“ਬਾਬੋਲਾ” ਸ਼ਬਦ ਪੰਜਾਬੀ ਅਤੇ ਉੱਤਰੀ ਭਾਰਤੀ ਸੱਭਿਆਚਾਰ ਵਿੱਚ ਪਿਤਾ ਲਈ ਪਿਆਰ, ਸਨਮਾਨ ਅਤੇ ਪ੍ਰੇਮ ਭਾਵ ਲਈ ਵਰਤਿਆ ਜਾਂਦਾ ਹੈ।
ਇਹ ਸ਼ਬਦ ਕਵਿਤਾਵਾਂ, ਗੀਤਾਂ ਤੇ ਲੋਕ ਸੰਗੀਤ ਵਿੱਚ ਵਿਸ਼ੇਸ਼ ਤੌਰ ਤੇ ਧੀ ਦੀ ਵਿਦਾਈ ਦੇ ਸਮੇਂ ਆਉਂਦਾ ਹੈ, ਜਿੱਥੇ ਧੀ ਆਪਣੇ ਪਿਤਾ ਨੂੰ ਸਨਮਾਨ ਦੇ ਨਾਲ ਯਾਦ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਬਾਬੋਲਾ, ਬਾਬੁਲ ਦੋ ਰੂਪਾਂ ਦੇ ਵਿੱਚ ਆਇਆ ਹੈ, ਗੁਰੂ ਸਾਹਿਬਾਨ ਨੇ ਬਾਬੁਲ ਪਰਮਾਤਮਾ ਦੇ ਪ੍ਰਤੀ ਵਰਤਿਆ ਹੈ। ਆਨੰਦ ਕਾਰਜ ਦੇ ਸਮੇਂ ਰਾਗੀ ਸਿੰਘਾਂ ਦੇ ਵੱਲੋਂ ਗਾਇਨ ਕੀਤੇ ਹੋਏ ਸ਼ਬਦ ਬਾਬੁਲ ਨੂੰ ਸੰਬੋਧਨ ਕਰਕੇ ਉਚਾਰੇ ਗਏ ਹਨ:
-ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ||..
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ||
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ।।
( ਸ੍ਰੀ ਗੁਰੂ ਗ੍ਰੰਥ ਸਾਹਿਬ, 78)
ਭਾਈ ਕਾਨ੍ਹ ਸਿੰਘ ਜੀ ਨਾਭਾ ਦੁਆਰਾ ਰਚਿਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਅਨੁਸਾਰ : ਸੰਸਾਰਿਕ ਪਿਤਾ, ਤੇ ਕਰਤਾਰ, ਜੋ ਸਭ ਦਾ ਪਿਤਾ ਲਿਖੇ ਹਨ., ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰਬਾਣੀ ਪਾਠ ਦਰਪਣ ਦੇ ਵਿੱਚ ਇਹੀ ਅਰਥ ਲਿਖੇ ਮਿਲਦੇ ਹਨ, ਪਰ ਕੋਸ਼ਾਂ ਨੂੰ ਪੜ੍ਹ ਕੇ ਇਹ ਪਤਾ ਨਹੀਂ ਲਗਦਾ ਕਿ ਪਿਤਾ ਨੂੰ ਬਾਬੁਲ ਕਿਉਂ ਕਹਿੰਦੇ ਹਨ ?
ਬਾਬੋਲਾ : ਬਹੁਤ ਮਿੱਠਾ ਬੋਲਾਇਆ ਦਾ ਸੰਖੇਪ ਹੈ
ਲੜਕੀ ਦੇ ਪਿਤਾ ਤੇ ਪਰਮਾਤਮਾ ਦਾ ਇਹ ਨਾਮ ਕ੍ਰਿਆ ਦੇ ਕਰਕੇ ਪਿਆ ਹੈ। ਅਕਸਰ ਹੀ ਪਿਤਾ ਆਪਣੀ ਧੀ ਨੂੰ ਬੜੀ ਮਿਠਾਸ ਭਰਪੂਰ ਸ਼ਬਦਾਂ ਦੇ ਨਾਲ ਬੁਲਾਉਂਦਾ ਹੈ, ਪਰਮਾਤਮਾ ਤਾਂ ਸਦਾ ਹੀ ਮਿੱਠਾ ਬੋਲਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪਰਮਾਤਮਾ ਸਭ ਕੁਝ ਜਾਣਦਾ ਹੈ, ਪਰ ਕੁਝ ਐਸਾ ਵੀ ਹੈ ਜੋ ਪਰਮਾਤਮਾ ਨਹੀਂ ਜਾਣਦਾ,
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ||
ਹਉ ਸੰਮਲਿ ਥਕੀ ਜੀ ਉਹ ਕਦੇ ਨਾ ਬੋਲੈ ਕਉਰਾ ||
ਕੳੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗੁਣ ਕੋ ਨ ਚਿਤਾਰੇ ||
(ਸ੍ਰੀ ਗੁਰੂ ਗ੍ਰੰਥ ਸਾਹਿਬ, 784)
ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਅਸੀਂ ਪਰਮਾਤਮਾ ਨੂੰ ਬਹੁਤ ਸੁਣਿਆ, ਸਾਡਾ ਸਜਣ ਸੁਆਮੀ ਮਿੱਠਾ ਬੋਲਣ ਵਾਲਾ ਹੈ, ਅਸੀਂ ਇਹ ਯਾਦ ਕਰਕੇ ਥੱਕ ਗਏ ਹਾਂ ਕਿ ਕੀ ਕਦੀ ਕੋਈ ਬਚਨ ਉਸ ਪਰਮਾਤਮਾ ਨੇ ਕੌੜਾ ਵੀ ਬੋਲਿਆ ਹੈ? ਕੌੜਾ ਬੋਲਣਾ ਉਹ ਜਾਣਦਾ ਹੀ ਨਹੀਂ ਹੈ| ਆਮ ਤੌਰ ਤੇ ਮਨੁੱਖ ਕਹਿ ਦਿੰਦਾ ਕਿ ਸੱਚਾਈ ਕੌੜੀ ਹੁੰਦੀ ਹੈ | ਇਹ ਪੱਛਮ ਦੀ ਕਹਾਵਤ Truth Tastes Bitter ਤਾਂ ਅਨੁਵਾਦ ਹੈ| ਪ੍ਰੰਤੂ ਇੱਥੇ ਸਾਰੀ ਬਾਣੀ ਸੱਚੀ ਤੇ ਬੜੀ ਮਿੱਠੀ ਹੈ, ਇਹ ਪਿਤਾ ਪਰਮਾਤਮਾ ਬਾਬਲ ਦੀ ਹੈ
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ
