(ਜਨਮਸਾਖੀ ‘ਤੇ ਆਧਾਰਤ)
…..
ਸਤਿਗੁਰ ਨਾਨਕ ਦੇਵ ਜੀ ਦੇ ਸੰਸਾਰਕ ਜੀਵਨ ਵਿਚ ਇਹਨਾਂ ਛੇ ਬੀਬੀਆਂ ਦਾ ਮਹੱਤਵਪੂਰਣ ਹਿੱਸਾ ਹੈ: ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਵੱਡੀ ਭੈਣ ਬੇਬੇ ਨਾਨਕੀ ਜੀ, ਦਾਈ ਦੌਲਤਾਂ ਜਿਸਨੇ ਗੁਰੂ ਜੀ ਦੇ ਸਰੀਰ ਨੂੰ ਸੰਸਾਰ ਵਿਚ ਲਿਆਉਣ ਸਮੇਂ ਦਾਈ ਦਾ ਕਰਤੱਵ ਨਿਭਾਇਆ, ਘਰ ਦੀ ਨੌਕਰਾਣੀ ਤੁਲਸਾਂ, ਗੁਰੂ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਤੇ ਗੁਰੂ ਜੀ ਦੀ ਸੱਸ ਮਾਤਾ ਚੰਦੋ ਰਾਣੀ ਜੀ। ਇਹਨਾਂ ਵਿਚੋਂ ਤਿੰਨ ਤਾਂ ਗੁਰੂ ਜੀ ਨੂੰ ਨਿਰੰਕਾਰ ਦੀ ਜੋਤ ਸਮਝ ਕੇ ਸਤਿਕਾਰ ਕਰਦੀਆਂ ਰਹੀਆਂ ਪਰ ਤਿੰਨਾਂ ਨੇ ਗੁਰੂ ਜੀ ਨੂੰ ਦੁਨਿਆਵੀ ਰਿਸ਼ਤੇ ਦੇ ਰੂਪ ਵਿਚ ਹੀ ਵੇਖਿਆ। ਏਥੇ ਕੇਵਲ ਦੋ ਬੀਬੀਆਂ ਦੀ ਆਪਸੀ ਵਾਰਤਾਲਾਪ ਹੀ ਲਿਖੀ ਜਾ ਰਹੀ ਹੈ।
ਰਿਵਾਜ ਅਨੁਸਾਰ ਗੁਰੂ ਜੀ ਵਿਆਹ ਪਿੱਛੋਂ, ਸਾਰਿਆਂ ਦੇ ਜ਼ੋਰ ਦੇਣ ‘ਤੇ ਇਕ ਮਹੀਨਾ ਤਲਵੰਡੀ ਜਾ ਕੇ ਰਹੇ। ਪਿੱਛੋਂ ਮੋਦੀਖਾਨੇ ਦਾ ਕੰਮ ਭਾਈ ਬਾਲਾ ਜੀ ਚਲਾਉਂਦੇ ਰਹੇ। ਤਲਵੰਡੀਉਂ ਮੁੜ ਕੇ ਭੈਣ ਨਾਨਕੀ ਜੀ ਦੇ ਘਰ ਮੁੜ ਆਏ। ਅਗਲੇ ਦਿਨ ਮੋਦੀਖਾਨਾ ਸੰਭਾਲ ਲਿਆ। ਭਾਈ ਮੂਲ ਚੰਦ ਜੀ ਆਪਣੀ ਸਪੁੱਤਰੀ ਸੁਲੱਖਣੀ ਜੀ ਨੂੰ ਆ ਕੇ ਆਪਣੇ ਘਰ ਲੈ ਗਏ। ਪਤਨੀ ਦੇ ਪੇਕਿਆਂ ਤੋਂ ਮੁੜ ਆਉਣ ਪਿੱਛੋਂ ਗੁਰੂ ਜੀ ਨੇ ਆਪਣੀ ਰਿਹਾਇਸ਼ ਵੀ ਭੈਣ ਨਾਨਕੀ ਨਾਲੋਂ ਵਖਰੀ ਕਰ ਲਈ ਪਰ ਗੁਰੂ ਜੀ ਦਾ ਵਰਤ-ਵਿਹਾਰ ਪਹਿਲਾਂ ਜੈਸਾ ਹੀ, ਭਗਤੀ, ਦਾਨ, ਪੁੰਨ ਆਦਿ ਵਾਲਾ ਰਿਹਾ। ਗੁਰੂ ਜੀ ਦੇ ਦਾਨ ਪੁੰਨ ਵਾਲੀ ਚਾਲੀ ਨੂੰ ਵੇਖ ਕੇ ਭਾਈ ਮੂਲ ਚੰਦ ਜੀ, ਪਿਤਾ ਕਲਿਆਣ ਚੰਦ ਜੀ ਨਾਲੋਂ ਵੀ ਵਧ ਕੌੜੇ ਸੁਭਾ ਦੇ ਸਾਬਤ ਹੋਏ।
ਬਾਬਾ ਜੀ ਨੇ ਘਰ ਵਿਚ ਹਰ ਲੋੜੀਂਦੀ ਵਸਤ ਮੰਗਵਾ ਕੇ ਰੱਖਣੀ। ਬਸਤਰ, ਗਹਿਣੇ ਆਦਿ ਨਿਤ ਨਵੇਂ ਬਣਵਾ ਕੇ ਘਰ ਦੇਣ। ਹੋਰ ਹਰ ਪ੍ਰਕਾਰ ਦੇ ਸੁਖਾਂ ਦਾ ਧਿਆਨ ਰੱਖਣ ਪਰ ਕਬੀਲੇ ਨਾਲ ਮੋਹ ਜ਼ਰਾ ਘਟ ਕਰਨ। ਇਸ ਵਾਸਤੇ ਸੁਲੱਖਣੀ ਜੀ ਜਦੋਂ ਵੀ ਬੇਬੇ ਨਾਨਕੀ ਜੀ ਪਾਸ ਜਾਵੇ ਤਾਂ ਮੂੰਹ ਫੁਲਾਈ ਰੱਖੇ। ਬੇਬੇ ਜੀ ਛੋਟੀ ਭਰਜਾਈ ਜਾਣਕੇ ਹਰ ਪ੍ਰਕਾਰ ਦਾ ਚਾ-ਮਲ੍ਹਾਰ ਕਰੇ ਤੇ ਖੁਸ਼ਾਮਦ ਵੀ ਕਰਦੀ ਰਹੇ। ਉਸਨੂੰ ਹਰ ਤਰ੍ਹਾਂ ਖੁਸ਼ ਰੱਖਣ ਦਾ ਯਤਨ ਕਰੇ, ਪਰ ਚੋਣੀ ਹਰ ਸਮੇਂ ਛਿੱਥੀ ਹੀ ਪੈਂਦੀ ਰਹੇ ਤੇ ‘ਬੁੜ, ਬੁੜ’ ਕਰਦੀ ਰਹੇ। ਗੁਰੂ ਜੀ ਜੀਅ ਕਰੇ ਤਾਂ ਘਰ ਜਾਣ ਨਹੀਂ ਤਾਂ ਕਈ ਕਈ ਦਿਨ ਘਰ ਹੀ ਨਾ ਵੜਨ।ਜਦੋਂ ਵੀ ਪਿਤਾ ਭਾਈ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਧੀ ਨੂੰ ਮਿਲਣ ਆਉਣ ਤਾਂ ਧੀ ਉਹਨਾਂ ਨੂੰ ਆਖੇ, “ਮੈਨੂੰ ਤੁਸਾਂ ਕਿਥੇ ਦੇ ਦਿੱਤਾ। ਉਹ ਤੇ ਨਾ ਘਰ ਵੜੇ, ਨਾ ਮੇਰੇ ਨਾਲ ਬੋਲੇ।” ਭਾਈ ਮੂਲ ਚੰਦ ਭਾਈਆ ਜੈ ਰਾਮ ਜੀ ਪਾਸ ਜਾ ਕੇ ਉਚੀ ਬੋਲੇ। ਕਹੇ, “ਮੇਰੀ ਧੀ ਨੂੰ ਤੁਸਾਂ ਥਾਇ ਬੋੜਿਆ ਜੇ।” ਗੁਰੂ ਨਾਨਕ ਜੀ ਨੂੰ ਆਖੇ, “ਅਵੇ, ਤੂੰ ਕੀ ਕਰਦਾ ਹੈਂ?” ਨਾਨਕ ਜੀ ਅੱਗੋਂ ਕੁਝ ਨਾ ਬੋਲੇ। ਆਪੇ ਝਖ ਮਾਰ ਕੇ ਉਠ ਜਾਣ।
ਮੂਲ ਚੰਦ ਤੇ ਚੰਦੋ ਰਾਣੀ ਮਹੀਨੇ ਦੋ ਮਹੀਨੇ ਪਿਛੋਂ ਆਉਣ ਤੇ ਆਪਣਾ ਝੱਲ ਖਲਾਰ ਕੇ ਚਲੇ ਜਾਣ। ਇਕ ਦਿਨ ਗ਼ੁੱਸੇ ਵਿਚ ਭਰੀ-ਪੀਤੀ, ਗੁਰੂ ਜੀ ਦੀ ਸੱਸ ਚੰਦੋ ਰਾਣੀ, ਬੇਬੇ ਨਾਨਕੀ ਜੀ ਪਾਸ ਆ ਕੇ ਝਗੜਨ ਲੱਗੀ। ਕਹੇ, “ਕਿਉਂ ਅਜਿਹੀਆਂ ਹਕੂਮਤਾਂ ਕਰਨ ਲੱਗੇ ਹੋ! ਤੁਹਾਨੂੰ ਰੱਬ ਦਾ ਡਰ ਨਹੀਂ! ਨਾ ਭਰਾ ਨੂੰ ਕੁਝ ਸਮਝਾਉਂਦੀ ਏਂ ਤੇ ਨਾ ਭਰਜਾਈ ਨੂੰ ਕੁਝ ਗਿਣਦੀ ਏਂ! ਭਣਵਈਆ ਵੀ ਸਾਲੇ ਨੂੰ ਕੁਝ ਅਕਲ ਦੀ ਗੱਲ ਨਹੀਂ ਦੱਸਦਾ।
ਬੇਬੇ ਜੀ ਨੇ ਆਖਿਆ, “ਸੁਣ ਮਾਸੀ, ਮੈਂ ਭਰਾ ਨੂੰ ਸਮਝਾਵਾਂ ਤੇ ਕੀ ਸਮਝਾਵਾਂ! ਭਰਾ ਮੇਰਾ ਚੋਰ ਨਹੀਂ, ਜਾਰ ਨਹੀਂ, ਜੁਆਰੀਆ ਨਹੀਂ। ਹੋਰ ਕੋਈ ਵੀ ਬੁਰਾ ਕੰਮ ਨਹੀਂ ਕਰਦਾ। ਦੱਸ ਕਿਹੜੀ ਗੱਲ ਤੋਂ ਮੈਂ ਉਸਨੂੰ ਸਮਝਾਵਾਂ! ਜੇ ਉਹ ਆਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਨਾਲ ਕੁਝ ਵੰਡ ਕੇ ਖਾਂਦਾ ਹੈ ਤਾਂ ਇਸ ਭਲੇ ਕੰਮ ਤੋਂ ਮੈਂ ਉਸਨੂੰ ਕਿਵੇਂ ਰੋਕਾਂ! ਇਹਨਾਂ ਕੰਮਾਂ ਤੋਂ ਕਿਸੇ ਨੂੰ ਰੋਕਣਾ ਭਲਾ ਨਹੀਂ। ਬਾਕੀ ਮਾਸੀ ਜੀ, ਤੁਸੀਂ ਉਲਾਹਮੇ ਤਾਂ ਦਿਉ ਜੇ ਤੁਹਾਡੀ ਧੀ ਕਿਸੇ ਗੱਲੋਂ ਵਿਰਵੀ ਰਹਿੰਦੀ ਹੋਵੇ। ਚੰਗੇ ਖਾਣ ਪੀਣ ਦੀ ਘਰ ਵਿਚ ਕੋਈ ਕਮੀ ਨਹੀਂ ਤੇ ਗਹਿਣਾ ਕੱਪੜਾ, ਮਾਸੀ ਜੀ, ਤੇਰੀ ਧੀ ਨੂੰ ਨਿਤ ਨਵਾਂ ਬਣਕੇ ਮਿਲਦਾ ਰਹਿੰਦਾ ਹੈ। ਚੰਗੇ ਭਲੇ ਖਾਂਦਿਆਂ ਪੀਂਦਿਆਂ ਜੇ ਤੁਸੀਂ ਸਾਨੂੰ ਖੁਆਰ ਕਰੋ ਤਾਂ ਤੁਸੀਂ ਜਾਣੋ। ਸਾਡਾ ਮੂੰਹ ਸੁਆਦ ਨਹੀਂ ਦਿੰਦਾ ਜੇਕਰ ਅਸੀਂ ਆਪਣੇ ਮੂੰਹੋਂ ਤੁਹਾਨੂੰ ਕੁਝ ਮੰਦਾ-ਚੰਗਾ ਆਖੀਏ। ਗਹਿਣੇ ਦੀ ਜਗਾਹ ਗਹਿਣਾ, ਕੱਪੜੇ ਦੀ ਜਗਾਹ ਕੱਪੜਾ; ਰਿਜ਼ਕ ਦੀ ਕੋਈ ਤੋਟ ਨਹੀਂ। ਮੈਂ ਅੱਗੇ ਪਿਛੇ ‘ਭਾਬੀ, ਭਾਬੀ’ ਪਈ ਕਰਦੀ ਫਿਰਦੀ ਹਾਂ। ਭਾਬੀ ਤੋਂ ਬਿਨਾ ਕਦੀ ਹੋਰ ਇਸਨੂੰ ਕੁਝ ਬੋਲਿਆ ਨਹੀਂ। ਜੇਕਰ ਫੇਰ ਵੀ ਤੁਸੀਂ ਖੱਤਰੀ ਦੇ ਪੁੱਤ ਦੀ ਬਦਨਾਮੀ ਤੇ ਸਾਡੀ ਖੁਆਰੀ ਕਰਦੇ ਫਿਰੋ ਤਾਂ ਫੇਰ ਸਾਡਾ ਕੀ ਵੱਸ ਹੈ! ਤੁਸੀਂ ਜਾਣੋ, ਤੁਹਾਡੀ ਖੁਸ਼ੀ। ਅਸੀਂ ਕੁਝ ਨਹੀਂ ਆਖਦੇ।”
ਏਨੀਆਂ ਗੱਲਾਂ ਸੁਣਨ ਪਿੱਛੋਂ ਚੰਦੋ ਰਾਣੀ ਚੁੱਪ ਕਰਕੇ ਸ਼ਰਮਿੰਦੀ ਹੋ ਕੇ ਉਠ ਕੇ ਤੁਰ ਗਈ। ਧੀ ਦੇ ਘਰ ਆ ਕੇ ਧੀ ਨੂੰ ਆਖਣ ਲੱਗੀ, “ਸੁਣ ਬੇਟੀ ਸੁਲੱਖਣੀ, ਤੇਰੀ ਨਣਾਨ ਨੇ ਤਾਂ ਮੇਰੇ ਪੱਲੇ ਕੱਖ ਨਹੀਂ ਛੱਡਿਆ। ਉਸਨੇ ਮੈਨੂੰ ਸ਼ਰਮਿੰਦਿਆਂ ਕਰ ਛੱਡਿਆ, ਤੇ ਮੈਨੂੰ ਅੱਗੋਂ ਜਵਾਬ ਵੀ ਕੋਈ ਨਹੀਂ ਆਇਆ। ਸੁਣ ਬੇਟੀ ਸੁਲੱਖਣੀ, ਤੂੰ ਵੀ ਕੁਝ ਨਿਉਂ ਕੇ ਚੱਲਿਆ ਕਰ।” ਅੱਗੋਂ ਸੁਲੱਖਣੀ ਜੀ ਨੇ ਆਖਿਆ, “ਅੰਮਾ ਜੀ, ਮੈਂ ਕੋਈ ਨੰਗੀ ਭੁੱਖੀ ਤਾਂ ਰਹਿੰਦੀ ਨਹੀਂ। ਖਾਣ ਪੀਣ ਨੂੰ ਤਾਂ ਸਭ ਕੁਝ ਹੈ। ਗਹਿਣੇ ਕੱਪੜੇ ਵੀ ਬਹੁਤ ਹਨ।” ਇਹ ਸੁਣ ਕੇ ਚੰਦੋ ਰਾਣੀ ਨੇ ਆਖਿਆ, “ਬੇਟੀ ਜੇ ਤੈਨੂੰ ਕਿਸੇ ਗੱਲ ਦੀ ਤੋਟ ਨਹੀਂ ਤਾਂ ਫੇਰ ਉਸ ਖੱਤਰੀ ਦੇ ਪੁੱਤ ਨੂੰ ਕਿਉਂ ਖੁਆਰ ਕਰਦੀ ਏਂ!” ਸੁਲੱਖਣੀ ਜੀ ਨੇ ਅੱਗੋਂ ਕਿਹਾ, “ਅੰਮਾ ਜੀ, ਮੈਂ ਕੀ ਕਰਾਂ! ਮੈਨੂੰ ਮੂੰਹ ਨਹੀਂ ਲਾਉਂਦਾ। ਸਿਧੇ ਮੂੰਹ ਮੇਰੇ ਨਾਲ ਬੋਲਦਾ ਨਹੀਂ। ਮੈਂ ਆਪਣੀ ਵੇਦਨਾ ਕਿਸ ਨੂੰ ਸੁਣਾਵਾਂ!”
ਆਪਣੀ ਧੀ ਦੀਆਂ ਸ਼ਕਾਇਤਾਂ ਸੁਣ ਕੇ ਚੰਦੋ ਰਾਣੀ ਫੇਰ ਬੇਬੇ ਨਾਨਕੀ ਪਾਸ ਆਈ ਤੇ ਆ ਕੇ ਆਖਣ ਲੱਗੀ, “ਸੁਣ ਬੀਬੀ, ਤੇਰੀ ਭਰਜਾਈ ਆਖਦੀ ਹੈ ਕਿ ਪਦਾਰਥਾਂ ਵੱਲੋਂ ਉਸਨੂੰ ਕੋਈ ਕਮੀ ਨਹੀਂ। ਘਰ ਵਿਚ ਹਰੇਕ ਲੋੜੀਂਦੀ ਸ਼ੈ ਮੌਜੂਦ ਹੈ ਪਰ ਨੀਂਗਰ ਉਸ ਨਾਲ ਸਿਧੇ ਮੂੰਹ ਨਹੀਂ ਬੋਲਦਾ। ਪਹਿਲਾਂ ਤਾਂ ਘਰ ਵੜਦਾ ਹੀ ਨਹੀਂ; ਜੇ ਕਿਤੇ ਮਹੀਨੇ ਦੋ ਮਹੀਨੇ ਪਿੱਛੋਂ ਆ ਵੀ ਜਾਵੇ ਤਾਂ ਕੋਈ ਗੱਲ ਹੀ ਨਹੀਂ ਕਰਦਾ।”
ਬੇਬੇ ਨਾਨਕੀ ਨੇ ਆਖਿਆ, “ਸੁਣੋ ਮਾਸੀ ਜੀ, ਭਾਬੀ ਦਾ ਸੁਭਾ ਵੀ ਬੜਾ ਕਰੜਾ ਹੈ। ਕਈ ਵਾਰ ਸੱਦ ਘਲਦੀ ਹਾਂ ਤਾਂ ਆਉਂਦੀ ਹੀ ਨਹੀਂ। ਜੇ ਕਦੀ ਆਵੇ ਵੀ ਤਾਂ ਕੇਹੀ ਆਉਂਦੀ ਹੈ ਜੋ ਲੋਹੇ ਲਾਖੀ ਹੋ ਕੇ ਆਉਂਦੀ ਹੈ। ਮੈਂ ਫੇਰ ਵੀ ਸੋਚਦੀ ਹਾਂ ਕਿ ਇਹ ਮੇਰੀ ਛੋਟੀ ਭਰਜਾਈ ਹੈ; ਜਿਵੇਂ ਇਹ ਰਾਜ਼ੀ ਰਹੇ ਓਸੇ ਤਰ੍ਹਾਂ ਹੀ ਸਹੀ। ਅਸੀਂ ਖੱਤਰੀਆਂ ਦੀ ਧੀ ਝੋਲੀ ਪਾ ਕੇ ਆਂਦੀ ਹੈ। ਆਪੇ ਹੀ ਸਿਆਣੀ ਹੋ ਕੇ ਸਮਝ ਜਾਵੇਗੀ। ਇਹ ਕੁਝ ਸੋਚ ਕੇ ਮੈਂ ‘ਭਾਬੀ, ਭਾਬੀ’ ਆਖਦੀ ਇਸ ਦੇ ਮੂੰਹ ਵੱਲ ਵੇਖਦੀ ਰਹਿੰਦੀ ਹਾਂ। ਇਸਦਾ ਸੁਭਾ ਬਹੁਤਾ ਡਾਹਡਾ ਹੈ।”
ਇਹ ਸੁਣ ਕੇ ਚੰਦੋ ਰਾਣੀ ਨੇ ਆਖਿਆ, “ਹੇ ਬੱਚੀ ਨਾਨਕੀ, ਘਰ ਵਿਚ ਕਮੀ ਤਾਂ ਕਿਸੇ ਗੱਲ ਦੀ ਨਹੀਂ, ਪ੍ਰੰਤੂ ਤੂੰ ਖੁਦ ਸਿਆਣੀ ਹੈਂ। ਤ੍ਰੀਮਤ ਨੂੰ ਦਿਲਾਸਾ ਬਹੁਤ ਲੋੜੀਂਦਾ ਹੈ। ਬੇਬੇ ਨਾਨਕੀ ਜੀ ਨੇ ਕਿਹਾ, “ਭਲਾ ਮਾਸੀ ਜੀ ਤੂੰ ਵੀ ਸੱਚੀ ਹੈਂ। ਪਰਮੇਸ਼ਰ ਭਲੀ ਕਰਸੀ ਪਰ ਤੂੰ ਵੀ ਧੀ ਦਾ ਦਿਲਾਸਾ ਕਰ ਤੇ ਉਸਨੂੰ ਸਮਝਾ ਵੀ, ਭਈ ਤੀਵੀਂ ਦਾ ਸੁਭਾ ਏਨਾ ਸਖ਼ਤ ਨਹੀਂ ਹੋਣਾ ਚਾਹੀਦਾ। ਘਰ ਆਏ ਮਰਦ ਨਾਲ ਹੱਸ ਕੇ ਗੱਲ ਨਾ ਕਰੀਏ ਤਾਂ ਉਸਦਾ ਚਿੱਤ ਖੁਸ਼ ਨਹੀਂ ਹੁੰਦਾ। ਤੂੰ ਮਾਸੀ ਸਮਝਦੀ ਹੋਵੇਂਗੀ ਕਿ ਮੈਂ ਭਰਾ ਦੀ ਰਈ ਪਈ ਕਰਦੀ ਹਾਂ ਪਰ ਮੈਂ ਤਾਂ ਨਾਨਕ ਜੀ ਨੂੰ ਪਰਮੇਸ਼ਰ ਕਰਕੇ ਹੀ ਜਾਣਦੀ ਹਾਂ। ਤੂੰ ਸੱਚ ਕਰਕੇ ਜਾਣ ਇਸ ਵਿਚ ਰਤਾ ਵੀ ਫ਼ਰਕ ਵਾਲੀ ਗੱਲ ਨਹੀਂ। ਭਲਾ ਹੁਣ ਮਾਸੀ ਜੀ ਤੁਸੀਂ ਆਪਣੇ ਘਰ ਜਾਉ। ਪਰਮੇਸ਼ਰ ਨੂੰ ਭਾਇਆ ਤਾਂ ਮੈਂ ਭਾਬੀ ਨੂੰ ਦਿਲਾਸਾ ਦਿਵਾਵਾਂਗੀ।” ਇਸ ਵਾਰਤਾਲਾਪ ਪਿੱਛੋਂ ਚੰਦੋ ਰਾਣੀ ਆਪਣੇ ਘਰ ਨੂੰ ਚਲੀ ਗਈ।
ਇਕ ਦਿਨ ਸਤਿਗੁਰੂ ਜੀ ਭਾਈਆ ਜੈ ਰਾਮ ਜੀ ਨੂੰ ਮਿਲਣ ਆਏ, ਬੇਬੇ ਜੀ ਨੂੰ ਆ ਮਿਲੇ ਤਾਂ ਬੇਬੇ ਨਾਨਕੀ ਅੱਗੋਂ ਉਠ ਕੇ ਮਿਲੇ ਤੇ ਬੜਾ ਆਦਰ ਕੀਤਾ। ਬੇਬੇ ਜੀ ਨੇ ਆਖਿਆ, “ਭਾਈ ਜੀ, ਅੱਜ ਮੇਰੇ ਉਪਰ ਪਰਮੇਸ਼ਰ ਬਹੁਤ ਹੀ ਮੇਹਰਬਾਨ ਹੋਇਆ ਹੈ ਜੋ ਤੁਸਾਂ ਮੈਨੂੰ ਦਰਸ਼ਨ ਦਿੱਤਾ ਹੈ। ਅੱਗੋਂ ਗੁਰੂ ਜੀ ਨੇ ਕਿਹਾ, “ਬੇਬੇ ਜੀ, ਮੈਂ ਤੁਹਾਡਾ ਗ਼ੁਲਾਮ ਹਾਂ।” ਤਾਂ ਬੇਬੇ ਜੀ ਨੇ ਆਖਿਆ, “ਭਾਈ ਜੀ, ਇਹ ਗੱਲ ਤੂੰ ਮੇਰੇ ਤਾਈਂ ਮਤ ਆਖਿਆ ਕਰੋ ਜੀ।” ਤਾਂ ਗੁਰੂ ਜੀ ਨੇ ਆਖਿਆ, “ਬੇਬੇ ਜੀ, ਤੂੰ ਵੱਡੀ ਹੈਂ।” ਤਾਂ ਬੇਬੇ ਜੀ ਨੇ ਕਿਹਾ, “ਭਾਈ ਜੀ, ਦਿਨਾਂ ਵਿਚ ਤਾਂ ਮੈਂ ਜ਼ਰੂਰ ਵੱਡੀ ਹਾਂ ਪਰ ਕਰਮਾਂ ਵਿਚ ਨਹੀਂ ਵੱਡੀ। ਭਾਈ ਜੀ ਵੱਡਾ ਓਹੀ ਹੈ ਜੋ ਕਰਮਾਂ ਵਿਚ ਵੱਡਾ ਹੋਵੇ।”
ਗੁਰੂ ਜੀ ਨੇ ਕਿਹਾ, “ਬੇਬੇ ਜੀ, ਇਹ ਬਾਤ ਨਿਰੰਕਾਰ ਨੇ ਤੁਧ ਨੂੰ ਬੁਝਾਈ ਹੈ ਅਤੇ ਪਰਮੇਸ਼ਰ ਤੇਰੇ ਉਪਰ ਮੇਹਰਬਾਨ ਹੈ।” ਬੇਬੇ ਜੀ ਆਖਣ ਲੱਗੇ, “ਸੁਣੋ ਭਾਈ ਜੀ, ਪਰਮੇਸ਼ਰ ਦੀ ਮੇਹਰਬਾਨੀ ਮੈਂ ਆਪਣੇ ਉਪਰ ਤਾਂ ਜਾਣਾਂਗੀ ਜੇ ਤੂੰ ਮੇਰਾ ਕਿਹਾ ਮੰਨੇ।” ਗੁਰੂ ਜੀ ਨੇ ਖ਼ੁਸ਼ ਹੋ ਕੇ ਆਖਿਆ, “ਆਖੋ ਬੇਬੇ ਜੀ! ਜੋ ਕੁਝ ਤੂੰ ਆਖੇਂਗੀ, ਮੈਂ ਮੰਨਾਂਗਾ। ਤੂੰ ਮੇਰੀ ਵੱਡੀ ਭੈਣ ਹੈਂ। ਤੇਰਾ ਤੇ ਮੇਰਾ ਪਿਛਲੇ ਜਨਮਾਂ ਵਿਚ ਵੀ ਭੈਣ ਤੇ ਭਰਾ ਦਾ ਸੰਬੰਧ ਹੁੰਦਾ ਆਇਆ ਹੈ। ਤੂੰ ਸਾਡੀ ਬਹੁਤ ਭਾਰੀ ਸੇਵਾ ਕੀਤੀ ਹੈ। ਤੇਰਾ ਭਾਰ ਸਾਡੇ ਸਿਰ ‘ਤੇ ਹੈ। ਜੋ ਤੂੰ ਆਖੇਂਗੀ ਸੋ ਮੰਨਾਂਗਾ।” ਅਜਿਹੇ ਬਚਨ ਨਿਕੇ ਭਰਾ ਨਾਨਕ ਜੀ ਦੇ ਮੂੰਹੋਂ ਸੁਣਕੇ ਬੇਬੇ ਨਾਨਕੀ ਜੀ ਨੇ ਆਖਿਆ, “ਅਸੀਂ ਇਸ ਗੱਲੋਂ ਭਾਈ ਜੀ ਬਹੁਤ ਸ਼ਰਮਿੰਦੇ ਹੁੰਦੇ ਹਾਂ ਕਿ ਤੂੰ ਭਾਬੀ ਨੂੰ ਦਿਲਾਸਾ ਨਹੀਂ ਦਿੰਦਾ। ਤ੍ਰੀਮਤਾਂ ਨੂੰ ਦਿਲਾਸਾ ਨਾ ਮਿਲੇ ਤਾਂ ਬਹੁਤ ਸ਼ਰਮਿੰਦੇ ਹੋਈਦਾ ਹੈ ਅਤੇ ਤੂੰ ਤਾਂ ਭਾਈ ਜੀ ਸਾਧ ਹੈਂ। ਆਪਣੇ ਜੀ ਵਿਚ ਵਿਚਾਰ ਕੇ ਵੇਖ।”
ਗੁਰੂ ਜੀ ਨੇ ਕਿਹਾ, “ਭੈਣ ਜੀ, ਕੀ ਤੁਹਾਡੀ ਭਰਜਾਈ ਕਿਸੇ ਗੱਲੋਂ ਵਿਰਵੀ ਰਹਿੰਦੀ ਹੈ?” ਬੇਬੇ ਜੀ ਨੇ ਆਖਿਆ, “ਵਿਰਵੀ ਕਿਉਂ ਰਹੇ ਭਾਈ ਜੀ! ਪਰਮੇਸ਼ਰ ਦਾ ਦਿੱਤਾ ਸਭ ਕੁਝ ਘਰ ਵਿਚ ਹੈ ਪਰ ਇਕ ਮੂੰਹ ਦਾ ਦਿਲਾਸਾ ਸਾਰੀਆਂ ਗੱਲਾਂ ਤੋਂ, ਤ੍ਰੀਮਤ ਜਾਤ ਲਈ ਵੱਡਾ ਹੈ।” ਬਾਬਾ ਜੀ ਨੇ ਆਖਿਆ, “ਤੂੰ ਇਸ ਗੱਲ ਦਾ ਕਾਈ ਫ਼ਿਕਰ ਨਾ ਕਰ ਭੈਣ। ਜੋ ਤੂੰ ਆਖੇਂਗੀ ਮੈਂ ਸੋਈ ਕਰਾਂਗਾ। ਮਨ ਵਿਚ ਸੰਤੋਖ ਰੱਖ। ਇਸ ਗੱਲ ਨੂੰ ਹੁਣ ਛੱਡ ਤੇ ਕੋਈ ਹੋਰ ਗੱਲ ਕਰ।”
ਬੇਬੇ ਜੀ ਨੇ ਆਖਿਆ, “ਮੇਰੇ ਮਨ ਵਿਚ ਤਾਂ ਇਉਂ ਹੈ ਭਾਈ ਜੀ ਕਿ ਮੈਂ ਤੇਰੀ ਸੰਤਾਨ ਖੇਡਦੀ ਵੇਖਾਂ। ਆਪਣੇ ਭਤੀਜਿਆਂ ਨੂੰ ਕੁੱਛੜ ਚੁੱਕ ਕੇ ਖਿਡਾਵਾਂ। ਲੋਰੀਆਂ ਦੇਵਾਂ। ਮੇਰੇ ਵੇਹੜੇ ਵਿਚ ਵੀ ਬਾਲਕ ਕਿਲਕਾਰੀਆਂ ਮਾਰਨ। ਰੌਣਕ ਹੋਵੇ।” ਗੁਰੂ ਜੀ ਨੇ ਆਖਿਆ, “ਜੋ ਤੂੰ ਮੰਗਦੀ ਹੈਂ ਭੈਣ, ਕਰਤਾਰ ਤੇਰੀ ਇੱਛਾ ਪੂਰੀ ਕਰੇਗਾ। ਇਹ ਵੀ ਹੋ ਜਾਵੇਗਾ।” ਇਹ ਆਖ ਕੇ ਗੁਰੂ ਜੀ ਚਲਦੇ ਰਹੇ ਤੇ ਆਪਣੇ ਘਰ ਵਿਚ ਵਾਸਾ ਕਰਨ ਲੱਗ ਪਏ।
ਸਮਾਂ ਪਾਕੇ, ਸੰਨ ੧੪੯੧ ਵਿਚ, ਜਦੋਂ ਗੁਰੂ ਜੀ ਦੀ ਬਾਈ ਸਾਲ ਦੀ ਉਮਰ ਸੀ ਤਾਂ, ਗੁਰੂ ਜੀ ਦੇ ਗ੍ਰਹਿ ਵਿਖੇ, ਮਾਤਾ ਸੁਲੱਖਣੀ ਜੀ ਦੀ ਗੋਦ ਵਿਚ, ਬਾਬਾ ਸ੍ਰੀ ਚੰਦ ਜੀ ਪਰਗਟ ਹੋਏ। ਯਾਦ ਰਹੇ ਕਿ ਬੇਬੇ ਨਾਨਕੀ ਜੀ ਦੀ ਆਪਣੀ ਸੰਤਾਨ ਕੋਈ ਨਹੀਂ ਸੀ ਤੇ ਬਾਲ ਬ੍ਰਹਮਚਾਰੀ, ਸਿਧ ਪੁਰਸ਼, ਉਦਾਸੀ ਪੰਥ ਦੇ ਪਰਗਟ ਕਰਨ ਵਾਲੇ, ਬਾਬਾ ਸ੍ਰੀ ਚੰਦ ਜੀ ਦੀ ਪਾਲਣਾ ਬੇਬੇ ਨਾਨਕੀ ਜੀ ਨੇ ਹੀ ਕੀਤੀ ਸੀ।
-ਗਿ. ਸੰਤੋਖ ਸਿੰਘ
