126 views 13 secs 0 comments

ਭਲੇ ਅਮਰਦਾਸ ਗੁਣ ਤੇਰੇ

ਲੇਖ
May 15, 2025
ਭਲੇ ਅਮਰਦਾਸ ਗੁਣ ਤੇਰੇ

-ਪ੍ਰੋ. ਕਿਰਪਾਲ ਸਿੰਘ ਬਡੂੰਗਰ

ਸ੍ਰੀ ਗੁਰੂ ਅਮਰਦਾਸ ਜੀ ਅਤਿ ਸੀਲ ਸੁਭਾਅ, ਨਿਮਰਤਾ, ਸੇਵਾ ਭਾਵ, ਇਕ ਰਸ ਭਗਤੀ ਦੇ ਧਾਰਨੀ, ਮਨੱੁਖਤਾ ਦਾ ਭਲਾ ਸੋਚਣ ਵਾਲੇ ਤੇ ਗਰੀਬਾਂ ਦੁਖੀਆਂ ਲਈ ਅਥਾਹ ਹਮਦਰਦੀ ਰੱਖਣ ਵਾਲੇ, ਪਾਰਬ੍ਰਹਮ ਵਿਚ ਲੀਨ, ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਗੱਦੀ ’ਤੇ ਬਿਰਾਜਮਾਨ ਹੋਣ ਵਾਲੇ ਤੀਜੇ ਪਾਤਸ਼ਾਹ ਹਨ। ਆਪ ਦਾ ਪ੍ਰਕਾਸ਼ 5 ਮਈ, 1479 ਈ. ਨੂੰ ਬਾਸਰਕੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਚ ਬਾਬਾ ਤੇਜ ਭਾਨ ਤੇ ਮਾਤਾ ਸੁਲੱਖਣੀ ਜੀ ਦੇ ਘਰ ਹੋਇਆ। 1541 ਵਿਚ ਆਪ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿਚ ਆਏ ਤੇ ਲੱਗਭਗ 12 ਸਾਲ ਗੁਰੂ-ਘਰ ਵਿਚ ਰਹਿ ਕੇ ਅਣਥੱਕ ਸੇਵਾ ਕੀਤੀ। 1552 ਈ. ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਗੁਰਗੱਦੀ ’ਤੇ ਬਿਰਾਜਮਾਨ ਕੀਤਾ। ਭੱਲ ਭੱਟ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰੂ ਰੂਪ ਵਿਚ ਵਡਿਆਈ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ:
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ॥
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ॥
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ´ ਉਨਹ ਜੋੁ ਗਾਵੈ॥
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥     (ਪੰਨਾ 1396)
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਣ ਦੀ ਪ੍ਰਥਾ ਅਰੰਭ ਕਰ ਦਿੱਤੀ ਸੀ। ਸਿੱਖਾਂ ਨੇ ਗੁਰਮੁਖੀ ਅੱਖਰਾਂ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਗੁਰੂ ਦੇ ਸਿਧਾਂਤ ਅਤੇ ਗੁਰਬਾਣੀ ਦੀ ਮਹੱਤਤਾ ਨੂੰ ਦ੍ਰਿੜ੍ਹ ਕਰਵਾਇਆ ਹੈ। ਉਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਲਈ ਗੁਰਬਾਣੀ ਨੂੰ ਹੀ ਸਭ ਤੋਂ ਵੱਡਾ ਸਾਧਨ ਮੰਨਿਆ ਹੈ। ਆਪਣੀ ਬਾਣੀ ਵਿਚ ਗੁਰੂ ਜੀ ਨੇ ਸਿੱਖਾਂ ਨੂੰ ਵਾਰ-ਵਾਰ ਬਾਣੀ ਪੜ੍ਹਨ ਦੀ ਤਾਕੀਦ ਕੀਤੀ ਹੈ:
-ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਿਰ ਬਾਣੀ॥
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥          (ਪੰਨਾ 920)
-ਮਨ ਰੇ ਸਦਾ ਅਨੰਦੁ ਗੁਣ ਗਾਇ॥
ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ॥              (ਪੰਨਾ 36)
ਗੁਰੂ ਜੀ ਨੇ ਦੱਸਿਆ ਹੈ ਕਿ ਗੁਰਬਾਣੀ ਸਿਰਫ ਪਰਮਾਤਮਾ ਦਾ ਗਿਆਨ ਹੀ ਨਹੀਂ ਦਿੰਦੀ ਇਹ ਪ੍ਰਤੱਖ ਤੌਰ ’ਤੇ ਧਰਤੀ ਉੱਤੇ ਪਰਮਾਤਮਾ ਦਾ ਰੂਪ ਵੀ ਹੈ। ਗੁਰਬਾਣੀ ਨਾਲ ਮਨ ਜੋੜ ਲੈਣਾ ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣਾ ਹੀ ਹੈ। ਇਸ ਲਈ ਹੋਰ ਕੋਈ ਵੀ ਮਨੱੁਖੀ ਗੁਰੂ, ਬ੍ਰਾਹਮਣ, ਜੋਗੀ, ਮੁਰਸ਼ਦ ਪੀਰ, ਦੇਵੀ, ਦੇਵਤਾ ਤੇ ਅਵਤਾਰ ਪੈਗ਼ੰਬਰ ਗੁਰਬਾਣੀ ਦੇ ਤੁਲ ਨਹੀਂ ਹੈ। ਗੁਰਬਾਣੀ ਸਭ ਤੋਂ ਉੱਪਰ ਹੈ ਤੇ ਪੂਜਣ ਯੋਗ ਹੈ। ਗੁਰੂ ਜੀ ਦਾ ਫੁਰਮਾਨ ਹੈ:
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥           (ਪੰਨਾ 515)
ਪੁਰਾਤਨ ਕਾਲ ਤੋਂ ਹੀ ਸਾਰੀ ਦੁਨੀਆ ਵਿਚ ਇਸਤਰੀ ਦਾ ਦਰਜਾ ਮਰਦ ਤੋਂ ਘੱਟ ਸਮਝਿਆ ਜਾਂਦਾ ਰਿਹਾ ਹੈ। ਸਿਰਫ਼ ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ ਜਿਸ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਸਤਰੀ ਜਾਤੀ ਦੇ ਹੱਕ ਵਿਚ ਅਵਾਜ਼ ਉਠਾਈ ਅਤੇ ਇਸਤਰੀ ਨੂੰ ਬੁਰਾ ਸਮਝਣ ਦਾ ਖੰਡਨ ਕੀਤਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਧਰਮ ਪਤਨੀ ਮਾਤਾ ਖੀਵੀ ਜੀ ਨੂੰ ਲੰਗਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਇਸਤਰੀ ਜਾਤੀ ਦੇ ਉਥਾਨ ਲਈ ਕਈ ਠੋਸ ਯਤਨ ਕੀਤੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪਰਦੇ ਦੀ ਰਸਮ ਨੂੰ ਖਤਮ ਕੀਤਾ। ਗੁਰੂ ਜੀ ਦੇ ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਹੁਕਮ ਸੀ। ਇਸ ਨਾਲ ਉਨ੍ਹਾਂ ਨੂੰ ਅਜ਼ਾਦੀ ਨਾਲ ਸੰਗਤ ਵਿਚ ਵਿਚਰ ਕੇ ਸੇਵਾ ਆਦਿ ਕਰਨ ਦੀ ਖੱੁਲ੍ਹ ਮਿਲ ਗਈ ਸੀ। ਉਸ ਵੇਲੇ ਵਿਧਵਾ ਇਸਤਰੀ ਦਾ ਦੁਬਾਰਾ ਵਿਆਹ ਨਹੀਂ ਸੀ ਕੀਤਾ ਜਾਂਦਾ ਪਰ ਮਰਦ ਕਰਵਾ ਸਕਦਾ ਸੀ। ਗੁਰੂ ਜੀ ਨੇ ਵਿਧਵਾ ਇਸਤਰੀਆਂ ਦਾ ਵਿਆਹ ਕਰਨ ਦੀ ਰੀਤ ਦਾ ਅਰੰਭ ਕੀਤਾ। ਸਤੀ ਦੀ ਪ੍ਰਥਾ ਵੀ ਇਸਤਰੀ ਜਾਤੀ ਲਈ ਵੱਡੀ ਲਾਹਨਤ ਸੀ। ਬਹੁਤੀ ਵਾਰ ਇਸਤਰੀ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨੂੰ ਮੱਲੋ-ਜ਼ੋਰੀ ਪਤੀ ਦੇ ਨਾਲ ਸੜਨ ਲਈ ਜਿਊਂਦੀ ਨੂੰ ਹੀ ਅੱਗ ਵਿਚ ਸੁੱਟ ਦਿੱਤਾ ਜਾਂਦਾ ਸੀ। ਗੁਰੂ ਜੀ ਨੇ ਸਤੀ ਦੀ ਰਸਮ ਨੂੰ ਵੀ ਬੰਦ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਅਜਿਹੀਆਂ ਇਸਤਰੀਆਂ ਨੂੰ ਸਤੀਆਂ ਨਹੀਂ ਮੰਨਿਆ। ਅਸਲ ਸਤੀ ਦਾ ਸਰੂਪ ਗੁਰੂ ਜੀ ਨੇ ਬਾਣੀ ਵਿਚ ਇਸ ਤਰ੍ਹਾਂ ਦੱਸਿਆ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥1॥
ਮ:3॥ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਾਲੰਨਿ੍॥                (ਪੰਨਾ 787)
ਸ੍ਰੀ ਗੁਰੂ ਅਮਰਦਾਸ ਜੀ ਨੇ ਸੇਵਕ ਰੂਪ ਵਿਚ ਆਪ ਲੰਮਾ ਸਮਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਸੀ। ਉਨ੍ਹਾਂ ਨੇ ਆਪਣੀ ਬਾਣੀ ਵਿਚ ਗੁਰੂ ਦੀ ਸੇਵਾ ਕਰਨ ’ਤੇ ਬਹੁਤ ਜ਼ੋਰ ਦਿੱਤਾ ਹੈ। ਗੁਰੂ ਜੀ ਅਨੁਸਾਰ ਗੁਰੂ ਦੀ ਸੇਵਾ ਨਾਲ ਹੀ ਹਿਰਦਾ ਸ਼ੱੁਧ ਹੁੰਦਾ ਹੈ, ਹਉਮੈਂ ਦੂਰ ਹੁੰਦੀ ਹੈ ਤੇ ਪਰਮਾਤਮਾ ਦਾ ਨਾਮ ਮਨ ਵਿਚ ਵਸਦਾ ਹੈ। ਜੇ ਕੋਈ ਵੀ ਚਿਤ ਲਾ ਕੇ ਗੁਰੂ ਦੀ ਸੇਵਾ ਕਰੇਗਾ ਉਸ ਨੂੰ ਅਧਿਆਤਮ ਵਿਚ ਨਿਸਚੇ ਹੀ ਸਫਲਤਾ ਮਿਲੇਗੀ। ਗੁਰੂ ਜੀ ਫੁਰਮਾਉਂਦੇ ਹਨ:
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥              (ਪੰਨਾ 644)
 ਗੁਰੂ ਇਸ ਸੰਸਾਰ ਦਾ ਭਲਾ ਕਰਨ ਵਾਲਾ ਤੇ ਗਿਆਨ ਦੇਣ ਵਾਲਾ ਹੈ। ਗੁਰੂ ਤੋਂ ਬਿਨਾਂ ਜੀਵ ਪਰਮਾਤਮਾ ਨੂੰ ਨਹੀਂ ਪਾ ਸਕਦਾ, ਉਸ ਦੀ ਮੁਕਤੀ ਨਹੀਂ ਹੋ ਸਕਦੀ। ਜੀਵ ਦੇ ਸਾਰੇ ਦੁੱਖਾਂ ਦਾ ਦਾਰੂ ਤੇ ਮੁਕਤੀ ਦਾ ਦਾਤਾ ਗੁਰੂ ਹੀ ਹੈ। ਗੁਰੂ ਤੋਂ ਬੇਮੁਖ ਹੋ ਜਾਣ ਵਾਲੇ ਤੇ ਗੁਰੂ ਦੇ ਮਹੱਤਵ ਨੂੰ ਨਾ ਸਮਝਣ ਵਾਲੇ ਜੀਵਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਸਖ਼ਤ ਤਾੜਨਾ ਕੀਤੀ ਹੈ:
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ॥
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ॥
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ॥                      (ਪੰਨਾ 30)
ਇਹ ਸੰਸਾਰ ਆਦਿ ਕਾਲ ਤੋਂ ਹੀ ਨੇਕੀ ਤੇ ਬਦੀ ਦਾ ਖੇਤਰ ਰਿਹਾ ਹੈ। ਨੇਕੀ  ਤੇ ਬਦੀ ਦੇ ਵਿਚਾਰ ਨੂੰ ਮੱੁਖ ਰੱਖਦੇ ਹੋਏ ਗੁਰਮਤਿ ਵਿਚ ਦੋ ਪ੍ਰਕਾਰ ਦੇ ਮਨੱੁਖ ਮੰਨੇ ਗਏ ਹਨ। ਇਕ ਨੇਕੀ ਦੀ ਪ੍ਰਤੀਨਿਧਤਾ ਕਰਦੇ ਹਨ, ਇਹ ਗੁਰੂ ਦੀ ਆਗਿਆ ਵਿਚ ਰਹਿੰਦੇ ਹਨ’ ਇਨ੍ਹਾਂ ਨੂੰ ਗੁਰਮੁਖ ਕਿਹਾ ਗਿਆ ਹੈ। ਦੂਜੇ ਬਦੀ ਦਾ ਪ੍ਰਤੀਕ ਹਨ ਇਹ ਆਪਣੇ ਮਨ ਦੇ ਆਖੇ ਚੱਲਦੇ ਹਨ ਇਸ ਲਈ ‘ਮਨਮੁਖ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮੁਖ ਅਤੇ ਮਨਮੁਖ ਦੋਵਾਂ ਦੇ ਚਰਿੱਤਰਾਂ ਵਿਚ ਅੰਤਰ ਨੂੰ ਬੜੀ ਸਪੱਸ਼ਟਤਾ ਨਾਲ ਦਰਸਾਇਆ ਹੈ ਅਤੇ ਦੋਵਾਂ ਦੇ ਵੇਰਵੇ ਸਹਿਤ ਲੱਛਣ ਵਰਣਨ ਕੀਤੇ ਹਨ। ਗੁਰਮੁਖ ਸਦਾ ਗੁਰੂ ਦੀ ਦਿੱਤੀ ਅੰਮ੍ਰਿਤ ਬਾਣੀ ਬੋਲਦੇ ਹਨ, ਉਹ ਸਭ ਦੇ ਅੰਦਰ ਪਰਮਾਤਮਾ ਦੀ ਹੋਂਦ ਸਮਝਦੇ ਹਨ। ਉਨ੍ਹਾਂ ਦੇ ਜੀਵਨ ਦਾ ਆਧਾਰ ਸੱਚ ਹੁੰਦਾ ਹੈ। ਉਹ ਆਪਣਾ ਜਨਮ ਸੰਵਾਰਦੇ ਹਨ, ਆਪਣੀ ਕੁਲ ਨੂੰ ਵੀ ਤਾਰਦੇ ਹਨ। ਗੁਰਮੁਖ ਪਰਮਾਤਮਾ ਨਾਲ ਮਿਲੇ ਹੋਣ ਕਰਕੇ ਕਦੇ ਬੁੱਢੇ ਨਹੀਂ ਹੁੰਦੇ। ਗੁਰੂ ਜੀ ਨੇ ਫੁਰਮਾਇਆ ਹੈ:
-ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ॥
ਏਕੋ ਸੇਵਨਿ ਏਕੁ ਅਰਾਧਹਿ ਗੁਰਮੁਖਿ ਅਕਥ ਕਹਾਣੀ॥    (ਪੰਨਾ 69)
-ਗੁਰਮੁਖਿ ਹਰਿ ਦਰਿ ਸੋਭਾ ਪਾਏ॥ ਗੁਰਮੁਖਿ ਵਿਚਹੁ ਆਪੁ ਗਵਾਏ॥
ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ॥     (ਪੰਨਾ 125)
-ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ॥ ਗੁਰਮੁਖਿ ਸਚੁ ਕਮਾਵੈ ਕਰਣੀ॥
ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ॥        (ਪੰਨਾ 1058)
-ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਾ ਅੰਤਰਿ ਸੁਰਤਿ ਗਿਆਨੁ॥     (ਪੰਨਾ 1418)
ਮਨਮੁਖ ਦਾ ਕਿਰਦਾਰ ਗੁਰਮੁਖ ਤੋਂ ਉਲਟ ਹੁੰਦਾ ਹੈ। ਗੁਰਮੁਖ ਗੁਰੂ ਦੀ ਸ਼ਰਨ ਵਿਚ ਰਹਿੰਦਾ ਹੈ। ਮਨਮੁਖ ਗੁਰੂ ਤੋਂ ਬੇਮੁਖ ਹੁੰਦਾ ਹੈ। ਮਨਮੁਖ ਦੇ ਮਨ ਵਿਚ ਦੁਰਮਤਿ ਤੇ ਅਹੰਕਾਰ ਭਰਿਆ ਹੁੰਦਾ ਹੈ। ਉਹ ਸਦਾ ਕੂੜ ਕੁਸੱਤ ਨੂੰ ਹੀ ਮੁੱਖ ਰੱਖਦਾ ਹੈ ਇਸ ਲਈ ਜੀਵਨ ਦੇ ਉਦੇਸ਼ ਨੂੰ ਭੁੱਲ ਕੇ ਕੁਰਾਹੇ ਭਟਕਦਾ ਰਹਿੰਦਾ ਹੈ। ਮਨਮੁਖ ਦੂਜਿਆਂ ਨੂੰ ਕੌੜਾ ਬੋਲਦਾ ਹੈ। ਮਨਮੁਖ ਬਹੁਤ ਕਠੋਰ-ਚਿਤ ਹੁੰਦਾ ਹੈ ਉਸ ਦਾ ਕੋਈ ਕਿੰਨਾ ਭਲਾ ਕਰੇ ਉਸ ਦੇ ਅੰਦਰੋਂ ਜ਼ਹਿਰ ਖਤਮ ਨਹੀਂ ਹੁੰਦੀ। ਮਨਮੁਖ ਆਪਣੇ ਆਪ ਨੂੰ ਬਹੁਤ ਚੰਗਾ ਸਮਝਦਾ ਹੈ, ਗੱਲਾਂ ਬਹੁਤ ਕਰਦਾ ਹੈ ਪਰ ਉਸ ਦੇ ਜੀਵਨ ਵਿਚ ਚੰਗਿਆਈ ਤੇ ਅਮਲ ਨਹੀਂ ਹੁੰਦਾ। ਮਨਮੁਖ ਨੂੰ ਬਾਣੀ ਦਾ ਗਿਆਨ ਨਹੀਂ ਹੁੰਦਾ ਨਾ ਉਨ੍ਹਾਂ ਨੂੰ ਗੁਰੂ ਦੇ ਬਚਨ ’ਤੇ ਵਿਸ਼ਵਾਸ ਹੁੰਦਾ ਹੈ। ਗੁਰੂ ਜੀ ਨੇ ਇਸ ਤਰ੍ਹਾਂ ਫੁਰਮਾਇਆ ਹੈ:
-ਗੁਰਮੁਖਿ ਸੁਖੀਆ ਮਨਮੁਖਿ ਦੁਖੀਆ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ॥
(ਪੰਨਾ 131)
-ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ॥ ਅੰਤਰਿ ਕ੍ਰੋਧੁ ਜੂਐ ਮਤਿ ਹਾਰੀ॥
ਕੂੜੁ ਕੁਸਤੁ ਓਹੁ ਪਾਪ ਕਮਾਵੈ॥ ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ॥
(ਪੰਨਾ 314)
-ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ॥ (ਪੰਨਾ 508)
-ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਿਤ ਕਠੋਰ॥ 
ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ॥ (ਪੰਨਾ 755)
-ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ॥
ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ॥
ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ॥ (ਪੰਨਾ 1415)
ਮਨੱੁਖ ਦਾ ਰਿਸ਼ਤਾ ਪਰਮਾਤਮਾ ਨਾਲ ਜੋੜਨ ਲਈ ਗੁਰਬਾਣੀ ਵਿਚ ਸ਼ਬਦ ਗੁਰੂ ਦੇ ਮਹੱਤਵ ਨੂੰ ਪ੍ਰਗਟ ਕੀਤਾ ਗਿਆ ਹੈ। ਗੁਰਬਾਣੀ ਵਿਚ ਥਾਂ-ਥਾਂ ਸਿੱਖਾਂ ਨੂੰ ਸ਼ਬਦ ਨਾਲ ਹੀ ਜੁੜਨ ਦਾ ਉਪਦੇਸ਼ ਕੀਤਾ ਗਿਆ ਹੈ। ਅੱਜ ਵਾਂਗ ਉਸ ਸਮੇਂ ਵੀ ਕਈ ਦੰਭੀ ਲੋਕ ਵਡਿਆਈ ਕਰਵਾਉਣ ਲਈ ਆਪਣੇ ਆਪ ਨੂੰ ਗੁਰੂ ਸਦਾਉਂਦੇ ਸਨ। ਉਨ੍ਹਾਂ ਦੇ ਚੇਲੇ ਵੀ ਲੋਕਾਂ ਨੂੰ ਭਰਮਾਉਣ ਲਈ ਗੁਰੂ ਦੀ ਵਡਿਆਈ ਬਾਰੇ ਕੂੜ ਕਹਾਣੀਆਂ ਜੋੜ-ਜੋੜ ਕੇ ਲੋਕਾਂ ਨੂੰ ਸੁਣਾਉਂਦੇ ਸਨ। ਅੱਜ ਵੀ ਕਈ ਅਜਿਹੇ ਡੇਰੇਦਾਰ ਹਨ ਜੋ ਸਿੱਖ ਇਤਿਹਾਸ ਨੂੰ ਵਿਗਾੜ ਕੇ ਆਪਣੇ ਆਪ ਨੂੰ ਗੁਰੂ ਸਿੱਧ ਕਰਨ ਦਾ ਯਤਨ ਕਰਦੇ ਹਨ। ਅਜਿਹੇ ਗੁਰੂਆਂ ਦੇ ਚੇਲੇ ਕੁਝ ਕੁ ਧਨ ਦੇ ਬਦਲੇ ਉਨ੍ਹਾਂ ਦਾ ਝੂਠਾ ਪ੍ਰਚਾਰ ਕਰਦੇ  ਰਹਿੰਦੇ ਹਨ। ਅਜਿਹੇ ਦੰਭੀ ਗੁਰੂ ਤੇ ਉਨ੍ਹਾਂ ਦੇ ਸਿੱਖ ਗਿਆਨਹੀਣ ਹੁੰਦੇ ਹਨ, ਉਹ ਅਕਾਲ ਪੁਰਖ ਦੇ ਹੁਕਮ ਅੱਗੇ ਸਿਰ ਝੁਕਾਉਣ ਦੀ ਥਾਂ ਆਪਣੀ ਭੁੱਖ ਪੂਰੀ ਕਰਨ ਲਈ ਪਾਖੰਡ ਕਰਦੇ ਹਨ ਤੇ ਝੂਠ ’ਤੇ ਝੂਠ ਬੋਲਦੇ ਰਹਿੰਦੇ ਹਨ। ਗੁਰੂ ਜੀ ਨੇ ਅਜਿਹੇ ਗੁਰੂਆਂ ਤੇ ਸਿੱਖਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਫੁਰਮਾਇਆ ਹੈ:
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ॥ (ਪੰਨਾ 951)
ਗੁਰੂ ਸਾਹਿਬਾਨ ਨੇ ਮਨੁੱਖ ਨੂੰ ਨਿਰੋਲ ਸੱਚ ਦਾ ਗਿਆਨ ਦ੍ਰਿੜ੍ਹ ਕਰਵਾਇਆ ਹੈ। ਗੁਰਮਤਿ ਅਨੁਸਾਰ ਗੁਰ-ਪਰਮੇਸਰ ਮਨੁੱਖ ਦੇ ਮਨ ਵਿਚ ਹੀ ਵੱਸਦਾ ਹੈ। ਉਸ ਦੀ ਪ੍ਰਾਪਤੀ ਲਈ ਬਾਹਰ ਭਟਕਣ ਦੀ ਜਾਂ ਪਾਖੰਡੀ ਲੋਕਾਂ ਦੀ ਮੁਹਤਾਜੀ ਕਰਨ ਦੀ ਲੋੜ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਨੇ ਫੁਰਮਾਇਆ ਹੈ ਕਿ ਸਭ ਦਾ ਮੂਲ ਪਰਮਾਤਮਾ ਹੈ। ਮਨ ਆਪਣੇ ਮੂਲ ਨੂੰ ਪਛਾਣ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਬਾਹਰੀ ਜਗਤ ਵਿਚ ਭਾਲ ਕਰਨ ਦੀ ਥਾਂ ਮਨੱੁਖ ਨੂੰ ਆਪਣੇ ਅੰਦਰ ਝਾਤੀ ਮਾਰਨੀ ਤੇ ਸੁਰਤ ਟਿਕਾਉਣੀ ਚਾਹੀਦੀ ਹੈ। ਹਰੀ-ਪ੍ਰਭੂ ਸਦਾ ਹੀ ਮਨ ਦੇ ਨਾਲ-ਨਾਲ ਹੁੰਦਾ ਹੈ। ਮਨੱੁਖ ਉਸ ਦੀ ਹੋਂਦ ਦਾ ਅਨੰਦ ਆਪਣੇ ਅੰਦਰ ਹੀ ਮਾਣ ਸਕਦਾ ਹੈ। ਗੁਰੂ ਜੀ ਨੇ ਇਸ ਮਹਾਂਵਾਕ ਰਾਹੀਂ ਇਹ ਸੋਝੀ ਦਿੱਤੀ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ (ਪੰਨਾ 441)
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਕੇ ਲੰਗਰ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਨੇ ‘ਪਹਿਲੇ ਪੰਗਤ ਪਾਛੇ ਸੰਗਤ’ ਦੀ ਮਰਿਆਦਾ ਸਥਾਪਿਤ ਕੀਤੀ। ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪੈਂਦਾ ਸੀ। ਗੁਰੂ ਜੀ ਦਾ ਆਸ਼ਾ ਸਭ ਨੂੰ ਇਕ ਪੰਗਤ ਵਿਚ ਲੰਗਰ ਛਕਾ ਕੇ ਜਾਤ-ਪਾਤ ਅਤੇ ਛੂਤ-ਛਾਤ ਦੀ ਭਾਵਨਾ ਸੰਗਤ ਵਿੱਚੋਂ ਖਤਮ ਕਰਨਾ ਸੀ। ਗੁਰੂ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਤਿਆਰ ਕਰਵਾਈ। ਇਸ ਵਿਚ ਇਸ਼ਨਾਨ ਕਰਨ ਦੀ ਸਭ ਨੂੰ ਖੁਲ੍ਹ ਸੀ। ਇਸ ਤਰ੍ਹਾਂ ਗੁਰੂ ਜੀ ਨੇ ਮਨੁੱਖੀ ਏਕਤਾ ਤੇ ਭਾਈਚਾਰੇ ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਹੀ ਨਵਾਂ ਨਗਰ ਗੁਰੂ ਕਾ ਚੱਕ (ਸ੍ਰੀ ਅੰਮ੍ਰਿਤਸਰ) ਵਸਾਇਆ ਸੀ। ਇਹ ਅਸਥਾਨ ਅੱਜ ਸਿੱਖ ਧਰਮ ਦਾ ਮੁੱਖ ਕੇਂਦਰ ਹੈ। ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਚੋਣਵੇਂ ਸਿੱਖਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਨੇ ਦੂਰ-ਦੁਰਾਡੇ ਇਲਾਕਿਆਂ ਵਿਚ ਸਿੱਖੀ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਹਿਤ 22 ਮੰਜੀਆਂ ਸਥਾਪਿਤ ਕੀਤੀਆਂ। ਗੁਰੂ ਜੀ ਨੇ ਆਪਣੇ ਦੋ ਪੁੱਤਰਾਂ– ਮੋਹਨ ਜੀ ਤੇ ਮੋਹਰੀ ਜੀ ਦੀ ਥਾਂ ਆਪਣੇ ਸੁਹਿਰਦ  ਸਿੱਖ ਸ੍ਰੀ (ਗੁਰੂ) ਰਾਮਦਾਸ ਜੀ ਜੋ ਰਿਸ਼ਤੇ ਵਿਚ ਆਪ ਦੇ ਦਾਮਾਦ ਲੱਗਦੇ ਸਨ ਅਤੇ ਬੀਬੀ ਭਾਨੀ ਦੇ ਪਤੀ ਸਨ, ਨੂੰ ਗੁਰਗੱਦੀ ’ਤੇ ਬਿਰਾਜਮਾਨ ਕੀਤਾ। 1 ਸਤੰਬਰ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਜੋਤਿ-ਜੋਤ ਸਮਾ ਗਏ।
*ਸਾਬਕਾ ਪ੍ਰਧਾਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋ: +9199158-05100