129 views 0 secs 0 comments

ਬਾਰ੍ਹਾਂ ਮਿਸਲਾ – ਮਿਸਲ ਫ਼ੈਜ਼ਲਪੁਰੀਆ

ਲੇਖ
February 13, 2025

ਡਾ. ਗੁਰਪ੍ਰੀਤ ਸਿੰਘ

ਮਿਸਲ ਦਾ ਬਾਨੀ ਨਵਾਬ ਕਪੂਰ ਸਿੰਘ ਵਿਰਕ ਜੱਟ ਪਿੰਡ ਫ਼ੈਜ਼ਲਾਪੁਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸੀ। ਕਪੂਰ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਫਿਰ ਦਰਬਾਰਾ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਿਆ ਸੀ। ਲਾਹੌਰ ਦੇ ਗਵਰਨਰ ਜ਼ਕਰੀਆ ਖਾਂ ਨੇ ਸਿੱਖਾਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਤੋਂ ਰੋਕਣ ਲਈ ੧੭੩੩ ਈ. ਵਿਚ ਇਕ ਲੱਖ ਰੁਪਏ ਦੀ ਜਾਗੀਰ ਪੇਸ਼ ਕੀਤੀ ਸੀ, ਜੋ ਸਿੱਖਾਂ ਨੇ ਕਪੂਰ ਸਿੰਘ ਨੂੰ ਦੇ ਦਿੱਤੀ, ਜਿਸ ਕਰਕੇ ਇਸ ਨੂੰ ਨਵਾਬ ਕਪੂਰ ਸਿੰਘ ਕਿਹਾ ਜਾਣ ਲੱਗ ਪਿਆ। ੧੭੩੪ ਈ. ਵਿਚ ਕਪੂਰ ਸਿੰਘ ਨੇ ਸਿੱਖਾਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿਚ ਸੰਗਠਤ ਕੀਤਾ। ੨੯ ਮਾਰਚ ੧੭੪੮ ਈ. ਦੇ ਦਿਨ ਸਿੱਖਾਂ ਦੀਆਂ ੧੨ ਮਿਸਲਾਂ ਬਣੀਆਂ ਤਾਂ ਨਵਾਬ ਕਪੂਰ ਸਿੰਘ ਨੇ ਵੀ ਆਪਣੇ ਪਿੰਡ ਦੇ ਨਾਂ ‘ਤੇ ਸਿੰਘਪੁਰੀਆ (ਫ਼ੈਜ਼ਲਪੁਰੀਆ) ਮਿਸਲ ਬਣਾਈ।

ਲਾਹੌਰ ਦਾ ਸੂਬੇਦਾਰ ਨਾਇਬ ਮੋਮਨ ਖਾਨ ਸੀ, ਜੋ ਬੜਾ ਜ਼ਾਲਮ ਸੀ। ਨਵਾਬ ਕਪੂਰ ਸਿੰਘ ਨੇ ਆਪਣੀ ਮਿਸਲ ਦੇ ਸਿਪਾਹੀਆਂ ਨੂੰ ਕਿਹਾ ਕਿ ਕੋਈ ਇਕੱਲਾ ਸੂਰਮਾ ਜਾ ਕੇ ਮੋਮਨ ਖਾਂ ਦਾ ਸਿਰ ਵੱਢ ਕੇ ਲਿਆਵੇ। ਭਾਈ ਮਨੀ ਸਿੰਘ ਦਾ ਭਤੀਜਾ ਅਘੜ ਸਿੰਘ ਮੋਮਨ ਖਾਂ ਦਾ ਨੌਕਰ ਹੋ ਗਿਆ ਅਤੇ ਸਮਾਂ ਪਾ ਕੇ ਮੋਮਨ ਖਾਂ ਦਾ ਸਿਰ ਵੱਢ ਲਿਆਇਆ। ਨਵਾਬ ਕਪੂਰ ਸਿੰਘ ਨੇ ਉਸਨੂੰ ਛਾਤੀ ਨਾਲ ਲਾਇਆ ਅਤੇ ਸਿਰਪਾਉ ਦਿੱਤਾ ਸੀ। ੧੭੬੨ ਈ. ਨੂੰ ਹੋਏ ਵੱਡੇ ਘੱਲੂਘਾਰੇ ਸਮੇਂ ਨਵਾਬ ਕਪੂਰ ਸਿੰਘ ਦੀ ਮਿਸਲ ਬੜੀ ਬਹਾਦਰੀ ਨਾਲ ਲੜੀ। ੧੭ ਨਵੰਬਰ, ੧੭੬੩ ਈ. ਨੂੰ ਜਦ ਅਬਦਾਲੀ ਦੁਆਰਾ ਢਾਹ ਦਿੱਤੇ ਗਏ ਹਰਿਮੰਦਰ ਸਾਹਿਬ ਦੀ ਦੁਬਾਰਾ ਨੀਂਹ ਧਰੀ ਸੀ ਤਾਂ ਉਸਦੀ ਪਹਿਲੀ ਇੱਟ ਨਵਾਬ ਕਪੂਰ ਸਿੰਘ ਨੇ ਰੱਖੀ ਸੀ। ਨਵਾਬ ਕਪੂਰ ਸਿੰਘ ਨੇ ਆਖ਼ਰੀ ਲੜਾਈ ਸਰਹੰਦ ਦੀ ਲੜੀ ਸੀ। ਇਸ ਤੋਂ ਥੋੜੀ ਦੇਰ ਬਾਅਦ ਇਹ ਸ੍ਰੀ ਅੰਮ੍ਰਿਤਸਰ ਵਿਖੇ ਚੜ੍ਹਾਈ ਕਰ ਗਿਆ। ਨਵਾਬ ਕਪੂਰ ਸਿੰਘ ਦੀ ਸਮਾਧ ਗੁਰਦੁਆਰਾ ਬਾਬਾ ਅਟੱਲ ਕੋਲ ਹੈ। ਕਪੂਰ ਸਿੰਘ ਦੀ ਕੋਈ ਔਲਾਦ ਨਹੀਂ ਸੀ। ਇਸ ਤੋਂ ਬਾਅਦ ਖੁਸ਼ਹਾਲ ਸਿੰਘ ਇਸ ਮਿਸਲ ਦਾ ਆਗੂ ਬਣਿਆ। ਖੁਸ਼ਹਾਲ ਸਿੰਘ ਦੀ ੧੭੯੫ ਈ. ਵਿਚ ਮੌਤ ਹੋਈ ਤਾਂ ਬੁੱਧ ਸਿੰਘ ਉਸਦਾ ਪੁੱਤਰ ਮਿਸਲਦਾਰ ਬਣਿਆ। ਪਰ ਬੁੱਧ ਸਿੰਘ ਆਪਣੇ ਪਿਤਾ ਵਾਂਗ ਬਹਾਦਰ ਨਹੀਂ ਸੀ। ਛੇਤੀ ਹੀ ਇਹ ਮਿਸਲ ਢਹਿੰਦੀਆਂ ਕਲਾ ਵੱਲ ਜਾਣ ਲੱਗ ਪਈ। ਬੁੱਧ ਸਿੰਘ ਦੀ ੧੮੧੬ ਈ. ਵਿਚ ਮੌਤ ਹੋ ਗਈ। ਇਸ ਮਿਸਲ ਦੇ ਇਲਾਕੇ ਉਪਰ ਰਣਜੀਤ ਸਿੰਘ ਦਾ ਕਬਜ਼ਾ ਹੋਣ ਕਰਕੇ ਇਹ ਲਾਹੌਰ ਰਾਜ ਵਿਚ ਮਿਲ ਗਈ।