120 views 5 secs 0 comments

ਬੜੀ ਚਾਹ ਖੁਸ਼ੀ ਦੇ ਨਾਲ ਵਰਤਿਆ ਜਾਣ ਵਾਲਾ ਸ਼ਬਦ ‘ਯਾਰ’

ਲੇਖ
May 02, 2025
ਬੜੀ ਚਾਹ ਖੁਸ਼ੀ ਦੇ ਨਾਲ ਵਰਤਿਆ ਜਾਣ ਵਾਲਾ ਸ਼ਬਦ 'ਯਾਰ'

ਗਿਆਨੀ ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ)

ਬੜੀ ਚਾਹ ਖੁਸ਼ੀ ਦੇ ਨਾਲ ਵਰਤਿਆ ਜਾਣ ਵਾਲਾ ਸ਼ਬਦ ‘ਯਾਰ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਜ਼ਿੰਦਗੀ ਨਾਮੇ ਦੇ ਵਿੱਚ ਅਨੇਕਾਂ ਵਾਰ ਆਇਆ ਹੈ। ਗੁਰੂ ਸਾਹਿਬਾਨ ਪਰਮਾਤਮਾ ਨੂੰ ਯਾਰ ਦੇ ਨਾਮ ਨਾਲ ਸੰਬੋਧਨ ਕਰਦੇ ਹੋਏ ਬੇਨਤੀਆਂ ਕਰਦੇ ਹਨ:-

ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ
( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ, 703)

ਦਸਵੇਂ ਪਾਤਸ਼ਾਹ ਦੇ ਅਨਿਨ ਸਿੱਖ ਭਾਈ ਨੰਦ ਲਾਲ ਜੀ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਣਾਂ ਦੀ ਉਸਤਤ ਕਰਦਿਆਂ ‘ਯਾਰ’ ਸ਼ਬਦ ਦੀ ਵਰਤੋਂ ਕਰਦੇ ਹਨ:-

ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ ।।
ਬੇਕਸਾਂਰਾ ਯਾਰ ਗੁਰ ਗੋਬਿੰਦ ਸਿੰਘ ।।

ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਅਕਸਰ ਹੀ ਮਨੁਖ ਇਸ ਸ਼ਬਦ ਦੀ ਵਰਤੋਂ ਕਰਦੇ ਸਨ, ਪਰ ਹੁਣ ਅੰਗਰੇਜ਼ੀ ਦਾ ਪ੍ਰਚਾਰ ਜਿਆਦਾ ਹੋਣ ਕਰਕੇ ਇਸ ਦੀ ਵਰਤੋਂ ਕੁਝ ਘੱਟ ਗਈ ਹੈ:-
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਦੇ ਵਿੱਚ ਫਾਰਸੀ ਦੇ ਇਸ ਸ਼ਬਦ ਦੇ ਅਰਥ: ਮਿੱਤਰ ਦੋਸਤ, ਸਹਾਇਕ, ਸਾਥੀ,ਸੰਗੀ ਲਿਖਦੇ ਹਨ। ਭਾਈ ਵੀਰ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿੱਚ ਅਰਥ ਮਦਦਗਾਰ, ਮਿੱਤਰ,ਪਿਆਰਾ ਲਿਖਦੇ ਹਨ ਤੇ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਕਿ ਪੰਜਾਬੀ ਵਿੱਚ ਹੁਣ ਯਾਰ ਦੇ ਅਰਥ ਨੀਵੇਂ ਭਾਵ ਦੇ ਹੋ ਗਏ ਹਨ, ਪਹਿਲਾਂ ਸਮਿਆਂ ਦੇ ਵਿੱਚ ਇਸ ਦੇ ਅਰਥ ਕੇਵਲ ਮਿੱਤਰ ਹੀ ਸਨ, ਇਥੋਂ ਤਾਈ ਕਿ ਤ੍ਰੀਮਤ ਮਰਦ ਇਸ ਪਦ ਨੂੰ ਆਪੋ ਵਿੱਚ ਵਰਤਣਾ ਕੋਈ ਭੈੜੀ ਸੰਭਾਵਨਾ ਨਹੀਂ ਸੀ ਰਖਦਾ।

ਸ਼ਬਦ ਚਾਹੇ ਕਿਸੇ ਵੀ ਭਾਸ਼ਾ ਦਾ ਕਿਉਂ ਨਾ ਹੋਵੇ ਕਿਸੇ ਨਾ ਕਿਸੇ ਕਿਰਿਆ ਦੇ ਕਰਕੇ ਹੀ ਉਚਾਰਿਆ ਜਾਂਦਾ ਹੈ, ਵਿਦਵਾਨ ਬੜੇ ਸ਼ਬਦਾਂ ਦੇ ਅਰਥ ਕੇਵਲ ਇਹ ਲਿਖ ਕੇ ਹੀ ਛੱਡ ਦਿੰਦੇ ਹਨ ਕਿ ਫਲਾਣੀ ਭਾਸ਼ਾ ਦਾ ਹੈ। ਜੇ ਕੋਈ ਅੱਗੋਂ ਸਵਾਲ ਖੜਾ ਕਰਦੇ ਕਿ ਉਸ ਭਾਸ਼ਾ ਵਿੱਚ ਕਿਉਂ ਕਹਿੰਦੇ ਹਨ:
ਯਾਰ = ਯਾਦ ਕਰਾਰ ਦਾ ਸੰਖੇਪ ਹੈ।
ਫਾਰਸੀ ਦੇ ਵਿੱਚ ਚੇਤੇ ਕਰਨ ਨੂੰ ਯਾਦ ਤੇ ਸਵਾਦ ਨੂੰ ਕਰਾਰ ਆਖਦੇ ਨੇ। ਮਨੁੱਖ ਦੇ ਕਈ ਮਿੱਤਰ ਹੁੰਦੇ ਹਨ ਪਰ ਉਹਨਾਂ ਦੇ ਵਿੱਚੋਂ ਜਿਸ ਨੂੰ ਯਾਦ ਕਰ ਕੇ ਖੁਸ਼ ਹੁੰਦਾ, ਉਸਨੂੰ ਯਾਰ ਆਖੀਦਾ ਹੈ:

ਬਹੋਸ਼ ਬਾਸ਼ ਕਿ ਹੰਗਾਮਿ ਨੋ ਬਹਾਰ ਆਮਦ ।।
ਬਹਾਰ ਆਮਦੋ,ਯਾਰ ਆਮਦੋ,ਕਰਾਰ ਆਮਦ ।।( ਗਜ਼ਲ 18 ਜ਼ਿੰਦਗੀ ਨਾਮਾ)