
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ॥ ਪਵਿਤੁ ਪਾਵਨੁ ਪਰਮ ਬੀਚਾਰੀ॥
ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ॥
(ਅੰਗ ੩੧੭)
ਅਸੀਂ ਰੋਜ਼ਾਨਾ ਹੀ ਅਰਦਾਸ ਵਿਚ ਨਾਨਕ ਨਿਰਮਲ ਪੰਥ ਦੇ ਨਿਆਰੇਪਣ ਦੀ ਹੋਂਦ ਤੇ ਸਿੱਖੀ ਸਵੈ-ਮਾਣ ਨੂੰ ਮੁੱਖ ਰੱਖਦਿਆਂ ਵਾਹਿਗੁਰੂ ਪਾਸੋਂ ਕੁਝ ਦਾਨ ਮੰਗਦੇ ਹਾਂ, ਜਿਨ੍ਹਾਂ ਵਿਚ ਬਿਬੇਕ ਦਾਨ ਵੀ ਹੈ। ਕਈ ਵਾਰ ਇੰਨੇ ਉੱਚੇ-ਸੁੱਚੇ ਸ਼ਬਦਾਂ ਦੇ ਘੜਨਹਾਰਿਆਂ ਅਤੇ ਚੋਣ ਕਰਨ ਵਾਲਿਆਂ ਤੋਂ ਹਰ ਸਿੱਖ ਬਲਿਹਾਰੇ ਜਾਂਦਾ ਹੈ ਕਿ ਕੌਮੀ ਵਜੂਦ ਨੂੰ ਜੁਗੋ-ਜੁਗ ਸਥਾਪਿਤ ਰੱਖਣ ਲਈ ਇਹ ਦਾਨ ਕਿੰਨੇ ਮਜ਼ਬੂਤ ਥੰਮ੍ਹ ਹਨ। ਇੱਥੇ ਕੌਮੀਅਤ ਦੀ ਭਾਵਨਾ ਹੈ ਕਿ ਇਹ ਉਮੰਗ ਨਿੱਜੀ ਹੁੰਦਿਆਂ ਹੋਇਆਂ ਵੀ ਸਮੂਹ ਕੌਮ ਲਈ ਹੈ ਕਿਉਂਕਿ ਕੌਮ ਇਕਾਈ ਦਾ ਸਮੂਹ ਹੈ ਤੇ ਸਮੂਹਿਕ ਵਿੱਚੋਂ ਹਰੇਕ ਦਾ ਜੀਵਨ ਗੁਰਮਤਿ ‘ਚ ਰੰਗਿਆ ਹੋਵੇ।
ਇਨ੍ਹਾਂ ਸਾਰੇ ਦਾਨਾਂ ਦੀ ਜਾਗ੍ਰਤੀ, ਜੋਦੜੀ ਤੇ ਧਰਮ ਨਿਭਾਉਣ ਦਾ ਮੂਲ ਆਧਾਰ ‘ਬਿਬੇਕ ਬੁਧਿ ਹੈ ਤਾਂ ਕਿ ਇਸ ਨਿਰਮਲ ਪੰਥ ਦੀ ਮਰਯਾਦਾ ਉੱਪਰ ਹਰ ਸਿੱਖ ਪਹਿਰਾ ਦੇ ਸਕੇ।
ਜੇਕਰ ਭਾਵ ਅਰਥਾਂ ਵੱਲ ਧਿਆਨ ਕਰੀਏ ਤਾਂ ਮਹਾਨ ਕੋਸ਼ ਅਨੁਸਾਰ ‘ਬਿਬੇਕ’ ਤੋਂ ਭਾਵ ‘ਵਿਚਾਰ ਵਾਲਾ, ਵਸਤੂ ਦੀ ਅਸਲੀਅਤ ਜਾਣਨ ਵਾਲਾ, ਯਥਾਰਥ ਜਾਣਨ ਦੀ ਸਮਝ ਵਾਲਾ ਹੈ। ਗੁਰਬਾਣੀ ਵਿਚ ਅਨੇਕ ਸ਼ਬਦ ਹਨ ਜਿੱਥੇ ਬਿਬੇਕ ਬੁਧਿ ਦੀ ਅਰਦਾਸ ਹੈ :
ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ॥
(ਅੰਗ ੧੩੨੫)
ਪ੍ਰੋ. ਸਾਹਿਬ ਸਿੰਘ ਉਪਰੋਕਤ ਪਾਵਨ ਪੰਕਤੀਆਂ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ. ਹੇ ਭਾਈ ! ਜਗਤ ਵਿਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ ਵਸਾ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ-ਰਸ ਪੀਣਾ ਚਾਹੀਦਾ ਹੈ।
ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਤਾਂ ਸ੍ਰੀ ਅੰਮ੍ਰਿਤਸਰ ਵਿਖੇ ਬਿਬੇਕਸਰ ਨਾਂ ਦਾ ਸਰੋਵਰ ਤਿਆਰ ਕਰਵਾਇਆ ਜੋ ਕਿ ਬਿਬੇਕੀ ਸਿੰਘਾਂ ਦਾ ਟਿਕਾਣਾ ਸੀ ਤੇ ਇੱਥੇ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਕਰਦੇ ਹੁੰਦੇ ਸਨ। ਨਿਰਮਲ ਪੰਥ ਦੀਆਂ ਰਵਾਇਤਾਂ ਉਹੀ ਨਿਭਾਵੇਗਾ ਜੋ ਗੁਰਮਤਿ ਦੀ ਵਿਚਾਰ ਵਾਲਾ ਤੇ ਵਿਚਾਰਾਂ ਦੀ ਅਸਲੀਅਤ ਜਾਣਨ ਵਾਲਾ ਹੋਵੇਗਾ। ਜਿੱਥੇ ਮਨ ਦੀ ਮੱਤ ਜਾਂ ਸ਼ੰਕਾ ਪੈਦਾ ਹੋ ਗਿਆ, ਉਥੇ ਮਰਯਾਦਾ ਜਾਂ ਸਵੈ-ਮਾਣ ਨਹੀਂ ਰਹੇਗਾ, ਕੇਵਲ ਸ਼ੰਕੇ ਤੇ ਨੁਕਤਾਚੀਨੀ ਹੋਵੇਗੀ। ਦੁਨੀਆਂ ਵਿਚ ਦੁਬਿਧਾ ਅਗਿਆਨਤਾ ‘ਚੋਂ ਪੈਦਾ ਹੁੰਦੀ ਹੈ ਤੇ ਇਸ ਦਾ ਇਲਾਜ ਬਿਬੇਕ ਬੁਧਿ ਹੈ। ਇਕ ਚੰਗੀ ਖੋਜ ਤੇ ਉਸਾਰੂ ਪ੍ਰਚਾਰ ਲਈ ‘ਬਿਬੇਕ ਬੁਧਿ ਦਾ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਸੰਗਤਾਂ ਦੀ ਮਾਨਸਿਕਤਾ ਉੱਪਰ ਚੰਗਾ ਪ੍ਰਭਾਵ ਰਹੇ ਅਤੇ ਸ਼ਰਧਾ ਭਾਵਨਾ ਵੀ ਪ੍ਰਪੱਕ ਰਹੇ। ਕਈ ਵਾਰ ਜਦ ਕੋਈ ਸ਼ਖ਼ਸ ਬਿਬੇਕ ਤੋਂ ਪਾਸਾ ਮੋੜ ਕੇ ਆਪਣੇ ਵਿਅਕਤੀਗਤ ਖ਼ਿਆਲ ਇਕ ਜਥੇਬੰਦਕ ਧਰਮ ਉੱਪਰ ਠੋਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਕੌਮੀ ਪੱਧਰ ‘ਤੇ ਬੜੀ ਘਾਤਕ ਕਿਸਮ ਦੀ ਸੋਚ ਹੁੰਦੀ ਹੈ। ਇਸ ਤਰਾਂ ਦੀ ਸ਼ੰਕਾਮਈ ਤੇ ਆਪਾ-ਵਿਰੋਧੀ ਵਿਚਾਰਧਾਰਾ ਆਪਸੀ ਬਿਖੇੜਿਆਂ ਦਾ ਰੂਪ ਧਾਰ ਜਾਂਦੀ ਹੈ ਤੇ ਇੱਕ ਪਥ ‘ਤੇ ਚੱਲਣ ਵਾਲੇ ਪੰਥੀ ਵੀ ਅਨੇਕਾਂ ਰਾਹਾਂ ਦੇ ਪਾਂਧੀ ਬਣ ਕੇ ਰਹਿ ਜਾਂਦੇ ਹਨ। ਬੀਤੇ ਸਾਲਾਂ ਤੋਂ ਬਿਬੇਕ ਦੀ ਕਸਵੱਟੀ ‘ਤੇ ਖਰੀਆਂ ਨਾ ਉਤਰਨ ਵਾਲੀਆਂ ਗੱਲਾਂ ਕਰ-ਕਰ ਕੇ ਅਸੀਂ ਕੌਮੀ ਪੱਧਰ ‘ਤੇ ਬਹੁਤ ਨੁਕਸਾਨ ਉਠਾ ਚੁੱਕੇ ਹਾਂ ਤੇ ਭਵਿੱਖ ਵਿਚ ਵੀ ਬੇਲੋੜੇ ਸ਼ੰਕਿਆਂ ਦੀਆਂ ਪੰਡਾਂ ਹੀ ਚੁੱਕੀ ਫਿਰ ਰਹੇ ਹਾਂ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸੰਸਾਰੀਆਂ ਨੂੰ ਸਮਝਾ ਰਹੇ ਹਨ :
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥
(ਅੰਗ ੬੪੧)
ਅਜੋਕੇ ਸਮੇਂ ਵਿਚ ਕੌਮੀ ਪੱਧਰ ‘ਤੇ ਡੂੰਘੀ ਵਿਚਾਰ ਦੀ ਲੋੜ ਹੈ ਕਿ ਬੇਲੋੜੇ ਮੁੱਦਿਆਂ ਵਿਚ ਆਪਣੀ ਕੌਮੀ ਸ਼ਕਤੀ ਬਰਬਾਦ ਨਾ ਕਰੀਏ। ਇਸ ਨਿਰਮਲ ਪੰਥ ਦੀ ਹੋਂਦ ਦਾ ਆਧਾਰ ਇਸ ਦੀ ਨਿਆਰੀ ਮਰਯਾਦਾ, ਫਲਸਫ਼ਾ ਤੇ ਅਮੀਰ ਪਰੰਪਰਾਵਾਂ ਹਨ, ਜਿਨ੍ਹਾਂ ਉੱਪਰ ਕੁ-ਤਰਕ ਕਰਨਾ ਹੀ ਆਪਣੇ ਧਰਮ ਨਾਲ ਧ੍ਰੋਹ ਕਮਾਉਣਾ ਹੈ। ਇਹ ਗੁਰ-ਅਸਥਾਨ, ਸਰੋਵਰ, ਤਖ਼ਤ ਸਾਹਿਬਾਨ, ਨਿੱਤਨੇਮ, ਕਕਾਰ, ਗੌਰਵਮਈ ਇਤਿਹਾਸ, ਸ੍ਰੋਤ ਗ੍ਰੰਥ, ਬੰਦਗੀ ਵਾਲੀਆਂ ਰੂਹਾਂ, ਕਾਰਜਸ਼ੀਲ ਪ੍ਰਬੰਧਕ, ਬਾਣੀ-ਬਾਣਾ ਆਦਿ ਉੱਪਰ ਆਪ ਹੀ ਸ਼ੰਕੇ ਖੜ੍ਹੇ ਕਰ ਕੇ ਅਸੀਂ ਕਿਹੜੇ ਪੰਥ ਦੀ ਸੇਵਾ ਕਰ ਰਹੇ ਹਾਂ ? ਇਨ੍ਹਾਂ ਸਭ ਸ਼ੰਕਿਆ ਦਾ ਉੱਤਰ ‘ਬਿਬੇਕ ਬੁਧਿ ਹੈ ਜੋ ਸਾਨੂੰ ਸੋਚਣ ਲਈ ਮਜਬੂਰ ਕਰ ਸਕਦੀ ਹੈ ਤੇ ਸਹੀ ਮਾਰਗ ਉੱਪਰ ਤੋਰ ਸਕਦੀ ਹੈ।
ਹਥਲੇ ਲੇਖ ਦੇ ਆਰੰਭ ਵਿਚ ਦਿੱਤਾ ਸਲੋਕ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਗ 317 ਉੱਪਰ ਸੁਭਾਇਮਾਨ ਹੈ। ਇਸ ਸਲੋਕ ਵਿਚ ‘ਬਿਬੇਕ ਬੁਧਿ ਦੀ ਵਿਆਖਿਆ ਹੈ। ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ “ਜੋ ਮਨੁੱਖ ਸਤਿਗੁਰਾਂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲ ਹੁੰਦੀ ਹੈ। ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ ਗੁਣਾਂ ਦਾ ਹਾਰ ਪਰੋ ਲੈਂਦਾ ਹੈ। ਉਹ ਆਚਰਨ ਦਾ ਬੜਾ ਸ਼ੁੱਧ ਤੇ ਉੱਚੀ ਮੱਤ ਵਾਲਾ ਹੁੰਦਾ ਹੈ ਤੇ ਜੋ ਮਨੁੱਖ ਉਸ ਦੀ ਸੰਗਤ ਕਰਦਾ ਹੈ ਉਸ ਨੂੰ ਵੀ ਉਹ ਸੰਸਾਰ ਸਾਗਰ ਤੋਂ ਪਾਰ ਉਤਾਰ ਲੈਂਦਾ ਹੈ।” ਸਤਿਗੁਰਾਂ ਦਾ ਇਹ ਸਾਜਿਆ ਨਿਵਾਜਿਆ ਨਾਨਕ ਨਿਰਮਲ ਪੰਥ, ਬਿਬੇਕ ਬੁਧਿ ਵਾਲੇ ਬਿਬੇਕਸ਼ੀਲਾਂ’ ਦਾ ਪੰਥ ਹੈ। ਇਸ ਲਈ ਅਸੀਂ ਵਿਸ਼ਵ ਪੱਧਰ ‘ਤੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਨਿਰਮੂਲ ਸ਼ੰਕੇ ਤੇ ਤਰਕ ਤਿਆਗ ਕੇ ਕੌਮੀਅਤ ਦਾ ਸਵੈ-ਮਾਣ ਪੈਦਾ ਕਰੀਏ, ਜੋ ਸਾਡਾ ਸਭਨਾਂ ਦਾ ਮੁੱਖ ਫਰਜ਼ ਹੈ ਤੇ ਇਸ ਦਾ ਪ੍ਰਮੁੱਖ ਸੋਮਾ ‘ਬਿਬੇਕ ਬੁਧਿ ਤੇ ਬਿਬੇਕਸ਼ੀਲਤਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ