ਸ੍ਰੀ ਗੁਰੂ ਨਾਨਕ ਦੇਵ ਜੀ ਜਦ ਨੌਂ ਕੁ ਸਾਲ ਦੇ ਹੋਏ, ਤਦ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਉਹ ਆਪਣੇ ਪੁੱਤਰ ਨੂੰ ਜਨੇਊ ਪਵਾ ਦੇਣ। ਉਨ੍ਹਾਂ ਨੇ ਤਲਵੰਡੀ ਦੇ ਬ੍ਰਾਹਮਣ ਪੰਡਿਤ ਹਰਦਿਆਲ ਨੂੰ ਸੱਦਿਆ। ਆਪਣੇ ਸਾਕ-ਸੰਬੰਧੀ ਵੀ ਬੁਲਾਏ। ਸੱਜਣਾਂ ਮਿਤਰਾਂ ਨੂੰ ਵੀ ਆਉਣ ਲਈ ਆਖਿਆ। ਜਦ ਸਭ ਤਿਆਰੀ ਹੋ ਗਈ ਤਾਂ ਪੰਡਿਤ ਜੀ ਨੇ ਸੂਤ ਨੂੰ ਵੱਟ ਕੇ ਜਨੇਊ ਬਣਾ ਲਿਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਗਲ ਵਿਚ ਪਾਉਣ ਲਗੇ ਤਾਂ ਗੁਰੂ ਸਾਹਿਬ ਨੇ ਪੁਛਿਆ: “ਤੁਸੀਂ ਇਹ ਕੀ ਕਰਨ ਲੱਗੇ ਹੋ?”
ਪੰਡਿਤ ਜੀ ਨੇ ਆਖਿਆ :
“ਮੈਂ ਤੁਹਾਨੂੰ ਜਨੇਊ ਪਾਉਣ ਲੱਗਾ ਹਾਂ। ਇਹ ਗਲ ਵਿਚ ਪਾ ਕੇ ਤੁਸੀਂ ਪੱਕੇ ਹਿੰਦੂ ਬਣ ਜਾਓਗੇ।”
ਗੁਰੂ ਜੀ ਨੇ ਪੰਡਿਤ ਜੀ ਨੂੰ ਕਿਹਾ : “ਰੁਕ ਜਾਓ! ਮੈਨੂੰ ਇਹ ਦੱਸੋ ਕਿ ਜੇ ਇਹ ਨਾ ਪਾਈਏ ਤਾਂ ਕੀ ਹੁੰਦਾ ਹੈ?”
ਪੰਡਿਤ ਜੀ ਨੇ ਉੱਤਰ ਦਿਤਾ : “ਜਨੇਊ ਗਲ ਵਿਚ ਨਾ ਹੋਵੇ ਤਾਂ ਤੁਸੀਂ ਚੰਗੇ ਤੇ ਸੁੱਚੇ ਨਹੀਂ ਹੋਵੋਗੇ। ਤੁਸੀਂ ਫਿਰ ਸਾਡੇ ਚੌਂਕੇ ਵਿਚ ਨਹੀਂ ਆ ਸਕੋਗੇ।”
ਫਿਰ ਗੁਰੂ ਜੀ ਨੇ ਜੋ ਆਖਿਆ ਉਹ ਪੰਡਿਤ ਜੀ ਨੇ ਵੀ ਸੁਣਿਆ ਤੇ ਉਥੇ ਆਏ ਲੋਕਾਂ ਨੇ ਭੀ ਸੁਣਿਆ। ਆਪ ਨੇ ਕਿਹਾ : “ਚੰਗਾ ਆਦਮੀ ਤਾਂ ਉਹ ਹੁੰਦਾ ਹੈ ਜੋ ਚੰਗੇ ਕੰਮ ਕਰੇ । ਸੁੱਚਾ ਇਹ ਹੈ ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਹੈ। ਫਿਰ ਜਨੇਊ ਪਾ ਕੇ ਕੋਈ ਕਿਵੇਂ ਚੰਗਾ ਤੇ ਸੁੱਚਾ ਬਣ ਜਾਂਦਾ ਹੈ?”
ਪੰਡਿਤ ਹਰਦਿਆਲ ਜੀ ਸੋਚੀਂ ਪੈ ਗਏ ਕਿ ਗੁਰੂ ਜੀ ਨੂੰ ਕਿਵੇਂ ਸਮਝਾਇਆ ਜਾਏ? ਇਰਦ-ਗਿਰਦ ਇਕੱਠੇ ਹੋਏ ਸਾਕ-ਸੰਬੰਧੀ ਤੇ ਹੋਰ ਲੋਕੀਂ ਵੀ ਹੈਰਾਨ ਸਨ। ਇਕ ਦੋ ਨੇ ਤਾਂ ਇਹ ਭੀ ਕਿਹਾ ਕਿ “ਮਹਿਤਾ ਕਾਲੂ ਦਾ ਪੁਤ ਹੈ ਤਾਂ ਨੌਂ ਸਾਲ ਦਾ ਪਰ ਗੱਲਾਂ ਬੜੇ ਪਤੇ ਦੀਆਂ ਕਰਦਾ ਹੈ। ਵੇਖੋ! ਪੰਡਿਤ ਜੀ ਨਿਰੁਤਰ ਹੋ ਗਏ ਹਨ!”
ਸਤਿਗੁਰੂ ਜੀ ਨੇ ਇਸ ਸੰਬੰਧੀ ਇਹ ਸ਼ਬਦ ਉਚਾਰਨ ਕੀਤਾ :
“ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।।” (ਅੰਗ ੪੭੧)
ਕੋਲੋਂ ਕਿਸੇ ਬਜ਼ੁਰਗ ਨੇ ਪੁੱਛਿਆ “ਇਸ ਦਾ ਕੀ ਭਾਵ ਹੈ?”
ਤਾਂ ਗੁਰੂ ਜੀ ਨੇ ਕਿਹਾ ਕਿ, “ਮੈਂ ਤਾਂ ਇਹ ਆਖਿਆ ਹੈ ਕਿ ਹੇ ਪੰਡਿਤ ਜੀ! ਜੇ ਆਪ ਪਾਸ ਐਸਾ ਜਨੇਊ ਹੈ ਜੋ ਹਮੇਸ਼ਾ ਨਾਲ ਰਹੇ, ਤਾਂ ਬੇਸ਼ੱਕ ਪਾ ਦਿਉ। ਇਹ ਜਨੇਊ ਐਸਾ ਹੋਵੇ, ਜਿਸ ਦੀ ਕਪਾਹ (ਜਿਸ ਤੋਂ ਸੂਤ ਬਣਦਾ ਹੈ) ਦਇਆ ਦੀ ਹੋਵੇ, ਜਿਸ ਦਾ ਸੂਤ ਸੰਤੋਖ ਦਾ ਹੋਵੇ, ਜਿਸ ਦੀਆਂ ਗੰਢਾਂ ਜਤ ਦੀਆਂ ਹੋਣ ਅਤੇ ਜਿਸ ਦਾ ਵਟ ਉੱਚਾ ਆਚਰਣ ਹੋਵੇ।” ਗੁਰੂ ਜੀ ਨੇ ਅਗੇ ਕਿਹਾ, “ਇਹੋ ਜਿਹਾ ਜਨੇਊ ਨਾ ਟੁੱਟੇਗਾ, ਨਾ ਹੀ ਇਸ ਨੂੰ ਕੋਈ ਮੈਲ ਲਗੇਗੀ, ਨਾ ਇਹ ਸੜ ਸਕੇਗਾ ਅਤੇ ਨਾ ਹੀ ਇਹ ਗੁਆਚੇਗਾ।”
ਸਤਿਗੁਰੂ ਜੀ ਨੇ ਇਹ ਭੀ ਸਮਝਾਇਆ, “ਉਹ ਮਨੁੱਖ ਬੜੇ ਚੰਗੇ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਐਸਾ ਜਨੇਊ ਆਪਣੇ ਗਲ ਵਿਚ ਪਾਇਆ ਹੈ।” ਫਿਰ ਗੁਰੂ ਜੀ ਨੇ ਸਭ ਨੂੰ ਸੰਬੋਧਨ ਕਰ ਕੇ ਆਖਿਆ, “ਜਦ ਬੰਦਾ ਮਰ ਜਾਂਦਾ ਹੈ, ਮਿਰਤਕ ਦਾ ਸਸਕਾਰ ਕਰ ਦਈਦਾ ਹੈ, ਸੂਤ ਦਾ ਇਹ ਜਨੇਊ ਵੀ ਨਾਲ ਹੀ ਸੜ ਜਾਂਦਾ ਹੈ—ਨਾਲ ਤਾਂ ਜਾਂਦਾ ਨਹੀਂ।”
ਪੰਡਿਤ ਜੀ ਅਤੇ ਹੋਰ ਉਥੇ ਆਏ ਲੋਕਾਂ ਨੇ ਗੁਰੂ ਜੀ ਦੀ ਇਸ ਗੱਲ ਨੂੰ ਸਮਝ ਕੇ ਮੰਨ ਲਿਆ। ਇੰਜ ਗੁਰੂ ਸਾਹਿਬ ਨੇ ਜਨੇਊ ਨਾ ਪਾਇਆ।
ਮਹਿਤਾ ਕਾਲੂ ਜੀ ਨੇ ਆਏ ਸਾਕ-ਸੰਬੰਧੀਆਂ ਦਾ ਧੰਨਵਾਦ ਕੀਤਾ ਅਤੇ ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਪ੍ਰਿੰ. ਪ੍ਰਕਾਸ਼ ਸਿੰਘ
