਤਨਾ ਪੰਛੀ ਤੇਰੀ ਯਾਦ ਵਿਚ ਝੱਲਾ ਹੋਇਆ, ਦਿਨ ਰਾਤ, ਬਿਨਾਂ ਸਾਹ ਲੈਣ ਤੋਂ ‘ਤੁਹੀ ਤੁਹੀ, ਤੁਹੀ ਤੁਹੀ, ਤੁਹੀ ਤੁਹੀ, ਤੁਹੀ ਤੁਹੀ, ਤੁਹੀ
ਤੁਹੀ, ਤੁਹੀ ਤੁਹੀ, ਤੁਹੀ ਤੁਹੀ, ਤੁਹੀ ਤੁਹੀ ਦੀ ਧੁਨੀ ਲਾਈ ਰੱਖਦਾ ਹੈ।

ਸਿਮਰਨ ਹੀ ਨਿਰੰਕਾਰ ਹੈ, ਸਿਮਰਨ ਵਿੱਚੋਂ ਹੀ ਭਗਤ ਜਨਮ ਲੈਂਦੇ ਹਨ। ਸਿਮਰਨ ਵਿੱਚੋਂ ਸਿੱਧ ਉਪਜਦੇ ਹਨ। ਸਿਮਰਨ ਹੀ ਜਤੀ ਬਣਾਉਂਦਾ ਹੈ ਅਤੇ ਸਿਮਰਨ ਵਿਚ ਦਾਤੇ ਜਨਮ ਲੈਂਦੇ ਹਨ। ਸਿਮਰਨ ਦੀ ਕੁੱਖ ਵਿੱਚੋਂ ਵੇਦ ਪੈਦਾ ਹੋਏ ਹਨ। ਸਿਮਰਨ ਨੇ ਹੀ ਸਾਰੇ ਪਵਿੱਤਰ ਗ੍ਰੰਥ ਪੈਦਾ ਕੀਤੇ ਹਨ। ਸਾਰੇ ਆਕਾਰ ਸਿਮਰਨ ਵਿੱਚੋਂ ਹੀ ਨਿਕਲੇ ਹਨ। ਸਾਰੇ ਕਾਰਨਾਂ ਦੀ ਲੰਮੀ ਲੜੀ ਸਿਮਰਨ ਵਿੱਚੋਂ ਨਿਕਲਦੀ ਹੈ। ਨੀਚਾਂ ਨੂੰ ਉੱਚਾ ਕਰ ਕੇ ਸਾਰੇ ਸੰਸਾਰ ਵਿਚ ਪ੍ਰਸਿੱਧ ਕਾਰਨ ਵਾਲਾ ਸਿਮਰਨ ਹੈ।
ਸਿਮਰਨ ਕੇਵਲ ਇਕ ਸ਼ਬਦ ਨਹੀਂ, ਕੇਵਲ ਚਾਰ ਅੱਖਰ ਨਹੀਂ ਇਹੋ ਹੀ ਸਭ ਕੁਝ ਹੈ, ਇਸ ਤੋਂ ਹੋਰ ਕੋਈ ਵੱਖਰੀ ਹਸਤੀ ਨਹੀਂ ਹੈ। ਰੋਟੀ ਚਬਾਇਆਂ ਮੂੰਹ ਦੀਆਂ ਗ੍ਰੰਥੀਆਂ ਵਿੱਚੋਂ ਖੰਡਾ (ਪਾਚਨਿਕ ਰਸ) ਪੈਦਾ ਹੋ ਜਾਂਦੀ ਹੈ। ਸਿਮਰਨ ਵਿੱਚੋਂ ਅੰਮ੍ਰਿਤ ਦੀਆਂ ਧਾਰਾਂ ਵਗਣ ਲੱਗ ਪੈਂਦੀਆਂ ਹਨ, ਭਗਤ ਅੰਮ੍ਰਿਤ ਦੇ ਬੁਰਕੇ ਛਕਦੇ ਹਨ। ਰਸਨਾ ਸਿਮਰਨ ਨਾਲ ਗੀਧੀ ਜਾਂਦੀ ਹੈ। ਜ਼ੁਬਾਨ ਬੜੀ ਸ਼ਕਤੀ-ਸ਼ਾਲੀ ਹੈ। ਇਹ ਅਣਡਿੱਠਿਆਂ ਨੂੰ ਵਰਣਨ ਕਰ ਸਕਦੀ ਹੈ, ਪਰ ਇਹ ਨਾਮ ਦੇ ਸਵਾਦ ਨੂੰ ਦੱਸਣ
ਵੇਲੇ ਗੂੰਗੀ ਬਣ ਜਾਂਦੀ ਹੈ।

ਨਾਮ ਖੁਮਾਰੀ ਦਿਨ ਰਾਤ ਚੜ੍ਹੀ ਰਹਿੰਦੀ ਹੈ, ਇਹ ਇਕ ਸਚਿਆਈ ਹੈ। ਇਹ ਇਕ ਸੱਚਾ ਅਨੁਭਵ ਹੈ। ਨਾਮ-ਰਸ ਵਾਲੇ ਨੂੰ ਹੋਰ ਸਾਰੇ ਰਸ ਫਿੱਕੇ ਲੱਗਣ ਲੱਗ ਜਾਂਦੇ ਹਨ। ਨਾਮ ਬਿਨਾ ਦਿੱਬ-ਦ੍ਰਿਸ਼ਟੀ ਨਹੀਂ ਪੈਦਾ ਹੁੰਦੀ। ਦਿੱਬ-ਦ੍ਰਿਸ਼ਟੀ ਕੀ ਹੈ? ਨਾਮ ਦਾ ਅੱਖ ਰਾਹੀਂ ਪ੍ਰਗਟ ਹੋਣਾ। ਵਾਕ ਸਤਾ ਕੀ ਹੈ? ਨਾਮ ਦਾ ਰਸਨਾ ਨਾਲ ਓਤ-ਪੋਤ ਹੋ ਜਾਣਾ।

ਅੰਤਰਯਾਮਤਾ ਕੀ ਹੈ? ਸਰਬ-ਵਿਆਪਕ ਸਿਮਰਨ ਨਾਲ ਸਾਂਝ। ਬ੍ਰਹਮ ਗਿਆਤਾ ਕੀ ਹੈ? ਸਾਰੇ ਬ੍ਰਹਿਮੰਡ ਦੀ ਚੂਲ,
ਨਾਮ ਦੀ ਸੋਝੀ ਹੋ ਜਾਣੀ।

ਭਗਤ ਕਬੀਰ ਜੀ ਆਪਣੇ ਪ੍ਰਸ਼ਨਾਂ ਵਿਚ ਨਾਮ ਅਤੇ ਨਾਮੀ ਦੋਹਾਂ ਦੀ ਰਲੀ-ਮਿਲੀ ਗੱਲ ਕਰਦੇ ਹਨ:-
ਰਾਮ ਨਾਲੋਂ ਰਾਮ ਨੂੰ ਜਾਣਨ ਵਾਲਾ ਵੱਡਾ ਹੈ।
ਰਾਮ ਦੀ ਹੋਂਦ, ਰਾਮ ਨੂੰ ਜਾਣਨ ਵਾਲਿਆਂ ਨੇ ਪੈਦਾ ਕੀਤੀ।
ਰਾਮ ਦੀ ਗੱਲ ਪਰਾ-ਸਰੀਰਕ ਹੈ।
ਉਹ ਕੋਈ ਭੌਤਕ ਵਸਤੂ ਨਹੀਂ ਹੈ।
ਨਿੱਜੀ ਅਨੁਭਵ ਦਾ ਸਰਮਾਇਆ ਹੈ।
ਵੇਦ ਛੋਟਾ ਹੈ, ਜਿੱਥੋਂ ਵੇਦ ਆਇਆ ਹੈ, ਉਹ ਥਾਂ ਵੱਡਾ ਹੈ।
ਵੇਦ ਸਿਮਰਨ ਵਿੱਚੋਂ ਹੋਏ ਹਨ।
ਵੇਦ ਦਾ ਬੀਜ ਸਿਮਰਨ ਦੀ ਧਰਤੀ ਵਿਚ ਪੈਦਾ ਹੁੰਦਾ ਹੈ।
ਸਾਰੇ ਬੂਟਿਆਂ ਨਾਲੋਂ ਧਰਤੀ ਵੱਡੀ ਹੈ।
ਧਰਤੀ ਬੂਟਿਆਂ ਦੀ ਮਾਂ ਹੈ।
ਮਨ ਛੋਟਾ ਹੈ, ਜਿਸ ਨਾਲ ਮਨ ਮੰਨ ਜਾਵੇ, ਉਹ ਵੱਡਾ ਹੈ।
ਸਿਮਰਨ ਵਾਲੇ ਦੇ ਸਾਰੇ ਨਾਸਨ-ਭਾਜਨ ਥੱਕ ਜਾਂਦੇ ਹਨ।
ਹਰੀ ਨੂੰ ਜਾਣਨ ਪਿੱਛੋਂ ਹੀ ਮਨ ਮੰਨਦਾ ਹੈ।
ਹਰੀ ਦਾ ਸਰੂਪ ਕੀ ਹੈ?
ਸਿਮਰਨ ਹੀ ਨਿਰੰਕਾਰ ਹੈ, ਨਾਮ ਹੀ ਨਿਰੰਕਾਰ ਹੈ।
ਬ੍ਰਹਮਾ ਛੋਟਾ ਹੈ।
ਬ੍ਰਹਮਾ ਨੂੰ ਪੈਦਾ ਕਰਨ ਵਾਲਾ ਵੱਡਾ ਹੈ।
ਬ੍ਰਹਮਾ ਕਿੱਥੋਂ ਪੈਦਾ ਹੋਇਆ?
ਸਿਮਰਨ ਵਿੱਚੋਂ।
ਸਿਮਰਨ ਨੇ ਬ੍ਰਹਮਾ ਨੂੰ ਪੈਦਾ ਕੀਤਾ ਹੈ।
ਪੰਜਾਬੀ ਦੀ ਇਕ ਅਖੌਤ ਹੈ:
‘ਰੱਬ ਨੇ ਦਿੱਤੀਆਂ ਗਾਜਰਾਂ, ਵਿਚੇ ਰੰਬਾ ਰੱਖ’
ਰੰਬਾ ਹੀ ਗਾਜਰਾਂ ਦਾ ਵਾਧਾ ਹੈ, ਰੰਬਾ ਹੀ ਗਾਜਰਾਂ ਦੀ ਬਰਕਤ ਹੈ। ਰੰਬਾ ਚਲਾਉਣਾ ਕੋਈ ਖੁਸ਼ਕ ਕੰਮ ਨਹੀਂ। ਨਾਲ
ਨਾਲ ਮਿੱਠੀਆਂ ਗਾਜਰਾਂ ਦੀ ਪ੍ਰਾਪਤੀ ਹੈ। ਰੰਬਾ ਗਾਜਰਾਂ ਦੇ ਖੇਤ ਵਿਚ ਹੀ ਰਹਿਣਾ ਚਾਹੀਦਾ ਹੈ। ਰੰਬਾ ਕਦੇ ਭੀ ਰੁਕਣਾ ਨਹੀਂ
ਚਾਹੀਦਾ। ਇਹ ਅੱਠ ਪਹਿਰ ਚਲਦਾ ਰਹਿਣਾ ਚਾਹੀਦਾ ਹੈ। ਚੱਲਦੇ ਰੰਬੇ ਦੀ ਧਾਰਾ ਆਪਣੇ ਆਪ ਤਿੱਖੀ ਹੋ ਜਾਂਦੀ ਹੈ। ਚਲਦੇ
ਰੰਬੇ ਨੂੰ ਕਦੀ ਜੰਗ ਨਹੀਂ ਲੱਗਦਾ। ਸਿਮਰਨ ਨਾਲ ਕੋਈ ਵਿਘਨ ਨਹੀਂ ਪੈਂਦਾ। ਸਿਮਰਨ ਸ਼ਹਿਦ ਦੀ ਨਦੀ ਹੈ, ਇਹ ਪ੍ਰਵਾਹ
ਰੂਪ ਹੈ। ਇਹ ਕਦੇ ਖੜੋਂਦਾ ਨਹੀਂ, ਇਹ ਅਣਥੱਕ ਹੈ, ਕਦੇ ਭੀ ਥੱਕ ਕੇ ਸਾਹ ਨਹੀਂ ਲੈਂਦਾ। ਸਾਰੀ ਸ਼ਕਤੀ ਵਗਦੇ ਪਾਣੀ ਵਿਚ
ਹੁੰਦੀ ਹੈ। ਖੜੋਤਾ ਪਾਣੀ ਨਿਰਬਲ ਹੁੰਦਾ ਹੈ, ਵਗਦਾ ਪਾਣੀ ਬਿਜਲੀ ਪੈਦਾ ਕਰਦਾ ਹੈ। ਸਿਮਰਨ ਸਮਰੱਥ ਹੈ। ਸਿਮਰਨ ਹੀ
ਪਾਰਸ ਕਲਾ ਹੈ। ਸਿਮਰਨ ਹੀ ਪਾਰ ਉਤਾਰਾ ਹੈ।

ਸਿਮਰਨ ਹੀ ਕਾਰਜਾਂ ਦਾ ਮਹਾਂ-ਕਾਰਜ ਹੈ। ਸੰਸਾਰ ਵਿਚ ਸਿਮਰਨ ਦਾ ਕਾਰਜ ਰਚਿਆ ਹੋਇਆ ਹੈ। ਸਿਮਰਨ ਹੀ ਅਨੰਦ ਕਾਰਜ ਹੈ। ਸਿਮਰਨ ਹੀ ਲਾੜਾ ਹੈ, ਹੋਰ ਸਾਰੀ ਲੋਕਾਈ ਜਾਂਞੀ ਮਾਂਞੀ ਹੈ। ਸਿਮਰਨ ਨਿਰੀ ਗੱਲ ਨਹੀਂ। ਇਹ ਦਰਗਾਹ ਦਾ ਸੱਚ ਹੈ, ਇਹ ਵਿਸ਼ਵ ਦਾ ਵਿਧਾਨ ਹੈ, ਰਾਜ ਦਾ ਸਿੱਕਾ ਹੈ। ਪ੍ਰਵਾਨਗੀ ਦੀ ਮੋਹਰ ਹੈ।

ਨਿਰੰਕਾਰ ਸਿਮਰਨ ਵਿਚ ਵਸਦਾ ਹੈ, ਇਹੋ ਬਾਣੀ ਦੀ ਮਾਸਟਰ ਚਾਬੀ ਹੈ। ਮਾਸਟਰ ਕੁੰਜੀ ਨਾਲ ਸਾਰੇ ਤਾਲੇ ਖੁੱਲ੍ਹ ਜਾਂਦੇ ਹਨ। ਸਿਮਰਨ ਹੀ ਮਿਲਾਪ ਹੈ। ਸਿਮਰਨ ਕੋਈ ਸਾਧਨ ਨਹੀਂ ਹੈ। ਇਹੋਂ ਮੰਜ਼ਿਲ ਦੀ ਪ੍ਰਾਪਤੀ ਹੈ। ਸਿਮਰਨ ਗਤੀ ਹੈ, ਸਿਮਰਨ ਜਾਗਦੀ ਜਿੰਦ ਹੈ। ਮਘਦੀ ਚਿਣਗ ਹੈ, ਭਖਦਾ ਜੀਵਨ ਹੈ।

ਗੁਰਮਤਿ ਪ੍ਰਕਾਸ਼, ਮਈ 1988

*ਗੁਰਪੁਰਵਾਸੀ