25 ਜੂਨ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ – ਸਿੱਖ ਗੁਰੂ ਸਾਹਿਬਾਨ ਦੁਆਰਾ ਚਲਾਇਆ ਗਿਆ ਧਰਮ ਅੰਦੋਲਨ ਜੋ ਬੰਦਾ ਸਿੰਘ ਬਹਾਦਰ ਦੇ ਸਮੇਂ ਰਾਜਨੀਤਕ ਮੋੜ ਮੁੜ ਗਿਆ, ਸਿੱਖ ਧਰਮ ਵਿਚ ਇਕ ਮਹਾਨ ਕ੍ਰਾਂਤੀ ਸੀ।
ਇਹੀ ਕਾਰਨ ਸੀ ਕਿ ਸਮਕਾਲੀ ਅਤੇ ਨਿਕਟ ਸਮਕਾਲੀ ਫਾਰਸੀ ਦੇ ਲੇਖਕਾਂ ਨੇ ਅਜੇਹੀ ਘਿਰਨਾ ਕਿਸੇ ਵੀ ਇਤਿਹਾਸਕ ਸ਼ਖ਼ਸੀਅਤ ਲਈ ਰੂਪਮਾਨ ਨਹੀਂ ਕੀਤੀ ਜਿੰਨੀ ਬੰਦਾ ਸਿੰਘ ਬਹਾਦਰ ਲਈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹਨਾਂ ਵਿਅਕਤੀਆਂ ਦੇ ਹੱਥੋਂ ਜਿਨ੍ਹਾਂ ਦੀ ਬੰਦਾ ਸਿੰਘ ਬਹਾਦਰ ਦੁਆਰਾ ਤਬਾਹੀ ਕੀਤੀ ਗਈ ਹੋਵੇ, ਪ੍ਰਸੰਸਾ ਕਰਨੀ ਜਾਂ ਸੁਣਨੀ ਅਸੰਭਵ ਸੀ। ਥੋਰਨਟਨ ਨੇ ਆਪਣੀ ਰਚਨਾ ਹਿਸਟਰੀ ਆਫ ਦਾ ਪੰਜਾਬ ਵਿਚ ਠੀਕ ਹੀ ਤਾਂ ਕਿਹਾ ਹੈ ਕਿ ਅਜੇਹੇ ਵਿਅਕਤੀਆਂ ਦਾ ਪੂਰਨ ਰੂਪ ਵਿਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹ ਬੰਦਾ ਸਿੰਘ ਬਹਾਦਰ ਨੂੰ ਇਕ ਦਾਨਵ ਜਾਂ ਦੁਰਆਤਮਾ ਦੇ ਰੂਪ ਵਿਚ ਪੇਸ਼ ਕਰਦੇ ਹਨ, ਪਰੰਤੂ ਇਤਿਹਾਸਕ ਸੰਦਰਭ ਵਿਚ ਦੇਖਣ ਤੋਂ ਪਤਾ ਚਲਦਾ ਹੈ ਕਿ ਬੰਦਾ ਸਿੰਘ ਬਹਾਦਰ ਸਬੰਧੀ ਅਜੇਹੀ ਕੋਈ ਗੱਲ ਨਹੀਂ ਸੀ। ਸੀਅਰਲ ਮੁਤਾਖਰੀ ਦਾ ਕਰਤਾ ਲਿਖਦਾ ਹੈ ਕਿ ਬੰਦਾ ਸਿੰਘ ਬਹਾਦਰ ਦੇ ਆਚਰਨ ਸਬੰਧੀ ਨਿਸਚੇ ਹੀ ਇਹ ਕਿਹਾ ਜਾ ਸਕਦਾ ਹੈ ਕਿ ਆਪਣੇ ਵੈਰੀ ਨਾਲ ਵੀ ਉਹ ਨੇਕੀ ਅਤੇ ਤੀਖਣਤਾ ਨਾਲ ਪੇਸ਼ ਆਉਂਦਾ। ਇਥੋਂ ਤਕ ਕਿ ਬਹੁਤ ਸਾਰੇ ਲਿਖਾਰੀ ਬੰਦਾ ਸਿੰਘ ਬਹਾਦਰ ਦੇ ਸੁਭਾਅ ਦੇ ਸੀਤਲਤਾ ਅਤੇ ਦਲੇਰੀ ਦੇ ਗੁਣਾਂ ਸਬੰਧੀ ਖੁਲ੍ਹ ਕੇ ਗੱਲ ਕਰਦੇ ਹਨ। ਅਸਲ ਵਿਚ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਦੇ ਸਮੇਂ ਤੋਂ ਆਪਣੀ ਸ਼ਹੀਦੀ ਤਕ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦਾ ਪੈਰੋਕਾਰ ਰਿਹਾ।
ਬੰਦਾ ਸਿੰਘ ਬਹਾਦਰ ਦਾ ਜਨਮ ੨੭ ਅਕਤੂਬਰ, ੧੬੭੦ ਈ: ਵਿਚ ਜ਼ਿਲ੍ਹਾ ਪੁੰਛ ਵਿਚ ਪਿੰਡ ਰਜੌਰੀ ਦੇ ਅਸਥਾਨ ਉਤੇ ਇਕ ਰਾਜਪੂਤ ਕਿਸਾਨ ਰਾਮ ਦੇਵ ਦੇ ਘਰ ਹੋਇਆ ਜਿਸ ਨੇ ਇਸ ਦਾ ਨਾਮ ਲਛਮਣ ਦਾਸ ਰੱਖਿਆ। ਇਕ ਰਵਾਇਤ ਅਨੁਸਾਰ ਇਕ ਵਾਰੀ ਉਸਨੇ ਇਕ ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਜੋ ਉਸ ਦੇ ਸਾਹਮਣੇ ਆਪਣੇ ਬੱਚਿਆਂ ਸਹਿਤ, ਤੜਫ ਤੜਫ ਕੇ ਜਾਨ ਦੇ ਗਈ। ਇਸ ਦਰਦਨਾਕ ਘਟਨਾ ਦਾ ਉਸ ਉਤੇ ਇਤਨਾ ਪ੍ਰਭਾਵ ਪਿਆ ਕੇ ਉਸ ਨੇ ਤਿਆਗੀ ਜੀਵਨ ਬਤੀਤ ਕਰਨ ਦਾ ਨਿਸ਼ਚਾ ਕੀਤਾ। ਉਸ ਨੇ ਆਪਣਾ ਨਾਂ ਬਦਲ ਕੇ ਮਾਧੋ ਦਾਸ ਰੱਖਿਆ ਅਤੇ ਧਾਰਮਿਕ ਕਰਤੱਵਾਂ ਨੂੰ ਨਿਭਾਉਂਦਾ ਹੋਇਆ ਗੋਦਾਵਰੀ ਤੇ ਕੰਢੇ ਉਤੇ ਨਾਸਕ ਦੇ ਅਸਥਾਨ ਉਤੇ ਜਾ ਪੁੱਜਾ । ਉਹ ਅਮਰ ਨਾਮੀ ਜੋਗੀ ਦਾ ਚੇਲਾ ਬਣ ਗਿਆ ਜਿਸ ਨੇ ਉਸ ਨੂੰ ਮੰਤਰ ਵਿਦਿਆ ਸਿਖਾਈ। ਕੁਝ ਦੇਰ ਪਿਛੋਂ ਜੋਗੀ ਦੇ ਪ੍ਰਲੋਕ ਸਿਧਾਰਨ ਉਪਰੰਤ ਉਹ ਨੰਦੇੜ ਜਾ ਪੁੱਜਾ ਅਤੇ ਉਥੇ ਆਪਣੇ ਮੱਠ ਨੂੰ ਸਥਾਪਿਤ ਕੀਤਾ। ਮਾਧੋ ਦਾਸ ਉਥੇ ਜਾਦੂ-ਮੰਤਰ ਆਦਿ ਦਾ ਆਸਰਾ ਲੈ ਯਾਤਰੀਆਂ ਨੂੰ ਭਰਮਾਉਂਦਾ। ਸਤੰਬਰ ੧੭੦੮ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪੁੱਜੇ। ਗੁਰੂ ਸਾਹਿਬ ਦੇ ਨਾਲ ਵੀ ਉਸ ਨੇ ਅਜਿਹਾ ਵਿਵਹਾਰ ਕਰਨ ਦਾ ਯਤਨ ਕੀਤਾ। ਅਹਿਮਦ ਸ਼ਾਹ ਬਟਾਲੀਆ ਆਪਣੀ ਰਚਨਾ ਤਾਰੀਖ-ਏ-ਹਿੰਦ ਦੇ ਇਕ ਅਧਿਆਏ ਜ਼ਿਕਰ-ਏ-ਗੁਰੂਆਂ ਵਾ ਇਬਤਿਦਾ-ਏ-ਸਿੰਘਾਂ ਵਾ ਮਜ਼ਹਬ-ਏ-ਏਸ਼ਾਂ ਵਿਚ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਬੰਦਾ ਬਹਾਦਰ ਜੀ ਦੀ ਉਸ ਦੇ ਮੱਠ ਵਿਚ ਨੰਦੇੜ ਵਿਖੇ ਨਿਮਨ-ਲਿਖਤ ਗੱਲਬਾਤ ਹੋਈ :-
ਮਾਧੋ ਦਾਸ: ਤੁਸੀਂ ਕੌਣ ਹੋ?
ਗੁਰੂ ਗੋਬਿੰਦ ਸਿੰਘ: ਜਿਸ ਨੂੰ ਤੁਸੀਂ ਜਾਣਦੇ ਹੋ।
ਮਾਧੋ ਦਾਸ: ਮੈਂ ਕੀ ਜਾਣਦਾ ਹਾਂ?
ਗੁਰੂ ਗੋਬਿੰਦ ਸਿੰਘ: ਇਸ ਉਤੇ ਵਿਚਾਰ ਕਰੋ।
ਮਾਧੋ ਦਾਸ: ਸੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ।
ਗੁਰੂ ਗੋਬਿੰਦ ਸਿੰਘ: ਹਾਂ।
ਮਾਧੋ ਦਾਸ: ਤੁਸੀਂ ਇਥੇ ਕਿਸ ਮੰਤਵ ਲਈ ਆਏ ਹੋ?
ਗੁਰੂ ਗੋਬਿੰਦ ਸਿੰਘ : ਮੈਂ ਤੈਨੂੰ ਆਪਣਾ ਚੇਲਾ ਬਣਾਉਣ ਆਇਆ ਹਾਂ।
ਮਾਧੋ ਦਾਸ : ਮੈਂ ਤੁਹਾਡੀ ਸ਼ਰਨ ਸਵੀਕਾਰ ਕਰਦਾ ਹਾਂ।
ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਸੰਘਰਸ਼ ਆਰੰਭਣ ਹਿੱਤ ਬੰਦਾ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਇਕ ਨਗਾਰਾ, ਝੰਡਾ ਅਤੇ ਪੰਜ ਤੀਰ ਆਪਣੇ ਤੀਰ ਕਮਾਨ ਵਿਚੋਂ ਕੱਢ ਕੇ ਦਿੱਤੇ ਅਤੇ ਪੰਜਾਬ ਨੂੰ ਰਵਾਨਾ ਕੀਤਾ। ਰਵਾਇਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਤਾਕੀਦ ਕੀਤੀ ਕਿ ਉਹ ਆਚਰਣ ਵਿਚ ਸਚਿਆਰਾ ਰਹੇ। ਉਹ ਆਪਣੇ ਆਪ ਨੂੰ ਖਾਲਸੇ ਦਾ ਸੇਵਕ ਜਾਣਦਾ ਹੋਇਆ ਪੰਜ ਪਿਆਰਿਆਂ ਦੀ ਸਲਾਹ ਉਤੇ ਚੱਲੇ।
ਗੁਰੂ ਸਾਹਿਬ ਨੇ ਆਪਣੇ ਸਿੰਘਾਂ ਦੇ ਨਾਮ ਬੰਦਾ ਸਿੰਘ ਬਹਾਦਰ ਨੂੰ ਕੁਝ ਹੁਕਮਨਾਮੇ ਵੀ ਦਿੱਤੇ ਤਾਂ ਜੋ ਉਹ ਪੰਜਾਬ ਵਿਚ ਉਸ ਦੁਆਲੇ ਇਕੱਤਰ ਹੋ ਸਕਣ। ਬਾਬਾ ਬੰਦਾ ਸਿੰਘ ਬਹਾਦਰ ਨੇ ਖੜਖਾਉਂਦੇ ਪ੍ਰਗਨੇ ਵਿਚ ਪਹੁੰਚ ਕੇ ਇਹ ਹੁਕਮਨਾਮੇ ਆਗੂ ਸਿੰਘਾਂ ਦੇ ਨਾਂ ਭੇਜ ਦਿੱਤੇ। ਉਸ ਨੇ ਉਨ੍ਹਾਂ ਨੂੰ ਜ਼ੁਲਮ ਦਾ ਨਾਸ਼ ਕਰਨ ਅਤੇ ਵਜ਼ੀਰ ਖਾਂ ਅਤੇ ਪਹਾੜੀ ਰਾਜਿਆਂ ਦੁਆਰਾ ਕੀਤੇ ਗਏ ਅਤਿਆਚਾਰਾਂ ਦੀ ਸਜ਼ਾ ਦੇਣ ਲਈ ਸੁਨੇਹੇ ਭੇਜੇ। ਕਿਹਾ ਜਾਂਦਾ ਹੈ ਕਿ ਛੇ ਤੀ ਹੀ ਬਹੁਤ ਸਾਰੇ ਸਿੰਘ, ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਤਰ ਹੋ ਗਏ, ਜਿਨ੍ਹਾਂ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਤਰਫ ਕੂਚ ਕੀਤਾ ਅਤੇ ਮੁਸਲਮਾਨਾਂ ਦੇ ਚੋਣਵੇਂ ਸਥਾਨਾਂ ਨੂੰ ਤਬਾਹ ਕੀਤਾ। ੨੬ ਨਵੰਬਰ, ੧੭੦੯ ਨੂੰ ਉਸ ਨੇ ਸਮਾਣਾ ਵਿਖੇ, ਜੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਜੱਲਾਦਜਲਾਲ-ਉਦ-ਦੀਨ ਦਾ ਨਿਵਾਸ ਅਸਥਾਨ ਸੀ, ਫਤਹਿ ਕੀਤਾ। ਇਸ ਉਪਰੰਤ ਸ਼ਾਹਬਾਦ, ਡਸਕਾ, ਮੁਸਤਫਾਬਾਦ ਆਦਿ ਇਲਾਕਿਆਂ ਨੂੰ ਸੋਧਿਆ।
ਕਪੂਰੀ ਦੇ ਕਸਬੇ ਦਾ ਕਦਾਮ-ਉਦ-ਦੀਨ ਜੋ ਸਿੰਘਾਂ ਵਿਰੁੱਧ ਲੁੱਟ-ਮਾਰ ਕਰਨ ਹਿੱਤ ਮੁਹਿੰਮਾਂ ਭੇਜਦਾ ਸੀ, ਨੂੰ ਵੀ ਮਾਰ ਮੁਕਾਇਆ, ਜਿਸ ਉਪਰੰਤ ਬੰਦੇ ਨੇ ਸਢੌਰੇ ਵੱਲ ਧਿਆਨ ਕੀਤਾ। ਸਢੌਰਾ ਹਿੰਦੂਆਂ ਵਿਰੁੱਧ ਜ਼ੁਲਮ ਢਾਹੁਣ ਦਾ ਇਕ ਬਦਨਾਮ ਕੇਂਦਰ ਸੀ । ਉਥੋਂ ਦੇ ਹਾਕਮ ਅਸਮਾਨ ਖਾਂ ਦੀ ਵੀ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਇਕ ਬੁੱਧੂ ਸ਼ਾਹ ਨੂੰ ਮਾਰ ਮੁਕਾਇਆ ਸੀ, ਅਲਖ ਮਿਟਾਈ ਗਈ। ਬੰਦਾ ਬਹਾਦਰ ਦੀਆਂ ਇਨ੍ਹਾਂ ਜਿੱਤਾਂ ਦੇ ਕਾਰਨ ਸਥਾਨਕ ਕਿਸਾਨ ਉਸ ਦੇ ਨਾਲ ਹੋ ਗਏ। ਸਢੌਰੇ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਸ ਖਾਂ ਦੇ ਕਿਲ੍ਹੇ ਉਤੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਮਾਲਵੇ ਤੇ ਮਾਝੇ ਦੇ ਸਿੱਖ ਵੀ ਬੰਦਾ ਸਿੰਘ ਬਹਾਦਰ ਨਾਲ ਮਿਲ ਗਏ।
ਸਰਹਿੰਦ ਨੂੰ ਉਸ ਸਮੇਂ ਇਸ ਲਈ ਦੁਰਕਾਰਿਆ ਗਿਆ ਕਿ ਉਥੇ ਵਜ਼ੀਰ ਖਾਂ ਦੁਆਰਾ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਬੰਦਾ ਸਿੰਘ ਬਹਾਦਰ ਆਪਣੇ ਨਾਲ ਗੁਰੂ ਗੋਬਿੰਦ ਸਿੰਘ ਦੇ ਇਕੱਤਰ ਹੋਏ ਸ਼ਰਧਾਲੂਆਂ-ਫੂਲ ਪਰਿਵਾਰ ਦੇ ਰਾਮਾ ਤੇ ਤ੍ਰਿਲੋਕਾ ਦੁਆਰਾ ਭੇਜੀ ਕੁਮਕ ਅਤੇ ਕੁਝ ਅਜਿਹੇ ਵਿਅਕਤੀਆਂ ਨੂੰ ਨਾਲ ਲੈ ਕੇ, ਜੋ ਸਿੱਖੀ ਅੰਦੋਲਨ ਵਿਚ ਹਮਦਰਦੀ ਰੱਖਦੇ ਸਨ, ਅੱਗੇ ਨੂੰ ਵਧਿਆ। ਉਸ ਦੇ ਨਾਲ ਕੁਝ ਅਜਿਹੇ ਵਿਅਕਤੀ ਵੀ ਸਨ ਜੋ ਲੁੱਟ-ਮਾਰ ਦੇ ਲਾਲਚ ਸਦਕਾ ਵੀ ਖਿਚੇ ਗਏ। ਇਨ੍ਹਾਂ ਸਮੂਹ ਸ਼੍ਰੇਣੀਆਂ ਦੀ ਗਿਣਤੀ ਖਾਫ਼ੀ ਖਾਂ ਦੀ ‘ਮੁਨਤਖਿਬ-ਉਲ-ਲੁਬਾਬ’ ਅਨੁਸਾਰ ੪੦,੦੦੦ ਸੀ। ਪਰ ਖਾਫੀ ਖਾਂ ਦਾ ਇਹ ਅੰਦਾਜ਼ਾ ਗਲਤ ਪ੍ਰਤੀਤ ਹੁੰਦਾ ਹੈ ਕਿਉਂਕਿ ਬੰਦਾ ਸਿੰਘ ਬਹਾਦਰ ਕੋਲ ਉਸ ਸਮੇਂ ਨਾ ਹੀ ਗੋਲੀ ਸਿੱਕਾ ਸੀ ਅਤੇ ਨਾ ਹੀ ਹਾਥੀ ਤੇ ਨਾ ਹੀ ਕਾਫੀ ਗਿਣਤੀ ਵਿਚ ਘੋੜ ਸਵਾਰ ਸਨ । ੧੫ ਮਈ, ੧੭੧੦ ਈ: ਵਿਚ ਚਪੜ ਚਿੜੀ ਦੇ ਯੁੱਧ ਵਿਚ ਨਵਾਬ ਵਜ਼ੀਰ ਖਾਂ ਦੀਆਂ ਫੌਜਾਂ ਨੂੰ ਭਾਰੀ ਹਾਰ ਹੋਈ। ਉਸ ਦੀ ਫੌਜ ਦਾ ਕੋਈ ਵਿਰਲਾ ਹੀ ਵਿਅਕਤੀ ਬਚ ਸਕਿਆ। ਲੜਾਈ ਵਿਚ ਜਿੱਤ ਤੋਂ ਦੋ ਦਿਨ ਬਾਅਦ ਬਾਬਾ ਬੰਦਾ ਸਿੰਘ ਬਹਾਦਰ ੧੦ ਮੀਲ ਦੀ ਦੂਰੀ ਉਤੇ ਖੁਦ ਸਰਹਿੰਦ ਪੁੱਜਾ ਤੇ ਸ਼ਹਿਰ ਵਿਚ ਤਬਾਹੀ ਮਚਾਈ ਗਈ। ਕਮਵਰ ਖਾਂ ਦੇ ਤੁਜ਼ੇਂਕਿਰਾਤੁਸ ਸਲਾਤੀਨ-ਏ-ਚੁੰਗਤੀਆਂ, ਮੁਨਤਖਿਬ-ਉਲ-ਲੁਬਾਬ’ ਅਤੇ ‘ਸੀਅਰਲ ਮੁਤਾਖਰੀ ਵਿਚ ਇਸ ਸੰਬੰਧੀ ਜਾਣਕਾਰੀ ਪੂਰੀ ਵਿਸਥਾਰ ਅੰਕਿਤ ਕੀਤੀ ਗਈ ਹੈ ਪ੍ਰੰਤੂ ਇਸ ਵਿਸ਼ੇ ਉਤੇ ਇਹ ਲਿਖਾਰੀ ਇਤਨੇ ਭਰੋਸੇਯੋਗ ਨਹੀਂ ਕਹੇ ਜਾ ਸਕਦੇ ਕਿਉਂਕਿ ਇਸ ਵਿਚ ਧਾਰਮਿਕ ਵਲਵਲੇ ਸ਼ਾਮਿਲ ਹਨ।
ਇਥੇ ਇਹ ਦੱਸਣਾ ਮਹੱਤਤਾ ਯੋਗ ਹੋਵੇਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਭਤੋਂ ਵੱਡੀ ਦੇਣ ਜ਼ਿਮੀਦਾਰੀ ਪ੍ਰਣਾਲੀ ਨੂੰ ਖਤਮ ਕਰਨਾ ਸੀ ਕਿਉਂਕਿ ਬੰਦਾ ਸਿੰਘ ਬਹਾਦਰ ਦੇ ਸਮੇਂ ਤਕ ਉਹ ਵੱਡੇ-ਵੱਡੇ ਜ਼ਿਮੀਂਦਾਰ ਜੋ ਆਮ ਤੌਰ ਉਤੇ ਸਰਕਾਰੀ ਮੁਲਾਜ਼ਮ ਹੁੰਦੇ ਸਨ ਤੇ ਭੂਮੀ ਕਰ ਨੂੰ ਇਕੱਤਰ ਕਰਕੇ ਸਰਕਾਰ ਦੇ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣ ਦੇ ਜ਼ੁੰਮੇਵਾਰ ਸਨ, ਭੂਮੀ ਦੇ ਮਾਲਕ ਪੂਰੇ ਪੂਰੇ ਬਣ ਚੁੱਕੇ ਸਨ। ਉਹ ਜਦੋਂ ਜੀਅ ਚਾਹੇ ਹਲ-ਵਾਹਕ ਨੂੰ ਖੇਤਾਂ ਵਿਚੋਂ ਕੱਢ ਦਿੰਦੇ ਅਤੇ ਉਨ੍ਹਾਂ ਉਤੇ ਜਬਰ-ਜੋਰ ਕਰਦੇ। ਆਪਣੀ ਮਰਜ਼ੀ ਨਾਲ ਕਰ ਲਗਾਉਂਦੇ ਤੇ ਪ੍ਰਾਪਤ ਕਰਦੇ ਸਨ। ਬਹੁਤ ਸਾਰੇ ਪ੍ਰਾਂਤਾਂ ਵਿਚ ਇਹੋ ਕੁਝ ਹੋ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਭੂਮੀ-ਵਾਹਕ ਨੂੰ ਭੂਮੀ ਦਾ ਮਾਲਕ ਘੋਸ਼ਿਤ ਕਰ ਦਿੱਤਾ। ਇਸ ਸੰਬੰਧ ਵਿਚ ਇਰਵਨ ਆਪਣੀ ਰਚਨਾ ‘ਲੇਟਰ ਮੁਗਲਜ਼’ ਵਿਚ ਲਿਖਦਾ ਹੈ ਕਿ ਬਹੁਤ ਸਾਰੇ ਪ੍ਰਗਨਿਆਂ ਵਿਚ, ਜਿਨ੍ਹਾਂ ਦੇ ਸਿੱਖ ਮਾਲਕ ਬਣੇ, ਭੂਮੀ-ਨੀਤੀ ਪੂਰਨ ਰੂਪ ਬਦਲਾ ਕੇ ਰੱਖ ਦਿੱਤੀ ਗਈ। ਗਰੀਬ ਗੁਰਬੇ ਹੱਲ-ਵਾਹਕ ਭੂਮੀ ਦੇ ਮਾਲਕ ਬਣ ਗਏ। ਉੱਚ ਜਨਮੇ ਤੇ ਸ਼ਾਹੂਕਾਰ ਉਨ੍ਹਾਂ ਦਾ ਸਤਿਕਾਰ ਕਰਨ ਲੱਗੇ। ਇਥੋਂ ਤਕ ਕਿ ਕੋਈ ਵੀ ਅਧਿਕਾਰੀ ਅਜਿਹਾ ਨਹੀਂ ਸੀ ਜੋ ਬੰਦਾ ਸਿੰਘ ਬਹਾਦਰ ਦੇ ਹੱਲ-ਵਾਹਕਾਂ ਦੇ ਹਿੱਤ ਵਿਚ ਦਿੱਤੇ ਹੁਕਮਾਂ ਦੀ ਨਿਰਾਦਰੀ ਕਰਦਾ, ਭਾਵੇਂ ਅਜਿਹਾ ਥੋੜ੍ਹੀ ਦੇਰ ਲਈ ਹੀ ਰਿਹਾ।
ਇਸ ਉਪਰੰਤ ਬੰਦਾ ਸਿੰਘ ਬਹਾਦਰ ਨੇ ਜਲਾਲਾਬਾਦ ਤੇ ਜਲੰਧਰ ਦੇ ਇਲਾਕਿਆਂ ਦਾ ਘੇਰਾ ਘੱਤਿਆ। ਜਲੰਧਰ ਤੇ ਹੁਸ਼ਿਆਰਪੁਰ ਉਪਰ ਵੀ ਕਬਜ਼ਾ ਕਰ ਲਿਆ ਗਿਆ ਅਤੇ ਜਲਦੀ ਹੀ ਬੰਦਾ ਸਿੰਘ ਬਹਾਦਰ ਦਾ ਬੋਲ-ਬਾਲਾ ਹੋ ਗਿਆ। ਇਸ ਉਪਰੰਤ ਮਾਝੇ ਤੇ ਰਿਆੜਕੀ ਦਾ ਇਲਾਕਾ ਵੀ ਬੰਦਾ ਸਿੰਘ ਬਹਾਦਰ ਦੀ ਜਿੱਤ ਦਾ ਭਾਗੀ ਬਣਿਆ। ਮੁਹੰਮਦ ਕਾਸਿਮ ਦਾ ‘ਇਬਰਤਨਾਮਾ’ ਅਤੇ ‘ਚਹਾਰ ਗੁਲਸ਼ਨ’ ਦਾ ਨਿਰਦੇਸ਼ਕ ਇਸ ਸੰਬੰਧੀ ਵਿਸਥਾਰ ਅੰਕਿਤ ਕਰਦਾ ਹੈ।
ਬੰਦਾ ਸਿੰਘ ਬਹਾਦਰ ਆਪਣਾ ਝੰਡਾ ਲਾਹੌਰ ਦੀਆਂ ਦੀਵਾਰਾਂ ਤਕ ਲਿਜਾਣ ਵਿਚ ਸਫਲ ਹੋਇਆ, ਜਿਸ ਦੇ ਫਲਸਰੂਪ ਹਰਾ ਝੰਡਾ ਜਿਸ ਨੂੰ ਹੈਦਰੀ ਝੰਡਾ ਕਹਿੰਦੇ ਹਨ, ਉਸ ਵਿਰੁੱਧ ਜਹਾਦ ਬੁਲੰਦ ਕੀਤਾ ਗਿਆ ਤੇ ਸਿੱਖਾਂ ਵਿਰੁੱਧ ਜਹਾਦ ਇੰਨਾ ਸ਼ਕਤੀਸ਼ਾਲੀ ਰੂਪ ਧਾਰਨ ਕਰ ਗਿਆ ਕਿ ਬੰਦਾ ਸਿੰਘ ਬਹਾਦਰ ਅਧੀਨ ਸਿੱਖਾਂ ਦਾ, ਜੋ ਲਾਹੌਰ ਦੇ ਪੂਰਬ ਵਿਚ ਸਮੁੱਚੇ ਪੰਜਾਬ ਦੇ ਮਾਲਕ ਬਣ ਚੁੱਕੇ ਸਨ, ਸਖ਼ਤੀ ਨਾਲ ਮੁਕਾਬਲਾ ਕੀਤਾ ਗਿਆ। ਉਧਰ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਇਤਨੀ ਵਧ ਚੁਕੀ ਸੀ ਕਿ ਮੈਲਕਮ ਆਪਣੀ ਰਚਨਾ ਦਾ ‘ਸਕੈਚ ਆਫ ਦਾ ਸਿੱਖਸ’ ਵਿਚ ਲਿਖਦਾ ਹੈ ਕਿ ਜੇ ੧੭੧੦ ਵਿਚ ਬਹਾਦਰ ਸ਼ਾਹ ਦੱਖਣ ਵੱਲ ਨੂੰ ਨਾ ਚਲਿਆ ਜਾਂਦਾ ਤਾਂ ਬੰਦਾ ਸਿੰਘ ਬਹਾਦਰ ਦੇ ਅਧੀਨ ਸਿੱਖ ਸਾਰੇ ਹਿੰਦੁਸਤਾਨ ਨੂੰ ਵੱਸ ਕਰ ਲੈਂਦੇ।
ਇਤਿਹਾਸਕਾਰਾਂ ਨੇ ਬੰਦਾ ਸਿੰਘ ਬਹਾਦਰ ਅਤੇ ਸ਼ਾਹੀ ਫੌਜਾਂ ਦੇ ਦਰਮਿਆਨ ਹੋਏ ਸੰਘਰਸ਼ ਨੂੰ ਵਿਸਥਾਰ ਨਾਲ ਚਿਤਰਿਆ ਹੈ ਜਿਸ ਦਾ ਇਥੇ ਵਰਣਨ ਕਰਨਾ ਕੋਈ ਬਹੁਤਾ ਲਾਭਦਾਇਕ ਨਹੀਂ ਹੋਵੇਗਾ।
ਇਤਿਹਾਸਕ ਸੰਦਰਭ ਵਿਚ ਗੱਲ ਕਰਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਦੁਆਰਾ ਚਲਾਏ ਗਏ ਸਿੱਕਿਆਂ ਦਾ ਵਰਣਨ ਕਰਨਾ ਬਹੁਤ ਜ਼ਰੂਰੀ ਹੈ ਜੋ ਗੁਰੂ ਸਾਹਿਬਾਨ ਪ੍ਰਤੀ ਉਸ ਦੇ ਭਰੋਸੇ ਦੇ ਪ੍ਰਤੀਕ ਹਨ-
ਸਿਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ । ਫਤਹਿ ਗੋਬਿੰਦ ਸਿੰਘ ਸ਼ਾਹ ਸਾਰਾ ਫਜ਼ਲ ਸੱਚਾ ਸਾਹਿਬ ਅਸਤ।
ਬੰਦਾ ਸਿੰਘ ਬਹਾਦਰ ਦੀ ਸੀਲ ਉਤੇ ਖੁਦੇ ਇਹ ਸ਼ਬਦ ਵੀ ਗੌਰ ਦੇ ਜਾਚਕ ਹਨ-
ਦੇਗ ਓ ਤੇਗ ਓ ਫਤਹਿ ਓ ਨੁਸਰਤ ਬੇਦਰੰਗ।
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਸਿੱਖਾਂ ਉਤੇ ਸਖ਼ਤੀ ਕਰਨ ਹਿੱਤ ਸ਼ਾਹੀ ਫੁਰਮਾਨ ਜਾਰੀ ਕੀਤੇ ਗਏ। ਬਾਦਸ਼ਾਹ ਬਹਾਦਰ ਸ਼ਾਹ ਵਲੋਂ ਇਹ ਵੀ ਫੁਰਮਾਨ ਜਾਰੀ ਹੋਇਆ ਕਿ ਸਭ ਹਿੰਦੂ ਆਪਣੀਆਂ ਦਾੜ੍ਹੀਆਂ ਮੁਨਾ ਦੇਣ ਤਾਂ ਜੋ ਸਿੱਖਾਂ ਦੀ ਸਹਿਜੇ ਹੀ ਪਛਾਣ ਹੋ ਸਕੇ। ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਬਹਾਦਰ ਸ਼ਾਹ ਉਤੇ ਪਾਗਲਪਨ ਦਾ ਭੂਤ ਸਵਾਰ ਹੋ ਗਿਆ ਹੋਵੇ।
ਸੀਅਰਲ ਮੁਤਾਖਰੀਂ ਦਾ ਕਰਤਾ ਲਿਖਦਾ ਹੈ ਕਿ ਬਹਾਦਰ ਸ਼ਾਹ ਨੇ ਇਕ ਵਾਰੀ ਹੁਕਮ ਦਿੱਤਾ ਕਿ ਸਭ ਸ਼ਹਿਰ ਦੇ ਕੁੱਤਿਆਂ ਅਤੇ ਖੋਤਿਆਂ ਨੂੰ ਮਾਰ ਦਿੱਤਾ ਜਾਵੇ ਅਤੇ ਫਕੀਰਾਂ ਨੂੰ ਬਾਹਰ ਕੱਢ ਦਿੱਤਾ ਜਾਵੇ।
੧੮ ਫਰਵਰੀ ੧੭੧੨ ਵਿਚ ਬਹਾਦਰ ਸ਼ਾਹ ਦੀ ਮੌਤ ਉਪਰੰਤ ਉਸ ਦਾ ਲੜਕਾ ਜਹਾਨ ਦਰ ਸ਼ਾਹ ਗੱਦੀ ਉਤੇ ਬੈਠਾ, ਪਰੰਤੂ ੧੭੧੩ ਈਸਵੀ ਵਿਚ ਫ਼ਰੁਖਸੀਅਰ ਨੇ ਉਸ ਨੂੰ ਕੱਢ ਦਿੱਤਾ।
ਫ਼ਰੁਖਸ਼ੀਅਰ ਨੇ ਅਬਦੁਲ ਸਮੱਦ ਖਾਨ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਅਤੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਉਪਰਾਲੇ ਕੀਤੇ । ੭ ਦਸੰਬਰ, ੧੭੧੫ ਈਸਵੀ ਤੇ ਅਰੰਭ ਵਿਚ ਬੰਦਾ ਸਿੰਘ ਬਹਾਦਰ ਨੂੰ ਕਲਾਨੌਰ ਤੇ ਬਟਾਲਾ ਦੇ ਮੈਦਾਨਾਂ ਵਿਚ ਵੇਖਿਆ ਗਿਆ। ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਵਿਰੁੱਧ ਸੰਘਰਸ਼ ਆਰੰਭ ਰੱਖਿਆ ਪਰ ਅੰਤ ਨੂੰ ਗੁਰਦਾਸ ਨੰਗਲ ਦੇ ਕਿਲ੍ਹੇ ਵਿਚ ਸ਼ਾਹੀ ਫੌਜਾਂ ਦੇ ਹੱਥ ਆ ਗਿਆ। ਕਿਲ੍ਹੇ ਦਾ ਘੇਰਾ ਘੱਤ ਕੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੰਦੇ ਦੇ ਸਾਥੀਆਂ ਨੂੰ, ਜੋ ਲਗ-ਭਗ ਦੋ ਤਿੰਨ ਸੌ ਦੇ ਕਰੀਬ ਸਨ, ਹੱਥ ਬੰਨ੍ਹ ਕੇ ਮੁਗਲ ਸਿਪਾਹੀਆਂ ਦੇ ਹਵਾਲੇ ਕੀਤਾ ਗਿਆ ਜਿਨ੍ਹਾਂ ਨੂੰ ਖਾਫੀ ਖਾਨ ਅਨੁਸਾਰ ਤਲਵਾਰ ਦੇ ਘਾਟ ਉਤਾਰ ਦਿੱਤਾ ਗਿਆ । ਬੰਦੇ ਦੇ ਸਾਥੀਆਂ ਨੂੰ ਮਾਰਨ ਦਾ ਕੰਮ ੫ ਮਾਰਚ ੧੭੧੬ ਨੂੰ ਆਰੰਭ ਕੀਤਾ ਗਿਆ। ਹਰ ਰੋਜ਼ ਇਕ ਸੌ ਸਿੱਖ ਸ਼ਹੀਦ ਕੀਤੇ ਜਾਂਦੇ ਸਨ।
ਵੀਲਰ ਦੀ ਰਚਨਾ ਅਰਲੀ ਰਿਕਾਰਡ ਆਫ ਬ੍ਰਿਟਿਸ਼ ਇੰਡੀਆ ਅਨੁਸਾਰ ਹਰ ਇਕ ਨੂੰ ਜੀਵਨ ਬਖਸ਼ਣ ਦਾ ਯਤਨ ਕੀਤਾ ਗਿਆ, ਜੇ ਉਹ ਆਪਣਾ ਧਰਮ ਤਿਆਗ ਦੇਵੇ ਤੇ ਮੁਸਲਮਾਨ ਬਣ ਜਾਵੇ ਪਰੰਤੂ ਕੋਈ ਅਜਿਹੀ ਮਿਸਾਲ ਦਿਖਾਈ ਨਹੀਂ ਦਿੱਤੀ ਕਿ ਕਿਸੇ ਵਿਅਕਤੀ ਨੇ ਆਪਣਾ ਧਰਮ ਤਿਆਗਿਆ ਹੋਵੇ । ੯ ਜੂਨ ੧੯੧੬ ਈਸਵੀ ਨੂੰ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਰਵਾਇਤ ਹੈ ਕਿ ਉਸ ਦੇ ਬੱਚੇ ਅਜੈ ਸਿੰਘ ਨੂੰ ਉਸ ਦੀ ਗੋਦ ਵਿਚ ਬਿਠਾਇਆ ਗਿਆ ਅਤੇ ਉਸ ਨੂੰ ਮਾਰਨ ਲਈ ਕਿਹਾ ਗਿਆ। ਬੰਦਾ ਸਿੰਘ ਬਹਾਦਰ ਦੇ ਨਾਂਹ ਕਰਨ ਉਤੇ ਉਸ ਦੇ ਬੱਚੇ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਬੰਦਾ ਸਿੰਘ ਬਹਾਦਰ ਨੇ ਕਠੋਰਤਾ-ਭਰੇ ਇਸ ਦ੍ਰਿਸ਼ ਨੂੰ ਚੁਪ-ਚਾਪ ਸਹਿਨ ਕੀਤਾ। ਦੂਜੇ ਸ਼ਬਦਾਂ ਵਿਚ ਉਸ ਨੇ ਰੱਬੀ ਭਾਣੇ ਨੂੰ ਪੂਰਨ ਸਿਦਕ ਤੇ ਅਡੋਲਤਾ ਸਹਿਤ ਸਵੀਕਾਰ ਕੀਤਾ। ਖਾਫੀ ਖਾਨ ਅਤੇ ਮੁਹੰਮਦ ਹੁਸੈਨ ਵੀ ਆਪਣੀਆਂ ਲਿਖਤਾਂ ਵਿਚ ਇਸ ਦੀ ਪ੍ਰੋੜ੍ਹਤਾ ਕਰਦੇ ਹਨ।
