129 views 10 secs 0 comments

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ: ਜੀਵਨ ਤੇ ਕਾਰਜ

ਲੇਖ
July 19, 2025

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਦੇ ਦਿਨ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ `ਤੇ ਬਿਠਾਇਆ ਗਿਆ। ਗੁਰੂ ਜੀ ਦੀ ਆਯੂ ਉਸ ਵੇਲੇ ਕੇਵਲ ਸਵਾ ਪੰਜ ਸਾਲ ਸੀ। ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਹ ਸਭ ਤੋਂ ਛੋਟੀ ਆਯੂ ਦੇ ਗੁਰੂ ਬਣੇ ਅਤੇ ਉਸੇ ਮਿਸ਼ਨ, ਨੀਤੀ ਦੇ ਧਾਰਨੀ ਰਹੇ ਜੋ ਪਹਿਲੇ ਗੁਰੂ ਜੀ ਵੱਲੋਂ ਅਰੰਭੀ ਗਈ ਸੀ। ਪਰ ਦੂਜੇ ਪਾਸੇ ਰਾਮਰਾਇ ਗੱਦੀ `ਤੇ ਹੱਕ ਜਤਾਉਣ ਲਈ ਔਰੰਗਜ਼ੇਬ ਤੇ ਉਸ ਦੇ ਅਹਿਲਕਾਰਾਂ ਪਾਸ ਚਾਲਾਂ ਚੱਲ ਕੇ ਗੱਦੀ ਹਾਸਲ ਕਰਨ ਲਈ ਤੇਜ-ਤਰਾਰ ਤਰੀਕੇ ਨਾਲ ਹੱਥ ਪੈਰ ਮਾਰ ਰਿਹਾ ਸੀ। ਔਰੰਗਜ਼ੇਬ ਵੀ ਦੋਹਾਂ ਭਰਾਵਾਂ ਵਿਚਲੀ ਦੁਫੇੜ ਦਾ ਪੂਰਾ-ਪੂਰਾ ਫਾਇਦਾ ਲੈਣਾ ਚਾਹੁੰਦਾ ਸੀ। ਇਸ ਬਾਰੇ ਵੱਖ-ਵੱਖ ਵਿਦਵਾਨਾਂ ਨੇ ਵਿਚਾਰ ਪ੍ਰਗਟ ਕੀਤੇ ਹਨ। ਡਾ. ਹਰੀ ਰਾਮ ਗੁਪਤਾ ਅਨੁਸਾਰ ਔਰੰਗਜ਼ੇਬ ਕੁਟਲਨੀਤੀ ਦੇ ਹੁਨਰ ਦਾ ਉਸਤਾਦ ਸੀ, ਉਹ ਦੋਵਾਂ ਭਰਾਵਾਂ ਦੇ ਇਸ ਵਖਰੇਵੇਂ ਕਾਰਨ ਸਿੱਖ ਲਹਿਰ ਨੂੰ ਕੁਚਲਣ ਲਈ ਰਾਮਰਾਇ ਨੂੰ ਵਰਤਣ ਵਾਸਤੇ ਬੜਾ ਹੀ ਚਾਹਵਾਨ ਸੀ। ਔਰੰਗਜ਼ੇਬ ਬੜਾ ਚਾਲਬਾਜ, ਫਰੇਬੀ ਸੀ। ਉਸ ਨੇ ਸੋਚਿਆ ਵੱਡਾ ਭਰਾ ਤੇ ਮੇਰੇ ਹੱਥ ਵਿਚ ਹੈ ਛੋਟੇ ਨੂੰ ਡਰਾ-ਧਮਕਾ ਕੇ ਵਸ ਕਰ ਲਿਆ ਜਾਵੇ, ਤਾਂ ਜੋ ਇਸਲਾਮ ਦੇ ਪ੍ਰਚਾਰ-ਪ੍ਰਸਾਰ ਦਾ ਰਾਹ ਸਾਫ ਹੋ ਜਾਵੇ। ਅਖੀਰ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੱਦਣ ਦਾ ਫੈਸਲਾ ਕਰ ਲਿਆ।
ਜਿਸ ਵੇਲੇ ਔਰੰਗਜ਼ੇਬ ਨੇ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਵਿਖੇ ਤਲਬ ਕੀਤਾ ਤਾਂ ਉਨ੍ਹਾਂ ਨੇ ਆਪ ਜਾਣ ਦੀ ਬਜਾਏ ਆਪਣੇ ਵੱਡੇ ਪੁੱਤਰ ਸ੍ਰੀ ਰਾਮਰਾਇ ਨੂੰ ਭੇਜਿਆ। ਗੁਰੂ ਜੀ ਨੇ ਰਾਮਰਾਇ ਨੂੰ ਨਾਲ ਹੀ ਨਸ਼ੀਹਤ ਵੀ ਕੀਤੀ ਕਿ ਗੁਰੁ-ਆਸ਼ੇ ਦੇ ਉਲਟ ਜਾ ਕੇ ਕੋਈ ਗੱਲ, ਕਾਰਜ ਨਹੀਂ ਕਰਨਾ। ਪਰ ਸ੍ਰੀ ਰਾਮਰਾਇ ਨੇ ਆਪਣੀ ਚਤੁਰਾਈ ਨਾਲ ਰਾਜੇ ਨੂੰ ਖੁਸ਼ ਕਰਨ ਲਈ ਗੁਰੂ-ਪਰੰਪਰਾ ਤੇ ਗੁਰੂ-ਆਸ਼ੇ ਦੇ ਉਲਟ ਨਾਵਾਜਬ ਗੱਲਾਂ ਕੀਤੀਆਂ ਇਥੋਂ ਤੀਕ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਤੁਕ ਬਦਲ ਕੇ `ਮਿਟੀ ਮੁਸਲਮਾਨ ਕੀ` ਦੀ ਥਾਂ `ਮਿਟੀ ਬੇਈਮਾਨ ਕੀ` ਕਰ ਦਿੱਤੀ। ਗੁਰੂ ਜੀ ਨੇ ਰਾਮਰਾਇ ਨੂੰ ਸਦਾ ਲਈ ਤਿਆਗ ਦਿੱਤਾ ਤੇ ਮੱਥੇ ਲੱਗਣ ਤੋਂ ਵੀ ਵਰਜ ਦਿੱਤਾ। ਰਾਮਰਾਇ ਦੀ ਨੀਤੀ ਬਾਰੇ ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਹੀ ਸੰਗਤਾਂ ਨੂੰ ਸੁਚੇਤ ਕਰ ਦਿੱਤਾ ਸੀ ਤੇ ਨਾਲ ਹੀ ਹੁਕਮ ਕੀਤਾ ਸੀ ਕਿ ਸਾਡੀ ਜੋਤ ਮਾਨਵਤਾ ਨੂੰ ਰੱਬੀ ਗਿਆਨ ਦਾ ਚਾਨਣਾ ਵੰਡੇਗੀ ਤੇ ਇਹ ਸ੍ਰੀ ਹਰਿਕ੍ਰਿਸ਼ਨ ਵਿਚ ਪ੍ਰਜਲਵਤ ਹੋਵੇਗੀ। ਸੰਗਤਾਂ ਨੂੰ ਹੁਕਮ ਹੋਇਆ ਕਿ ਸ੍ਰੀ ਹਰਿਕ੍ਰਿਸ਼ਨ ਨੂੰ ਹੀ ਗੁਰੂ ਸਮਝਣਾ ਤੇ ਰਾਮਰਾਇ ਦੀਆਂ ਕੁਚਾਲਾਂ ਤੋਂ ਬਚ ਕੇ ਰਹਿਣਾ।
ਗੁਰੂ ਜੀ ਔਰੰਗਜ਼ੇਬ ਦੇ ਮੱਥੇ ਤਕ ਨਹੀਂ ਸੀ ਲੱਗਣਾ ਚਾਹੁੰਦੇ। ਰਾਮਰਾਇ ਪੂਰੀ ਸਰਗਰਮੀ ਨਾਲ ਚਾਲਬਾਜੀ ਖੇਡ ਰਿਹਾ ਸੀ ਕਿ ਕਿਸੇ ਤਰ੍ਹਾਂ ਵੀ ਗੁਰਗੱਦੀ ਮੇਰੇ ਹੱਥ ਲੱਗ ਜਾਵੇ। ਭਾਵੇਂ ਰਾਮਰਾਇ, ਔਰੰਗਜ਼ੇਬ ਨੂੰ ਅਹਿਲਕਾਰਾਂ ਰਾਹੀਂ ਕਈ ਤਰ੍ਹਾਂ ਦੇ ਮਸ਼ਵਰੇ, ਸਲਾਹਾਂ ਦੇ ਰਿਹਾ ਸੀ, ਪਰ ਔਰੰਗਜੇਬ ਨੂੰ ਫਿਰ ਵੀ ਪਤਾ ਸੀ ਕਿ ਗੁਰੂ ਹਰਿਰਾਇ ਸਾਹਿਬ ਜੋ ਨਸੀਹਤ ਦੇ ਗਏ ਹਨ, ਮੇਰੇ ਸੱਦੇ `ਤੇ ਸ੍ਰੀ ਹਰਿਕ੍ਰਿਸ਼ਨ ਜੀ ਦਿੱਲੀ ਨਹੀਂ ਆਉਣ ਲੱਗੇ। ਉਸ ਨੇ ਰਾਜਾ ਜੈ ਸਿੰਘ ਨੂੰ ਵਰਤ ਲਿਆ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਇਕ ਪੱਤਰ ਲਿਖ ਕੇ ਕੀਰਤਪੁਰ ਸਾਹਿਬ ਅਹਿਲਕਾਰ ਰਾਹੀਂ ਭੇਜਿਆ। ਇਸੇ ਸਮੇਂ ਹੀ ਦਿੱਲੀ ਦੀ ਸੰਗਤ ਨੇ ਬੇਨਤੀ ਪੱਤਰ ਗੁਰੂ ਜੀ ਵੱਲ ਭੇਜਿਆ ਕਿ ਰਾਮਰਾਇ ਬਹੁਤ ਕੁਚਾਲਾਂ ਚੱਲ ਰਿਹਾ ਹੈ, ਇਸ ਦੀ ਹਨੇਰਗਰਦੀ ਤੋਂ ਪਰਦਾ ਚੁੱਕਣ ਲਈ ਤੁਸੀਂ ਦਿੱਲੀ ਜ਼ਰੂਰ ਆਉ। ਗੁਰੂ ਜੀ ਨੇ ਔਰੰਗਜ਼ੇਬ ਦੇ ਸੱਦੇ ਨੂੰ ਅਪ੍ਰਵਾਨ ਕਰਦਿਆਂ ਤੇ ਸੰਗਤ ਦੀ ਬੇਨਤੀ ਨੂੰ ਮੰਨਦਿਆਂ ਦਿੱਲੀ ਆਉਣਾ ਕੀਤਾ। ਜਦ ਗੁਰੂ ਜੀ ਦਿੱਲੀ ਦੇ ਸਫਰ ਲਈ ਤੁਰੇ ਤਾਂ ਉਨ੍ਹਾਂ ਨਾਲ ਸੰਗਤ ਵੀ ਤੁਰ ਪਈ। ਵੱਖ-ਵੱਖ ਥਾਈਂ ਪੜਾਅ ਕਰਦਿਆਂ ਅੰਬਾਲੇ ਨਜ਼ਦੀਕ ਪੰਜੋਖਰੇ ਪਿੰਡ ਪੁੱਜੇ। ਇਥੇ ਮਨਮਤੀ ਬਾ੍ਰਹਮਣ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਤੇ ਕਹਿਣ ਲੱਗਾ ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਜੇ, ਤੁਸੀਂ ਤਾਂ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡੇ ਬਣਦੇ ਹੋ, ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਰਚੀ ਸੀ, ਤੁਸੀਂ ਉਸ ਦੇ ਅਰਥ ਕਰ ਕੇ ਦੱਸੋ। ਉਨ੍ਹਾਂ ਪੰਡਤ ਨੂੰ ਕਿਹਾ ਕਿ ਅਸੀਂ ਤਾਂ ਅਕਾਲ ਪੁਰਖ ਦੇ ਹਿਤਕਾਰੀ ਹਾਂ, ਸੇਵਕ ਹਾਂ, ਅਸੀਂ ਕਿਸੇ ਨਾਲ ਜਿੱਦ ਕੇ ਕੀ ਲੈਣਾ। ਤੁਸੀਂ ਪਿੰਡ `ਚੋਂ ਕਿਸੇ ਵੀ ਸਿੱਖ ਨਾਲ ਵਿਚਾਰ-ਚਰਚਾ ਕਰ ਲਵੋ ਤੁਹਾਡੀ ਮਨੋ-ਕਾਮਨਾ ਪੂਰੀ ਕਰ ਦੇਵੇਗਾ। ਪੰਡਤ ਪਿੰਡ ਵਿੱਚੋਂ ਇਕ ਛੱਜੂ ਰਾਮ ਨਾਂ ਦੇ ਇਕ ਮੂਰਖ ਜਿਹੇ ਬੰਦੇ ਨੂੰ ਲੈ ਆਇਆ। ਗੁਰੂ ਜੀ ਨੇ ਛੱਜੂ ਰਾਮ ਦੇ ਸਿਰ ਉਤੇ ਆਪਣੀ ਸੋਟੀ ਦਾ ਸਿਰਾ ਰੱਖਿਆ ਤੇ ਪੰਡਤ ਨੂੰ ਕਿਹਾ ਪੁੱਛੋ ਕੀ ਪੁੱਛਣਾ? ਪੰਡਤ ਨੇ ਛੱਜੂ ਤੋਂ ਗੀਤਾ ਦੇ ਅਰਥ ਪੁੱਛੇ, ਛੱਜੂ ਨਿਰਵਿਘਨ ਦੱਸੀ ਗਿਆ। ਲਾਲ ਚੰਦ ਪੰਡਤ ਦਾ ਹੰਕਾਰ ਚਕਨਾਚੂਰ ਹੋ ਗਿਆ ਤੇ ਉਹ ਗੁਰੂ ਜੀ ਦੇ ਚਰਨੀਂ ਢਹਿ ਗਿਆ।
ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਬੰਧੀ ਸਿੱਖ ਅਰਦਾਸ ਵਿਚ ਦਸਮ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ; ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥’ ਆਪ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਨਿਵਾਸ ਅਸਥਾਨ (ਸੀਸ ਮਹਿਲ) ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਸਾਵਣ ਵਦੀ 10 ਸੰਮਤ 1713 ਮੁਤਾਬਕ ਸੰਨ 1656 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਜੀ ਨੇ ਛੋਟੀ ਉਮਰੇ ਲੋਕ ਭਲਾਈ ਲਈ ਵੱਡੇ ਤੇ ਮਹਾਨ ਕਾਰਜ ਕੀਤੇ। ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਦੋ ਪੁੱਤਰ ਹੋਏ, ਵੱਡਾ ਰਾਮਰਾਇ ਤੇ ਛੋਟਾ ਸ੍ਰੀ ਹਰਿਕ੍ਰਿਸ਼ਨ ਜੀ। ਰਾਮਰਾਇ ਸਿਆਣਾ, ਚਲਾਕ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਵਿਚ ਰਸੂਖ ਰੱਖਣ ਵਾਲਾ ਸੀ। ਪਰ ਉਹ ਕਾਹਲ ਵਿੱਚ ਜਲਦ ਗੁਰੂ ਬਣਨ ਦੀ ਇੱਛਾ ਰੱਖਦਾ ਸੀ। ਉਹ ਵੱਡਾ ਈਰਖਾਲੂ ਸੀ। ‘ਇਸ ਇਨਕਲਾਬੀ ਤੇ ਲੋਕ ਹਤੈਸੀ ਲਹਿਰ ਦੇ ਵੇਗ ਨੂੰ ਆਪਣੇ ਮੂਲ ਸਰੂਪ ਤੇ ਜੋਸ਼ ਵਿਚ ਚੱਲਦਾ, ਵਿਗਸਦਾ ਰੱਖਣ ਲਈ ਜੋ ਸੂਝ, ਸਿਆਣਪ, ਦਲੇਰੀ, ਦੂਰ-ਅੰਦੇਸ਼ੀ, ਹਿੰਮਤ, ਗੁਰੂ ਹਰਿਕ੍ਰਿਸ਼ਨ ਜੀ ਨੇ ਵਰਤੀ ਉਹ ਵੀ ਸਿੱਖ ਧਰਮ ਵਿਚ ਚੜ੍ਹਦੀ ਕਲਾ ਦੇ ਸੰਕਲਪ ਤੇ ਪਰੰਪਰਾ ਦਾ ਇਕ ਮਹਾਨ ਅਦੁੱਤੀ ਕ੍ਰਿਸ਼ਮਾ ਸੀ।’
ਗੁਰੂ ਜੀ ਨੇ ਦਿੱਲੀ ਪੁੱਜ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਨਿਵਾਸ ਕੀਤਾ। ਉਥੇ ਹੀ ਸੰਗਤਾਂ ਨੂੰ ਸਤਿਸੰਗ, ਨਾਮ ਸਿਮਰਨ ਰਾਹੀਂ ਨਿਹਾਲ ਕਰਦੇ ਰਹੇ। ਰਾਜਾ ਜੈ ਸਿੰਘ ਨੇ ਯਤਨ ਕੀਤਾ ਕਿ ਗੁਰੂ ਜੀ ਔਰੰਗਜ਼ੇਬ ਨਾਲ ਮੁਲਾਕਾਤ ਕਰਨ। ਪਰ ਉਨ੍ਹਾਂ ਜਵਾਬ ਦਿੰਦਿਆ ਕਿਹਾ ਕਿ ਮੇਰਾ ਕੰਮ ਸਤਿਨਾਮ ਦਾ ਉਪਦੇਸ਼ ਦੇਣਾ ਤੇ ਪ੍ਰਚਾਰ ਕਰਨਾ ਹੈ। ਬਾਦਸ਼ਾਹ ਨੇ ਮੈਥੋਂ ਤੇ ਮੈਂ ਉਸ ਤੋਂ ਕੀ ਲੈਣਾ ਹੈ। ਔਰੰਗਜ਼ੇਬ ਦਾ ਵੱਡਾ ਸਹਿਜ਼ਾਦਾ ਮੁਅੱਜਮ, ਗੁਰੂ ਜੀ ਦੀ ਮਾਣ, ਮਹੱਤਤਾ ਨੂੰ ਮੁਖ-ਰੱਖਦਿਆਂ ਉਨ੍ਹਾਂ ਦੇ ਦਰਸ਼ਨਾਂ ਲਈ ਆਪ ਚੱਲ ਕੇ ਆਇਆ ਸੀ। ਉਸ ਨੇ ਰਾਮਰਾਇ ਵੱਲੋਂ ਗੁਰਗੱਦੀ ਉਪਰ ਦਾਅਵੇ ਦੀ ਗੱਲ ਕੀਤੀ, ਗੁਰੂਦੇਵ ਨੇ ਉਸ ਨੂੰ ਵੀ ਕਹਿ ਭੇਜਿਆ ਸੀ ਕਿ ਗੁਰਗੱਦੀ ਵਿਰਾਸਤ ਜਾਂ ਕਿਸੇ ਦੀ ਮਲਕੀਅਤ ਨਹੀਂ। ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਇਕ ਸੇਵਕ ਸਿੱਖ ਨੂੰ ਗੱਦੀ ਸੌਂਪੀ ਸੀ, ਸ੍ਰੀ ਗੁਰੂ ਅੰਗਦ ਸਾਹਿਬ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋ ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਿਆਈ ਦਿੱਤੀ ਸੀ। ਇਸੇ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪੁੱਤਰਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰਗੱਦੀ ਲਈ ਚੁਣਿਆ ਸੀ।
ਗੁਰੂ ਜੀ ਨੇ ਜੋ ਯੋਗ ਸਮਝਿਆ ਉਹੀ ਕੀਤਾ ਹੈ। ਰਾਮਰਾਇ ਨੇ ਗੁਰੂ-ਆਸ਼ੇ ਦੇ ਉਲਟ ਕਾਰਜ ਕੀਤਾ ਹੈ, ਉਸ ਨੂੰ ਗੱਦੀ ਨਹੀਂ ਮਿਲੀ। ਔਰੰਗਜ਼ੇਬ ਨੇ ਗੁਰੂ ਜੀ ਦੇ ਬਚਨ ਸੁਣ ਕੇ ਰਾਮਰਾਇ ਦੀ ਅਰਜੀ ਖਾਰਜ ਕਰ ਦਿੱਤੀ। ‘ਰਾਮਰਾਇ ਨਾਲ ਕੋਈ ਬੇ-ਇਨਸਾਫੀ ਨਹੀਂ ਹੋਈ, ਹਕੂਮਤ ਕਿਸੇ ਨੂੰ ਗੱਦੀ ਨਹੀਂ ਦਵਾ ਸਕਦੀ। ਅਕਾਲ ਪੁਰਖ ਵੱਲੋਂ ਚਲਾਏ ਧਰਮ ਦੀ ਗੱਦੀ ਤੇ ਜਬਰੀ ਰਾਜਸੀ ਕਬਜ਼ਾ ਨਹੀਂ ਹੋ ਸਕਦਾ। ਜੋ ਚੋਣ ਸਤਵੇਂ ਗੁਰੂ ਸਾਹਿਬ ਕਰ ਗਏ ਹਨ, ਉਸ ਨੂੰ ਬਦਲਣਾ ਸਾਡੇ ਵਸ ਦੀ ਗੱਲ ਨਹੀਂ।’ ਗੁਰੂ ਜੀ ਇਸਲਾਮ ਦੀ ਰਾਜਧਾਨੀ ਵਿਚ ਉਸ ਨਾਨਕ ਦੇ ਘਰ ਦਾ ਪ੍ਰਚਾਰ ਨਿੱਡਰ, ਨਿਰਭੈਅ, ਦ੍ਰਿੜ੍ਹਤਾ ਤੇ ਅਡੋਲਤਾ ਨਾਲ ਕਰਦੇ ਰਹੇ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਪਾਵਨ ਕਥਨੀ, ਕਰਨੀ, ਰਹਿਣੀ, ਬਹਿਣੀ ਅਤੇ ਬਾਣੀ ਦੁਆਰਾ ਸਾਧਾਰਨ ਮਨੁੱਖ ਦੀਆਂ ਸੁਤੀਆਂ ਕਲਾਂ ਜਗਾ ਕੇ ਉਸ ਦੇ ਤਨ-ਮਨ ਵਿਚ ਅਗੰਮੀ ਰੂਹ ਫੂਕ ਕੇ ਕਾਇਆ-ਕਲਪ ਕੀਤੀ। ਪੌਣੇ ਅੱਠ ਕੁ ਵਰ੍ਹਿਆਂ ਦੇ ਬਾਲ ਗੁਰੂ ਜੀ ਨੇ ਗੁਰਗੱਦੀ ਦੀ ਪਵਿੱਤਰਤਾ ਤੇ ਪਰੰਪਰਾ ਨੂੰ ਕਾਇਮ ਰੱਖਦਿਆਂ ਸਾਰੇ ਗੁਰੂ ਦੋਖੀਆਂ ਤੇ ਵਿਰੋਧੀਆਂ ਦੀਆਂ ਸਾਜਿਸ਼ਾਂ ਤੇ ਆਸਾਂ-ਉਮੀਦਾਂ `ਤੇ ਪਾਣੀ ਫੇਰਦਿਆਂ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਢਾਈ ਕੁ ਸਾਲ ਦੀ ਗੁਰਿਆਈ ਦੌਰਾਨ ਅਜਿਹੇ ਮਹੱਤਵਪੂਰਨ ਕਾਰਜ ਉਨ੍ਹਾਂ ਦੀ ਦੂਰਦਰਸ਼ਤਾ, ਨਿਰਭੈਤਾ ਤੇ ਸੂਰਬੀਰਤਾ ਅਜਿਹੇ ਚਮਤਕਾਰ ਹਨ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਨੂੰ `ਹਰਿਕ੍ਰਿਸ਼ਨ ਭਯੋ ਅਸਟਮ ਬਲਬੀਰਾ`ਲਿਖਿਆ ਹੈ।
ਗੁਰੂ ਜੀ ਨੂੰ ਤਾਪ ਆ ਜਾਣ ਦੇ ਨਾਲ ਹੀ ਚੇਚਕ ਵੀ ਨਿਕਲ ਆਈ। ਸੰਗਤ ਡੋਲ ਗਈ, ਗੁਰੂ ਜੀ ਨੇ ਸਭ ਨੂੰ ਧੀਰਜ ਦਿੰਦਿਆਂ ਵਾਹਿਗੁਰੂ ਦਾ ਹੁਕਮ ਸਤ ਕਰ ਮੰਨਣ ਦਾ ਉਪਦੇਸ਼ ਦਿੱਤਾ। ਸੰਗਤਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਗੁਰੂ ਜੀ ਤੁਹਾਡਾ ਵੱਡਾ ਭਰਾ ਰਾਮਰਾਇ, ਗੋਦਾਂ ਗੁੰਦੀ ਜਾ ਰਿਹਾ ਹੈ ਪੰਜਾਬ ਵਿਚ ਧੀਰਮੱਲ ਤੇ ਸੋਢੀ ਗੱਦੀ ਦੇ ਦਾਅਵੇਦਾਰ ਬਣੀ ਬੈਠੇ ਹਨ। ਤੁਹਾਡੇ ਜੋਤੀ-ਜੋਤਿ ਸਮਾਅ ਜਾਣ ਤੋਂ ਬਾਅਦ ਸਭ ਗੁਰੂ ਬਣ ਬੈਠ ਜਾਣਗੇ, ਸਾਨੂੰ ਕਿਸੇ ਮਾਰਗ ਪਾਓ, ਤਾਂ ਗੁਰੂ ਜੀ ਨੇ ਕਿਹਾ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਇਵੇਂ ਜਗਦੀ ਰਹੇਗੀ।

ਸ. ਦਿਲਜੀਤ ਸਿੰਘ ਬੇਦੀ