
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਝਬਾਲ ਕਲਾਂ ਦੇ ਨੇੜੇ ਪਿੰਡ ਠੱਟਾ ਦੀ ਹੱਦ ‘ਚ ਪੈਂਦਾ ਪਾਵਨ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ।
ਬੀੜ ਦਾ ਅਰਥ ਹੈ: “ਬਿਨਾਂ ਭੀੜ” ਭਾਵ ਕਿ ਉਹ ਥਾਂ ਜਿਥੇ ਬੰਦਿਆਂ ਦੀ ਬਹੁਤੀ ਭੀੜ ਨਾ ਹੋਵੇ, ਸਿਰਫ ਰੱਖ, ਬੂਟੇ, ਘਾਹ ਵਧੀਆ ਹੋਵੇ ਮਾਲ ਡੰਗਰ ਦੇ ਚਰਨ੍ਹ ਲਈ ਚਰਾਂਦਾ ਹੋਵੇ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮੁਗਲ ਬਾਦਸ਼ਾਹ ਅਕਬਰ ਨੇ ਬੀੜ ਦਾ ਇਲਾਕਾ ਗੁਰੂ ਘਰ ਨੂੰ ਸੇਵਾ ‘ਚ ਅਰਪਿਆ ਸੀ
ਨਾਭਾ ਜੀ ਅਨੁਸਾਰ ਪਹਿਲਾਂ ਇਲਾਕਾ ਬਹੁਤ ਜ਼ਿਆਦਾ ਸੀ ਪਰ ਅੰਗਰੇਜ਼ੀ ਰਾਜ ਆਉਣ ਸਮੇ ਸਿਰਫ 667 ਕਨਾਲਾਂ (ਕਰੀਬ 83ਕਿੱਲੇ) ਹੀ ਰਹਿ ਗਿਆ ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਹੀ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬੀੜ ‘ਚ ਰਹਿ ਕੇ ਖੇਤਾਂ ‘ਚ ਸੇਵਾ ਕਰਦੇ, ਮਾਲ ਡੰਗਰ ਦੀ ਸਾਂਭ ਸੰਭਾਲ ਕਰਦੇ, ਦੁਧ ਆਦਿ ਚਵਾ ਕੇ ਗੁਰੂ ਕੇ ਲੰਗਰ ‘ਚ ਭੇਜਦੇ ਰਹੇ। ਸਮਾਂ ਬੀਤਦਾ ਗਿਆ ਪੰਜਵੇਂ ਪਾਤਸ਼ਾਹ ਧੰਨ ਅਰਜਨ ਦੇਵ ਜੀ ਗੁਰਤਾਗੱਦੀ ‘ਤੇ ਬਿਰਾਜਮਾਨ ਹੋਏ। ਸਤਿਗੁਰਾਂ ਦੇ ਨੰਦ ਕਾਰਜ ਨੂੰ ਕਾਫੀ ਸਮਾਂ ਬਤੀਤ ਗਿਆ ਪਰ ਘਰ ‘ਚ ਕੋਈ ਔਲਾਦ ਨਹੀਂ ਸੀ। ਬਾਬਾ ਪ੍ਰਿਥੀ ਚੰਦ ਤੇ ਉਹਦੀ ਘਰਵਾਲੀ ਬੀਬੀ ਕਰਮੋ ਨੇ ਇਕ ਦਿਨ ਮਿਹਣਾ ਮਾਰਿਆ ਇਨ੍ਹਾਂ ਦੇ ਕਿਹੜਾ ਕੋਈ ਔਲਾਦ ਆ! ਅਖੀਰ ਨੂੰ ਸਭ ਕੁਝ ਸਾਡੇ ਕੋਲ ਹੀ ਆਉਣਾ!! ਇਸ ਗੱਲ ਦਾ ਜਦੋਂ ਮਾਤਾ ਗੰਗਾ ਜੀ ਨੂੰ ਪਤਾ ਲੱਗਾ ਤਾਂ ਉਹ ਬੜੇ ਉਦਾਸ ਹੋਏ। ਗੁਰਦੇਵ-ਪਤੀ ਜੀ ਕੋਲ ਬੇਨਤੀ ਕੀਤੀ ਕਿ ਤੁਸੀਂ ਸਾਰਿਆਂ ਦੀਆਂ ਝੋਲੀਆਂ ਭਰਦੇ ਹੋ, ਦਾਸੀ ‘ਤੇ ਵੀ ਕਿਰਪਾ ਕਰੋ! ਹੁਣ ਤਾਂ ਸ਼ਰੀਕ ਵੀ ਮਿਹਣੇ ਮਾਰਨ ਲੱਗ ਪਏ ਨੇ!! ਨਾਲ ਸਾਰੀ ਗੱਲ ਦੱਸੀ।
ਸਤਿਗੁਰਾਂ ਨੇ ਕਿਹਾ ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਸਤਿਗੁਰੂਆਂ ਦੇ ਦਰਸ਼ਨ ਕੀਤੇ ਹਨ, ਚਰਨਾਂ ‘ਚ ਰਹਿ ਸੇਵਾ ਕਰ ਸਿੱਖੀ ਕਮਾਈ ਹੈ! ਤੁਸੀਂ ਉਨ੍ਹਾਂ ਦੇ ਕੋਲ ਜਾਉ! ਬੇਨਤੀ ਕਰੋ ਤੁਹਾਡੀ ਜ਼ਰੂਰ ਇੱਛਾ ਪੂਰੀ ਹੋਵੇਗੀ!!
ਅਗਲੇ ਦਿਨ ਮਾਤਾ ਜੀ ਤਿਆਰੀ ਕਰ ਕੇ ਰੱਥ ‘ਤੇ ਚੜ੍ਹ ਕੇ ਚੱਲ ਪਏ। ਬਾਬਾ ਬੁੱਢਾ ਸਾਹਿਬ ਬੀੜ ‘ਚ ਸੇਵਾ ਕਰਵਾ ਰਹੇ ਸੀ, ਦੂਰੋਂ ਧੂੜ ਉੱਡਦੀ ਦੇਖ ਬਾਬਾ ਬੁੱਢਾ ਜੀ ਨੇ ਕਿਹਾ, “ਏ ਧੂੜਾਂ ਕਾਹਦੀਆਂ ਉੱਠਦੀਆਂ ਨੇ?” ਨੇਡ਼ਿਓਂ ਇਕ ਸਿੱਖ ਨੇ ਦੱਸਿਆ, “ਬਾਬਾ ਜੀ ਏ ਗੁਰੂ ਕੇ ਮਹਿਲ ਆ ਰਹੇ ਨੇ!” ਸੁਣ ਕੇ ਬਾਬਾ ਜੀ ਨੇ ਬਚਨ ਕਹੇ, “ਗੁਰੂ ਕਿਆਂ ਨੂੰ ਕਿਧਰੋਂ ਭਾਜੜਾਂ ਪੈ ਗਈਆਂ!!” … ਮਾਤਾ ਗੰਗਾ ਜੀ ਜਦੋਂ ਪਹੁੰਚੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਬੜੇ ਉਦਾਸ ਹੋ ਗਏ। ਫਿਰ ਵੀ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਸਾਰੇ ਖ਼ਜ਼ਾਨਿਆਂ ਦੇ ਮਾਲਕ ਗੁਰੂ ਅਰਜਨ ਦੇਵ ਜੀ ਨੇ ਮੈਂ ਤੇ ਨੌਕਰ ਹਾਂ।
ਮਾਤਾ ਜੀ ਨੇ ਦਰਸ਼ਨ ਕੀਤੇ ਤੇ ਉਦਾਸ ਚਲੇ ਗਏ। ਜਾ ਕੇ ਸਾਰੀ ਗੱਲ ਸਤਿਗੁਰਾਂ ਨੂੰ ਦੱਸੀ। ਮਹਾਰਾਜ ਨੇ ਕਿਹਾ, ਤੁਹਾਡੇ ਜਾਣ ਦਾ ਢੰਗ ਸਹੀ ਨਹੀਂ ਸੀ। ਜਦੋਂ ਵੱਡਿਆਂ ਕੋਲ ਜਾਈਏ ਤਾਂ ਇਸ ਤਰ੍ਹਾਂ ਨਹੀਂ ਜਾਈਦਾ। ਨੀਵੇਂ ਹੋ ਕੇ ਪਿਆਰ ਭਾਵ ਨਾਲ ਜਾਈਦਾ ਹੈ! ਫਿਰ ਆਪ ਸਤਿਗੁਰਾਂ ਸਾਰੀ ਜੁਗਤ ਦੱਸੀ ਕਿ, ਕੱਲ੍ਹ ਅੰਮ੍ਰਿਤ ਵੇਲੇ ਉੱਠਣਾ ਕੇਸੀਂ ਇਸ਼ਨਾਨ ਕਰ ਕੇ ਆਪ ਦਹੀਂ ਰਿੜਕ ਕੇ, ਲੱਸੀ ਤਿਆਰ ਕਰਨੀ, ਹਥੀਂ ਆਟਾ ਗੁੰਨ੍ਹ ਕੇ ਮਿੱਸੇ ਪ੍ਰਸ਼ਾਦੇ ਨਾਲ ਗੰਢਾਂ ਲੈ ਪੈਦਲ ਤੁਰ ਕੇ ਜਾਓ! ਮਾਤਾ ਜੀ ਨੇ ਅਗਲੇ ਦਿਨ ਇਸੇ ਤਰ੍ਹਾਂ ਸਾਰੀ ਤਿਆਰੀ ਕੀਤੀ। ਆਪ ਸਿਰ ‘ਤੇ ਪ੍ਰਸ਼ਾਦਿਆਂ ਦਾ ਛਾਬਾ ਚੁੱਕ ਕੇ ਲੱਸੀ ਲੈ ਕੇ ਚੱਲੇ, ਨਾਲ ਇੱਕ ਦਾਸੀ ਲੈ ਲਈ। ਪਹੁੰਚਦਿਆਂ ਨੂੰ ਦਿਨ ਵਾਹਵਾ ਚੜ੍ਹ ਗਿਆ ਸੀ। ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਦੂਰੋਂ ਆਉਂਦਿਆਂ ਦੇਖ ਕੇ ਅੱਗੇ ਹੋ ਕੇ ਪਰਸ਼ਾਦਿਆਂ ਵਾਲਾ ਛਾਬਾ ਲੁਹਾਇਆ ਤੇ ਨਾਲ ਬੋਲ ਕਹੇ ਜਦੋਂ ਪੁੱਤ ਨੂੰ ਭੁੱਖ ਲੱਗਦੀ ਆ ਤਾਂ ਮਾਂ ਨੂੰ ਹੀ ਪਤਾ ਲਗਦਾ, ਬਾਬਾ ਜੀ ਨੂੰ ਪ੍ਰਸ਼ਾਦਾ ਛਕਾਇਆ, ਬੜੇ ਖ਼ੁਸ਼ ਪਰਸ਼ਾਦਾ ਛਕਦਿਆਂ ਬਾਬਾ ਬੁੱਢਾ ਜੀ ਨੇ ਜਦੋਂ ਗੰਢੇ ‘ਤੇ ਮੁੱਕੀ ਮਾਰੀ ਗੰਢੇ ਅੰਦਰਲੀ ਗੰਢੀ ਨਿਕਲ ਕੇ ਔਹ ਜਾ ਪਏ। ਹਸਦਿਆਂ ਹੋਇਆਂ ਬਚਨ ਕੀਤਾ ਮਾਂ ਤੁਹਾਡੇ ਘਰ ਇਸ ਤਰ੍ਹਾਂ ਦਾ ਸੂਰਬੀਰ ਯੋਧਾ ਪੈਦਾ ਹੋਵੇਗਾ ਜੋ ਆ ਗੰਢੇ ਵਾਂਗੂੰ ਦੁਸ਼ਟਾਂ ਦੇ ਸਿਰ ਭੰਨੇਗਾ ਉਸਦੇ ਬਲ ਨੂੰ ਰੋਕਣ ਵਾਲਾ ਕੋਈ ਨ ਹੋਊ!
ਤੁਮਰੇ ਗ੍ਰਹਿ ਪ੍ਰਗਟੇ ਗਾ ਯੋਧਾ।
ਜਾਕਾ ਬਲ ਗੁਨ ਕਿੰਨਹੁ ਨ ਸੋਧਾ।
ਇਸ ਤਰ੍ਹਾਂ ਨਾਲ ਬਾਬਾ ਜੀ ਪ੍ਰਸ਼ਾਦਾ ਛਕੀ ਜਾਂਦੇ ਨੇ ਨਾਲ ਨਾਲ ਅਸੀਸਾਂ ਦੇਈ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਦੀ ਅਸੀਸ ਲੈ ਕੇ ਮਾਤਾ ਗੰਗਾ ਜੀ ਘਰ ਆਏ ਸਤਿਗੁਰਾਂ ਨੂੰ ਦੱਸਿਆ ਤੁਹਾਡੀ ਕਿਰਪਾ ਨਾਲ ਬਾਬਾ ਜੀ ਤੋਂ ਅਸੀਸ ਮਿਲੀ।
ਬਾਬਾ ਬੁੱਢਾ ਸਾਹਿਬ ਜੀ ਨੇ 21 ਅੱਸੂ ਬਿਕਰਮੀ ਸੰਮਤ 1651 (1594 ਈ) ਮਾਤਾ ਗੰਗਾ ਜੀ ਨੂੰ ਪੁੱਤਰ ਦੀ ਅਸੀਸ ਦਿੱਤੀ ਸੀ।
ਇਸੇ ਦਿਨ ਦੀ ਯਾਦ ਵਿੱਚ ਅੱਜ ਵੀ ਹਰ ਸਾਲ ਬੀੜ ਬਾਬਾ ਬੁੱਢਾ ਸਾਹਿਬ ਦੋ ਦਿਨ 21 , 22 ਅੱਸੂ (ਕਦੇ 6,7 ਕਦੇ 7,8 ਅਕਤੂਬਰ )ਨੂੰ ਸਾਲਾਨਾ ਜੋੜ ਮੇਲਾ ਹੁੰਦਾ ਹੈ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਇਕੱਤਰ ਹੁੰਦੀ ਹੈ।
ਗੁਰ ਬਿਲਾਸ ਪਾਤਸ਼ਾਹੀ ਛੇਵੀਂ ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਇਸ ਦਿਨ ਜੋ ਵੀ ਮਾਈ ਭਾਈ ਪਿਆਰ ਨਾਲ ਸੇਵਾ ਕਰ ਅਰਦਾਸ ਕਰੇ ਉਹਦੀ ਝੋਲੀਆਂ ਜ਼ਰੂਰ ਭਰਦੀਆਂ ਹਨ।
ਅੱਸੂ ਦਿਨ ਇੱਕਵੀਂ ਆਵੈ।
ਜੋ ਇੱਛੇ ਸਈ ਵਰ ਪਾਵੈ। (ਗੁਰੁ ਬਿਲਾਸ ਪਾਤਸ਼ਾਹੀ :੬)
ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਸਦਕਾ ਪੰਜਵੇਂ ਪਾਤਸ਼ਾਹ ਦੇ ਘਰ ਮਾਤਾ ਗੰਗਾ ਜੀ ਦੀ ਪਾਵਨ ਕੁੱਖੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਦਾ ਆਗਮਨ ਹੋਇਆ।
ਗੁਰੂ ਬਚਨ
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥੧॥
ਬੀੜ ਸਾਹਿਬ ਬਾਬਾ ਬੁੱਢਾ ਜੀ ਦੀ ਯਾਦ ‘ਚ ਸੋਹਣਾ ਅਸਥਾਨ ਬਣਿਆ ਹੋਇਆ ਹੈ, ਜਿਸ ਦੀ ਮੌਜੂਦਾ ਇਮਾਰਤ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਬਣਵਾਈ ਸੀ। ਅੱਜ ਵੀ ਸੰਗਤ ਔਲਾਦ ਦੇ ਲਈ ਬੀੜ ਸਾਹਿਬ ਅਰਦਾਸਾਂ ਬੇਨਤੀਆਂ ਕਰਦੀ ਬਾਬਾ ਜੀ ਰਹਿਮਤ ਕਰਦੇ ਹਨ।
ਸਾਡੇ ਪਿੰਡ ਦੀ ਗੱਲ ਹੈ ਇਕ ਪਰਿਵਾਰ ਪਹਿਲਾਂ ਪੰਜ ਧੀਆਂ ਨੇ ਉਨ੍ਹਾਂ ਬੀੜ ਸਾਹਿਬ ਅਖੰਡ ਪਾਠ ਕਰਵਾਇਆ ਬੇਨਤੀ ਕੀਤੀ ਸਮੇਂ ਨਾਲ ਪੁੱਤਰ ਹੋਇਆ। ਗੁਰੂ ਦਾ ਭੇਜਿਆ ਜਾਣ ਉਨ੍ਹਾਂ ਨਾਮ ਹੀ ਗੁਰਭੇਜ ਸਿੰਘ ਰੱਖ ਦਿੱਤਾ ਉਹ ਮੇਰੇ ਨਾਲ ਦਸਵੀਂ ਤੱਕ ਪੜ੍ਹਦਾ ਰਿਹਾ।
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ।
ਮੇਜਰ ਸਿੰਘ (ਉਪ ਸੰਪਾਦਕ)