41 views 1 sec 0 comments

ਬਿਪਤਾ ਅਤੇ ਯੁੱਧ ਵਿਚ ਸਾਹਿਸ

ਲੇਖ
August 09, 2025

ਵੱਡੇ-ਵੱਡੇ ਅੱਛੇ ਮਹਾਤਮਾਂ ਦਾ ਕਥਨ ਹੈ ਕਿ ਅੱਛੇ ਪੁਰਖਾਂ ਨੂੰ ਚਾਹੀਦਾ ਹੈ ਕਿ ਜੋ ਬਿਪਤਾ ਅਤੇ ਯੁੱਧ ਕਾਲ ਵਿਚ ਅਪਨੇ ਹੌਂਸਲੇ ਨੂੰ ਨਾ ਹਾਰਨ ਜੈਸਾ ਕਿ ਇਕ ਮਹਾਤਮਾ ਦਾ ਕਥਨ:
ਕਰਕੈ ਪਰਹਾਰ ਭਏ ਜਮਕੁੰਦਕ ਭੂਮ ਗਿਰੇ ਪੁਨ ਉਰਧ ਹੋਈ॥ ਬ੍ਰਿਤ ਅੋਬ੍ਰਿਤ ਉਤਮ ਸੰਤਨ ਕੀ ਪਰ ਹੋਵਤਿ ਨਾਸ ਜਬੈ ਵਹਿ ਦੋਈ॥ ਅਪਦਾ ਅਤਿ ਪ੍ਰਾਪਤ ਹੋਇ ਜਬੈ ਨਹਿ ਤਦਪ ਵਯਾਕੁਲ ਹੋਵਤ ਸੋਈ। ਸਮ ਮੇਰੁ ਰਹੈ ਥਿਤ ਸੰਤ ਸਦਾ ਬਿਪਤ ਸਮ ਗੇਂਦ ਸਮਾਨ ਸੋ ਜੋਈ॥
(ਸਾਰੁਕਤਾਵਲੀ)
ਇਸ ਬਚਨ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਗੇਂਦ ਨੂੰ ਜਦ ਕੋਈ ਪੁਰਸ਼ ਵੱਡੇ ਜ਼ੋਰ ਸ਼ੋਰ ਨਾਲ ਜ਼ਮੀਨ ਪਰ ਮਾਰਦਾ ਹੈ ਤਦ ਉਸ ਦੇ ਪਲਟੇ ਵਿਚ ਗੇਂਦ ਸਗੋਂ ਊਚਾ ਉਭਰਦਾ ਹੈ। ਇਸੀ ਪ੍ਰਕਾਰ ਉੱਤਮ ਪੁਰਖਾਂ ਦਾ ਜਦ ਧਨ ਮਾਲ ਸਾਰਾ ਨਸ਼ਟ ਹੋ ਜਾਵੇ ਅਰ ਬਹੁਤ ਉਨ੍ਹਾਂ ਪਰ ਬਿਪਤਾ ਆਇ ਪਵੇ ਤਦ ਉਹ ਉਸ ਤੇ ਬਿਆਕੁਲ ਨਹੀਂ ਹੁੰਦੇ, ਸਗੋਂ ਸੁਮੇਰ ਪਰਬਤ ਵਾਂਗ ਸਦਾ ਹੀ ਅਚਲ ਰਹਿੰਦੇ ਹਨ ਅਤੇ ਉਸ ਬਿਪਤਾ ਨੂੰ ਉਸੀ ਗੇਂਦ ਦੀ ਤਰ੍ਹਾਂ ਸਮਝਦੇ ਹਨ।
ਇਸ ਸਾਰੇ ਕਥਨ ਦਾ ਭਾਵ ਹੈ ਕਿ ਸੰਸਾਰ ਵਿਚ ਧਰਮ ਅਤੇ ਅਧਰਮ ਦਾ ਸਦਾ ਹੀ ਯੁੱਧ ਹੁੰਦਾ ਰਹਿੰਦਾ ਹੈ ਜਿਸ ਤੇ ਅਧਰਮੀਆਂ ਦੇ ਹੱਥੋਂ ਕਈ ਧਰਮਾਤਮਾਂ ਦੁਖਾਏ ਜਾਂਦੇ ਹਨ।
ਪਰੰਤੂ ਅਜੇਹੇ ਸ ਪਰ ਸੱਚੇ ਧਰਮਾਤਮਾ ਦਾ ਹੌਂਸਲਾ ਅਤੇ ਧੀਰਜ ਉਸੀ ਪ੍ਰਕਾਰ ਅਟੱਲ ਰਹਨਾ ਚਾਹੀਦਾ ਹੈ, ਜੈਸਾ ਕਿ ਅਧਰਮੀ ਪੁਰਖਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਰਾਹੀਆ ਆਖ ਕੇ ਉਨ੍ਹਾਂ ਤੇ ਚੱਕੀ ਪਿਸਾਈ, ਪਰੰਤੂ ਉਨ੍ਹਾਂ ਧਰਮ ਦੇ ਪ੍ਯਾਰਿਆਂ ਨੇ ਹੱਸ-ਹੱਸ ਕੇ ਇਸ ਕਾਰਜ ਨੂੰ ਕੀਤਾ, ਪਰੰਤੂ ਅਪਨੇ ਆਤਮਾ ਨੂੰ ਉਸ ਦੁੱਖ ਦੇ ਅੱਗੇ ਨਹੀਂ ਡੁਲਾਇਆ॥
ਇਸੀ ਪ੍ਰਕਾਰ ਨਾਮੇਂ ਭਗਤ ਨੂੰ (ਭਗਤ ਨਾਮਾ ਜੀ) ਉਪਸਾਨਾ ਕਰਨ ਦੇ ਸਮੇਂ ਪਰ ਬ੍ਰਹਮਨਾਂ ਨੇ ਧੱਕੇ ਦੇ ਕੇ ਬਾਹਰ ਕੱਢ ਦਿੱਤਾ, ਪਰੰਤੂ ਨਾਮਾ ਜੀ ਨੇ ਅਪਨੇ ਚਿੱਤ ਨੂੰ ਰੰਚਕ ਭੀ ਖੋਭ ਵਿਚ ਨਹੀਂ ਪਾਇਆ ਅਤੇ ਅਕਾਲ ਪੁਰਖ ਦਾ ਪੱਲਾ ਨਹੀਂ ਛੱਡਿਆ॥
ਫੇਰ ਕਬੀਰ ਭਗਤ ਨੂੰ ਅਧਰਮੀ ਲੋਗਾਂ ਨੇ ਬੰਨ੍ਹ ਕੇ ਹਾਥੀ ਅੱਗੇ ਸੁੱਟਿਆ ਪਰ ਤਾਂ ਭੀ ਕਬੀਰ ਜੀ ਨੇ ਅਪਨੇ ਆਤਮਾ ਵਿਚ ਕੋਈ ਡਰ ਨਹੀਂ ਆਂਦਾ ਸੀ॥
ਇਸੀ ਪ੍ਰਕਾਰ ਰਵਿਦਾਸ ਭਗਤ ਨੂੰ ਲੋਕਾਂ ਨੇ ਢੇਡ-ਢੇਡ ਕਰਕੇ ਤ੍ਰਿਸਕਾਰ ਕੀਤਾ, ਜਿਸ ਪਰ ਰਵਿਦਾਸ ਜੀ ਨੇ ਉਨ੍ਹਾਂ ਦੀ ਇਕ ਭੀ ਨਾ ਸੁਨੀ। ਇਸੀ ਪ੍ਰਕਾਰ ਪਰਮੇਸ਼ਰ ਦੇ ਪਿਆਰਿਆਂ ਨੂੰ ਕਈ ਤਰ੍ਹਾਂ ਦੇ ਦੁੱਖ ਮਿਲੇ ਜਿਨ੍ਹਾਂ ਨੂੰ ਸਹਾਰ ਕੇ ਉਨ੍ਹਾਂ ਨੇ ਅਪਨੇ ਆਤਮਾ ਨੂੰ ਪ੍ਰਮਾਤਮਾ ਦੇ ਅਟੱਲ ਰਾਜ ਦੇ ਕਾਇਮ ਰੱਖਨ ਲਈ ਅਪਨੇ ਸਰਵੰਸ ਕੁਰਬਾਨ ਕਰਕੇ ਭੀ ਉਸ ਕਾਰਜ ਨੂੰ ਪੂਰਾ ਕੀਤਾ ਸੀ॥
ਅੱਜ ਕੱਲ ਭੀ ਅਧਰਮ ਅਤੇ ਧਰਮ ਦਾ ਟਾਕਰਾ ਹੋਇਆ ਹੋਇਆ ਹੈ, ਜਿਸ ਪਰ ਕਈ ਕੁਰੀਤੀਆਂ ਦੇ ਆਦੀ ਅਕਾਲ ਪੁਰਖ ਦੀ ਆਗ੍ਯਾ ਭੰਗ ਕਰਨ ਲਈ ਚਾਹੁੰਦੇ ਹਨ ਅਤੇ ਉਸ ਦੇ ਸੱਚੇ ਭਗਤਾਂ ਨੂੰ ਦੁੱਖ ਦੇਂਦੇ ਹਨ, ਪਰੰਤੂ ਅਸੀਂ ਉਨ੍ਹਾਂ ਸੱਚੇ ਧਰਮਾਤਮਾਂ ਪੁਰਖਾਂ ਅੱਗੇ ਬੇਨਤੀ ਕਰਦੇ ਹਾਂ ਕਿ ਆਪ ਅਪਨੇ ਤੇ ਪਹਿਲੇ ਭਗਤਾਂ ਦਾ ਹਾਲ ਧ੍ਯਾਨ ਨਾਲ ਪੜ੍ਹ ਕੇ ਦੇਖੋ ਜੋ ਉਨ੍ਹਾਂ ਨੂੰ ਕੇਹੇ ਜੇਹੇ ਦੁੱਖ ਦਿੱਤੇ ਗਏ ਸਨ ਜਿਨ੍ਹਾਂ ਨੂੰ ਝੱਲ ਕੇ ਉਨ੍ਹਾਂ ਨੇ ਅਪਨੇ ਧਰਮ ਕਾਰਯਾਂ ਨੂੰ ਪੂਰਾ ਕੀਤਾ ਸੀ ਇਸੀ ਤਰ੍ਹਾਂ ਆਪ ਭੀ ਇਨ੍ਹਾਂ ਸਾਰੇ ਕਲੇਸ਼ਾਂ ਨੂੰ ਸਹਾਰ ਕੇ ਸਵਾਧਾਨ ਰਹੋ ਜਿਸ ਤੇ ਆਪ ਦੀ ਫਤੇ ਹੋਵੇਗੀ॥
(ਖ਼ਾਲਸਾ ਅਖ਼ਬਾਰ ਲਾਹੌਰ, ੨੦ ਮਾਰਚ ੧੮੯੬, ਪੰਨਾ ੩)

ਗਿਆਨੀ ਦਿੱਤ ਸਿੰਘ ਜੀ