ਸੁਲਤਾਨਪੁਰ ਦੀ ਧਰਤੀ ਨੂੰ ਨਮਸਕਾਰ ਕਰਕੇ ਗੜਗੱਜ ਅਕਾਲੀ ਦੇ ਮਨ ‘ਚੋਂ ਮੋਹ ਭਿੱਜੇ ਸ਼ਰਧਾਮਈ ਬੋਲ ਇਕ ਵੇਦਨਾ ਬਣ ਕੇ ਨਿਕਲੇ, ਜਾਣੀ ਸਾਖ਼ਸ਼ਾਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਅੱਖਾਂ ਸਾਹਵੇਂ ਘੁੰਮ ਗਿਆ ਤੇ ਵਰਤਮਾਨ ਹਾਲਾਤ ਵੀ।
ਆਹ ਮੇਰੇ ਸੱਚੇ ਪਾਤਸ਼ਾਹ ਦੀ ਪਾਵਨ ਚਰਨ-ਛੂਹ ਧਰਤੀ, ਜਿਥੇ ਉਨ੍ਹਾਂ ਜ਼ਿੰਦਗੀ ਦਾ ਕਾਫ਼ੀ ਸਮਾਂ ਗੁਜ਼ਾਰਿਆ, ਗੁਜ਼ਾਰਿਆ ਈ ਨਹੀਂ, ਸਗੋਂ ਹਰ ਦਿਨ ਇੱਕ ਨਵੇਂ ਰੰਗ ਵਿਚ ਰੰਗਿਆ ਗਿਆ। ਇਥੇ ਅਧਿਆਤਮ ਮਾਰਗ ਦੇ ਪਾਂਧੀਆਂ ਨੂੰ ਸਫ਼ਲ ਤੇ ਸਰਲ ਮਾਰਗ ‘ਤੇ ਚੱਲਣ ਦੀਆਂ ਜਾਚਾਂ ਸਿਖਾਈਆਂ ਅਤੇ ਇਨ੍ਹਾਂ ਰਮਜ਼ਾਂ ਵਿਚ ਰਾਜਨੀਤਕ, ਸਮਾਜਿਕ, ਆਰਥਿਕ ਤੇ ਬੌਧਿਕ ਵਿਕਾਸ ਦੀ ਜੀਵਨ-ਜੁਗਤ ਵੀ ਸੀ। ਏਥੇ ਸੱਚੇ ਧਰਮ ਦਾ ਤਰਾਜੂ ਤੋਲਦਿਆਂ ‘ਤੇਰਾ ਹਾਂ-ਤੇਰਾ ਹਾਂ’ ਦੀ ਧੁਨੀ ਇਉਂ ਗੂੰਜ ਉੱਠੀ ਜੋ ਸੁੱਤੀਆ ਸੋਚਾਂ ਨੂੰ ਸੋਚਣ ਲਈ ਮਜਬੂਰ ਕਰ ਗਈ ਤੇ ਅਰਧ ਸੁਚੇਤ ਸੋਚਾਂ ਝੰਜੋੜੀਆਂ ਗਈਆਂ ਕਿ ਹੈਂ, ਇਹ ਕੀ…..?
ਇਸ ਮੈਂ ਤੇ ਮੇਰ-ਤੇਰ ਦੀ ਦੁਨੀਆਂ ‘ਚ ਹਉਂ ਤੇ ਲੋਭ ‘ਚ ਜੀਵਨ ਜਿਉਂਦੀ ਲੋਕਾਈ ਦੀ ਐਸੀ ਦੀਰਘ ਦ੍ਰਿਸ਼ਟੀ ਕਿਥੇ? ਸਗੋਂ ਇਕ ਵਾਰੀ ਤਾਂ ਮੋਦੀਖ਼ਾਨੇ ਦੇ ਵਾਰਸ ਵੀ ਭੁੰਚਲ ਕੇ ਰਹਿ ਗਏ। ਸਮੁੱਚਾ ਮੁਤਾਲਿਆ ਕਰਨ ਤੋਂ ਬਾਅਦ ਸਮਝ ਆਈ ਕਿ ਮੋਦੀਖਾਨਾ ਲੁੱਟਿਆ ਨਹੀਂ ਗਿਆ, ਸਗੋਂ ਭਰਪੂਰ ਐ। ਕੌਣ ਸਮਝਾਵੇ ਕਿ ਜੇ ਤੋਲਣ ਵਾਲਾ ਧਰਮੀ, ਇਨਸਾਫ਼-ਪਸੰਦ ਤੇ ਦਰਦਮੰਦਾਂ ਦਾ ਦਰਦੀ ਹੋਵੇ ਤਾਂ ਮੋਦੀਖ਼ਾਨੇ ਘਟਦੇ ਨਹੀਂ, ਸਗੋਂ ਵਧਦੇ ਨੇ ? ਅਸੀਂ ਸੰਸਾਰੀ ਲੋਕ ਨੇਕ ਕਿਰਤਾਂ ਤੇ ਕਮਾਈਆਂ ਨੂੰ ਤੋਲਣ ਲੱਗਿਆਂ ‘ਤੇਰਾ’ ਨਹੀਂ ਸਗੋਂ ‘ਮੇਰਾ ਮੇਰਾ’ ਕਹਿ ਉੱਠਦੇ ਆਂ ਤੇ ਇਹ ‘ਮੇਰਾ ਮੇਰਾ’ ਈ ਸਭ ਘਾਟਿਆਂ, ਬੇਈਮਾਨੀਆਂ ਤੇ ਮਿਲਾਵਟਾਂ ਨੂੰ ਜਨਮ ਦੇ ਰਿਹਾ ਏ। ਏਹੋ ਈ ਆਮ ਸੰਸਾਰੀਆਂ ਤੇ ਧਰਮੀਆਂ ਦੇ ਤੋਲ ਵਿਚ ਫ਼ਰਕ ਐ ਪਰ ਇਹ ਨੂੰਗਾਮਾਰ ਬਿਰਤੀ ਨਾਲ ਨਹੀਂ ਸਗੋਂ ਸੂਖਸ਼ਮ ਬਿਰਤੀ ਨਾਲ ਸਮਝ ਆਏਗਾ। ‘ਮੇਰਾ ਮੇਰਾ’ ਕਹਿ ਕੇ ਤਜੌਰੀਆਂ ਤਾਂ ਭਰ ਸਕਦੀਆਂ ਪਰ ਨੀਤਾਂ ਖ਼ਾਲੀ ਤੇ ਸੱਖਣੀਆਂ ਰਹੀਆਂ। ਐਸਾ ਤੋਲਣ ਵਾਲਿਆਂ ਨੂੰ ਮੇਰੇ ਪਾਤਸ਼ਾਹ ਦੀ ਜੀਵਨ ਸਾਖੀ ਵੰਗਾਰ ਰਹੀ ਹੈ, ਉਏ ਭੋਲਿਓ! ਲੋੜਵੰਦਾਂ ਤੇ ਗ਼ਰਜ਼ ਮਾਰਿਆਂ ਨੂੰ ਸਹਾਰਾ ਕੌਣ ਦੇਵੇਗਾ ? ਇਹ ਪਾਪਾਂ ਨਾਲ ਜੋੜਿਆ ਹੋਇਆ, ਜੇ ਮੋਇਆਂ ਦੇ ਸਾਥ ਨਹੀਂ ਜਾਣਾ ਤਾਂ ਇਕ ਵਾਰੀ ਧਰਮੀ ਬਣ ਕੇ ਤੋਲ ਕੇ ਤਾਂ ਦੇਖੋ।
ਏਸੇ ਸੁਲਤਾਨਪੁਰ ਦੀ ਧਰਤੀ ‘ਤੇ ਮੇਰੇ ਪਾਤਸ਼ਾਹ ਨੇ ਜ਼ਾਤ-ਪਾਤ ਦੀ ਵਿਤਕਰੇਬਾਜ਼ੀ ਦੇ ਭਰਮਗੜ੍ਹ ਨੂੰ ਤਹਿਸ-ਨਹਿਸ ਕੀਤਾ ਜਦ ਵੇਈਂ ਨਦੀ ‘ਚੋਂ ਪ੍ਰਗਟ ਹੋ ਕੇ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਦਾ ਨਾਅਰਾ ਬੁਲੰਦ ਕੀਤਾ। ਪਰ ਇਸ ਤੋਂ ਪਿਛੋਕੜ ‘ਤੇ ਝਾਤੀ ਮਾਰੀਏ ਤਾਂ ਸਿੱਖੀ ਦੇ ਘੜਨਹਾਰੇ ਦੀ ਘਾੜਤ ਦਾ ਪ੍ਰਤੱਖ ਰੂਪ ਨਜ਼ਰ ਆਉਂਦਾ ਏ। ਅੰਮ੍ਰਿਤ ਵੇਲੇ ਜਾਗਣਾ ਤੇ ਵੇਈਂ ਦੇ ਸ਼ਾਂਤ ਪਾਣੀਆਂ ‘ਚ ਇਸ਼ਨਾਨ ਕਰਦਿਆਂ ਤਨ ਅਤੇ ਮਨ ਨੂੰ ਪਵਿੱਤਰ ਕਰਨ ਦਾ ਉਪਦੇਸ਼ ਸੰਸਾਰ ਨੂੰ ਦਿੱਤਾ ਅਤੇ ਫਿਰ ਉਸ ਕਰਤੇ ਦੇ ਸਿਮਰਨ ‘ਚੋਂ ਇਕ-ਮਿਕ ਹੋਈ ਕਰਤਾਰੀ ਬਿਰਤੀ ਦਾ ਪੈਗ਼ਾਮ ਲੋਕਾਈ ਨੇ ਸੁਣਿਆ। ਤਨ ਮਨ ਕਰਕੇ ਪਵਿੱਤਰ ਹੋਈ ਆਤਮਾ ਹੀ ਐਸੀ ਭਾਵਨਾ ਨੂੰ ਅਨੁਭਵ ਕਰ ਸਕਦੀ ਏ। ਏਥੇ ਸੱਚੇ ਧਰਮ ਦਾ ਪਰਚਮ ਬੁਲੰਦ ਹੋਇਆ। ਏਥੇ ਮੇਰੇ ਪਾਤਸ਼ਾਹ ਦੀਆਂ ਗੁਹਜ ਭਰਪੂਰ ਰਮਜ਼ਾਂ ਆਮ ਸੰਸਾਰੀਆਂ ਨੂੰ ਅਜੀਬ ਜਿਹੀਆਂ ਜਾਪੀਆਂ। ਇਸ ਜ਼ੁਲਮ ਤੇ ਵਧੀਕੀਆਂ ਦੇ ਮਾਹੌਲ ‘ਚ ਸੀਸ ਤਲੀ ‘ਤੇ ਧਰ ਕੇ, ਪ੍ਰੇਰਨਾ ਨਾਲ ਸੁੱਤੀਆਂ ਸੋਚਾਂ ਨੂੰ ਝੰਜੋੜਨ ਵਾਲੇ ਜਗਤ ਗੁਰੂ ਦਾ ਪੈਗ਼ਾਮ ਸੀ ਪਰ ਇਹ ਨਿੱਜੀ ਅਕਲ ਦੇ ਪੈਮਾਨਿਆਂ ਨਾਲ ਜੀਵਨ ਜੀਣ ਵਾਲੇ ਲੋਕਾਂ ਦੀ ਸਮਝ ਤੋਂ ਬਾਹਰਾ ਸੀ। ਜਦ ਬਚਕਾਨਾ ਸੋਚਾਂ ਨੇ ਸ਼ੰਕਾ ਉਠਾਇਆ ਕਿ ਇਹ ਕੀ, ‘ਨਾ ਕੋਈ ਹਿੰਦੂ ਨਾ ਮੁਸਲਮਾਨ ?’ ਫਿਰ ਕਿਸ ਦੇ ਰਾਹ ਤੁਰੀਏ?
ਗੁਰੂ ਜੀ ਨੇ ਏਥੇ ਸਮਝਾਇਆ ਕਿ ਸੱਚ ਦੇ ਰਾਹ, ਪਰਮਾਤਮਾ ਦੇ ਰਾਹ, ਜੋ ਨਾ ਹਿੰਦੂ ਹੈ ਤੇ ਨਾ ਮੁਸਲਮਾਨ ਐਂ।
ਇਹ ਪ੍ਰਸ਼ਨ ਤਾਂ ਅੱਜ ਇੱਕੀਵੀਂ ਸਦੀ ‘ਚ ਵੀ ਧਰਮਾਂ, ਜ਼ਾਤਾਂ-ਪਾਤਾਂ ਦੇ ਨਾਉਂ ‘ਤੇ ਨਫ਼ਰਤ ਤੇ ਕਤਲੋਗਾਰਤ ਕਰਦੇ ਲੋਕਾਂ ਨੂੰ ਵੰਗਾਰ ਰਿਹਾ ਏ ਕਿ ਆਪਣੀ ਆਤਮਾ ਨੂੰ ਪੁੱਛੋ ਕਿ ਇਕ ਫ਼ਿਰਕੇ ਦਾ ਕਤਲ ਕਰ ਕੇ, ਕਿਹੜੇ ਪਰਮਾਤਮਾ-ਅੱਲਾ-ਰਾਮ ਜਾਂ ਈਸ਼ਵਰ ਨੂੰ ਖ਼ੁਸ਼ ਕਰ ਰਹੇ ਹਨ। ਨਫ਼ਰਤ ਤੇ ਈਰਖਾ ‘ਚੋਂ ਧਰਮ ਨਹੀਂ ਸਗੋਂ ਅਧਰਮ ਫੈਲਦਾ ਏ ਤੇ ਫ਼ਲਿਆ ਹੋਇਆ ਅਧਰਮ ਸੱਚੇ ਧਰਮਾਂ ਲਈ ਕਾਲਖ ਤਾਂ ਬਣਦਾ ਈ ਐ ਸਗੋਂ ਇਨਸਾਨੀਅਤ ਨੂੰ ਵੀ ਹੈਵਾਨੀਅਤ ‘ਚ ਬਦਲ ਦਿੰਦਾ ਐ।
ਵਾਹ ਮੇਰੇ ਪਾਤਸ਼ਾਹ! ਚੌਧਰਾਂ ਤੇ ਕੁਰਸੀਆਂ ਦੀ ਗ਼ੁਲਾਮ ਸੋਚ ਕਦੀ ਵੀ ਇਸ ਗੂੜ੍ਹ ਗਿਆਨ ਫ਼ਲਸਫ਼ੇ ਦੇ ਅਰਥ ਨਹੀਂ ਜਾਣ ਸਕੇਗੀ। ਤੁਸੀਂ ਸਿੱਖ ਧਰਮ ਦੇ ਬਾਨੀ ਹੀ ਨਹੀਂ ਸਗੋਂ ਵਿਸ਼ਵ ਲਈ ਸਰਬ-ਪ੍ਰਵਾਨਿਤ ਧਰਮ ਦੇ ਬਾਨੀ ਹੋ।
ਏਸੇ ਸੁਲਤਾਨਪੁਰ ‘ਚ ਚੁੰਧਿਆਈਆਂ ਅੱਖਾਂ ਤੇ ਧੁੰਦਲਾਈਆਂ ਸੋਚਾਂ ਵਾਲੇ ਸ਼ੰਕਿਆਂ ਭਰੇ ਮਨ ਨਾਲ ਕਹਿ ਉੱਠੇ ਕਿ ਜੇ ਹਿੰਦੂ ਮੁਸਲਮਾਨ ‘ਚ ਫ਼ਰਕ ਨਹੀਂ ਤਾਂ ਸਾਡੇ ਨਾਲ ਨਮਾਜ਼ ਪੜ੍ਹੋ। ਮੇਰੇ ਪਾਤਸ਼ਾਹ, ਮੁੱਲਾਂ-ਮੁਲਾਣਿਆਂ ਨਾਲ ਮਸੀਤੇ ਨਮਾਜ਼ ਪੜ੍ਹਨ ਚਲੇ ਗਏ ਪਰ ਇਸ ਵਿਖਾਵੇ ਦੀ ਨਮਾਜ਼ ‘ਚ ਵਿਖਾਵਾਕਾਰੀ ਉਲਝ ਕੇ ਰਹਿ ਗਏ। ਜਦ ਨਵਾਬ ਦੌਲਤ ਖ਼ਾਂ ਨੇ ਗੁਰੂ ਪਿਤਾ ਨੂੰ ਕਿਹਾ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ?
ਗੁਰੂ ਪਾਤਸ਼ਾਹ ਨੇ ਕਿਹਾ, “ਮਨ ਤਾਂ ਤੁਹਾਡਾ ਵੀ ਕਿਧਰੇ ਹੋਰ ਹੀ ਭਟਕਦਾ ਰਿਹਾ ਏ। ਕੀ ਤੁਸੀਂ ਸੱਚਮੁੱਚ ਖ਼ੁਦਾ ਵਿਚ ਲੀਨ ਸਉ ?”
ਪਾਤਸ਼ਾਹ ਦੇ ਚਿਹਰੇ ਦਾ ਅਨੋਖਾ ਨੂਰ ਵੇਖ ਕੇ ਬੇਨੂਰੀ ਪੁਰਸ਼ ਬੋਲ ਉੱਠਿਆ, “ਹਾਂ ਮੈਂ ਖ਼ੁਦਾ ਨਾਲ ਨਹੀਂ ਜੁੜ ਸਕਿਆ ਕਿਉਂਕਿ ਮੈਂ ਕੰਧਾਰ ਵਿਚ ਘੋੜੇ ਖ਼ਰੀਦਣ ਦੀ ਸੋਚ ਰਿਹਾ ਸੀ।”
ਫਿਰ ਕਾਜ਼ੀ ਨੂੰ ਵੀ ਇਹ ਮੰਨਣਾ ਪਿਆ ਕਿ, “ਮੈਂ ਨਮਾਜ਼ ਪੜ੍ਹ ਜ਼ਰੂਰ ਰਿਹਾ ਸੀ ਪਰ ਖ਼ਿਆਲ ਘਰ ਵਿਚ ਸੀ ਕਿ ਕਿਧਰੇ ਘੋੜੀ ਦਾ ਵਛੇਰਾ ਵਿਹੜੇ ਵਿਚਕਾਰਲੀ ਖੂਹੀ ਵਿਚ ਨਾ ਡਿੱਗ ਪਵੇ।”
ਇਨ੍ਹਾਂ ਵਿਖਾਵੇ ਦੇ ਧਰਮੀਆਂ ਨੂੰ ਮੇਰੇ ਪਾਤਸ਼ਾਹ ਵੱਡੇ ਅੰਤਰਜਾਮੀ ਜਾਪੇ ਪਰ ਅੰਦਰੋਂ ਕਿੰਨਾ ਸਾੜਾ ਤੇ ਨਫ਼ਰਤ ਉਗਲਦੇ ਸਨ। ਪਰ ਅਹਿਸਾਸੀਆਂ ਨੇ ਇਸ ਸੱਚੇ ਮਾਰਗ ਦੇ ਪਾਂਧੀ ਦੀਆਂ ਪੈੜਾਂ ਵੱਲੀਂ ਨਜ਼ਰ ਟਿਕਾ ਲਈ ਤੇ ਐਸਾ ਸਤਿਸੰਗ ਕਰਨ ਨੂੰ ਸੁਭਾਗ ਸਮਝਣ ਲੱਗ ਪਏ।
ਵਾਹ ਮੇਰੇ ਪਾਤਸ਼ਾਹ ! ਸਾਖੀਆਂ ਤਾਂ ਅਸੀਂ ਵੀ ਬੜੇ ਜ਼ੋਰ-ਸ਼ੋਰ ਨਾਲ ਸੁਣਦੇ ਤੇ ਸੁਣਾਉਂਦੇ ਹਾਂ ਪਰ ਧਿਆਨ ਬਹੁਤੀ ਵਾਰੀ ਮਾਇਆ ਤੇ ਸੰਸਾਰੀ ਕਾਰਜਾਂ ‘ਚ ਈ ਖੱਚਤ ਹੁੰਦਾ ਐ। ਕਾਜ਼ੀ ਦੇ ਵਛੇਰੇ ਨੂੰ ਤਾਂ ਵਿਹੜੇ ਵਾਲੀ ਖੂਹੀ ਦਾ ਖ਼ਤਰਾ ਸੀ ਪਰ ਅਸੀਂ ਤਾਂ ਪਦਾਰਥਵਾਦ ਦੀਆਂ ਖੂਹੀਆਂ ‘ਚ ਆਪ ਈ ਡਿੱਗੇ ਹੋਏ ਹਾਂ।
ਇਹੋ ਹੀ ਸੁਲਤਾਨਪੁਰ, ਜਿਥੇ ਮੇਰੇ ਪਾਤਸ਼ਾਹ ਨੇ ਧਰਤ-ਲੋਕਾਈ ਨੂੰ ਸੋਧਣ ਲਈ ਏਥੋਂ ਦੀਆਂ ਜੂਹਾਂ ਨੂੰ ਅਲਵਿਦਾ ਆਖੀ ਸੀ ਤੇ ਲੰਮੇ ਪੰਧ ਲਈ ਪਹਿਲਾ ਕਦਮ ਇਸ ਸਰਜ਼ਮੀਂ ਤੋਂ ਪੁੱਟਿਆ ਸੀ । ਇਕ ਪਾਸੇ ਮਾਤਾ-ਪਿਤਾ, ਭੈਣ, ਪਤਨੀ ਤੇ ਸਪੁੱਤਰਾਂ ਦਾ ਮੋਹ ਅਤੇ ਦੂਜੇ ਪਾਸੇ ਦੁਖੀਆਂ, ਕੁਰਲਾਂਦਿਆਂ ਤੇ ਨਿਤਾਣਿਆਂ ਦਾ ਪਿਆਰ।
ਪਰਚਾ ਬਹੁਤ ਗੰਭੀਰ ਸੀ, ਪਰ ਜਦ ਮਾਤਾ ਸੁਲੱਖਣੀ ਨੇ ਕਿਹਾ ਸੀ, “ਤੁਹਾਡੇ ਸ੍ਰੀ ਚੰਦ ਤੇ ਲਖਮੀ ਦਾਸ ਕਿਸ ਦੇ ਆਸਰੇ ਰਹਿਣਗੇ ?” ਇਕ ਗ੍ਰਹਿਸਤ ਵਿਚ ਖੱਚਤ ਸੰਸਾਰੀ ਬੰਦਾ ਅਹਿਸਾਸ ਕਰ ਕੇ ਵੇਖੇ ਕਿ ਪਾਤਸ਼ਾਹ ਦਾ ਕੀ ਫ਼ੁਰਮਾਨ ਸੀ, “ਇਨ੍ਹਾਂ ਦੋ ਪੁੱਤਰਾਂ ਦੇ ਪਿਆਰ ਬਦਲੇ ਮੈਂ ਉਸ ਪਰਮਾਤਮਾ ਦੇ ਲੱਖਾਂ ਪੁੱਤਰਾਂ-ਧੀਆਂ ਦਾ ਪਿਆਰ ਠੁਕਰਾ ਨਹੀਂ ਸਕਦਾ, ਜੋ ਮੇਰੀਆਂ ਰਾਹਾਂ ਉਡੀਕ ਰਹੇ ਹਨ।” ਇਸ ਕਰਕੇ ਸੰਸਾਰ ਦੀ ਸੁਧਾਈ ਤੇ ਲੋਕਾਈ ਦਾ ਦਰਦ ਨਿਵਾਰਣ ਲਈ ਸਾਡਾ ਏਥੋਂ ਜਾਣਾ ਇਕ ਅਟੱਲ ਫ਼ੈਸਲਾ ਹੈ।
ਇਸ ਸੁਲਤਾਨਪੁਰ ਦੀਆਂ ਜੂਹਾਂ ‘ਚੋਂ ਤ੍ਰਿਪ ਤ੍ਰਿਪ ਚੋਂਦੇ ਨੇਤਰਾਂ ਨਾਲ ਮਾਤਾ ਤ੍ਰਿਪਤਾ ਨੇ ਇਕ ਪੁੱਤਰ ਨੂੰ ਵਿਦਾ ਕੀਤਾ ਤੇ ਲੰਮਾ ਹਉਕਾ ਭਰ ਕੇ ਮਾਤਾ ਸੁਲੱਖਣੀ ਨੇ ਆਪਣੇ ਖਾਵੰਦ ਨੂੰ। ਦੋ ਮਾਸੂਮ ਪੁੱਤਰਾਂ ਨੂੰ ਕਰਿੰਗੜੀਆਂ ਨਾਲੋਂ ਤੋੜ ਕੇ, ਮੱਥੇ ਚੁੰਮ ਕੇ, ਇਕ ਪਿਤਾ ਬੇਅੰਤ ਪੁੱਤਾਂ-ਧੀਆਂ ਨੂੰ ਵਰਾਉਣ ਤੇ ਧੀਰਜ ਬੰਨ੍ਹਾਉਣ ਲਈ ਭਾਈ ਮਰਦਾਨਾ ਜੀ ਦੇ ਸਾਥ ‘ਸਤਿ ਕਰਤਾਰ’ ਕਹਿ ਕੇ ਪਹਿਲੀ ਉਦਾਸੀ ਲਈ ਇਥੋਂ ਈ ਰਵਾਨਾ ਹੋਇਆ ਸੀ।
ਵਾਹ ਮੇਰੇ ਪਾਤਸ਼ਾਹ! ਵਾਜਿਆਂ ਦੀਆਂ ਸੁਰਾਂ ਤੇ ਪ੍ਰਚਾਰ ਲਈ ਮੂੰਹ-ਮੰਗੀ ਮਾਇਆ ਲੈਣ ਵਾਲੇ ਸੱਜਣ ਕੀ ਜਾਣ ਸਕਦੇ ਹਨ ਕਿ ਤੁਹਾਡੀ ਕੈਸੀ ਘਾਲਣਾ ਦਾ ਰਸਿਆ ਫਲ ਹੈ ਸਿੱਖੀ ? ਤੇ ਮਾਇਆ ਦੇ ਪ੍ਰਭਾਵ ਹੇਠ ਆਏ ਰਾਗ, ਤਾਲ ਤੇ ਬੋਲ ਕਦੀ ਸੱਚ ਨਹੀਂ ਅਲਾਪਦੇ ਹੁੰਦੇ। ਇਹ ਨਿਸ਼ਕਾਮਤਾ, ਲਗਨ ਤੇ ਧਰਮੀ ਸਪਿਰਟ ਹੀ ਬਿਖੜੇ ਪੈਂਡਿਆਂ ਨੂੰ ਸਰ ਕਰਦੀ ਏ। ਕਾਸ਼! ਅਸੀਂ ਦੌਲਤ ਨੂੰ ਗੁਜ਼ਰਾਨ ਸਮਝ ਕੇ, ਸੁਲਤਾਨਪੁਰ ਦੇ ਇਤਿਹਾਸ ਤੋਂ ਕੁਝ ਸਿੱਖਿਆ ਗ੍ਰਹਿਣ ਕਰ ਲਈਏ ਤੇ ਇਸ ਸਿੱਖੀ ਦੇ ਮਹਾਨ ਯੱਗ ਵਿਚ ਕੋਈ ਕਿਣਕਾ ਮਾਤਰ ਯੋਗਦਾਨ ਪਾ ਸਕੀਏ।
ਸੁਲਾਤਨਪੁਰ ਸਿਰਫ਼ ਸੁਲਤਾਨ ਲੋਧੀ ਦਾ ਵਸਾਇਆ ਹੋਇਆ ਸ਼ਹਿਰ ਹੀ ਨਹੀਂ ਸਗੋਂ ਇਹ ਤਾਂ ਉਸ ਸੁਲਤਾਨਾਂ ਦੇ ਸੁਲਤਾਨ ਨਾਲ ਜੋੜਨ ਤੇ ਪ੍ਰੇਰਨ ਵਾਲੀ ਗੁਰੂ ਨਾਨਕ ਜੀ ਵੱਲੋਂ ਵਰੋਸਾਈ ਪਾਕ-ਪਵਿੱਤਰ ਧਰਤੀ ਐ। ਸੁਲਤਾਨਪੁਰ ਕਿਵੇਂ ਵੱਸਿਆ ਕੋਈ ਘੱਟ ਈ ਜਾਣੇ ਪਰ ਸੁਲਤਾਨਪੁਰ ‘ਚ ਕੰਗਾਲਾਂ ਨੂੰ ਸੁਲਤਾਨ ਕੀਤਾ, ਬੇਤਾਲਿਆਂ ਤੇ ਭਟਕਿਆਂ ਨੂੰ ਸੁਰਬੱਧ ਕੀਤਾ ਮੇਰੇ ਪਾਤਸ਼ਾਹ ਨੇ…..। ਰਬਾਬ ਦੀਆਂ ਸੁਰਾਂ ‘ਤੇ ਇਲਾਹੀ ਬੋਲਾਂ ਨੇ ਤਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ। ਦੂਰ ਦੂਰ ਤਕ ਅਗਿਆਨਮਈ ਹਨ੍ਹੇਰੇ ਮਨਾਂ ‘ਚ ਪ੍ਰਕਾਸ਼ ਕਰਨ ਲਈ ਇਥੋਂ ਇਕ ਜੋਤ ਦੇ ਕਦਮ ਚੱਲੇ । ਧਰਮਸ਼ਾਲਾਵਾਂ ਦੀ ਸਿਰਜਣਾ ਹੋਣ ਲਗੀ ਤੇ ਤੁਲੰਭੇ ‘ਚ ਇਕ ਸੱਜਣ ਠੱਗ ਦੀ ਰਿਹਾਇਸ਼ਗਾਹ ਧਰਮੀਆਂ ਦੀ ਇਬਾਦਤਗਾਹ ਬਣਦੀ ਲੋਕਾਈ ਨੇ ਅੱਖੀਂ ਡਿੱਠੀ…..।
ਇੰਜ ਲੱਗਦੈ ਕਿ ਜੋ ਵਸਤ ਸੰਸਾਰ ਸਾਹਵੇਂ ਪਰੋਸੀ ਗਈ, ਉਸ ਦੇ ਬਣਨ ਤੇ ਸੰਵਾਰਨ ਵਿਚ ਸੁਲਤਾਨਪੁਰ ਦਾ ਵੀ ਇਕ ਅਹਿਮ ਸਥਾਨ ਹੈ। ਨਨਕਾਣਾ ਸਾਹਿਬ ਤੋਂ ਪ੍ਰਗਟ ਹੋਏ ਸਤਿਗੁਰਾਂ ਦਾ ਜੀਵਨ ਇਤਿਹਾਸ ਸੁਲਤਾਨ ਪੁਰ ਤੋਂ ਚੱਲ ਕੇ ਆਪਣੇ ਪੈਰੋਕਾਰਾਂ ਨੂੰ ਅਮੀਰ ਸਲਤਨਤ ਦੇ ਵਾਰਸ ਹੋਣ ਦੀ ਵਡਿਆਈ ਬਖ਼ਸ਼ਦਾ ਹੈ ਅਤੇ ਅਸੀਂ ਹਰ ਪੱਖੋਂ ਸੁਲਤਾਨ ਭਾਵ ਬਾਦਸ਼ਾਹ ਬਣੇ ਆਂ । ਬਸ ਉਹੀ ਕੰਗਲਾ ਤੇ ਕੰਗਾਲ ਹੈ ਜੋ ਸਿੱਖ ਹੁੰਦਾ ਹੋਇਆ ਵੀ ਅਜੇ ਤਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਨ ਉਪਦੇਸ਼ਾਂ ਨੂੰ ਸਮਝ ਨਹੀਂ ਸਕਿਆ। ਇਹ ਦੇਹਧਾਰੀ ਗੁਰੂ-ਡੰਮ੍ਹ, ਅੰਧ-ਵਿਸ਼ਵਾਸ, ਅਗਿਆਨਤਾ ਤੇ ਪਾਖੰਡਵਾਦ ਦੀ ਭਿੱਖਿਆ ਉਹੀ ਚੁੱਕੀ ਫਿਰਦੇ ਹਨ, ਜਿਨ੍ਹਾਂ ਨੂੰ ਅਜੇ ਤਕ ਮੇਰੇ ਪਾਤਸ਼ਾਹ ਦੀ ਬਖ਼ਸ਼ੀ ਹੋਈ ਸੁਲਤਾਨੀ ਜਾਂ ਬਾਦਸ਼ਾਹੀ ਦਾ ਅਹਿਸਾਸ ਨਹੀਂ ਐਂ।
ਡਾ. ਇੰਦਰਜੀਤ ਸਿੰਘ ਗੋਗੋਆਣੀ
