– ਗਿਆਨੀ ਭਗਤ ਸਿੰਘ
੧. ਕਿਸੇ ਆਪਣੇ ਇਸ਼ਟ ਦੇਵ ਦੀ ਉਪਾਸ਼ਨਾਂ ਕਰਨਾ, ਅਥਵਾ ਪਰਮੇਸ੍ਵਰ ਦੇ ਚਰਨਾਂ ਨਾਲ ਪਿਆਰ ਲਾਵਣਾ ਵਾ ਉਸ ਦੇ ਚਰਨਾਂ ਦਾ ਧਿਆਨ ਕਰਨਾ ਤੇ ਇਕ ਮਨ ਹੋ ਕੇ ਬੇਨਤੀ ਕਰਨ ਦੇ ਨਾਮ ਨੂੰ ‘ਭਗਤੀ’ ਆਖਦੇ ਹਨ।
੨. ਜਦੋਂ ਉਪਾਸ਼ਕ ਉਪਾਸ਼ਨਾਂ ਕਰਨ ਦੇ ਲਈ ਆਪਣੇ ਉਪਾਸਯ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ਉਸ ਨੂੰ ਵੀ ‘ਭਗਤੀ’ ਆਖਦੇ ਹਨ।
ਇਸ ਜਗਤ ਵਿਚ ਮਾਨਸ ਜਨਮ ਪਾ ਕੇ ਪ੍ਰਮਾਤਮਾਂ ਦੀ ਭਗਤੀ ਕਰਨੀ ਹੀ ਸਰੇਸ਼ਟ ਕਰਮ ਹੈ। ਜੇ ਨਾ ਕਰਾਂਗੇ ਤਾਂ ਬਿਨਾਂ ਭਗਤੀ ਤੋਂ ਇਹ ਜਨਮ ਬਿਰਥਾ ਹੀ ਚਲਾ ਜਾਂਦਾ ਹੈ।
ਯਥਾ ਗੁਰਵਾਕ:-
ਬਿਨੁ ਭਗਤੀ ਤਨੁ ਹੋਸੀ ਛਾਰੁ॥ (ਸੁਖ: ਮ: ੫ ਪੰ: ੨੯੦)
ਹੋਰ- ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ॥ (ਸ੍ਰੀ ਰਾਗ ਮ: ੫ ਪੰ: ੬੪)
ਬਿਨਾਂ ਭਗਤੀ ਤੋਂ ਕਲਿਆਨ ਦੀ ਪ੍ਰਾਪਤੀ ਨਹੀ ਹੁੰਦੀ ਤੇ ਜੇਹੜੇ ਭਗਤੀ ਕਰਦੇ ਹਨ, ਉਹ ਸਦਾ ਹੀ ਦੁਨੀਆਂ ਵਿਚ ਮਾਨਯੋਗ ਹਨ, ਤੇ ਜਿਨ੍ਹਾਂ ਭਗਤੀ ਕੀਤੀ ਹੈ ਉਹ ਕਲਿਆਨ ਹੋ ਕੇ ਸਦਾ ਹੀ ਦੁਨੀਆਂ ਤੇ ਅਟੱਲ ਹਨ। ਜੈਸੈ ਧਰੂ, ਪ੍ਰਹਿਲਾਦ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਅਤੇ ਹੋਰ ਸਭ ਭਗਤਾਂ ਦੇ ਨਾਮ ਦੁਨੀਆਂ ਤੇ ਅਟੱਲ ਹਨ।
ਕਿਉਂਕਿ ਓਨ੍ਹਾਂ ਨੂੰ ਭਗਤੀ ਕਰਨ ਕਰਕੇ ਹੀ ਇਹ ਅਟੱਲ ਤੇ ਉੱਚ ਪਦਵੀ ਮਿਲੀ ਹੈ ਨਹੀਂ ਤੇ ਉਸ ਵਕਤ ਦੁਨੀਆਂ ਦੇ ਵੱਡੇ ਵੱਡੇ ਰਾਜੇ ਮੌਜੂਦ ਸਨ, ਜਿਨ੍ਹਾਂ ਨੇ ਦੁਨੀਆਂ ’ਤੇ ਚੱਕਰਵਰਤੀ ਰਾਜ ਕੀਤੇ ਹਨ, ਪਰ ਉਨ੍ਹਾਂ ਦਾ ਨਾਮ ਦੁਨੀਆਂ ‘ਤੇ ਕੋਈ ਨਹੀਂ ਲੈਂਦਾ। ਸੋ ਜੋ ਪੁਰਸ ਦੁਨੀਆਂ ਵਿਚ ਭਗਤੀ ਕਰਦਾ ਹੈ ਉਹ ਹੀ ਆਪਣੇ ਜਨਮ ਨੂੰ ਸਫਲਾ ਕਰ ਕੇ ਆਪ ਤਰਦਾ ਹੈ ਤੇ ਹੋਰਨਾ ਨੂੰ ਤਾਰਦਾ ਹੈ ਜੈਸੇ ਗੁਰੂ ‘ ਜੀ ਦਸਦੇ ਹਨ :-
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥ (ਸੁਖ ਮ: ੫ ਪੰ: ੨੯੫)
ਇਹ ਭਗਤੀ ਭਾਵ ਦੇ ਖਿਆਲ ਉਥੇ ਟਿਕਦੇ ਹਨ ਜਿਥੇ ਕਿ ਸਾਧ ਸੰਗਤ ਦੀ ਕਿਰਪਾ ਹੋਵੇ ਤੇ ਸਾਧ ਸੰਗਤਿ ਦੀ ਸੇਵਾ ਕਰ ਕੇ ਮਨ ਪਵਿੱਤ੍ਰ ਹੋ ਗਿਆ ਹੋਵੇ ਤੇ ਹਿਰਦੇ ਵਿਚ ਗਰੀਬੀ ਵਸਦੀ ਹੋਵੇ, ਕਿਉਂਕਿ ਭਗਤਾਂ ਦਾ ਆਸਰਾ ਗੁਰੂ ਜੀ ਨੇ ਗਰੀਬੀ ਹੀ ਦੱਸੀ ਹੈ। ਜੈਸੇ ਸਾਹਿਬ ਦੱਸਦੇ ਹਨ:-
ਗਰੀਬੀ ਗਦਾ ਹਮਾਰੀ॥ ਖੰਨਾ ਸਗਲ ਰੇਨੁ ਛਾਰੀ॥ ਇਸੁ ਆਗੈ ਕੋ ਨ ਟਿਕੈ ਵੇਕਾਰੀ॥ ਗੁਰ ਪੂਰੇ ਇਹ ਗਲ ਸਾਰੀ॥
(ਸੋਰਠਿ ਮ: ੫ ਪੰਨਾ ੬੨੮)
ਇਸ ਭਗਤੀ ਦੇ ਕਰਨ ਲਈ ਨਿੰਮ੍ਰਤਾ ਭਾਵ ਅਰ ਗਰੀਬੀ ਦੀ ਸਦਾ ਹੀ ਲੋੜ ਹੈ, ਕਿਉਂਕਿ ਭਗਤੀ ਕਰਨੀ ਬੜੀ ਕਠਿਨ ਹੈ। ਜੈਸੇ ‘ਗੁਰੂ ਜੀ ਦਸਦੇ ਹਨ:-
ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ॥ ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ॥ (ਆਸਾ ਮਹਲਾ ੩, ਪੰਨਾ ੪੪੦)
ਸੋ ਭਾਵੇਂ ਭਗਤੀ ਕਰਨੀ ਬੜੀ ਹੀ ਕਠਨ ਹੈ, ਪ੍ਰੰਤੂ ਭਗਤਾਂ ਨੇ ਭਗਤੀ ਕਰਨ ਸਮੇਂ ਨੂੰ ਦੁਖ ਵੀ ਸੁਖ ਕਰਕੇ ਹੀ ਜਾਣਿਆ ਹੈ-
ਦੁਖ ਵਿਚਿ ਸੂਖ ਮਨਾਈ॥
ਭਗਤੀ ਕਰਨ ਲਈ ਭਗਤ ਦੀ ਮੱਤ ਬੜੀ ਉੱਚੀ ਹੋਣ ਦੀ ਲੋੜ ਹੁੰਦੀ ਹੈ, ਜੈਸੇ ਇਕ ਕਵੀ ਜੀ ਲਿਖਦੇ ਹਨ :-
ਛਪੈ ” ਸਹਿਸ ਬਨਕ ਜਬ ਮਿਲੈ ਤਬੈ ਹੋਇ ਏਕੁ ਠਗਾਰਾ॥ ਸਹਿਸ ਠਗ ਜਬ ਮਿਲੈ ਤਬੈ ਹੋਇ ਏਕ ਸੁਨਾਰਾ॥ ਸਹਿਸ ਸੁਨਾਰ ਜਬ ਮਿਲੈ ਤਥੈ ਹੋਇ ਏਕ ਬੀਰ ਘਨ॥ ਸਹਿਸ ਬੀਰ ਘਨ ਮਿਲੈ ਤਥੈ ਹੋਇ ਏਕ ਬਿਚਖਣ॥ ਸਹਿਸ ਬਿਚਖਣ ਬੀਰ ਘਨ ਠਗ ਔ ਸ਼ਾਹਨਾਰ ਕੀ॥ ਏਤੀ ਬੁਧੀ ਜਬ ਮਿਲੈ ਤਬ ਹੋਇ ਭਗਤ ਕਰਤਾਰ ਕੀ॥” (ਸਾਖੀ ਪ੍ਰਮਾਣ)
ਇਨ੍ਹਾਂ ਉਪਰ ਲਿਖਿਆ ਲੋਕਾਂ ਦੀ ਅਕਲ ਵਧ ਤੋਂ ਵੱਧ ਦੱਸੀ ਹੈ, ਪਰ ਸਾਰਿਆਂ ਦੀ ਮਿਲਾ ਕੇ ਇਕ ਜਗ੍ਹਾ ਇਕੱਠੀ ਕਰ ਦਈਏ। ਸੋ ਜਿਤਨੀ ਇਕ ਜਗ੍ਹਾ ਹੋ ਜਾਵੇ ਕਰਤਾਰ ਦੀ ਭਗਤੀ ਕਰਨ ਲਈ ਉਤਨੀ ਬੁਧੀ ਦੀ ਲੋੜ ਹੈ। ਇਸ ਤੋਂ ਇਹ ਮਤਲਬ ਸਿੱਧ ਹੁੰਦਾ ਹੈ ਕਿ ਭਗਤਾਂ ਦੀ ਬੁਧ ਸਭ ਤੋਂ ਸਰੇਸ਼ਟ ਅਤੇ ਉੱਚੀ ਹੁੰਦੀ ਹੈ, ਦੁਨੀਆਂ ਦੀ ਬੁਧ ਉਨ੍ਹਾਂ ਨਾਲ ਕੋਈ ਵੀ ਨਹੀਂ ਰਲਦੀ। ਇਸ ਭਗਤੀ ਦੇ ਕਰਨ ਕਰਕੇ ਹੀ ਭਗਤ ਨੀਵੀਆਂ ਜਾਤਾਂ ਤੋਂ ਉਤਮ ਹੋ ਗਏ। ਜੈਸੇ ਗੁਰੂ ਜੀ ਦਸਦੇ ਹਨ:-
-ਜਾ ਕੇ ਕੁਟੰਬ ਕੇ ਢੇਢ ਸਭ ਦੌਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ॥
ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ॥ (ਮਲਾਰ ਰਵਿਦਾਸ ਜੀ, ਪੰਨਾ ੧੨੯੩)
–ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮ ਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥੧॥ ਰਹਾਉ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥
ਰਵਿਦਾਸ ਢੁਵੰਤਾ ਢੋਰ ਨੀਤ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ ੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੈ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥
(ਆਸਾ ਬਾਣੀ ਭਗਤ ਧੰਨੇ ਜੀ ਕੀ ਪੰਨਾ ੪੮੭)
ਭਗਤੀ ਦੇ ਪਰਤਾਪ ਕਰਕੇ ਹੀ ਭਗਤ ਉੱਚ ਪਦਵੀ ਨੂੰ ਪਰਾਪਤ ਹੋਏ, ਤੇ ਪਰਮਾਤਮਾਂ ਦੇ ਚਰਨਾਂ ਨਾਲ ਅਭੇਦ ਹੋ ਗਏ।
ਯਥਾ ਗੁਰਵਾਕ :-
ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ (ਗਉੜੀ ਸੁਖ: ਮ: ੫ ਪੰ ੨੭੮)
ਸੋ ਜਿਸ ਭਗਤੀ ਦੇ ਕਰਨ ਕਰਕੇ ਐਡੀ ਉੱਚ ਪਦਵੀ ਪਰਾਪਤ ਹੁੰਦੀ ਹੈ, ਸਾਨੂੰ ਵੀ ਉਸ ਭਗਤੀ ਨੂੰ ਜ਼ਰੂਰ ਕਰਨਾ ਚਾਹੀਏ, ਯਥਾ ਗੁਰਵਾਕ :-
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ
ਹਰਿ ਭਗਤਿ ਕਹਹੁ ਕਿਹ ਲੇਖੇ॥ ੧॥
(ਸੋਰਠਿ ਬਾਣੀ ਰਵਿਦਾਸ ਜੀ ਪੰ: ੬੫੮)
ਜੇ ਭਗਤੀ ਨਾ ਕਰਾਂਗੇ, ਤਾਂ ਸਾਡਾ ਜੀਉਣਾ ਤੇ ਦੁਨੀਆਂ ਤੇ ਆਉਣਾ, ਕਿਸੇ ਅਰਥ ਵੀ ਨਹੀਂ ਹੈ, ਤੇ ਰਾਜ ਕਾਜ ਭੀ ਕਿਸੇ ਅਰਥ ਨਹੀਂ ਹਨ।
