
-ਬੀਬੀ ਮਨਜੀਤ ਕੌਰ*
ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੋਕਾਈ ਦੇ ਭਲੇ ਹਿੱਤ ਧਰਮ ਪ੍ਰਚਾਰ ਦੇ ਦੌਰਿਆਂ ਦੌਰਾਨ ਵੱਖ-ਵੱਖ ਫਿਰਕੇ ਅਤੇ ਧਰਮ ਦੇ ਭਗਤ ਸਾਹਿਬਾਨ ਦੁਆਰਾ ਉਚਾਰੀ ਗਈ ਧੁਰ ਕੀ ਬਾਣੀ ਦਾ ਜੋ ਅਮੋਲਕ ਖ਼ਜ਼ਾਨਾ ਇਕੱਤਰ ਕੀਤਾ ਗਿਆ ਸੀ, ਉਸ ਖਜ਼ਾਨੇ ਨੂੰ ਹਰੇਕ ਗੁਰੂ ਸਾਹਿਬਾਨ ਨੇ ਆਪਣੇ ਗੁਰਿਆਈ-ਕਾਲ ਦੇ ਸਮੇਂ ਦੌਰਾਨ ਪਿਆਰ ਅਤੇ ਸਤਿਕਾਰ ਨਾਲ ਗੁਰਗੱਦੀ ਦੇ ਅਗਲੇ ਵਾਰਸ ਗੁਰੂ ਸਾਹਿਬਾਨ ਨੂੰ ਭੇਟ ਕੀਤਾ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਿਆਈ-ਕਾਲ ਦੌਰਾਨ ਇਸ ਬਾਣੀ ਦੇ ਖਜ਼ਾਨੇ ਨੂੰ ਪਹਿਲੇ 4 ਗੁਰੂ ਸਾਹਿਬਾਨ ਦੀ ਬਾਣੀ ਦੇ ਸਮੇਤ 11 ਭੱਟ ਸਾਹਿਬਾਨ ਦੀ ਬਾਣੀ, ਗੁਰੂ-ਘਰ ਦੇ ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ, ਉੱਥੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤ ਸਾਹਿਬਾਨ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ, ਜਿਨ੍ਹਾਂ ਵਿੱਚੋਂ ਬਹੁਤੇ ਭਗਤ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਹਨ, ਜਿੰਨਾ ਵਿਚ ਭਗਤ ਸ਼ੇਖ ਫਰੀਦ ਜੀ, ਭਗਤ ਕਬੀਰ ਜੀ, ਭਗਤ ਬੇਣੀ ਜੀ, ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਜੈ ਦੇਵ ਜੀ, ਭਗਤ ਰਾਮਾ ਨੰਦ ਜੀ, ਭਗਤ ਸੈਣ ਜੀ ਭਗਤ ਸਧਨਾ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਮ ਵਰਣਨਯੋਗ ਹਨ। ਇਨ੍ਹਾਂ ਭਗਤ ਸਾਹਿਬਾਨ ਵਿੱਚੋਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਦੀ ਬਾਣੀ ਦੇ ਕਾਫੀ ਵੱਡੇ ਆਕਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸ਼ਨ ਹੁੰਦੇ ਹਨ।
ਭਗਤ ਰਵਿਦਾਸ ਜੀ ਦੁਆਰਾ ਉਚਾਰੀ ਗਈ ਪਵਿੱਤਰ ਬਾਣੀ 14ਵੀਂ ਸਦੀ ਵਿਚ ਸਾਕਾਰ ਰੂਪ ਵਿਚ ਵਿਦਮਾਨ ਹੋਈ, ਭਗਤ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 16 ਰਾਗਾਂ ਵਿਚ ਦਰਜ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਰਾਗ– ਆਸਾ, ਸਿਰੀਰਾਗੁ, ਗਉੜੀ ਗੁਆਰੇਰੀ, ਗਉੜੀ ਬੈਰਾਗਣਿ, ਗਉੜੀ ਪੂਰਬੀ, ਬਿਲਾਵਲ , ਗੋਂਡ, ਗੂਜਰੀ, ਸੋਰਠਿ, ਧਨਾਸਰੀ, ਸੂਹੀ, ਰਾਮਕਲੀ, ਮਾਰੂ, ਮਲਾਰ, ਜੈਤਸਰੀ ਹਨ ।
ਆਪ ਜੀ ਨੇ ਆਪਣਾ ਸਮੁੱਚਾ ਜੀਵਨ ਬਾਹਰੀ ਦੁਨਿਆਵੀ ਕਾਰ-ਵਿਹਾਰ ਕਰਦਿਆਂ ਅਤੇ ਮਨ ਕਰਕੇ ਅਕਾਲ ਪੁਰਖ ਦੇ ਲੇਖੇ ਲਾਉਣ ਦਾ ਸੰਕਲਪ ਲਿਆ, ਜਿਸ ਨੂੰ ਆਪ ਜੀ ਨੇ ਕਹਿਣੀ ਅਤੇ ਕਥਨੀ ਦੇ ਤੱਥਾਂ ’ਤੇ ਪੂਰਾ ਉਤਾਰਿਆ, ਰਾਗ ਧਨਾਸਰੀ ਵਿਚ ਫੁਰਮਾਉਂਦੇ ਹਨ:
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥2॥1॥
( ਪੰਨਾ 694)
ਆਪ ਜੀ ਦੁਆਰਾ ਰਚਿਤ ਧੁਰ ਕੀ ਬਾਣੀ ਦੇ ਸ਼ਬਦਾਂ ਵਿੱਚੋਂ ਪਰਮਾਤਮਾ ਨਾਲ ਗੂੜ੍ਹੇ ਪਿਆਰ ਦੀ ਸਾਂਝ ਅਤੇ ਮਿਲਾਪ ਦੇ ਦਰਸ਼ਨ ਹੁੰਦੇ ਹਨ, ਧੁਰ ਕੀ ਬਾਣੀ ਦੁਆਰਾ ਆਪ ਜੀ ਅਕਾਲ ਪੁਰਖ ਨਾਲ ਅਭੇਦਤਾ ਦਾ ਵਰਣਨ ਸਿਰੀ ਰਾਗੁ ਵਿਚ ਅਤੇ ਰਾਗੁ ਸੋਰਠਿ ਵਿਚ ਇਸ ਤਰ੍ਹਾਂ ਕਰਦੇ ਹਨ:
-ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥ ਕਨਕ ਕਟਿਕ ਜਲ ਤਰੰਗ ਜੈਸਾ॥
(ਪੰਨਾ 93)
-ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ॥1॥
(ਪੰਨਾ 657)
ਭਗਤ ਰਵਿਦਾਸ ਜੀ ਨੇ ਮਾਤਾ ਕਲਸਾਂ ਦੇਵੀ (ਧੁਰਬਿਨੀਆ) ਜੀ ਦੀ ਕੁੱਖੋਂ ਪਿਤਾ ਸ੍ਰੀ ਰਾਘਵ ਜੀ (ਰਘੂ ਜੀ) ਜੀ ਦੇ ਘਰ ਕਾਂਸ਼ੀ ਨੇੜੇ ਮੰਡੂਆ ਡੀਹ ਪਿੰਡ ਵਿਚ ਮਾਘ ਸੁਦੀ ਪੁੰਨਿਆ ਮੁਤਾਬਿਕ ਸੰਨ 1378 ਨੂੰ ਜਨਮ ਲਿਆ। ਹਿੰਦੀ ਸਾਹਿਤ ਨਾਲ ਸੰਬੰਧਿਤ ਸ੍ਰੋਤਾਂ ਵਿਚ ਆਪ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਰਘੂ ਜੀ ਅਤੇ ਮਾਤਾ ਜੀ ਦਾ ਨਾਮ ਧੁਰਬਿਨੀਆ ਲਿਿਖਆ ਮਿਲਦਾ ਹੈ। ਅਕਾਲ ਪੁਰਖ ਦੇ ਇਹ ਪਰਮ-ਭਗਤ ਪ੍ਰੇਮ ਭਗਤੀ ਅਤੇ ਸਤ-ਸੰਤੋਖ ਦੇ ਅਖੁੱਟ ਧਨ ਨਾਲ ਮਾਲਾ-ਮਾਲ ਸਨ, ਕਿਉਂ ਕਿ ਸਤ ਤੇ ਸੰਤੋਖ ਅਤੇ ਨਿਮਰਤਾ ਜਿਹੇ ਮਹਾਨ ਗੁਣ ਸੰਤਾਂ, ਭਗਤਾਂ ਅਤੇ ਮਹਾਂਪੁਰਸ਼ਾਂ ਦੀ ਵਿਰਾਸਤ ਹੁੰਦੇ ਹਨ, ਇਸ ਕਰਕੇ ਆਪ ਜੀ ਤਿਆਗੀ ਸੁਭਾਅ ਅਤੇ ਕੋਮਲ ਚਿੱਤ ਦੇ ਮਾਲਕ ਸਨ। ਆਪ ਜੀ ਭਗਤ ਰਾਮਾਨੰਦ ਦੇ ਚੇਲੇ ਅਤੇ ਭਗਤ ਕਬੀਰ ਜੀ ਦੇ ਸਮਕਾਲੀ ਸਨ, ਨਿਰਛਲ ਭਗਤ ਬਿਰਤੀ ਦੇ ਹੋਣ ਕਰਕੇ ਆਪ ਜੀ ਨੇ ਸਾਰੀ ਲੋਕਾਈ ਦੀ ਅੰਤਰ-ਆਤਮਾ ਅੰਦਰ ਸਮਾਨਤਾ ਦੀ ਜੋਤ ਜਗਾਉਣ ਅਤ ਅਖੌਤੀ ਨੀਵੀਂ ਜਾਤੀ ਦੇ ਲੋਕਾਂ ਦੇ ਮਨਾ ਵਿੱਚੋਂ ਨੀਵੀਂ ਜਾਤ ਦੇ ਸਵਾਲ ਨੂੰ ਲੈ ਕੇ ਸ਼ਰਮਸਾਰ ਹੋਣ ਦੀ ਭਾਵਨਾ ਨੂੰ ਦੂਰ ਕਰਨ ਲਈ ਖੁਦ ਨੂੰ ਅਖੌਤੀ ਨੀਵੀਂ ਜਾਤ ਦਾ ਹੋਣ ਕਰਕੇ ਗੁਰਬਾਣੀ ਵਿਚ ਥਾਂ-ਥਾਂ ’ਤੇ ਆਪਣਾ ਪਰੀਚੈ ਦਿੱਤਾ। ਰਾਗ ਸੋਰਠਿ ਵਿਚ ਆਪ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ:
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥ (ਪੰਨਾ 659)
ਜਦੋਂ ਕੁਝ ਜਾਤ-ਅਭਿਮਾਨੀ ਪੰਡਿਤਾਂ ਨੇ ਜਾਤੀਵਾਦੀ ਹੰਕਾਰ ਕਰਕੇ ਭਗਤ ਰਵਿਦਾਸ ਜੀ ਨੂੰ ਅਖੌਤੀ ਛੋਟੀ ਜਾਤ ਦਾ ਕਹਿ ਕੇ ਆਪਣੇ ਨਾਲ ਇੱਕੋ ਪੰਗਤ ਵਿਚ ਬੈਠ ਕੇ ਨਾਲ ਪਰਸ਼ਾਦਾ ਛਕਣ ਤੋਂ ਇਨਕਾਰ ਕੀਤਾ ਤਾਂ ਭਗਤ ਜੀ ਨੇ ਰਾਗ ਮਲਾਰ ਵਿਚ ਇਹ ਪਵਿੱਤਰ ਸਬਦ ਉਚਾਰਨ ਕਰਕੇ ਉਨ੍ਹਾਂ ਨੂੰ ਸੋਝੀ ਦਿੱਤੀ:
ਨਾਗਰ ਜਨਾਂ ਮੇਰੀ ਜਾਤਿ ਬਿਿਖਆਤ ਚੰਮਾਰੰ॥
ਰਿਦੈ ਰਾਮ ਗੋਬਿੰਦ ਗੁਨ ਸਾਰੰ ॥1॥ਰਹਾਉ॥
ਸੁਰਸਰੀ ਸਲਲ ਕ਼੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨµ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨµ॥1॥
(ਪੰਨਾ 1293)
ਕਿ ਜਿਸ ਅਕਾਲ ਪੁਰਖ ਦੀ ਜੋਤ ਦਾ ਪ੍ਰਕਾਸ਼ ਇੱਕ ਅਖੌਤੀ ਚਮਾਰ ਅੰਦਰ ਹੈ, ਉਸੇ ਜੋਤ ਦਾ ਪ੍ਰਕਾਸ਼ ਹਰੇਕ ਵਰਗ ਅਤੇ ਜਾਤ ਦੇ ਇਨਸਾਨ ਦੇ ਹਿਰਦੇ ਅੰਦਰ ਹੈ, ਸਿਰਫ ਉਸ ਨੂੰ ਖੋਜਣ ਅਤੇ ਪਛਾਨਣ ਦੀ ਲੋੜ ਹੈ, ਜੋ ਨਿਮਾਣਿਆਂ ਨੂੰ ਮਾਣ ਬਖ਼ਸ਼ਦਾ ਹੈ ਅਤੇ ਗਰੀਬ ਨਿਵਾਜ਼ ਹੈ:
ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥1॥ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹਂØੀ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥1॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥2॥1॥
(ਪੰਨਾ 1106)
ਨਿਮਰਤਾ, ਸੇਵਾ ਅਤੇ ਪ੍ਰੇਮ ਭਗਤੀ ਦੇ ਮੁਜੱਸਮੇ ਭਗਤ ਰਵਿਦਾਸ ਜੀ ਦੇ ਮਹਾਨ ਗੁਣਾਂ ਦੀ ਖੁਸ਼ਬੋ ਨੇ ਜਿੱਥੇ ਦੂਰ-ਦੂਰ ਤਕ ਸੰਸਾਰ ਦੀ ਲੋਕਾਈ ਨੂੰ ਸੁਗੰਧਿਤ ਕੀਤਾ, ਉੱਥੇ ਆਪ ਜੀ ਦਇਆ ਅਤੇ ਤਿਆਗ ਦੀ ਬਹੁਤ ਵੱਡੀ ਮਿਸਾਲ ਸਨ, ਆਪ ਜੀ ਦੇ ਪਿਤਾ ਜੀ ਪਾਸ ਬਹੁਤ ਸਾਰੀ ਜਾਇਦਾਦ ਹੋਣ ਕਰਕੇ, ਭਗਤ ਰਵਿਦਾਸ ਜੀ ਹਰ ਇੱਕ ਚੀਜ਼ ਜੋ ਉਨ੍ਹਾਂ ਪਾਸ ਹੁੰਦੀ ਸਾਧਾਂ-ਸੰਤਾਂ ਦੀ ਭੇਟਾ ਕਰ ਆਉਂਦੇ, ਨਿਰਾਸ਼ਤਾ ਵੱਸ ਮਾਤਾ-ਪਿਤਾ ਨੇ ਆਪ ਜੀ ਦੀ ਸ਼ਾਦੀ ਕਰਨ ਤੋਂ ਬਾਅਦ ਆਪ ਜੀ ਨੂੰ ਅਲੱਗ ਕਰ ਦਿੱਤਾ, ਪਰ ਆਪ ਜੀ ਨੇ ਮਨ ਵਿਚ ਕੋਈ ਰੋਸ ਗਿਲਾ ਨਹੀਂ ਕੀਤਾ ਅਤੇ ਨਾ ਕੋਈ ਜ਼ਾਇਦਾਦ ਮੰਗੀ, ਨਾ ਮਾਤਾ ਪਿਤਾ ਨਾਲ ਨਰਾਜ਼ ਹੋਏ, ਨਾ ਕੋਈ ਉਲ੍ਹਾਮਾ ਦਿੱਤਾ, ਸਗੋਂ ਸ਼ਾਂਤ ਚਿੱਤ, ਵਾਹਿਗੁਰੂ ਦੀ ਰਜ਼ਾ ਨੂੰ ਪ੍ਰਵਾਨ ਕਰਦਿਆਂ ਹੋਇਆਂ, ਕੱਖਾਂ ਦੀ ਕੁੱਲੀ ਵਿਚ ਰਹਿ ਕੇ ਹੱਥੀਂ ਕੀਤੀ ਮਿਹਨਤ ਦੀ ਘਾਲ ਕਮਾਈ ਨਾਲ ਆਪਣਾ ਜੀਵਨ ਨਿਰਬਾਹ ਕੀਤਾ। ਆਪ ਜੀ ਵਾਹਿਗੁਰੂ ਨੂੰ ਵਿਸਾਰ ਕੇ, ਮਾਇਆ ਵਿਚ ਗਲਤਾਨ ਹੋਏ ਮਨੁਖ ਦੀ ਦਸ਼ਾ ਦਾ ਵਰਣਨ ਰਾਗ ਆਸਾ ਵਿਚ ਇਸ ਤਰ੍ਹਾਂ ਕਰਦੇ:
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥1॥ਰਹਾਉ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥1॥ (ਪੰਨਾ 487)
ਆਪ ਜੀ ਦੇ ਜੀਵਨ ਆਦਰਸ਼ ਗੁਰਮਤਿ ਦੀ ਕਸਵੱਟੀ ਦੇ ਪੂਰੇ-ਪੂਰੇ ਅਨਕੂਲ ਸਨ, ਜਿਸ ਵਿਚ ਵਿਚਰਦਿਆਂ ਆਪ ਜੀ ਨੇ ਇਨਸਾਨ ਨੂੰ ਆਪਣੇ ਹੱਥੀਂ ਸੱਚੀ-ਸੁੱਚੀ ਕਿਰਤ ਕਰਨ ਕਰਕੇ ਜੀਵਨ ਨਿਰਬਾਹ ਕਰਨ ਦਾ ਉਪਦੇਸ਼ ਦਿੱਤਾ ਕਿ ਵਾਹਿਗੁਰੂ ਦੇ ਬਖ਼ਸ਼ਿਸ਼ ਕੀਤੇ ਇਸ ਗ੍ਰਹਿਸਥੀ ਜੀਵਨ ਵਿਚ ਗ੍ਰਹਿਸਥ ਦੇ ਨਿਰਬਾਹ ਦੇ ਲਈ ਬਾਹਰੀ ਕਿਰਤ ਦੇ ਨਾਲ ਨਾਲ ਆਤਮਿਕ ਤ੍ਰਿਪਤੀ ਲਈ ਉਸ ਹਰਿ ਕੇ ਨਾਮ ਦੀ ਕਿਰਤ ਰੂਪੀ ਸੱੁਚੀ ਦੌਲਤ ਵੀ ਇਕੱਠੀ ਕੀਤੀ ਜਾਵੇ, ਜੋ ਹਰ ਸਮੇਂ ਨਾਲ ਨਿਭਣ ਵਾਲੀ ਅਖੁੱਟ ਦੌਲਤ ਹੈ ਕਿਉਂਕਿ:
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (ਪੰਨਾ 694)
ਆਪਣੀ ਬਾਣੀ ਵਿਚ ਪੇ੍ਰਮ ਭਗਤੀ ਅਤੇ ਵੈਰਾਗ ਦੇ ਨਾਲ ਨਾਲ ਮਨੱੁਖੀ ਜੀਵਨ ਦੀ ਅਸਲੀਅਤ ਭਗਤ ਰਵਿਦਾਸ ਜੀ ਇਸ ਤਰ੍ਹਾਂ ਸਮਝਾਉਂਦੇ ਹਨ:
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜਂØੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥1॥
ਪ੍ਰਾਨੀ ਕਿਆ ਮੇਰਾ ਕਿਆ ਤੇਰਾ॥ ਜੈਸੇ ਤਰਵਰ ਪੰਖਿ ਬਸੇਰਾ॥1॥
(ਪੰਨਾ 659)
ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਊੁਚ ਨੀਚ ਦੇ ਬੰਧਨਾਂ ਨੂੰ ਗੁਰਬਾਣੀ ਦੁਆਰਾ ਨਕਾਰਿਆ ਅਤੇ ਅਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਉਸ ਦੇ ਨਾਮ ਦੀ ਸੱਚੀ ਸਿਫਤ ਸਾਲਾਹ ਕਰਨ ਦਾ ਸੰਦੇਸ਼ ਦਿੱਤਾ, ਆਪ ਜੀ ਨੇ ਆਪਣੇ ਪਵਿੱਤਰ ਜੀਵਨ ਵਿਚ ਬਾਣੀ ਨੂੰ ਆਧਾਰ ਬਣਾ ਕੇ ਮਨੁੱਖੀ ਜੀਵਾਂ ਦਾ ਪਾਰ ਉਤਾਰਾ ਕੀਤਾ ਅਤੇ ਸੰਨ 1529 ਈ: ਵਿਚ ਚਿਤੌੜ ਵਿਖੇ ਜੋਤੀ-ਜੋਤ ਸਮਾ ਗਏ, ਚਿਤੌੜ ਵਿਖੇ ਆਪ ਜੀ ਦੀ ਯਾਦ ਵਿਚ ਯਾਦਗਾਰ ਸੁਸ਼ੋਭਿਤ ਹੈ।
* ਪਿੰਡ ਤੇ ਡਾਕ: ਲੱਖਪੁਰ, ਤਹਿ: ਫਗਵਾੜਾ, ਜ਼ਿਲ੍ਹਾ ਕਪੂਰਥਲਾ। ਮੋ: +9198156-14956