ਸ. ਸੁਖਦੇਵ ਸਿੰਘ ਸ਼ਾਂਤ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਬਵੰਜਾ ਕਵੀ ਰਹਿੰਦੇ ਸਨ। ਸੁਥਰਾ ਜੀ ਇਨ੍ਹਾਂ ਵਿੱਚੋਂ ਇੱਕ ਸਨ। ਆਪ ਹਾਸ- ਰਸ ਭਰੇ ਸੁਭਾਅ ਵਾਲੇ ਵਿਅਕਤੀ ਸਨ। ਗੁਰੂ ਜੀ ਕਵੀਆਂ ਨਾਲ ਬੜਾ ਪਿਆਰ ਕਰਦੇ ਸਨ। ਸੁਥਰਾ ਜੀ ਦੀ ਹਾਸ-ਰਸ ਵਾਲੀ ਤਬੀਅਤ ਉਨ੍ਹਾਂ ਨੂੰ ਬਹੁਤ ਪਸੰਦ ਸੀ।
ਇਕ ਦਿਨ ਗੁਰਬਾਣੀ ਦੇ ਕਿਸੇ ਸ਼ਬਦ ਦੀ ਕਥਾ ਗ੍ਰੰਥੀ ਜੀ ਕਰ ਰਹੇ ਸਨ। ਸੰਗਤ ਚੁਪ-ਚਾਪ ਬੈਠੀ ਕਥਾ ਸੁਣਨ ਵਿਚ ਮਗਨ ਸੀ। ਸੁਥਰਾ ਜੀ ਵੀ ਸੰਗਤ ਵਿਚ ਹੀ ਬੈਠੇ ਸਨ। ਅਚਾਨਕ ਹੀ ਸੁਥਰਾ ਜੀ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਅਤੇ ਪਿੱਠ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰ ਲਈ।
ਕਥਾ ਦੀ ਸਮਾਪਤੀ ’ਤੇ ਕੁਝ ਸਿੱਖਾਂ ਨੇ ਗੁਰੂ ਜੀ ਪਾਸ ਜਾ ਕੇ ਸੁਥਰਾ ਜੀ ਦੀ ਸ਼ਿਕਾਇਤ ਕਰ ਦਿੱਤੀ। ਗੁਰੂ ਜੀ ਨੇ ਸੁਥਰਾ ਜੀ ਨੂੰ ਬੁਲਾਇਆ ਅਤੇ ਪਿੱਠ ਕਰਨ ਦਾ ਕਾਰਨ ਪੁੱਛਿਆ।
ਸੁਥਰਾ ਜੀ ਨੇ ਉੱਤਰ ਦਿੱਤਾ, “ਮਹਾਰਾਜ, ਜਦੋਂ ਸ਼ਬਦ ਦੀ ਕਥਾ ਹੋ ਰਹੀ ਸੀ ਤਾਂ ਮੇਰੇ ਮੂੰਹ ‘ਤੇ ਚਪੇੜਾਂ ਵੱਜਣੀਆਂ ਸ਼ੁਰੂ ਹੋ ਗਈਆਂ। ਜਦੋਂ ਮੇਰੀਆਂ ਗੱਲ੍ਹਾਂ ਚਪੇੜਾਂ ਦੀ ਮਾਰ ਨੂੰ ਸਹਾਰ ਨਾ ਸਕੀਆਂ ਤਾਂ ਮੈਂ ਪਿੱਠ ਕਰ ਲਈ। ਮੈਂ ਹੈਰਾਨ ਹਾਂ ਕਿ ਜਿਹੜੇ ਰੋਜ਼ ਏਨੀਆਂ ਚਪੇੜਾਂ ਖਾਂਦੇ ਹਨ, ਉਹ ਕਿਵੇਂ ਸਹਾਰੀ ਜਾਂਦੇ ਹਨ ?”
ਗੁਰੂ’ ਜੀ ਨੇ ਸੁਥਰਾ ਜੀ ਨੂੰ ਸ਼ਾਬਾਸ਼ ਦਿੱਤੀ ਅਤੇ ਫ਼ਰਮਾਇਆ, “ਭਾਈ ਸਿੱਖੋ ! ਸੁਥਰਾ ਜੀ ਨੇ ਕਥਾ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਿਆ ਹੈ। ਗੁਰਬਾਣੀ ਸਚਮੁਚ ਸਾਨੂੰ ਝੰਜੋੜਦੀ ਹੈ, ਸੁਚੇਤ ਕਰਦੀ ਹੈ ਅਤੇ ਸਾਡੇ ਚੰਚਲ ਮਨ ਨੂੰ ਚਪੇੜਾਂ ਮਾਰਦੀ ਹੈ।”
ਉਪਰੋਕਤ ਸਾਖੀ ਤੋਂ ਸਾਨੂੰ ਬੜੀ ਵੱਡੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁਰਬਾਣੀ ਦੀ ਸਿੱਖਿਆ ‘ਤੇ ਅਮਲ ਕਰਨਾ ਚਾਹੀਦਾ ਹੈ। ਅਧਿਆਪਕ ਸਾਨੂੰ ਇਹ ਦੱਸਦੇ ਹਨ ਕਿ ਸਦਾ ਸੱਚ ਬੋਲਣਾ ਚਾਹੀਦਾ ਹੈ ਅਤੇ ਮਿੱਠਾ ਬੋਲਣਾ ਚਾਹੀਦਾ ਹੈ। ਪਰ ਅਸੀਂ ਇਕ ਕੰਨੋਂ ਸੁਣ ਕੇ ਦੂਜੇ ਕੰਨੋਂ ਬਾਹਰ ਕੱਢ ਦਿੰਦੇ ਹਾਂ। ਜਦੋਂ ਅਸੀਂ ਆਪਣੇ ਜੀਵਨ ਵਿਚ ਲੋਭ, ਹੰਕਾਰ ਅਤੇ ਕਰੋਧ ਨੂੰ ਅਪਨਾਇਆ ਹੋਇਆ ਹੈ ਤਾਂ ਉਦੋਂ ਸਚਮੁਚ ਹੀ ਮਹਾਂਪੁਰਸ਼ਾਂ ਦੇ ਉਪਦੇਸ਼ ਸਾਨੂੰ ਚਪੇੜਾਂ ਮਾਰਦੇ ਹਨ। ਹਮੇਸ਼ਾ ਚੰਗੀਆਂ ਗੱਲਾਂ ਸੁਣ ਕੇ ਅਤੇ ਪੜ੍ਹ ਕੇ ਉਨ੍ਹਾਂ ‘ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ।
