ਉਧਰੋਂ ਬਾਬਰ ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ’ ਹਿੰਦੁਸਤਾਨ ਨੂੰ ਡਰਾਉਣ ਲਈ ਤਾਂ ਇਧਰੋ ਵਾਹਿਗੁਰੂ ਨੇ ਟਾਕਰੇ ਲਈ ਗੁਰੂ ਨਾਨਕ ਪਠਾਯਾ।
ਫਿਰ ਜੇ ਜਹਾਂਗੀਰ ਨੇ ਤੁਅਸਬ ਦੀ ਪੱਟੀ ਅੱਖਾਂ ‘ਤੇ ਬੰਨ੍ਹ ਅੰਨ੍ਹੀ ਕੱਟੜਤਾ ਫੈਲਾਣੀ ਚਾਹੀ ਤਾਂ ਗੁਰੂ ਅਰਜਨ ਦੇਵ ਜੀ ਟਾਕਰੇ ‘ਤੇ ਉਠ ਖਲੋਤੇ। ਸ਼ਹਾਦਤ ਪ੍ਰਵਾਨ ਕਰ ਲਈ ਪਰ ਪੰਥ, ਗੁਰੂ ਗ੍ਰੰਥ, ਸੰਗਤਿ ਤੇ ਸਿਧਾਂਤ ਨੂੰ ਆਂਚ ਨਾ ਆਉਣ ਦਿੱਤੀ।
ਫਿਰ ਜੇ ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਨੇ ਹਿੰਦੁਸਤਾਨ ਨੂੰ ਦਾਰੁਲ ਹਰਬ (ਕਾਫ਼ਰਾਂ ਦਾ ਦੇਸ) ਕਹਿ ਜੁਲਮਾਂ ਦੀ ਅਤਿ ਕਰ ਦਿੱਤੀ ਤਾਂ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਗੁਰੂ ਤੇਗ਼ ਬਹਾਦਰ ਜੀ ਨੇ ਸੀਸ ਦੇ ਕੇ ਜਾਂਦੇ ਹਿੰਦ ਦੀ ਪਤਿ ਰੱਖ ਲਈ।
ਨਿਰੀ ਹਿੰਦ ਦੀ ਨਹੀਂ ਸਾਰੇ ਜਗਤ ਨੂੰ ਵੱਲ ਸਿਖਲਾ ਦਿੱਤਾ ਕਿ ਪਤਿ ਕਿਵੇਂ ਰੱਖੀਦੀ ਹੈ।
“ਪ੍ਰਗਟ ਭਏ ਗੁਰੂ ਤੇਗ ਬਹਾਦਰ।
ਸਗਲ ਸ੍ਰਿਸਟ ਪੈ ਢਾਪੀ ਚਾਦਰ।”
ਉਨ੍ਹਾਂ ਦੀ ਨਿਵੇਕਲੀ ਇਕ ਮਾਤ੍ਰ ਸ਼ਹਾਦਤ ਪੜ੍ਹ ਹੀ ਲਾਲਾ ਦੌਲਤ ਰਾਇ ਨੇ ਕਿਹਾ ਸੀ : “ਆਜ ਤਕ ਯਹਿ ਤੇ ਹੁਆ ਹੈ ਕਿ ਕਾਤਿਲ ਮਕਤੂਲ ਕੇ ਪਾਸ ਜਾਏ। ਯਹਿ ਨਹੀਂ ਕਿ ਮਕਤੂਲ ਕਾਤਿਲ ਕੇ ਪਾਸ ਆਏ। ਐਸਾ ਕਰਕੇ ਗੁਰੂ ਤੇਗ਼ ਬਹਾਦਰ ਨੇ ਉਲਟੀ ਗੰਗਾ ਬਹਾ ਦੀ।”
ਔਰੰਗਜ਼ੇਬ ਨੂੰ ਇਕਬਾਲ ਇਸਲਾਮ ਦੇ ਭੱਥੇ ਦਾ ਖਦੰਗੇ-ਆਖ਼ਰੀ (ਅਖੀਰਲਾ ਤੀਰ) ਕਹਿੰਦਾ ਸੀ। ਉਸ ਤੁਅਸਬ ਦੇ ਤਿੱਖੇ ਤੀਰ ਨੂੰ ਨਕਾਰਾ ਗੁਰੂ ਤੇਗ਼ ਬਹਾਦਰ ਜੀ ਨੇ ਹੀ ਕੀਤਾ।(ਪੂਰਨ ਸਚਿ ਭਰੇ)
-ਪ੍ਰਿੰ. ਸਤਿਬੀਰ ਸਿੰਘ
