116 views 3 secs 0 comments

ਬਿਹਾਰੀ

ਲੇਖ
May 09, 2025
ਬਿਹਾਰੀ

ਗਿਆਨੀ ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ)

ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ, ਪੰਜਾਬੀ ਭਾਸ਼ਾ ਨੂੰ ਜਾਣਨ ਵਾਲਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਨ ਵਾਲਾ ਮਨੁੱਖ ਬਿਹਾਰੀ ਸ਼ਬਦ ਤੋਂ ਵਾਕਫ ਹੈ, ਪੂਰਬੀ ਮੱਧ ਭਾਰਤ ਦੇ ਵਿੱਚ ਬਿਹਾਰ ਪ੍ਰਾਂਤ ਦੇਸ਼ ਦਾ ਪੁਰਾਤਨ ਰਾਜ ਹੈ ਇਥੋਂ ਦੇ ਵਸਨੀਕਾਂ ਨੂੰ ਬਿਹਾਰੀ ਕਿਹਾ ਜਾਂਦਾ ਹੈ, ਪੰਜਾਬੀ ਤੇ ਹਿੰਦੀ ਭਾਸ਼ਾਵਾਂ ਦੇ ਅੰਦਰ ਦੋ ਤਰ੍ਹਾਂ ਦੀਆਂ ਮਾਤਰਾਵਾਂ ਹੁੰਦੀਆਂ ਹਨ, ਲਘੂ ਤੇ ਦੀਰਘ। ਦੀਰਘ ਮਾਤਰਾਵਾਂ ਦੇ ਵਿੱਚ ਇੱਕ ਮਾਤਰਾ ਨੂੰ ਵੀ ਬਿਹਾਰੀ ਆਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਬਿਹਾਰੀ ਨਾਮ ਕੇਵਲ ਇੱਕੋ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੁਆਰਾ ਗਉੜੀ ਰਾਗ ਦੇ ਅੰਦਰ ਉਚਾਰਨ ਪਾਵਨ ਸ਼ਬਦ ਦੇ ਵਿੱਚ ਆਇਆ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਚਪਨ ਦੇ ਵਿੱਚ ਸੀਤਲਾ ( ਚੇਚਕ) ਨਿਕਲੀ, ਦਵਾ ਦਾਰੂ ਦੇ ਨਾਲ ਪਰਮਾਤਮਾ ਦੇ ਅੱਗੇ ਵੀ ਪੰਜਵੇਂ ਪਾਤਸ਼ਾਹ ਨੇ ਅਰਦਾਸ ਕੀਤੀ, ਸੀਤਲਾ ਦੇ ਰੋਗ ਦੀ ਨਿਵਿਰਤੀ ਹੋਈ। ਸਤਿਗੁਰੂ ਛੇਵੇਂ ਪਾਤਸ਼ਾਹ ਦੇ ਸਰੀਰ ਨੂੰ ਸੀਤਲਾ ਤੋਂ ਰੱਖਿਆ ਕਰਨ ਵਾਸਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਉਚਾਰਨ ਕਰਦੇ ਹਨ :-

ਸੀਤਲਾ ਤੇ ਰਖਿਆ ਬਿਹਾਰੀ।।
ਪਾਰਬ੍ਰਹਮ ਪ੍ਰਭ ਕਿਰਪਾ ਧਾਰੀ।। ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ,200 )

ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਦੇ ਪੰਨਾ ਨੰਬਰ 874 ‘ਤੇ ਬਿਹਾਰੀ ਨੂੰ ਸੰਸਕ੍ਰਿਤ ਦਾ ਸ਼ਬਦ ਲਿਖਦੇ ਹੋਏ ਅਰਥ ਵਿਚਰਣ ਵਾਲਾ, ਆਨੰਦ ਦੇਣ ਵਾਲਾ ਤੇ ਵਪਾਰ ਕਰਨ ਵਾਲਾ ਕਰਦੇ ਹਨ। ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਇਸ ਦੇ ਅਰਥ ਖੁਸ਼ੀ ਮਾਨਣ ਵਾਲਾ, ਆਨੰਦ ਲੈਣ ਵਾਲਾ ਭਾਵ ਵਾਹਿਗੁਰੂ ਲਿਖਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰਬਾਣੀ ਪਾਠ ਦਰਪਣ ਦੇ ਵਿੱਚ ਇਸ ਦੇ ਅਰਥ ਕੇਵਲ ਸੁੰਦਰ ਪ੍ਰਭੂ ਹੀ ਕਰਦੇ ਨੇ ।
ਸਾਰੇ ਵਿਦਵਾਨ ਬਿਹਾਰੀ ਨੂੰ ਸੰਸਕ੍ਰਿਤ ਦਾ ਸ਼ਬਦ ਮੰਨਦੇ ਨੇ, ਸ਼ਬਦ ਦੇ ਪ੍ਰਕਰਨ ਤੋਂ ਅਰਥ ਪ੍ਰਭੂ ਖੁਸ਼ੀ ਮਾਨਣ ਵਾਲਾ ਕਰ ਲੈਂਦੇ ਹਨ, ਪਰ ਪਰਮਾਤਮਾ ਨੂੰ ਬਿਹਾਰੀ ਕਿਉਂ ਕਹਿੰਦੇ ਹਨ ਇਹਦੀ ਵਿਆਖਿਆ ਨਹੀਂ ਕਰਦੇ
ਪੰਜਵੇਂ ਪਾਤਸ਼ਾਹ ਬਿਹਾਰੀ ਦੇ ਅਰਥ ਸੋਰਠਿ ਰਾਗ ਦੇ ਅੰਦਰ ਉਚਾਰਨ ਪਾਵਨ ਸ਼ਬਦ ਦੇ ਵਿੱਚ ਕਰਦੇ ਹਨ ।

ਸੀਤਲਾ ਠਾਕਿ ਰਹਾਈ ||ਬਿਘਨ ਗਏ ਹਰਿ ਨਾਈ || ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 627 )

ਬਿਹਾਰੀ = ਬਿਘਨ ਪਰਹਾਰੀ ਦਾ ਸੰਖੇਪ ਹੈ

ਗਰਮ ਦੇਸ਼ਾਂ ਦੀ ਇਹ ਬਿਮਾਰੀ ਜਦ ਵੀ ਕਿਸੇ ਦੇ ਸਰੀਰ ਤੇ ਪ੍ਰਗਟ ਹੁੰਦੀ ਹੈ, ਤਾਂ ਸਰੀਰ ਗਰਮ ਹੋ ਜਾਂਦਾ ਤੇ ਫੋੜੇ ਨਿਕਲਦੇ ਨੇ ਤੇ ਉਹਨਾਂ ਦੇ ਵਿੱਚ ਪਾਣੀ ਭਰ ਜਾਂਦਾ, ਛੂਤ ਦਾ ਇਹ ਰੋਗ ਬੜੀ ਛੇਤੀ ਦੇ ਨਾਲ ਫੈਲਦਾ ਤੇ ਤੁਰਨਾ ਫਿਰਨਾ ਔਖਾ ਹੋ ਜਾਂਦਾ, ਔਰ ਉਨਾਂ ਸਮਿਆਂ ਦੇ ਵਿੱਚ ਅਸਾਧ ਰੋਗ ਸੀ ਭਾਵੇਂ ਹੁਣ ਮਨੁੱਖਾਂ ਨੇ ਇਲਾਜ ਲੱਭ ਲਿਆ।ਪਰਮਾਤਮਾ ਇਸ ਬਿਘਨ ਨੂੰ ਦੂਰ ਕਰਨ ਵਾਲਾ ਇਸ ਵਾਸਤੇ ਗੁਰੂ ਸਾਹਿਬਾਨ ਪਰਮਾਤਮਾ ਨੂੰ ਬਿਹਾਰੀ ਦੇ ਨਾਮ ਨਾਲ ਸੰਬੋਧਨ ਕਰਦੇ ਹਨ।