ਬੁਝਾਰਤ ਬਚਪਨ ਤੋਂ ਬਜ਼ੁਰਗ ਅਵਸਥਾ ਤੱਕ ਹਰ ਉਮਰ ਦੇ ਲਈ ਉਹ ਰੁਚੀ ਵਾਲਾ ਵਿਸ਼ਾ ਹੈ। ਇਹ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਬੁੱਧੀ ਅਤੇ ਸੋਚਣ ਦੀ ਸਮਰੱਥਾ ਨੂੰ ਤੇਜ਼ ਕਰਨ ਦਾ ਸਾਧਨ ਵੀ ਹੈ। ਬੁਝਾਰਤ ਇੱਕ ਐਸੀ ਗੁੱਥੀ ਜਾਂ ਪ੍ਰਸ਼ਨ ਹੁੰਦੀ ਹੈ ਜਿਸ ਦਾ ਜਵਾਬ ਸਿੱਧਾ ਨਹੀਂ ਦਿੱਤਾ ਜਾਂਦਾ, ਬਲਕਿ ਚਤੁਰਾਈ ਨਾਲ ਸੰਕੇਤਾਂ ਦੇ ਰਾਹੀਂ ਛੁਪਾਇਆ ਜਾਂਦਾ ਹੈ। ਸੁਣਨ ਵਾਲੇ ਨੂੰ ਆਪਣੇ ਤਜਰਬੇ, ਗਿਆਨ ਅਤੇ ਅਕਲ ਨਾਲ ਉਸ ਛੁਪੀ ਹੋਈ ਗੱਲ ਦਾ ਪਤਾ ਲਗਾਉਣਾ ਪੈਂਦਾ ਹੈ। ਬੁਝਾਰਤਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੰਜਾਬੀ ਲੋਕ ਧਰੋਹਰ ਵਿੱਚ ਬੁਝਾਰਤ ਇੱਕ ਅਟੁੱਟ ਹਿੱਸਾ ਰਹੀਆਂ ਹਨ ਸੋ ਪਿੰਡਾਂ ਵਿੱਚ ਰਾਤੀਂ ਪਰਿਵਾਰ, ਚੌਕਾਲ ਵਿੱਚ ਬੋਲੀਆਂ ਜਾਂਦੀਆਂ ਸਨ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬੁਝਾਰਤ ਸ਼ਬਦ ਦੋ ਵਾਰ ਆਇਆ ਹੈ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਫਰਮਾਉਂਦੇ ਹਨ ਕਿ ਬੋਲਾ ਮਨੁੱਖ ਬੁਝਾਰਤ ਨੂੰ ਬੁਝ ਨਹੀਂ ਸਕਦਾ। ਜੇ ਬੁਝਾਰਤ ਦੇ ਵਿੱਚ ਆਖੀਏ ਕਿ ਰਾਤ ਹੈ ਤਾਂ ਉਹ ਦਿਨ ਸਮਝਦਾ ਹੈ:
ਕਹਾ ਬੁਝਾਰਤਿ ਬੂਝੈ ਡੋਰਾ।।
ਨਿਸਿ ਕਹੀਐ ਤਉ ਸਮਝੈ ਭੋਰਾ।।
( ਸ੍ਰੀ ਗੁਰੂ ਗ੍ਰੰਥ ਸਾਹਿਬ,੨੬੬)
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਗਿਆਨ ਲਈ ਇਸ਼ਾਰਤ ਨੂੰ ਬੁਝਾਰਤ ਆਖਦੇ ਹਨ, ਸਮਝੌਤੀ,ਪਹੇਲੀ ਆਦਿ ਸਮਾਨ ਅਰਥ ਵੀ ਬਿਆਨ ਕਰਦੇ ਹਨ। ਡਾਕਟਰ ਗੁਰਚਰਨ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਮਹਾਨ ਕੋਸ਼’ ਵਾਲੇ ਹੀ ਅਰਥ ਲਿਖਦੇ, ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿੱਚ ਬੁਝਾਰਤ ਨੂੰ ਸੰਸਕ੍ਰਿਤ ਦਾ ਸ਼ਬਦ ਲਿਖਦੇ ਹਨ ਤੇ ਪਾਤਸ਼ਾਹ ਦੇ ਨਾਲ ਇਸ ਦੇ ਅਰਥ ਬੁਝ ਆਰਤ ਕਰਦੇ ਹਨ, ਭਾਵ ਜਿਸ ਨੂੰ ਸਮਝਣ ਦੀ ਵਿੱਚ ਆਦਮੀ ਘਬਰਾਵੇ, ਬੁਝਾਰਤ ਤੇ ਸੈਨਤਾਂ, ਐਸੇ ਤਰੀਕੇ ਦੇ ਨਾਲ ਦੱਸਦਾ ਹੈ ਉਹ ਤਾਂ ਦੱਸਦਾ ਹੈ ਪਰ ਸਮਝਣ ਵਾਲਿਆਂ ਨੂੰ ਪਹੇਲੀ ਲੱਗਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਵਿੱਚ ਇਸ ਦੇ ਅਰਥ ਸੈਨਤ ਕਰਦੇ ਹਨ
ਬੁਝਾਰਤ: ਬੁਝ ਇਸ਼ਾਰਤ ਦਾ ਸੰਖੇਪ ਹੈ,
ਜੋ ਇਸ਼ਾਰਿਆਂ ਦੇ ਨਾਲ ਬੁੱਝੀ ਜਾਵੇ ਉਸ ਨੂੰ ਬੁਝਾਰਤ ਆਖਦੇ ਹਨ। ਪਾਉਣ ਵਾਲੇ ਨੇ ਇਸ਼ਾਰੇ ਦੇਣੇ ਹੁੰਦੇ ਹਨ, ਉਨਾਂ ਇਸ਼ਾਰਿਆਂ ਨੂੰ ਸੁਣ ਕੇ ਮਨੁੱਖ ਬੁਝਦਾ ਤੇ ਆਪਣੀਆਂ ਅੱਖਾਂ ਦੇ ਨਾਲ ਦੇਖ ਲੈਂਦਾ ਹੈ
ਦੇਇ ਬੁਝਾਰਤ ਸਾਰਤਾ
ਸੇ ਅਖੀ ਡਿਠੜਿਆ।।
( ਸ੍ਰੀ ਗੁਰੂ ਗ੍ਰੰਥ ਸਾਹਿਬ, ੨੧੭)
ਉੱਘੇ ਕਵੀ ਪ੍ਰੋਫੈਸਰ ਮੋਹਨ ਸਿੰਘ ਆਪਣੇ ਕਾਵਿ ਸੰਗ੍ਰਹਿ ‘ਸਾਵੇ ਪੱਤਰ’ ਵਿੱਚ ਰੱਬ ਨੂੰ ਵੀ “ਇੱਕ ਗੁੰਝਲਦਾਰ ਬੁਝਾਰਤ” ਬਿਆਨ ਕਰਦੇ ਹਨ।
“ਰੱਬ ਇੱਕ ਗੁੰਝਲਦਾਰ ਬੁਝਾਰਤ
ਰੱਬ ਇੱਕ ਗੋਰਖ ਧੰਦਾ,
ਖੋਲਣ ਲੱਗਿਆਂ ਪੇਚ ਇਸ ਦੇ
ਕਾਫਰ ਹੋ ਜਾਏ ਬੰਦਾ
ਕਾਫ਼ਰ ਹੋਣੋਂ ਡਰ ਕੇ ਜੀਏ
ਖੋਜਾਂ ਮੂਲ ਨਾ ਖੂੰਜੀ
ਲਾਈ ਲੱਗ ਮੋਮਿਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ!”
ਸਾਧੂ ਸਿੰਘ ਸੂਫੀ ‘ਸੂਫੀ ਡਿਉਢਾਂ’ ਕਿਤਾਬ ਵਿੱਚ ਲਿਖੀ ਆਪਣੀ ਇੱਕ ਡਿਉਢ ਦੇ ਵਿੱਚ ਰੱਬ ਨੂੰ ਨਾ ਤਾਂ ਗੁੰਝਲਦਾਰ ਬੁਝਾਰਤ ਤੇ ਨਾ ਹੀ ਕੋਈ ਗੋਰਖ ਧੰਦਾ ਮੰਨਦੇ ਹਨ।
ਨਾ ਰੱਬ ਗੁੰਝਲਦਾਰ ਬੁਝਾਰਤ,
ਨਾ ਰੱਬ ਗੋਰਖ ਧੰਦਾ,
ਸਾਜ ਵਜੰਦਾ ।
ਨਾ ਰੱਬ ਕਲਾ ਮਰੋੜੀ ਘੁੰਡੀ,
ਨਾ ਵਿਚ ਪੇਚ ਦਿਸੰਦਾ,
ਨਾ ਰੱਬ ਜੰਦਾ।
ਸਮਝਣ ਲੱਗਿਆਂ ਏਸ ਵਸਤ ਨੂੰ,
ਕਾਫਰ ਬਣੇ ਨਾ ਮੰਦਾ,
ਮੋਮਨ ਬੰਦਾ।
ਸੂਫੀ ਰੱਬ ਸੁਖਾਲਾ ਸਭ ਤੋਂ,
ਸਮਝੇ ਸੁਖੀ ਵਸੰਦਾ,
ਸਮਝ ਰਖੰਦਾ।”
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ
