198 views 6 secs 0 comments

ਬਾਣੀ ਬਿਰਲਉ ਬੀਚਾਰਸੀ…

ਲੇਖ
February 24, 2025

ਗੁਰਬਾਣੀ ਵਿਚਾਰ:

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥   (ਪੰਨਾ ੯੩੫)

ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਰਚਿਤ ਇਨ੍ਹਾਂ ਪਾਵਨ ਸਤਰਾਂ ਵਿਚ ਗੁਰਬਾਣੀ ਨੂੰ ਗੁਰਮੁਖੀ ਸੋਚ/ਦ੍ਰਿਸ਼ਟੀ ਦੁਆਰਾ ਸਮਝਣ ਦਾ ਉਪਦੇਸ਼ ਦਿੱਤਾ ਗਿਆ ਹੈ।

ਗੁਰੂ ਪਾਤਸ਼ਾਹ ਜੀ ਫ਼ਰਮਾਉਂਦੇ ਹਨ ਕਿ ਜੇ ਕੋਈ ਗੁਰੂ ਅਨੁਸਾਰੀ (ਗੁਰਮੁਖੀ) ਸੋਚ ਦਾ ਧਾਰਨੀ ਹੋਵੇ, ਉਹੋ ਵਿਰਲਾ ਸੱਜਣ ਹੀ ਗੁਰਬਾਣੀ ਨੂੰ ਵਿਚਾਰਦਾ ਹੈ। ਇਹ ਅਕਾਲ ਪੁਰਖ ਦੀ ਬਾਣੀ ਹੈ, ਜਿਸ ਰਾਹੀਂ ਅੰਤਰਮੁਖੀ ਹੋਇਆ ਜਾ ਸਕਦਾ ਹੈ, ਭਾਵ ਭਟਕਣਬਾਜ਼ੀ ਤੋਂ ਖਲਾਸੀ ਪਾਈ ਜਾ ਸਕਦੀ ਹੈ।

ਇਨਸਾਨੀ ਜ਼ਿੰਦਗੀ ਵਿਚ ਦਰਪੇਸ਼ ਸਾਰੀਆਂ ਪਰੇਸ਼ਾਨੀਆਂ, ਦੁੱਖਾਂ ਤੇ ਤਕਲੀਫਾਂ ਦੇ ਮੂਲ-ਵਜ੍ਹਾ ਅਸਲੀਅਤ ਤੋਂ ਅਨਜਾਣ ਭਾਵ ਗਿਆਨਹੀਣ ਹੋਣਾ ਹੈ। ਇਸੇ ਲਈ ਉਹ ਭਰਮ ਤੇ ਅਗਿਆਨ ਦੇ ਹਨ੍ਹੇਰੇ ਵਿਚ ਭਟਕਦਾ ਹੈ। ਪਰ ਜੇ ਗੁਰੂ ਦੀ ਸਿੱਖਿਆ ਨੂੰ ਵਿਚਾਰ ਕੇ ਅਸਲੀਅਤ ਤੋਂ ਜਾਣੂ ਹੋ ਜਾਏ ਤਾਂ ਉਹ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਖੁਦ ਢੂੰਡਣ ਦੇ ਸਮਰੱਥ ਹੋ ਸਕਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਬਿਬੇਕ-ਵਿਚਾਰ ਦੁਆਰਾ ਗੁਰਬਾਣੀ ਦੇ ਉਪਦੇਸ਼ ਨੂੰ ਸਮਝਿਆ ਜਾਵੇ।

ਪਰ ਅਜੋਕੇ ਸਮੇਂ ਸਾਡੀ ਹਾਲਤ ਕੀ ਹੈ? ਬੇਸ਼ੱਕ ਅੱਜ ਅਸੀਂ ਰੁਹਾਨੀ ਬਾਣੀ ਦੇ ਅਦੁੱਤੀ ਖਜ਼ਾਨੇ ਨੂੰ ਰਸਮੀ ਅਦਬ-ਸਤਿਕਾਰ ਤਾਂ ਦੇਂਦੇ ਹਾਂ ਪਰ ਇਸ ਵਿਚ ਮੌਜੂਦ ਜੀਵਨ-ਅਮਲ ਵਾਲੇ ਉਪਦੇਸ਼ ਨੂੰ ਸਮਝਣ ਵਿਚਾਰਨ ਦਾ ਜਤਨ ਹੀ ਨਹੀਂ ਕਰਦੇ। ਆਮ ਤੌਰ ‘ਤੇ ਅਸੀਂ ਇਕ ਕੰਨ ਤੋਂ ਸੁਣ ਕੇ ਦੂਜੇ ਕੰਨੋਂ ਬਾਹਰ ਕੱਢ ਦੇਂਦੇ ਹਾਂ। ‘ਪੜਿ ਪੜਿ ਗਡੀ ਲਦੀਅਹਿ…’ ਦੇ ਮਹਾਂਵਾਕ ਅਨੁਸਾਰ ਅਸੀਂ ਗੁਰਬਾਣੀ ਦਾ ਪਾਠ ਤਾਂ ਬਹੁਤ ਕਰਦੇ ਹਾਂ ਪਰ ਨਾ ਤਾਂ ਇਸ ‘ਤੇ ਕੋਈ ਵਿਚਾਰ ਹੀ ਕਰਦੇ ਹਾਂ ਅਤੇ ਨਾ ਹੀ ਇਸ ਵਿਚਲੀ ਗੁਰ-ਸਿੱਖਿਆ ‘ਤੇ ਅਮਲ ਕਰਦੇ ਹਾਂ। ਸਾਡੀ ਹਾਲਤ ਕੜਛੀਆਂ ਵਰਗੀ ਹੈ, ਜਿਹੜੀਆਂ ਭਾਂਤ ਭਾਂਤ ਦੇ ਪਕਵਾਨਾਂ ਵਿਚ ਫਿਰਦੀਆਂ ਹੋਈਆਂ ਵੀ ਉਨ੍ਹਾਂ ਦਾ ਸਵਾਦ ਨਹੀਂ ਜਾਣ ਸਕਦੀਆਂ; ਭਾਵ ਸਵਾਦ ਮਾਣਨ ਤੋਂ ਵਾਂਝੀਆਂ ਹੀ ਰਹਿੰਦੀਆਂ ਹਨ। ਗੁਰੂ ਨਾਨਕ ਪਾਤਸ਼ਾਹ ਤਾਂ ਉਨ੍ਹਾਂ ਮੁਖੜਿਆਂ ਦੇ ਦੀਦਾਰ ਦੀ ਤਾਂਘ ਰੱਖਦੇ ਹਨ, ਜਿਹੜੇ ‘ ਪ੍ਰਭੂ ਪ੍ਰੀਤ ਦੇ ਸੁਆਦ ਵਿਚ ਰੱਤੇ ਹੋਏ ਹਨ:

ਕੜਛੀਆ ਫਿਰੰਨਿ ਸੁਆਉ ਨ ਜਾਣਨ੍ਹਿ ਸੁਞੀਆ॥
ਸੋਈ ਮੁਖ ਦਿਸੰਨ੍ਹਿ ਨਾਨਕ ਰਤੇ ਪ੍ਰੇਮ ਰਸਿ॥   (ਪੰਨਾ ੫੨੧)

ਕਹਿਣ ਤੋਂ ਭਾਵ, ਗੁਰਬਾਣੀ ਰੂਪੀ ਸਾਤਵਿਕ ਭੋਜਨ ਦਾ ਆਨੰਦ ਤਾਂ ਹੀ ਮਾਣਿਆ ਜਾ ਸਕਦਾ ਹੈ ਜੇ ਇਸ ਵਿਚਲੇ ਕਲਿਆਣਕਾਰੀ ਸੰਦੇਸ਼ ਨੂੰ ਸਮਝਿਆ, ਵਿਚਾਰਿਆ ਜਾਵੇ। ਰਸਮੀ ਪਾਠ ਸਾਨੂੰ ਗੁਣੀ ਨਿਧਾਨ ਰੱਬ ਨਾਲ ਪ੍ਰੀਤ ਪਾਉਣ ‘ਚ ਸਹਾਈ ਨਹੀਂ ਹੋ ਸਕਣਗੇ, ਮਹਿਜ਼ ਦਿਖਾਵਾ ਬਣ ਕੇ ਰਹਿ ਜਾਣਗੇ ! ਜਿੰਨਾ ਚਿਰ ਗੁਰ-ਉਪਦੇਸ਼ ਦੀ ਸਾਰ-ਸੋਝੀ ਹਾਸਲ ਨਹੀਂ ਹੁੰਦੀ, ਓਨਾ ਚਿਰ ਭਟਕਣਬਾਜ਼ੀ ਤੋਂ ਖਲਾਸੀ ਨਹੀਂ ਪਾਈ ਜਾ ਸਕਦੀ।

ਸੋ ਲੋੜ ਹੈ ਗੁਰਬਾਣੀ ਨੂੰ ਪੜ੍ਹਨ ਸਮੇਂ, ਇਸ ਦੇ ਮੂਲ ਉਦੇਸ਼ ਨੂੰ ਸਮਝਿਆ, ਵਿਚਾਰਿਆ ਜਾਵੇ, ਉਪਰੰਤ ਉਸ ਨੂੰ ਆਪਣੇ ਅਮਲੀ ਜੀਵਨ ਵਿਚ ਅਪਣਾਉਣ ਦਾ ਜਤਨ ਕੀਤਾ ਜਾਵੇ।