
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਰੋਕਣ ਲਈ ਤੁਰੰਤ ਵੱਖਰਾ ਅਤੇ ਸਖ਼ਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਨੇ ਸਮਾਣਾ ਵਿਖੇ ਟਾਵਰ ਮੋਰਚੇ ‘ਚ ਹਿੱਸਾ ਲੈਂਦੇ ਹੋਏ ਕਿਹਾ ਕਿ ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਜੀਵਤ ਗੁਰੂ ਵਜੋਂ ਮੰਨਦਾ ਹੈ ਅਤੇ ਭਾਰਤ ਦੀ ਸਰਵਉੱਚ ਅਦਾਲਤ ਵੀ ਇਸ ਗੱਲ ਦੀ ਪੁਸ਼ਟੀ ਕਰ ਚੁੱਕੀ ਹੈ।
ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਨੂੰ ਕਿਸੇ ਆਮ ਅਪਰਾਧ ਵਾਂਗ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਪੁੱਛਿਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਵਿਚ ਹਰ ਧਰਮ ਦੇ ਭਗਤਾਂ ਦੀ ਬਾਣੀ ਦਰਜ ਹੈ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆ ਹੈ ਤਾਂ ਫਿਰ ਸਰਕਾਰਾਂ ਵੱਲੋਂ ਇਸ ਮੁੱਦੇ ‘ਤੇ ਚੁੱਪੀ ਕਿਉਂ?
ਜਥੇਦਾਰ ਸਾਹਿਬ ਨੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਪੰਥਕ ਲੀਡਰਾਂ ਨੂੰ ਵੀ ਜਵਾਬਦੇਹ ਬਣਾਉਂਦਿਆਂ ਪੁੱਛਿਆ ਕਿ ਉਹ ਇਹਨਾਂ ਬੇਅਦਬੀ ਮਾਮਲਿਆਂ ਲਈ ਸਖ਼ਤ ਕਾਨੂੰਨ ਦੀ ਮੰਗ ‘ਚ ਅੱਗੇ ਕਿਉਂ ਨਹੀਂ ਆ ਰਹੇ। ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ ਭਾਈ ਗੁਰਜੀਤ ਸਿੰਘ ਫੌਜੀ ਵੱਲੋਂ ਪਿਛਲੇ 6 ਮਹੀਨੇ ਤੋਂ ਟਾਵਰ ‘ਤੇ ਰਹਿ ਕੇ ਕੀਤੇ ਜਾ ਰਹੇ ਸੰਘਰਸ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸਿੱਖ ਧਰਮ ਵਿੱਚ ਮਰਨ ਵਰਤ ਰੱਖਣਾ ਠੀਕ ਨਹੀਂ ਮੰਨਿਆ ਜਾਂਦਾ ਅਤੇ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਣ ਦੀ ਅਪੀਲ ਕੀਤੀ।