-ਡਾ. ਰਛਪਾਲ ਸਿੰਘ*
ਕਰਮ ਦੇ ਸ਼ਾਬਦਿਕ ਅਰਥ ਹਨ- ਕੰਮ, ਬਖ਼ਸ਼ਿਸ਼, ਉੱਦਮ, ਕਿਰਤ, ਕੋਸ਼ਿਸ ਆਦਿ। ਧਾਰਮਿਕ ਅਤੇ ਸੰਸਾਰਕ ਸਭ ਪ੍ਰਕਾਰ ਦੇ ਕੰਮਾਂ ਨੂੰ ‘ਕਰਮ’ ਦੀ ਸੰਗਿਆ ਦਿੱਤੀ ਜਾਂਦੀ ਹੈ। ਉਸ (ਆਤਮਿਕ) ‘ਕਰਮ’, ਜੋ ਮਨੁੱਖ ਕੇਵਲ ਦਿਖਾਵੇ ਮਾਤਰ ਹੀ ਕਰਦਾ ਹੈ ਅਤੇ ਉਹ ‘ਕਰਮ’ ਨਾਲ ਮਨੁੱਖ ਨੂੰ ਕੋਈ ਆਤਮਿਕ ਲਾਭ ਨਹੀਂ ਹੁੰਦਾ ਤਾਂ ਅਜਿਹੇ ਕੀਤੇ ‘ਕਰਮ’ ‘ਕਰਮ- ਕਾਂਡ’ ਦੀ ਸ਼੍ਰੇਣੀ ਵਿਚ ਆਉਂਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਸੰਧਿਆ, ਸ਼ਨਾਨ, ਜਪ, ਹਵਨ ਸੰਨਿਆਸ, ਮੰਤਰ, ਸਾਧਨ ਅਤੇ ਦੇਵ-ਪੂਜਾ ਆਦਿ ਖਟ ਕਰਮਾਂ ਦਾ ਜਿਕਰ ਗੁਰਮਤਿ ਮਾਰਤੰਡ ਵਿਚ ਕੀਤਾ ਹੈ।
ਮੱਧਕਾਲ ਵਿਚ ਅਜਿਹੇ ਕਰਮ-ਕਾਂਡਾਂ ਦੀ ਬੜੀ ਮਹਾਨਤਾ ਸੀ। ਪ੍ਰੋਹਤ ਵਰਗ ਵੱਲੋਂ ਅਜਿਹੇ ਕਰਮ-ਕਾਂਡਾਂ ਨੂੰ ਇਕ ਕਿੱਤਾ ਹੀ ਬਣਾ ਲਿਆ ਗਿਆ ਸੀ। ਗੁਰਬਾਣੀ ਵਿਚ ਇਹ ਲੌਕਿਕਤਾ ਨੂੰ ਅਗਰਭੂਮੀ ਵਿਚ ਰੱਖ ਕੇ, ਉਸ ਦੀ ਪਿੱਠ ਭੂਮੀ ਵਿਚ ਨਿਰੋਲ ਸਾਰਥਕ ਪਾਰਲੌਕਿਕ ਸੰਦੇਸ਼ ਪ੍ਰਦਾਨ ਕੀਤਾ ਗਿਆ ਹੈ। ਇਸੇ ਕਰਕੇ ਹੀ ਲੌਕਿਕ ਸੰਸਾਰ ਵਿਚ ਪ੍ਰਚਲਿਤ ਕਰਮ- ਕਾਂਡਾਂ ਦੀ ਪੇਸ਼ਕਾਰੀ ਗੁਰਬਾਣੀ ਵਿਚ ਵਿਸਤ੍ਰਿਤ ਪੱਧਰ ’ਤੇ ਹੋਈ ਹੈ, ਜਿਸ ਰਾਹੀਂ ਪ੍ਰਚਲਿਤ ਵਿਅਰਥ ਕਰਮ-ਕਾਂਡਾਂ ਦਾ ਖੰਡਨ ਕਰ ਕੇ, ਇਨ੍ਹਾਂ ਦੇ ਮੰਨਣ ਵਾਲਿਆਂ ਨੂੰ ਸਾਰਥਕ ਸੇਧ ਪ੍ਰਦਾਨ ਕੀਤੀ ਗਈ ਹੈ:
ਕਰਮ ਕਾਂਡ ਬਹੁ ਕਰਹਿ ਅਚਾਰ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥
ਬੰਧਨਿ ਬਾਧਿਓ ਮਾਇਆ ਫਾਸ॥ ਜਨ ਨਾਨਕ ਛੂਟੈ ਗੁਰ ਪਰਗਾਸ ॥(ਅੰਗ ੧੬੨)
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਪ੍ਰਸਤੁਤ ਹੋਏ ਅਜਿਹੇ ਕਰਮ-ਕਾਂਡਾਂ ਦਾ ਰੂਪਾਂਤਰਣ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ਅਰਥਾਤ ਨਿਰਾਰਥਕ ਕਰਮ-ਕਾਂਡਾਂ ਦੀ ਨਿਖੇਧੀ ਕਰ ਕੇ ਉਨ੍ਹਾਂ ਦੀ ਸਾਰਥਕਤਾ ਰੂਪਾਂਤਰਣ ਰੂਪ ਵਿਚ ਪੇਸ਼ ਕੀਤੀ ਗਈ ਹੈ।
ਭਗਤ ਰਵਿਦਾਸ ਜੀ ਅਨੁਸਾਰ ਪ੍ਰਭੂ-ਪੂਜਾ ਦਾ ਸੰਬੰਧ ਮਨ ਦੀ ਸ਼ੁੱਧਤਾ ਨਾਲ ਹੈ। ਜੇਕਰ ਮਨ ਦੀ ਭਾਵਨਾ ਸ਼ੁੱਧ ਨਹੀਂ ਤਾਂ ਬਾਹਰੀ ਵਿਖਾਵੇ ਖਾਤਰ ਕੀਤੀ ਗਈ ਪੂਜਾ ਵੀ ਕੋਈ ਅਰਥ ਨਹੀਂ ਰੱਖਦੀ:
ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ ਅਨੂਪੁ ਨ ਪਾਵਉ॥੧॥ ਰਹਾਉ॥
…ਤਨੁ ਮਨੁ ਅਰਪਉ ਪੂਜ ਚਰਾਵਉ॥ ਗੁਰ ਪ੍ਰਸਾਦਿ ਨਿਰੰਜਨੁ ਪਾਵਉ॥
(ਪੰਨਾ ੫੨੫)
ਪਰਮਾਤਮਾ ਨੇ ਹੀ ਸਾਰੇ ਮਨੁੱਖਾਂ ਨੂੰ ਪੈਦਾ ਕੀਤਾ ਹੈ । ਜਨਮ ਕਰਕੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੈ, ਸਗੋਂ ਮਨੁੱਖ ਆਪਣੇ ਕੀਤੇ ਹੋਏ ਮੰਦੇ-ਚੰਗੇ ਕਰਮਾਂ ਕਰਕੇ ਉੱਚਾ ਜਾਂ ਨੀਵਾਂ ਹੈ। ਬੇਸ਼ੱਕ ਗੁਰਮਤਿ ਵਿਚ ਤੀਰਥ-ਇਸ਼ਨਾਨ ਅਤੇ ਦੁਆਦਸ਼ੀ- ਥਿਤੀ ਆਦਿ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਪਰ ਜੇਕਰ ਕੋਈ ਅਠਾਹਠ ਤੀਰਥਾਂ ਦਾ ਇਸ਼ਨਾਨ ਅਤੇ ਦੁਆਦਸ਼ੀ-ਥਿੱਤੀ ਵਾਲੇ ਦਿਨ ਪੂਜਾ-ਪਾਠ ਕਿਸੇ ਅਧਿਆਤਮਿਕ ਲਾਭ ਨੂੰ ਲੈ ਕੇ ਕਰਦਾ ਹੈ ਤਾਂ ਅਜਿਹਾ ਕਰ ਕੇ ਵੀ ਜੇਕਰ ਉਸ ਦਾ ਮਨ ਸ਼ੁੱਧ ਨਹੀਂ ਹੁੰਦਾ ਅਤੇ ਦੂਜਿਆਂ ਦੀ ਨਿੰਦਿਆ ਕਰਦਾ ਹੈ ਤਾਂ ਉਸ ਦੁਆਰਾ ਕੀਤੇ ਹੋਏ ਅਜਿਹੇ ਸਾਰੇ ‘ਕਰਮ-ਕਾਂਡ’ ਦੀ ਸ਼੍ਰੇਣੀ ਵਿਚ ਆਉਣਗੇ, ਜੋ ਕਿ ਵਿਅਰਥ ਹਨ:
ਜੇ ਓਹੁ ਅਠਸਠਿ ਤੀਰਥ ਨਾਵੈ॥ ਜੇ ਓਹੁ ਦੁਆਦਸ ਸਿਲਾ ਪੂਜਾਵੈ॥ ਜੇ ਓਹੁ ਕੂਪ ਤਟਾ ਦੇਵਾਵੈ॥ ਕਰੈ ਨਿੰਦ ਸਭ ਬਿਰਥਾ ਜਾਵੈ॥
(ਪੰਨਾ ੮੭੫)
ਭਗਤ ਰਵਿਦਾਸ ਜੀ ਦੀ ਬਾਣੀ ਅਨੁਸਾਰ ਸਭ ਪ੍ਰਕਾਰ ਦੀ ਪੂਜਾ ਪ੍ਰਭੂ ਦੇ ਨਾਮ-ਸਿਮਰਨ ਵਿਚ ਹੀ ਹੈ।ਜੇਕਰ ਕੋਈ ਵਿਅਕਤੀ ਪਰਮੇਸ਼ਰ ਦਾ ਨਾਮ ਨਹੀਂ ਸਿਮਰਦਾ, ਪਰ ਬਾਹਰੋਂ ਦੁਨਿਆਵੀ ਤੌਰ ‘ਤੇ ਹੋਰ ਸਭ ਪ੍ਰਕਾਰ ਦੀਆਂ ‘ਪੂਜਾ’ ਕਰਦਾ ਹੈ, ਤਾਂ ਇਹ ਵੀ ਕਰਮ-ਕਾਂਡ ਹੀ ਮੰਨਿਆ ਜਾਏਗਾ :
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥
‘ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ॥(ਪੰਨਾ ੬੯੪)
ਪਰਮੇਸਰ ਦੇ ਨਾਮ ਦਾ ਨਸ਼ਾ ਹੀ ਸਭ ਤੋਂ ਉੱਤਮ ਹੈ। ਹੋਰ ਦੁਨਿਆਵੀ ਸਭ ਪ੍ਰਕਾਰ ਦੇ ਨਸ਼ੇ ਸਰੀਰ ਅਤੇ ਬੁੱਧੀ ਦਾ ਨਾਸ਼ ਕਰਦੇ ਹਨ। ਭਗਤ ਰਵਿਦਾਸ ਜੀ ਦੀ ਬਾਣੀ ਵਿਚ ਨਸ਼ਿਆਂ ਦਾ ਤਿਆਗ ਕਰਨ ਬਾਰੇ ਪ੍ਰੇਰਣਾ ਕਰ ਕੇ ਨਸ਼ਾ ਕਰਨ ਦੀ ਮਨਾਹੀ ਕੀਤੀ ਗਈ ਹੈ:
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥ (ਪੰਨਾ ੧੨੯੩)
ਪ੍ਰਭੂ-ਨਾਮ ਵਿਚ ਏਨੀ ਵੱਡੀ ਸਮਰਥਾ ਹੈ ਕਿ ਉਹ ਨੀਵੀਂ ਮੱਤ ਵਾਲਿਆਂ ਨੂੰ ਵੀ ਉੱਚੀ ਮੱਤ ਵਾਲਾ ਕਰ ਦਿੰਦਾ ਹੈ। ਪ੍ਰਭੂ-ਨਾਮ ਤੋਂ ਬਿਨਾਂ ਕੀਤੇ ਧਾਰਮਿਕ ਕਰਮ ਉਨ੍ਹਾਂ ਲੋਕਾਂ ਦੇ ਵੀ ਵਿਅਰਥ ਹੀ ਜਾਂਦੇ ਹਨ ਜੋ ਕਿ ਖ਼ੁਦ ਨੂੰ ਪੁਜਾਰੀ ਸ਼੍ਰੇਣੀ ਵਿਚ ਗਿਣਦੇ ਹਨ:
ਖਟ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥
ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥
(ਪੰਨਾ ੧੧੨੪)
ਕਿਰਤ ਕਰਦੇ ਹੋਏ ਪ੍ਰਭੂ-ਸਿਮਰਨ ਨਾਲ ਸੁਆਸ-ਸੁਆਸ ਮਨ ਜੋੜੀ ਰੱਖਣਾ, ਅੱਖਾਂ ਨਾਲ ਉਸ ਦੇ ਪਿਆਰਿਆਂ ਸੰਤਾਂ ਅਥਵਾ ਸਾਧ-ਸੰਗਤ ਦੇ ਦਰਸ਼ਨ ਕਰਨੇ, ਕੰਨਾਂ ਨਾਲ ਉਸ ਦੀ ਪਵਿੱਤਰ ਬਾਣੀ (ਉਪਦੇਸ਼) ਸੁਣਨੀ, ਸ਼ਹਿਦ ਦੀ ਮੱਖੀ ਵਾਂਗ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਹਟਾ ਕੇ ਰਾਮ-ਨਾਮ ਦੇ ਰਸ ਨੂੰ ਹਿਰਦੇ ਵਿਚ ਵਸਾਈ ਰੱਖਣਾ ਅਤੇ ਰਸਨਾ ਤੋਂ ਰੱਬੀ ਮਹਿਮਾ ਦੇ ਅੰਮ੍ਰਿਤਮਈ ਮਿੱਠੇ-ਮਿੱਠੇ ਬੋਲ ਉਚਾਰਨ ਕਰਨੇ ਪ੍ਰਭੂ-ਪ੍ਰਾਪਤੀ ਦਾ ਸਾਧਨ ਹਨ:
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਵਨ ਬਾਨੀ ਸੁਜਸੁ ਪੂਰਿ ਰਾਖਉ॥
ਮਨੁ ਸੁ ਮਧੂਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ॥
(ਪੰਨਾ ੬੯੪)
*ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ-੧੪੩੫੨੧, ਮੋ: ੯੮੫੫੮-੫੧੦੧੪
