ਬੱਚੇ ਦੇਸ਼ ਤੇ ਕੌਮ ਦੀ ਦੌਲਤ ਹੁੰਦੇ ਹਨ, ਭਵਿੱਖ ਹੁੰਦੇ ਹਨ। ਸਾਡੇ ਬੱਚੇ ਸਾਡੇ ਘਰ ਦੀ ਰੌਣਕ ਹੁੰਦੇ ਹਨ, ਘਰ ਦਾ ਸ਼ਿੰਗਾਰ ਹੁੰਦੇ ਹਨ, ਸਾਡਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ, ਸਾਡੀ ਜਿੰਦ ਜਾਨ ਹੁੰਦੇ ਹਨ, ਸਾਡੇ ਜਿਗਰ ਦੇ ਟੁਕੜੇ ਹੁੰਦੇ ਹਨ, ਸਾਡੇ ਖਾਨਦਾਨ ਦਾ ਚਿਰਾਗ ਹੁੰਦੇ ਹਨ, ਸਾਡੇ ਕਾਨੂੰਨੀ ਵਾਰਿਸ ਹੁੰਦੇ ਹਨ। ਕਿਸੇ ਵੀ ਗੁਰਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲਾ ਹਰ ਬੱਚਾ ਬੜਾ ਹੀ ਅਮੀਰ ਵਿਰਸਾ ਲੈ ਕੇ ਪੈਦਾ ਹੁੰਦਾ ਹੈ। ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁੱਕਤੇ, ਹਠੀ, ਜਪੀ, ਤਪੀ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ,- ਸਿੱਖ ਇਤਿਹਾਸ ਦੇ ਇਹ ਪੰਨੇ ਹਰ ਨਵਜੰਮੇ ਸਿੱਖ ਬੱਚੇ ਦਾ ਮਹਾਨ ਵਿਰਸਾ ਹਨ।
ਸਿੱਖ ਹਰ ਰੋਜ਼ ਆਪਣਾ ਇਹ ਸ਼ਾਨਦਾਰ ਇਤਿਹਾਸ ਸਵੇਰੇ-ਸ਼ਾਮੀ ਤੇ ਹਰ ਖੁਸ਼ੀ-ਗਮੀ ਦੇ ਸਮਾਗਮ ਸਮੇਂ, ਆਪਣੀ ਅਰਦਾਸ ਕਰਨ ਸਮੇਂ ਯਾਦ ਕਰਦੇ ਹਨ। ਬੱਚੇ ਨੂੰ ਸਿੱਖੀ ਸੰਸਕਾਰ ਦੇਣਾ ਅਤੇ ਆਪਣੇ ਇਸ ਮਹਾਨ ਵਿਰਸੇ ਬਾਰੇ ਜਾਣਕਾਰੀ ਦੇਣਾ ਤੇ ਜੋੜਨਾ ਮਾਪਿਆਂ ਦਾ ਫਰਜ਼ ਹੈ। ਇਸ ਲਈ ਜਰੂਰੀ ਹੈ ਕਿ ਮਾਪੇ ਖੁਦ “ਰੋਲ ਮਾਡਲ” ਬਣਨ।
ਮਨੁੱਖ ਦੇ ਬੱਚੇ ਦੀ ਪਾਲਣਾ-ਪੋਸਣਾ ਹੀ ਸਭ ਤੋਂ ਔਖੀ ਹੁੰਦੀ ਹੈ। ਪੰਛੀ ਆਪਣੇ ਬੱਚਿਆਂ ਨੂੰ ਕੁੱਝ ਹਫਤਿਆਂ ਜਾਂ ਮਹੀਨਿਆਂ ਵਿਚ ਪਾਲ ਕੇ ਵਿਹਲੇ ਹੋ ਜਾਂਦੇ ਹਨ, ਜਦੋਂ ਕਿ ਕਈ ਜਾਨਵਰਾਂ ਨੂੰ ਆਪਣੇ ਬੱਚਿਆਂ ਦੇ ਪਾਲਣ ਲਈ ਕਈ ਮਹੀਨੇ ਜਾਂ ਇਕ ਦੋ ਵਰ੍ਹੇ ਲੱਗ ਜਾਂਦੇ ਹਨ, ਪਰ ਮਨੁੱਖ ਨੂੰ ਆਪਣੇ ਬੱਚੇ ਦੇ ਪਾਲਣ-ਪੋਸਣ ਉੱਤੇ ਅਨੇਕਾਂ ਸਾਲ ਲੱਗ ਜਾਂਦੇ ਹਨ। ਆਪਣੇ ਬੱਚਿਆਂ ਦੀ ਪਾਲਣ-ਪੋਸਣ ਤੇ ਪੜ੍ਹਾਉਣ ਤੋਂ ਬਿਨਾਂ ਵਿਆਹੁਣ ਅਤੇ ਕਈ ਵਾਰੀ ਨੌਕਰੀ ਦਿਲਵਾਉਣ ਵਿਚ 25-30 ਵਰ੍ਹੇ ਲੱਗ ਜਾਂਦੇ ਹਨ। ਸਾਡੀ ਜ਼ਿੰਦਗੀ ਦਾ ਬਹੁਤਾ ਹਿੱਸਾ ਬੱਚਿਆਂ ਦਾ ਚੰਗੇਰਾ ਭਵਿੱਖ ਬਣਾਉਣ ‘ਤੇ ਲੱਗ ਜਾਂਦਾ ਹੈ। ਅਸੀਂ ਚਾਹੁੰਦੇ। ਹਾਂ ਕਿ ਸਾਡੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਨਰੋਆ ਹੋਵੇ, ਉਹ ਬਚਪਨ ਤੋਂ ਹੀ ਆਪਣੇ ਸਿੱਖੀ ਵਿਰਸੇ ਨਾਲ ਜੁੜਨ, ਵੱਧ ਤੋਂ ਵੱਧ ਪੜ੍ਹ-ਲਿਖ ਜਾਣ, ਕਿਸੇ ਚੰਗੀ ਨੌਕਰੀ ਜਾਂ ਕੰਮ-ਕਾਜ ‘ਤੇ ਲੱਗ ਜਾਣ।
ਬੱਚਿਆਂ ਦੇ ਚੰਗੇਰੇ ਭਵਿੱਖ ਲਈ ਹੀ ਅਸੀਂ ਹਰ ਜਾਇਜ਼-ਨਾਜਾਇਜ਼ ਢੰਗ ਨਾਲ ਬਹੁਤੀ ਕਮਾਈ ਕਰਨ ਦਾ ਯਤਨ ਕਰਦੇ ਹਾਂ, ਖੁਦ ਤੰਗੀ-ਤੁਰਸ਼ੀ ਕੱਟ ਕੇ ਉਨ੍ਹਾਂ ਦੇ ਸੁਖ-ਆਰਾਮ, ਵੱਧ ਤੋਂ ਵੱਧ ਸਹੂਲਤਾਂ ਅਤੇ ਉਨ੍ਹਾਂ ਦੀਆਂ ਲੋੜਾਂ ਤੇ ਇੱਛਾਵਾਂ ਪੂਰੀਆਂ ਕਰਨ ਦਾ ਯਤਨ ਕਰਦੇ ਹਾਂ। ਅਸੀਂ ਆਪਣੇ ਅਧੂਰੇ ਸੁਪਨੇ ਬੱਚਿਆਂ ਰਾਹੀਂ ਪੂਰਾ ਕਰਨ ਦਾ ਯਤਨ ਕਰਦੇ ਹਾਂ।
ਬੱਚਿਆਂ ਨੂੰ ਚੰਗਾ ਜਾਂ ਮਾੜਾ ਬਣਾਉਣ ਵਿਚ ਮਾਂ-ਬਾਪ ਵਿਸ਼ੇਸ਼ ਕਰ ਮਾਂ ਦਾ ਬਹੁਤ ਹੀ ਹੱਥ ਹੁੰਦਾ ਹੈ।
ਮਾਪਿਆਂ ਤੋਂ ਬਿਨਾਂ ਅਧਿਆਪਕਾਂ ਦਾ ਵੀ ਬੱਚੇ ਦੀ ਸਖ਼ਸ਼ੀਅਤ ਬਣਾਉਣ ਵਿੱਚ ਕਾਫੀ ਹੱਥ ਹੁੰਦਾ ਹੈ। ਬੱਚਿਆਂ ‘ਤੇ ਸਮਾਜਿਕ ਮਾਹੌਲ ਦਾ ਵੀ ਚੰਗਾ ਜਾਂ ਮਾੜਾ ਪ੍ਰਭਾਵ ਪੈਂਦਾ ਹੈ।
ਅਸੀਂ ਕੋਸ਼ਿਸ਼ ਕਰੀਏ ਕਿ ਬੱਚਿਆਂ ਨੂੰ ਚੰਗਾ ਮਾਹੌਲ ਦੇਈਏ।
ਅਸੀਂ ਆਂਢ-ਗੁਆਂਢ ਦਾ ਤੇ ਸਮਾਜਿਕ ਮਾਹੌਲ ਤਾਂ ਬਦਲ ਨਹੀਂ ਸਕਦੇ, ਆਪਣੇ ਘਰ ਵਿੱਚ ਤਾਂ ਚੰਗਾ ਮਾਹੌਲ ਦੇ ਸਕਦੇ ਹਾਂ।
ਅੰਗਰੇਜ਼ੀ ਦਾ ਇਕ ਮੁਹਾਵਰਾ ਹੈ ਜਿਸਦਾ ਭਾਵ ਇਹ ਹੈ ਕਿ ਜੋ ਕੁਝ ਤੁਸੀਂ ਚਾਹੁੰਦੇ ਹੋ, ਉਸ ਲਈ ਲੋੜੀਂਦਾ ਮਾਹੌਲ ਪੈਦਾ ਕਰੋ, ਅਗੋਂ ਮਾਹੌਲ ਉਹ ਕੰਮ ਕਰੇਗਾ ਜੋ ਤੁਸੀਂ ਚਾਹੁੰਦੇ ਹੋ।
ਅੱਜ ਦੇ ਮਹਿੰਗਾਈ ਵਾਲੇ ਯੁੱਗ ਵਿੱਚ ਜਦ ਘਰ ਗ੍ਰਹਿਸਤੀ ਚਲਾਉਣ ਲਈ ਪਤੀ-ਪਤਨੀ ਦੋਨਾਂ ਨੂੰ ਨੌਕਰੀ ਕਰਨੀ ਪੈਂਦੀ ਹੈ, ਉਹ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦੇ ਸਕਦੇ, ਜਿਸ ਕਾਰਨ ਕਈ ਵਾਰੀ ਬੱਚੇ ਵਿਗੜ ਜਾਂਦੇ ਹਨ। ਪਹਿਲੇ ਸਮਿਆਂ ਵਿੱਚ ਬੱਚੇ ਦੀ ਪਾਲਣਾ-ਪੋਸਣਾ ਵਿੱਚ ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਬੜਾ ਹੱਥ ਹੁੰਦਾ ਸੀ, ਪਰ ਸਾਂਝੇ ਪਰਿਵਾਰ ਟੁੱਟਣ ਪਿਛੋਂ ਉਨ੍ਹਾਂ ਦਾ ਰੋਲ ਬਹੁਤ ਘਟ ਗਿਆ ਹੈ। ਵੈਸੇ ਵੀ ਅੱਜ ਦੇ ਪੜ੍ਹੇ-ਲਿਖੇ ਮਾਪੇ ਆਪਣੇ ਅਣਪੜ੍ਹ ਜਾਂ ਘਟ ਪੜ੍ਹੇ ਲਿਖੇ ਮਾਪਿਆਂ ਦੇ ਦੇਖ-ਰੇਖ ਵਿੱਚ ਬੱਚਿਆਂ ਦੀ ਪਾਲਣਾ ਪੋਸਣਾ ਕਰਨਾ ਪਸੰਦ ਹੀ ਨਹੀਂ ਕਰਦੇ। ਇਹ ਇਕ ਹਕੀਕਤ ਹੈ ਕਿ ਪਹਿਲੇ ਜ਼ਮਾਨੇ ਵਿਚ ਅਨਪੜ੍ਹ ਜਾਂ ਮਾਮੂਲੀ ਪੜ੍ਹੇ ਲਿਖੇ ਸਿੱਖ ਮਾਪੇ ਆਪਣੇ ਬੱਚਿਆਂ ਨੂੰ ਅੱਜ ਦੇ ਪੜ੍ਹੇ ਲਿਖੇ ਮਾਪਿਆਂ ਨਾਲੋਂ ਚੰਗੇ ਸਿੱਖੀ ਸੰਸਕਾਰ ਦਿੰਦੇ ਸਨ ਅਤੇ ਇਕ ਚੰਗਾ ਗੁਰਸਿੱਖ ਬਣਨ ਦੇ ਨਾਲ ਇਨਸਾਨੀ ਕਦਰਾਂ ਕੀਮਤਾਂ ਬਾਰੇ ਵੀ ਜਾਣਕਾਰੀ ਦਿੰਦੇ ਸਨ।
ਆਪਣੇ ਬੱਚਿਆਂ ਨੂੰ ਚੰਗੇਰਾ ਸਿੱਖ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਸਿੱਖੀ ਸੰਸਕਾਰ ਦੇਈਏ, ਸੱਚਾ ਸੁੱਚਾ ਤੇ ਸੁਚੱਜਾ ਜੀਵਨ ਬਿਤਾਉਣ ਲਈ ਗੁਰਮਤਿ ਰਹਿਤ ਮਰਯਾਦਾ ਬਾਰੇ ਜਾਣਕਾਰੀ ਦੇਈਏ, ਧਾਰਮਿਕ ਵਾਤਾਵਰਣ ਦੇਈਏ। ਬੱਚਿਆਂ ਨੂੰ ਇਕ ਵੱਧੀਆ ਗੁਰਸਿੱਖ ਬਣਾਉਣਾ ਹੈ, ਤਾਂ ਇਸ ਲਈ ਜ਼ਰੂਰੀ ਹੈ ਕਿ ਮਾਤਾ-ਪਿਤਾ ਖੁਦ ਚੰਗੇ ਗੁਰਸਿੱਖ ਬਣ ਕੇ ਇਸ ਦੀ ਮਿਸਾਲ ਪੇਸ਼ ਕਰਨ।
ਬੱਚਿਆਂ ਤੋਂ ਗੁਰਬਾਣੀ ਦਾ ਪਾਠ ਕਰਵਾਉਣਾ ਚਾਹੁੰਦੇ ਹਾਂ, ਤਾਂ ਖੁਦ ਸਵੇਰੇ-ਸ਼ਾਮ ਪਾਠ ਕਰੀਏ, ਸੱਚ ਬੋਲਣਾ ਸਿਖਾਉਣਾ ਹੈ ਤਾਂ ਆਪ ਕਦੀ ਵੀ ਝੂਠ ਨਾ ਬੋਲੀਏ। ਬੱਚੇ ਆਪਣੀ ਪੜ੍ਹਾਈ ਵਿੱਚ ਵੀ ਚੰਗੇ ਨੰਬਰ ਲੈਣ, ਇਸ ਲਈ ਘਰ ਵਿੱਚ ਵੀ ਉਨ੍ਹਾਂ ਦੀ ਪੜ੍ਹਾਈ ਲਿਖਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। “ਅੋਹ ਬਿੱਲੀ ਆਈ’ ਆਦਿ ਕੁੱਝ ਵੀ ਆਖ ਕੇ ਬੱਚਿਆਂ ਨੂੰ ਡਰਾਉਣਾ ਨਹੀਂ ਚਾਹੀਦਾ, ਤਾਂ ਜੋ ਬੱਚੇ ਨਿਰਭੈ ਅਤੇ ਬਹਾਦਰ ਬਣ ਸਕਣ। ਉਨ੍ਹਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਬਹਾਦਰੀ ਦੀ ਗਾਥਾ ਸੁਣਾਈਏ।
ਆਪਣੇ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਵਿਰਸੇ ਨਾਲ ਜੋੜਨ ਲਈ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਏ। ਸਕੂਲ ਜਾਣ ਸਮੇਂ ਜਦੋਂ ਮਾਂ ਆਪਣੇ ਬੱਚਿਆਂ ਨੂੰ ਤਿਆਰ ਕਰਦੀ ਹੈ, ਉਸ ਸਮੇਂ ਮੂਲ-ਮੰਤਰ, ਕੋਈ ਛੋਟੀ ਜਿਹੀ ਸਾਖੀ, ਸ਼ਬਦ, ਆਦਿ ਸੁਣਾ ਕੇ ਉਨ੍ਹਾਂ ਨੂੰ ਜਾਣਕਾਰੀ ਦੇਵੇ। ਸੰਗਰਾਂਦ ਵਾਲੇ ਦਿਨ ਨਵੇਂ ਮਹੀਨੇ ਬਾਰੇ ਦੱਸੇ।
ਬੱਚਿਆਂ ਵਿੱਚ ਸਾਹਿਤੱਕ ਰੁਚੀਆਂ ਪੈਦਾ ਕਰਨਾ ਚਾਹੁੰਦੇ ਹਾਂ, ਤਾਂ ਉਨ੍ਹਾਂ ਨੂੰ ਪੜ੍ਹਾਈ ਦੇ ਪਹਿਲੇ ਸਾਲਾਂ ਵਿੱਚ ਹੀ ਬਾਲ ਸਾਹਿਤ ਨਾਲ ਜੋੜੀਏ, ਬਾਲਾਂ ਬਾਰੇ ਧਾਰਮਿਕ ਪਰਚੇ, ਤਸਵੀਰਾਂ ਵਾਲੀਆਂ ਪੁਸਤਕਾਂ ਲੈ ਕੇ ਦੇਈਏ। ਹੋ ਸਕਦਾ ਹੈ ਕਿ ਬੱਚੇ ਪਹਿਲਾਂ ਪਹਿਲਾਂ ਇਨ੍ਹਾਂ ਬਾਲ ਪਰਚਿਆਂ ਜਾਂ ਪੁਸਤਕਾਂ ਨੂੰ ਫਾੜ ਕੇ ਸੁਟ ਦੇਣ, ਪਰ ਹੌਲੀ-ਹੌਲੀ ਇਨ੍ਹਾਂ ਨੂੰ ਪੜ੍ਹਨ ਵਿਚ ਦਿਲਚੱਸਪੀ ਲੈਣ ਲੱਗ ਪੈਣਗੇ।
ਸੁਹਜ, ਸਫਾਈ, ਅਨੁਸਾਸ਼ਨ ਅਤੇ ਜ਼ੁੰਮੇਵਾਰੀ ਦਾ ਅਹਿਸਾਸ ਕਰਵਾਉਣ ਦੀ ਅਮਲੀ ਸਿਖਿਆ ਦੇਣ ਲਈ ਆਪਣੇ ਬੱਚਿਆਂ ਨੂੰ ਘਰ ਵਿਚ ਹੀ ਕੋਈ ਕਮਰਾ ਜਾਂ ਅਲਮਾਰੀ ਜਾਂ ਮੇਜ਼ ਆਦਿ ਦੇ ਦੇਣਾ ਚਾਹੀਦਾ ਹੈ, ਜਿਥੇ ਉਹ ਆਪਣੇ ਖਿਡੌਣੇ, ਕਿਤਾਬਾਂ, ਤਸਵੀਰਾਂ ਆਦਿ ਸੰਭਾਲ ਕੇ ਕਿਸੇ ਤਰਤੀਬ ਵਿੱਚ ਰੱਖ ਸਕਣ। ਉਨ੍ਹਾਂ ਨੂੰ ਸਮਝਾਇਆ ਜਾਏ ਕਿ ਜੋ ਚੀਜ਼ ਵੀ ਚੁੱਕੇ, ਪ੍ਰਯੋਗ ਕਰ ਕੇ ਉਸੇ ਥਾਂ ਫਿਰ ਸੰਭਾਲ ਕੇ ਰੱਖ ਦਿੱਤੀ ਜਾਏ, ਆਪਣੇ ਇਸ ਸਥਾਨ ਦੀ ਸਾਫ ਸਫਾਈ ਤੇ ਸਾਂਭ-ਸੰਭਾਲ ਆਪੇ ਕਰਨ। ਮਾਪੇ ਇਸ ਵਿਚ ਉਨ੍ਹਾਂ ਦੀ ਥੋੜੀ ਬਹੁਤੀ ਸਹਾਇਤਾ ਕਰ ਸਕਦੇ ਹਨ। ਆਪਣੇ ਬਾਰੇ ਫੈਸਲਾ ਕਰਨ ਦੇ ਸਮੱਰਥ ਕਰਨ ਲਈ ਵੀ ਮਾਪਿਆਂ ਨੂੰ ਬੱਚਿਆਂ ਦੀ ਮੱਦਦ ਕਰਨੀ ਚਾਹੀਦੀ ਹੈ। ਆਪਣੇ ਬੱਚਿਆਂ ਦੇ ਸਹਿ-ਜਮਾਤੀਆਂ, ਦੋਸਤਾਂ ਬਾਰੇ ਪੂਰੀ ਜਾਣਕਾਰੀ ਰੱਖੀ ਜਾਏ, ਉਨ੍ਹਾਂ ਨੂੰ ਆਪਣੇ ਘਰ ਬੁਲਾਇਆ ਜਾਏ ਤੇ ਆਪਣੇ ਬੱਚਿਆਂ ਵਾਂਗ ਹੀ ਪਿਆਰ ਦਿੱਤਾ ਜਾਏ। ਇਸ ਤਰ੍ਹਾਂ ਆਪਣੇ ਬੱਚਿਆਂ ਵਿਚ ਜਿੱਥੇ ਆਤਮ-ਵਿਸ਼ਵਾਸ ਵੱਧੇਗਾ, ਉਹ ਆਪਣੇ ਤੇ ਆਪਣੇ ਦੋਸਤਾਂ ਦੇ ਮਾਪਿਆਂ ਦੀ ਵੀ ਇਜ਼ਤ ਕਰਨਗੇ।
ਸਿੱਖ “ਸਰਬਤ ਦਾ ਭਲਾ” ਚਾਹੁੰਦੇ ਹਨ। ਹੁਣ ਜਦੋਂ ਸਾਰੀ ਦੁਨੀਆਂ ਇਕ ਵਿਸ਼ਵੀ ਪਿੰਡ (ਗਲੋਬਲ ਵਿਲੇਜ) ਬਣਦੀ ਜਾ ਰਹੀ ਹੈ, ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਦੂਜੇ ਪ੍ਰਮੁੱਖ ਧਰਮਾਂ ਬਾਰੇ ਵੀ ਜਾਣਕਾਰੀ ਦੇਈਏ ਤਾਂ ਜੋ ਉਹ ਕਿਸੇ ਦੂਜੇ ਧਰਮ ਨੂੰ ਆਪਣੇ ਧਰਮ ਨਾਲੋਂ ਮਾੜਾ ਨਾ ਸਮਝਣ ਅਤੇ ਦੂਜੇ ਧਰਮਾਂ ਦੇ ਪੀਰਾਂ, ਪੈਗੰਬਰਾਂ, ਅਵਤਾਰਾਂ, ਮਹਾਂਪੁਰਖਾਂ ਵਲੋਂ ਦਿੱਤੀਆਂ ਚੰਗੀਆਂ ਸਿਖਿਆਵਾਂ ਵੀ ਗ੍ਰਹਿਣ ਕਰ ਸਕਣ।
ਅੱਜ ਕਲ ਸਵੇਰੇ ਸਵੇਰੇ ਲੱਗਪੱਗ ਹਰ ਟੀ.ਵੀ. ਚੈਨਲ ‘ਤੇ ਸ਼ਬਦ ਕੀਰਤਨ ਜਾਂ ਗੁਰਬਾਣੀ-ਵਿਆਖਿਆ ਤੇ ਕਥਾ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਆਪਣੇ ਟੀ.ਵੀ. ਸੈਟ ਉਤੇ ਇਹ ਪ੍ਰੋਗਰਾਮ ਲਗਾ ਰਖਣੇ ਚਾਹੀਦੇ ਹਨ। ਠੀਕ ਹੈ ਕਿ ਬੱਚੇ ਇਨ੍ਹਾਂ ਸ਼ਬਦ-ਕੀਰਤਨ ਜਾਂ ਕਥਾ ਦੇ ਪ੍ਰੋਗਰਾਮਾਂ ਵਿਚ ਕੋਈ ਦਿਲਚੱਸਪੀ ਨਹੀਂ ਲੈਂਦੇ, ਪਰ ਸੰਗੀਤਮਈ ਸ਼ਬਦ ਉਨ੍ਹਾਂ ਦੇ ਕੰਨਾਂ ਵਿੱਚ ਤਾਂ ਪੈਂਦੇ ਹਨ ਤੇ ਅਚੇਤ ਮਨ ਵਿੱਚ ਚਲੇ ਜਾਂਦੇ ਹਨ। ਵੱਡੇ ਹੋ ਕੇ ਅਕਸਰ ਇਹ ਆਪਣਾ ਪ੍ਰਭਾਵ ਦਿਖਾਉਂਦੇ ਹਨ।
ਬੱਚਿਆਂ ਨੂੰ ਨਗਰ ਕੀਰਤਨ, ਗੁਰੂ ਕਾ ਲੰਗਰ ਵਿੱਚ ਸੇਵਾ ਕਰਨ, ਛਬੀਲਾਂ ‘ਤੇ ਪਾਣੀ ਆਦਿ ਪਿਲਾਉਣ ਦੀ ਸੇਵਾ ‘ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਦੂਜਿਆਂ ਦੀ ਸੇਵਾ ਕਰਨ ਦੀ ਲਗਨ ਦੇ ਨਾਲ ਸੁਭਾਅ ਵਿੱਚ ਵੀ ਨਿਮ੍ਰਤਾ ਤੇ ਵੱਡਿਆਂ ਦੀ ਇਜ਼ਤ ਕਰਨ ਦੀ ਭਾਵਨਾ ਆਉਂਦੀ ਹੈ। ਆਪਣੇ ਮਹਾਨ ਵਿਰਸੇ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਦੇ ਕੇ ਜੋੜਨਾ ਚਾਹੀਦਾ ਹੈ। ਬੱਚਿਆਂ ਨੂੰ ਸਕੂਲ ਵਿੱਚ ਹੁੰਦੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ
ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੇ ਮੰਚ ‘ਤੇ ਬੋਲਣ ਦਾ ਝਾਕਾ ਖੁਲ੍ਹ ਜਾਏਗਾ। ਨਗਰ ਕੀਰਤਨ ਤੇ ਪ੍ਰਕਾਸ਼ ਪੁਰਬਾਂ ‘ਤੇ ਉਨ੍ਹਾਂ ਨੂੰ ਕੋਈ ਸ਼ਬਦ, ਧਾਰਮਿਕ ਗੀਤ, ਕਵਿਤਾ ਆਦਿ ਸੁਣਾਉਣ ਦਾ ਅਵਸਰ ਦੇਣਾ ਚਾਹੀਦਾ ਹੈ।
ਬੱਚਿਆਂ ਦੇ ਗਿਆਨ ਤੇ ਜਾਣਕਾਰੀ ਵਿੱਚ ਵੱਧ ਤੋਂ ਵੱਧ ਵਾਧਾ ਕਰਨ ਲਈ ਸਾਨੂੰ ਉਨ੍ਹਾਂ ਨੂੰ ਘੁੰਮਾਉਣਾ ਫਿਰਾਉਣਾ ਚਾਹੀਦਾ ਹੈ। ਛੁੱਟੀ ਵਾਲੇ ਦਿਨ ਕਿਸੇ ਗੁਰਦੁਆਰੇ ਦੇ ਦਰਸ਼ਨਾਂ ਲਈ ਲੈ ਜਾਣਾ ਚਾਹੀਦਾ ਹੈ। ਕਦੀ ਕਦੀ ਕਿਸੇ ਅਜਾਇਬ ਘਰ, ਚਿੜੀਆ ਘਰ, ਪਾਰਕ ਆਦਿ ਵਿਚ ਲੈ ਜਾਣਾ ਚਾਹੀਦਾ ਹੈ। ਛੁੱਟੀਆਂ ਵਿਚ ਕਿਤੇ ਬਾਹਰ ਸੈਰ-ਸਪਾਟੇ ਲਈ ਲੈ ਜਾਈਏ, ਤਾਂ ਕਿ ਉਹ ਰੋਜ਼ ਵਾਲੇ ਮਾਹੌਲ ਤੋਂ ਬਾਹਰ ਜਾ ਕੇ ਤਰੋ-ਤਾਜ਼ਾ ਹੋ ਕੇ ਆਪਣੀ ਪੜ੍ਹਾਈ ਵਿੱਚ ਜੁਟ ਜਾਣ। ਉਨ੍ਹਾਂ ਨੂੰ ਖੇਡਾਂ ਵਿੱਚ ਵੀ
ਬਚਪਨ ਤੋਂ ਹੀ ਹਿੱਸਾ ਲੈਣ ਲਈ ਪ੍ਰੇਰਨਾ ਚਾਹੀਦਾ ਹੈ। ਖੇਡਾਂ ਨਾਲ ਜਿੱਥੇ ਸਰੀਰ ਚੁਸਤ ਦਰੁਸਤ ਰਹਿੰਦਾ ਹੈ, ਇਕ ਦੂਜੇ ਨਾਲ ਮਿਲ ਕੇ ਖੇਡਣ ਨਾਲ ਆਪਣੀ ਟੀਮ ਦੀ ਸਫਲਤਾ ਬਾਰੇ ਅਹਿਸਾਸ ਪੈਦਾ ਹੁੰਦਾ ਹੈ ਅਤੇ ਖੇਡਾਂ ਵਿੱਚ ਇਹ ਜਿੱਤ-ਹਾਰ ਜ਼ਿੰਦਗੀ ਦੇ ਹਰ ਖੇਤਰ ਵਿੱਚ ਜਿੱਤ-ਹਾਰ ਦਾ ਸਾਹਮਣਾ ਕਰਨ ਲਈ ਸਹਾਈ ਹੁੰਦੀ ਹੈ।
ਗੁਰੂ ਇਤਿਹਾਸ ਨਾਲ ਸਬੰਧਤ ਪ੍ਰੋਗਰਾਮਾਂ ਅਤੇ ਹੋਰ ਗੁਰਮਤਿ ਸਮਾਗਮਾਂ ਵਿੱਚ ਸ਼ਾਮਿਲ ਹੋਣ ਸਮੇਂ ਜਾਂ ਆਪ ਲੰਗਰ, ਛਬੀਲ ਆਦਿ ‘ਤੇ ਸੇਵਾ ਕਰਨ ਸਮੇਂ ਬੱਚਿਆਂ ਨੂੰ ਵੀ ਨਾਲ ਲੈ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਮਹਾਨ ਵਿਰਸੇ ਨਾਲ ਜੁੜ ਸਕਣ।
ਹਰਬੀਰ ਸਿੰਘ ਭੰਵਰ
