17 views 30 secs 0 comments

ਬੇਬਾਕ, ਦਾਨਸ਼ਵਰ ਅਤੇ ਜਾਦੂਮਈ ਬੁਲਾਰੇ : ਗਿਆਨੀ ਸੰਤ ਸਿੰਘ ਜੀ ਮਸਕੀਨ

ਲੇਖ
October 28, 2025

ਸੰਸਾਰ-ਪ੍ਰਸਿੱਧ ਦਾਰਸ਼ਨਿਕ ਅਤੇ ਉੱਚ-ਧਾਰਮਿਕ ਸ਼ਖ਼ਸੀਅਤ, ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿਣੀ, ਕਥਨੀ ਦੇ ਸੂਰੇ, ਬਹੁਗੁਣੀ, ਬਹੁਪੱਖੀ, ਨਿਰਵੈਰ, ਗਹਿਰ-ਗੰਭੀਰ, ਬੇਬਾਕ ਦਾਨਸ਼ਵਰ ਅਤੇ ਜਾਦੂਮਈ ਬੁਲਾਰੇ, ਜੋ ਸਰੀਰ ਕਰਕੇ ਸਾਡੇ ਸਭਨਾਂ ਤੋਂ ਸਦਾ ਲਈ ਜੁਦਾ ਹੋ ਗਏ ਹਨ, ਪਰ ਉਨ੍ਹਾਂ ਦੀਆਂ ਨਸੀਹਤਾਂ ਅਤੇ ਅਨਮੋਲ ਬਚਨ ਧਾਰਮਿਕ ਆਸਥਾ ਰੱਖਣ ਵਾਲੇ ਹਰ ਵਿਅਕਤੀ ਦੇ ਹਿਰਦੇ ਉੱਤੇ ਉੱਕਰੇ ਹੋਏ ਨੇ। ਆਪ ਜੀ ਪੰਥ-ਪ੍ਰਵਾਨਿਤ ਸ਼ਖ਼ਸੀਅਤਾਂ ‘ਚੋਂ ਵਿਲੱਖਣ ਤਾਂ ਸਨ ਹੀ, ਸਗੋਂ ਬਾਕੀ ਦੇ ਧਰਮਾਂ ‘ਚੋਂ ਵੀ ਉਨ੍ਹਾਂ ਨੂੰ ਬੇਹੱਦ ਮਾਣ ਤੇ ਸਤਿਕਾਰ ਪ੍ਰਾਪਤ ਸੀ। ਉਨ੍ਹਾਂ ਦੇ ਬੋਲਾਂ ‘ਚ ਅਜੀਬ ਜਿਹੀ ਗ਼ੈਬੀ ਖਿੱਚ ਸੀ, ਜੋ ਅਨਪੜ੍ਹ ਅਤੇ ਸਾਦ-ਮੁਰਾਦੇ ਵਿਅਕਤੀਆਂ ਤੋਂ ਲੈ ਕੇ ਆਲਮ ਫ਼ਾਜ਼ਲ, ਪੜ੍ਹੇ-ਲਿਖੇ ਲੋਕਾਂ ਨੂੰ ਵੀ ਕੀਲ ਲੈਂਦੀ ਸੀ । ਆਪ ਜੀ ਅਤਿ ਦਾ ਸਾਦਾ ਜੀਵਨ ਬਤੀਤ ਕਰਦੇ ਸਨ ਅਤੇ ਬਹੁਤ ਹੀ ਸਬਰ-ਸੰਤੋਖ ਤੇ ਸੰਜਮੀ ਜੀਵਨ ਜਿਉਂਦੇ ਸਨ। ਆਪ ਬਹੁਤ ਹੀ ਪ੍ਰਹੇਜ਼ੀ ਤੇ ਅਲਪ-ਆਹਾਰੀ ਵੀ ਸਨ। ਉਨ੍ਹਾਂ ਦੇ ਸਾਦਗੀ ਦੇ ਸੁਹੱਪਣ ਨੂੰ ਹਰ ਵਿਅਕਤੀ ਵੀ ਕਬੂਲਦਾ ਸੀ । ਘੰਟਿਆਂ ਬੱਧੀ, ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ‘ਚ ਵਿਚਾਰਾਂ ਕਰਦੇ, ਪਰ ਕੀ ਮਜ਼ਾਲ ਕਿ ਇਕ ਵਾਰ ਵੀ ਸਰੀਰ ਪਾਸਾ ਵੱਟ ਜਾਵੇ, ਤਮਾਮ ਹੀ ਸੰਗਤਾਂ ਮਦਮਸਤ ਹੋ, ਗਹੁ ਨਾਲ ਵੀਚਾਰਾਂ ਨੂੰ ਸੁਣਦਿਆਂ ਗਦ-ਗਦ ਹੋ ਉਠਦੀਆਂ।

ਸਿੱਖ ਪੰਥ ਦੀ ਸਿਰਮੌਰ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਤਮਾਮ ਅਧਿਕਾਰੀ, ਪ੍ਰਬੰਧਕ, ਉੱਚ ਧਾਰਮਿਕ ਸ਼ਖ਼ਸੀਅਤਾਂ, ਸਮੁੱਚਾ ਸਟਾਫ਼, ਸਮੂਹ ਕੀਰਤਨੀਏ ਤੇ ਪ੍ਰਚਾਰਕ ਸਾਹਿਬਾਨ, ਸਭ ਉਨ੍ਹਾਂ ਦੇ ਮੁਤਲਾਸ਼ੀ ਸਨ। ਸਮੁੱਚਾ ਪੰਥ ਆਪ ਜੀ ਦਾ ਸਤਿਕਾਰ ਕਰਦਾ ਸੀ। ਸਿਆਸੀ ਕੱਦਾਵਰ ਲੀਡਰ ਅਤੇ ਸਮੁੱਚੀ ਅਫ਼ਸਰਸ਼ਾਹੀ ਵੀ ਆਪ ਜੀ ਦੇ ਗੁਣੀ ਤੇ ਅਮਲੀ
ਜੀਵਨ ਤੋਂ ਪ੍ਰਭਾਵਿਤ ਸੀ। ਆਪ ਜੀ ਇਕ ਅੱਡਰੀ ਹੀ ਕਿਸਮ ਦੇ ਧਰਮ-ਨਿਰਪੱਖਤਾ ਅਤੇ ਸਰਬ-ਸਾਂਝੀਵਾਲਤਾ ਦੇ ਮੁੱਦਈ ਸਨ। ਉਨ੍ਹਾਂ ਦੀ ਇਕ ਖ਼ਾਸ ਗੱਲ ਇਹ ਸੀ ਕਿ ਬਿਨਾਂ ਕਿਸੇ ਨਸਲੀ ਵਿਤਕਰੇ ਦੇ, ਧਰਮ, ਜਾਤ-ਪਾਤ, ਊਚ-ਨੀਚ ਤੇ ਦੂਈ-ਦਵੈਸ਼ ਤੋਂ ਉਚੇਰੇ ਸਨ ਤੇ ਹਰ ਇਨਸਾਨ ਨੂੰ ਬਰਾਬਰਤਾ ਦੀ ਨਿਗਾਹ ਨਾਲ ਤੱਕਦੇ ਸਨ। ਆਪ ਪੰਥਕ-ਕਾਰਜਾਂ ‘ਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਤੇ ਕਦੀ ਵੀ ਕਿਸੇ ਉੱਚ ਅਹੁਦੇ ਦੀ ਲਾਲਸਾ ਨਾ ਰੱਖਦੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ‘ਤੇ ਤੁਰਦਿਆਂ ਆਪਣੀ ਜ਼ਿੰਦਗੀ ‘ਚ ਉਨ੍ਹਾਂ ਨੇ ਸਮੁੱਚੇ ਸੰਸਾਰ ਦੀ ਯਾਤਰਾ ਕੀਤੀ। ਆਪ ਜੀ ਇਤਨੇ ਅਣਥੱਕ ਤੇ ਲਗਨ ਵਾਲੇ ਪ੍ਰਚਾਰਕ ਸਨ ਕਿ ਸੰਸਾਰ ਦੇ ਕੋਨੇ-ਕੋਨੇ ‘ਚ ਗੁਰੂ ਦੀ ਗੱਲ ਪਹੁੰਚਾਉਣ ਖ਼ਾਤਰ ਗਏ। ਆਪ ਜੀ ਦੇ ਰਿਹਾਇਸ਼ੀ ਨਗਰ, ਅਲਵਰ (ਰਾਜਸਥਾਨ) ਵਿਖੇ ਕਈ ਦਹਾਕਿਆਂ ਤੋਂ ਮਾਰਚ ਦੇ ਪਹਿਲੇ ਹਫ਼ਤੇ ਜੋ ਚਾਰ-ਰੋਜ਼ਾ ਸਮਾਗਮ ਹੁੰਦਾ ਹੈ, ਉਸ ਦੀ ਛੱਬ ਨਿਵੇਕਲੀ ਤੇ ਨਿਰਾਲੀ ਹੈ। ਅਕਸਰ ਮੈਨੂੰ ਬਹੁਤ ਸਾਰੇ ਸਮਾਗਮਾਂ ‘ਚ ਹਾਜ਼ਰੀ ਭਰਨੀ ਨਸੀਬ ਹੋਈ ਹੈ। ਇਸ ਮਹਾਨ ਗੁਰਮਤਿ ਸਮਾਗਮ ਵਿਚ ਲੱਖਾਂ ਦੀ ਗਿਣਤੀ ‘ਚ ਦੂਰ-ਦੁਰਾਡਿਓਂ ਦੇਸ਼ਾਂ-ਦੇਸ਼ਾਂਤਰਾਂ ਤੋਂ ਸੰਗਤਾਂ ਤਾਂ ਪੁੱਜਦੀਆਂ ਹੀ ਸਨ, ਨਾਲ ਹੀ ਵੱਡੀ ਗਿਣਤੀ ‘ਚ ਪ੍ਰਚਾਰਕ ਤੇ ਕੀਰਤਨੀ ਰਾਗੀ ਜਥੇ, ਮਸਕੀਨ ਸਾਹਿਬ ਜੀ ਦੇ ਪਿਆਰ ਦੀ ਬਦੌਲਤ ਇਕੱਤਰ ਹੁੰਦੇ ਸਨ। ਆਪ ਜੀ ਸਿੱਖ ਸੰਗਤਾਂ ਤੇ ਹਰ ਕੀਰਤਨੀਏ ਤੇ ਪ੍ਰਚਾਰਕ ਦਾ ਪੂਰਾ-ਪੂਰਾ ਧਿਆਨ ਰੱਖਦੇ। ਲੰਗਰ-ਪਾਣੀ ਤੇ ਰਿਹਾਇਸ਼ ਦਾ ਪੂਰਾ ਪ੍ਰਬੰਧ ਕਰਦੇ। ਹਰ ਇਕ ਦਾ ਮਾਣ-ਸਤਿਕਾਰ ਕਰਦੇ ਅਤੇ ਹਰ ਇਕ ਨੂੰ ਬਣਦਾ ਸਮਾਂ ਦੇ ਕੇ ਹਾਜ਼ਰੀ ਭਰਵਾਉਂਦੇ। ਜਿਤਨੇ ਦਿਨ ਵੀ ਸਮਾਗਮ ਚੱਲਦਾ, ਆਪ ਜੀ ਸਭਨਾਂ ਦੀ ਹੌਸਲਾ-ਅਫ਼ਜ਼ਾਈ ਕਰਦੇ। ਆਪ ਜੀ ਜਿਥੇ ਗੁਰਮਤਿ ਦੇ ਖੋਜੀ ਤੇ ਸਿਰਮੌਰ ਵਿਦਵਾਨ ਸਨ, ਉਥੇ ਨਾਲ-ਨਾਲ ਰਾਗ, ਤਾਲ ਤੇ ਸੰਗੀਤ ਦੀ ਉਨ੍ਹਾਂ ਨੂੰ ਭਲੀ ਸੋਝੀ ਸੀ। ਵੱਡੇ-ਵੱਡੇ ਤਾਲਾਂ ਅਤੇ ਰਾਗਾਂ ‘ਚ ਧਰੁਪਦਾਂ, ਧਮਾਰਾਂ ਤੇ ਪੜਤਾਲਾਂ ‘ਚ ਕੀਰਤਨ ਸੁਣਨਾ ਉਨ੍ਹਾਂ ਦਾ ਸ਼ੌਕ ਸੀ। ਕੋਈ ਵੀ ਗੁਣੀ ਰਾਗੀ ਜਥਾ, ਜਦੋਂ ਔਖੇ ਤਾਲਾਂ, ਰਾਗਾਂ ਤੇ ਸੁਰ ‘ਚ ਕੀਰਤਨ ਗਾਇਣ ਕਰਦਾ ਤਾਂ ਆਪ ਜੀ ਵਾਹ-ਵਾਹ ਕਰ ਉੱਠਦੇ ਤੇ ਖੀਵੇ ਹੋ ਜਾਂਦੇ । ਸੱਚਮੁੱਚ ਕੀਰਤਨੀਆਂ ਤੇ ਪ੍ਰਚਾਰਕਾਂ ਪਾਸੋਂ ਇਕ ਪਾਰਖੂ, ਪਿਤਾਮਾ ਖੁੱਸ ਗਿਆ ਹੈ। ਐਸੀ ਪਾਰਖੂ ਤੇ ਹਮਦਰਦ, ਪਰਉਪਕਾਰੀ ਸ਼ਖ਼ਸੀਅਤ ਪਤਾ ਨਹੀਂ ਪ੍ਰਚਾਰਕਾਂ ਨੂੰ ਫਿਰ ਕਦੋਂ ਨਸੀਬ ਹੋਵੇਗੀ! ਮੈਨੂੰ ਯਾਦ ਹੈ, ਮੈਂ ਜਿਤਨੀ ਦਫ਼ਾ ਵੀ ਆਪਣੇ ਰਾਗੀ ਜਥੇ ਸਮੇਤ ਸਮਾਗਮਾਂ ‘ਚ ਗਿਆ ਹਾਂ ਤਾਂ ਮਸਕੀਨ ਜੀ ਹੋਰਾਂ ਉਚੇਚਾ ਹੁਕਮ ਕਰਨਾ ਕਿ ਭਾਈ ਨਿਰਮਲ ਸਿੰਘ ਜੀ! ਇਕ ਦਿਨ ਤੁਸਾਂ ਵੀ ਅੰਮ੍ਰਿਤ ਵੇਲੇ ਸੰਪੂਰਨ ਆਸਾ ਜੀ ਕੀ ਵਾਰ ਲਗਾਉਣੀ ਹੈ ਅਤੇ ਉਹ ਵੀ ਸਵੇਰ ਵੇਲੇ ਦੇ ਵਕਤੀ ਰਾਗਾਂ ਅਨੁਸਾਰ । ਆਪ ਜੀ ਸੁਰ ਦੇ ਇਤਨੇ ਕਾਇਲ ਸਨ ਕਿ ਕਿਧਰੇ ਕੋਈ ਤੁਰਦਾ-ਫਿਰਦਾ ਜਾਂ ਟਰੇਨ (ਰੇਲ ਗੱਡੀ) ‘ਚ ਵੀ ਚੰਗਾ ਗਾਇਣ ਕਰ ਰਿਹਾ ਹੋਵੇ, ਤਾਂ ਉਸ ਨੂੰ ਵੀ ਸਮਾਗਮ ਵਿਚ ਆਉਣ ਲਈ ਆਖ ਛੱਡਦੇ ਸਨ । ਕਈ ਵਾਰ ਮੈਨੂੰ ਉਨ੍ਹਾਂ ਦੇ ਕਾਫ਼ਲੇ ਨਾਲ ਜਾਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉਹ ਹਰ ਇਕ ਦਾ ਖ਼ਾਸ ਧਿਆਨ ਰੱਖਦੇ ਅਤੇ ਵਕਤੀ ਪ੍ਰਬੰਧਕਾਂ ਨੂੰ ਇਸ ਉੱਪਰ ਪਹਿਰਾ ਦੇਣ ਲਈ ਪੁਰਜ਼ੋਰ ਬੇਨਤੀ ਕਰਦੇ। ਹਰ ਸਾਲ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ, ਆਪ ਜੀ ਅੰਮ੍ਰਿਤਸਰ ਹੀ ਠਹਿਰਦੇ ਅਤੇ ਰੋਜ਼ਾਨਾ ਸਵੇਰੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਕਥਾ ਕਰਦਿਆਂ, ਗੁਰਮਤਿ ਵੀਚਾਰਾਂ ਦੀਆਂ ਝੜੀਆਂ ਲਾ ਛੱਡਦੇ। ਸੰਗਤ ਦਾ ਇਕੱਠ ਇਤਨਾ ਹੁੰਦਾ ਕਿ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਤੋਂ ਇਲਾਵਾ, ਬਾਹਰ ਸੜਕ ਤੱਕ ਵੀ ਸੰਗਤਾਂ ਅਡੋਲ ਚੌਕੜੇ ਮਾਰ ਕੇ, ਉਨ੍ਹਾਂ ਦੇ ਵੀਚਾਰਾਂ ‘ਚ ਮਗਨ ਹੋ ਜਾਂਦੀਆਂ। ਆਪ ਜੀ ਦੀ ਗਮਕੀ ਆਵਾਜ਼, ਤੁਲੱਫ਼ਜ਼, ਅਲਫ਼ਾਜ਼ ਤੇ ਅੰਦਾਜ਼ੇ-ਬਿਆਂ ਬਾ-ਕਮਾਲ ਸੀ । ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ, ਸਿੰਧੀ ਅਤੇ ਪਰਸ਼ੀਅਨ (ਫ਼ਾਰਸੀ) ਉੱਤੇ ਵੀ ਆਪ ਦੀ ਬਹੁਤ ਹੀ ਮੁਹਾਰਤ ਤੇ ਮਜ਼ਬੂਤ ਪਕੜ ਸੀ । ਉਨ੍ਹਾਂ ਨੂੰ ਸੰਸਾਰ ਭਰ ਦੇ ਧਰਮਾਂ ਬਾਰੇ ਡਾਢਾ ਗਿਆਨ ਤੇ ਭਰਪੂਰ ਜਾਣਕਾਰੀ ਸੀ ਅਤੇ ਕਿਸੇ ਵੀ ਵਿਸ਼ੇ ਨੂੰ ਛੂਹਣਾ ਉਨ੍ਹਾਂ ਲਈ ਆਮ ਸੀ। ਉਹ ਤਮਾਮ ਹੀ ਵਿਸ਼ਿਆਂ ‘ਤੇ ਸਟੇਜਾਂ ਉੱਪਰ ਅਕਸਰ ਭਾਵਪੂਰਤ ਢੰਗ ਨਾਲ ਜ਼ਿਕਰ ਕਰਦਿਆਂ, ਸੰਗਤਾਂ ਦੇ ਹਿਰਦਿਆਂ ‘ਚ ਉਤਰ ਜਾਂਦੇ ਸਨ। ਉਨ੍ਹਾਂ ਦੇ ਅਨਮੋਲ ਵੀਚਾਰਾਂ ਨੂੰ ਸੁਣਨ ਵਾਲਿਆਂ ‘ਚ ਸਿੱਖ ਸੰਗਤਾਂ ਤੋਂ ਇਲਾਵਾ ਹਿੰਦੂ ਤੇ ਇਸਲਾਮੀ ਸ਼ਰਧਾਲੂ ਵੀ ਕਾਫ਼ੀ ਵੱਡੀ ਗਿਣਤੀ ‘ਚ ਹੁੰਦੇ ਸਨ। ਆਪ ਜੀ ਕਿਸੇ ਵੀ ਧਰਮ ਬਾਰੇ ਅਪਮਾਨ-ਜਨਕ ਟਿੱਪਣੀ ਨਹੀਂ ਕਰਦੇ ਸਨ, ਪਰੰਤੂ ਸੱਚੀ ਗੱਲ ਨੂੰ ਮੂੰਹ ਉੱਤੇ ਅਤੇ ਸਟੇਜ ਉੱਪਰ ਹੀ ਆਖ ਦੇਣਾ ਉਨ੍ਹਾਂ ਦੀ ਬੇਬਾਕੀ ਤੇ ਵਿਸ਼ੇਸ਼ਤਾ ਸੀ, ਜਿਵੇਂ ਕਿ ਪ੍ਰਬੰਧਕ ਸਾਹਿਬਾਨਾਂ ਤੇ ਪ੍ਰਚਾਰਕਾਂ ਨੂੰ ਜੋ ਵੀ ਕਹਿਣਾ ਹੋਵੇ, ਸੰਗਤਾਂ ਦੇ ਇਕੱਠ ਵਿਚ ਹੀ ਆਖ ਦਿਆ ਕਰਦੇ ਸਨ। ਅਜਿਹੇ ਹੀ ਵੀਚਾਰਾਂ ਦੀ ਤਰਜਮਾਨੀ ਕਰਦਿਆਂ ਉਨ੍ਹਾਂ ਇਕ ਕਿਤਾਬ ਵੀ ਲਿਖੀ ਹੈ।

1984 ਦੇ ਸਿੱਖ-ਦੰਗਿਆਂ ਸਮੇਂ ਸਰਕਾਰੀ ਕਤਲੇਆਮ ਦੇ ਸੰਬੰਧ ‘ਚ ਆਪ ਜੀ ਭਲਾ ਕਿਵੇਂ ਚੁੱਪ ਰਹਿ ਸਕਦੇ ਸਨ ? ਆਪਣੇ ਜਜ਼ਬਾਤਾਂ ਦਾ ਸ਼ਰ੍ਹੇਆਮ ਪ੍ਰਗਟਾਵਾ ਕਰਨ ‘ਤੇ ਜ਼ੁਲਮੀ ਸਰਕਾਰ ਦਾ ਤਾਨਾਸ਼ਾਹੀ ਕੁਹਾੜਾ ਉਨ੍ਹਾਂ ‘ਤੇ ਵੀ ਚੱਲਿਆ ਤੇ ਇੰਜ ਕਰਕੇ ਆਪ ਜੀ ਨੂੰ ਫ਼ਿਰਕਾਪ੍ਰਸਤ ਦੀ ਸਿਤਮ-ਜ਼ਰੀਫ਼ੀ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਪਰ ਆਪ ਜੀ ਨੂੰ ਸੱਚ ਦੇ ਮਾਰਗ ਤੋਂ ਕੋਈ ਵੀ ਨਾ ਥਿੜਕਾਅ ਸਕਿਆ। ਸ਼ਾਇਦ ਅੱਜ ਇਹ ਹੀ ਵਜ੍ਹਾ ਹੈ ਕਿ ਈ.ਟੀ.ਸੀ. ਚੈਨਲ ਤੋਂ ਇਲਾਵਾ ਕਿਸੇ ਹੋਰ ਨੈਸ਼ਨਲ ਚੈਨਲ ਨੇ ਇਸ ਸ਼ਾਂਤੀ ਦੇ ਦੂਤ ਅਤੇ ਇਤਨੀ ਵੱਡੀ ਕੱਦਾਵਰ ਧਾਰਮਿਕ ਹਸਤੀ ਦਾ, ਚੱਜ ਨਾਲ ਜ਼ਿਕਰ ਤੱਕ ਨਾ ਕੀਤਾ, ਜਦੋਂ ਕਿ ਮਸਕੀਨ ਜੀ ਜੈਸੀ ਰੂਹ ਤੇ ਸ਼ਾਂਤੀ ਦੇ ਮਸੀਹੇ ਲਈ ਨੋਬਲ ਪੁਰਸਕਾਰ ਵੀ ਛੋਟਾ ਸੀ।(‘ਨੇੜਿਓਂ ਦੇਖੇ ਗੁਰਮਤਿ ਵਿਦਿਆ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ’ ਕ੍ਰਿਤ ਗਿ. ਗੁਰਵਿੰਦਰ ਸਿੰਘ ਕੋਮਲ ਵਿਚੋਂ)

-ਭਾਈ ਨਿਰਮਲ ਸਿੰਘ ‘ਖ਼ਾਲਸਾ’ (ਗੁਰਪੁਰਵਾਸੀ)