
ਅੱਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋਤੀ ਜੋਤਿ ਪੁਰਬ ‘ਤੇ
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰ ਤਖਤ ਬਖਸ਼ਣ ਤੋੰ ਬਾਅਦ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਖੁਲ੍ਹੇ ਥਾਂ ਦੀਵਾਨ ਲਗਾਇਆ। ਸਰੀਰਕ ਰੂਪ ਚ ਪਾਤਸ਼ਾਹ ਦਾ ਏਹ ਆਖ਼ਰੀ ਦੀਵਾਨ ਸੀ। ਗੁਰਤਾ ਸਮੇੰ ‘ਤੇ ਇਸ ਆਖਰੀ ਦੀਵਾਨ ‘ਚ ਤੀਜੇ ਗੁਰਦੇਵ ਜੀ ਨੇ ਜੋ ਬਚਨ ਕਹੇ ਉਹ ਸਤਿਗੁਰੂ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਦੋ ਵਿਸਥਾਰ ਨਾਲ ਲਿਖ ਲਏ ਜੋ ਕਿ ‘ਸਦ ਬਾਣੀ’ ਦੇ ਸਿਰਲੇਖ ਹੇਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ।
ਬਾਬਾ ਸੁੰਦਰ ਜੀ ਦਸਦੇ ਆ ਕਿ ਸਤਿਗੁਰਾਂ ਨੇ ਸਾਰੀ ਸੰਗਤ ਨੂੰ, ਆਪਣੇ ਪਰਿਵਾਰ ਨੂੰ, ਸਾਕ ਸੰਬੰਧੀਆਂ ਤੇ ਪੁੱਤਰਾਂ ਨੂੰ ਬੁਲਾਇਆ, ਹੁਕਮ ਸੁਣ ਸਾਰੇ ਆਏ। ਪਾਤਸ਼ਾਹ ਨੇ ਬਚਨ ਕਹੇ, ਸਾਨੂੰ ਅਕਾਲ ਪੁਰਖ ਵੱਲੋਂ ਸੱਦਾ ਆ ਗਿਆ ਹੈ, ਅਸੀਂ ਹੁਣ ਅਕਾਲ ਪੁਰਖ ਕੋਲ ਚਲੇ ਜਾਣਾ ਹੈ, ਇਹ ਉਸ ਹਰੀ ਦਾ ਹੀ ਹੁਕਮ ਹੈ ਤੇ ਉਸ ਦਾ ਭਾਣਾ ਸਾਨੂੰ ਪਿਆਰਾ ਲਗਦਾ ਹੈ। ਵੈਸੇ ਵੀ ਮਾਲਕ ਦਾ ਦਰਗਾਹੀ ਹੁਕਮ ਐਸਾ ਅੱਟਲ ਹੈ ਜਿਸ ਨੂੰ ਮੋੜਿਆ ਨਹੀਂ ਸਕਦਾ।
ਦੂਸਰੀ ਗੱਲ ਤੁਸੀਂ ਕਿਸੇ ਨੇ ਵੀ ਸਾਡੇ ਜਾਣ ਤੋਂ ਬਾਅਦ ਰੋਣਾ ਨਹੀਂ, ਜਿਹੜਾ ਕੋਈ ਰੋਊਗਾ, ਉਹ ਸਾਨੂੰ ਚੰਗਾ ਨਹੀਂ ਲੱਗਣਾ।
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
ਧੀਰਜ ਰੱਖਣ ਲਈ ਸਮਝਉਂਦਿਆਂ ਉਦਾਹਰਨ ਦਿੱਤੀ ਕਿ ਜਿਵੇੰ ਇੱਕ ਮਿੱਤਰ ਨੂੰ ਬੜਾ ਮਾਣ ਸਨਮਾਨ ਮਿਲ ਰਿਹਾ ਹੋਵੇ ਤਾਂ ਉਹਦਾ ਦੂਜਾ ਮਿੱਤਰ ਵੇਖ ਵੇਖ ਖ਼ੁਸ਼ ਹੁੰਦਾ ਹੈ ਕਿ ਮੇਰੇ ਮਿੱਤਰ ਦੀ ਵਡਿਆਈ ਹੋ ਰਹੀ ਹੈ ਏਦਾ ਈ ਅਕਾਲ ਪੁਰਖ ਸਾਨੂੰ ਆਪਣੇ ਕੋਲ ਬੁਲਾਕੇ ਸਿਰਪਾਓ ਬਖਸ਼ੇਗਾ ਤੇ ਅਕਾਲੀ ਬਖਸ਼ਸਾਂ ਸਮੇ ਰੋਣਾ ਕਾਹਦਾ…
ਗੁਰੂ ਪੁੱਤਰ ਬਾਬਾ ਮੋਹਰੀ ਜੀ ਨੇ ਪੁੱਛਿਆ, ਫਿਰ ਸਾਡੇ ਲਈ ਕੀ ਹੁਕਮ ਹੈ, ਅੰਤਿਮ ਕਿਰਿਆ ਬਾਰੇ ਕੁਝ ਦੱਸੋ ਕਿਵੇਂ ਕਰੀਏ?
ਮਹਾਰਾਜ ਨੇ ਕਿਹਾ, ਸਾਡੇ ਮਗਰੋਂ ਧੁਰ ਕੀ ਬਾਣੀ ਦਾ ਕੀਰਤਨ ਕਰਨਾ, ਗੋਪਾਲ ਦੇ ਘਰ ਨਾਲ ਜੋੜਣ ਵਾਲੇ ਵਿਦਵਾਨ ਨੂੰ ਸੱਦ ਕਥਾ ਕਰਨੀ।
ਅੰਤੇ ਸਤਿਗੁਰੁ ਬੋਲਿਆ
ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
ਹੋਰ ਸੁਣੋ
ਸਸਕਾਰ ਤੋਂ ਬਾਅਦ ਸਾਡੇ ਲਈ ਪਿੰਡ ਨਹੀਂ ਭਰਨੇ (ਇਕ ਬਾਹਮਣ ਕਿਰਿਆ , ਪਿਤਰ ਕਿਰਿਆ ਨਹੀ ਕਰਨੀ, ਫੁੱਲਾਂ ਨੂੰ ਜਲ ਪ੍ਰਵਾਹ ਕਰ ਦੇਣਾ, ਇਤਿਆਦਿਕ ਸਿੱਖਿਆ ਦੇ ਕੇ ਸਾਰਿਆਂ ਵਲ ਮਿਹਰ ਭਰੀ ਨਜ਼ਰ ਪਾਈ।
ਫਿਰ ਸਤਿਗੁਰੂ ਜੀ ਲੰਮੇ ਪੈ ਗਏ ਤੇ ਨੂਰਾਨੀ ਮੁਖੜੇ ‘ਤੇ ਚਿੱਟੀ ਚਾਦਰ ਤਾਣ ਲਈ, ਫਿਰ ਜੋਤੀ ਜੋਤ ਸਮਾ ਗਏ।
ਸੰਗਤ ਨੇ ਚਿਖਾ ਤਿਆਰ ਕੀਤੀ। ਗੁਰੂ ਰਾਮਦਾਸ ਜੀ, ਬਾਬਾ ਮੋਹਰੀ ਜੀ, ਬਾਬਾ ਬੁੱਢਾ ਸਾਹਿਬ ਆਦਿਕ ਨੇ ਬਿਬਾਨ (ਅਰਥੀ) ਨੂੰ ਮੋਢਾ ਦਿੱਤਾ। ਸਰੀਰ ਨੂੰ ਚਿਖਾ ਤਕ ਲੈ ਕੇ ਗਏ। ਬਾਬਾ ਮੋਹਰੀ ਜੀ ਨੇ ਚੰਡਾ ਲਾਇਆ (ਅਗਨ ਭੇਟ ਕੀਤਾ) ਸਸਕਾਰ ਬਿਆਸ ਦਰਿਆ ਦੇ ਕੰਢੇ ਹੀ ਕੀਤਾ ਗਿਆ।
(ਮਹਾਨ ਕੋਸ਼ ਅਨੁਸਾਰ) ਭਾਦੋੰ ਦੀ ਪੁੰਨਿਆ ਨੂੰ ਬਿਕ੍ਰਮੀ ਸੰਮਤ 1631 ਅੱਜ ਦੇ ਦਿਨ 1574 ਈ: ਨੂੰ ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ। ਸਤਿਗੁਰੂ ਜੀ 22 ਸਾਲ 5 ਮਹੀਨੇ ਗੁਰੂ ਤਖਤ ‘ਤੇ ਬਿਰਾਜਮਾਨ ਰਹੇ। ਤੀਜੇ ਪਾਤਸ਼ਾਹ ਦੀ ਕੁੱਲ ਸਰੀਰਕ ਆਯੂ 95 ਸਾਲ 3 ਮਹੀਨੇ 23 ਦਿਨ ਸੀ।
ਇਹ ਵੀ ਲਿਖਿਆ ਮਿਲਦਾ ਹੈ ਕਿ ਨਹੀਂ ਤੀਜੇ ਪਾਤਸ਼ਾਹ ਨੇ ਆਪਣੀ ਉਮਰ ‘ਚੋਂ 7 ਸਾਲ ਦੇ ਕਰੀਬ ( 6 ਸਾਲ 11ਮਹੀਨੇ 17 ਦਿਨ ) ਉਮਰ ਚੌਥੇ ਪਾਤਸ਼ਾਹ ਨੂੰ ਬਖਸ਼ੀ ਤੇ ਏਨਾ ਸਮਾਂ ਹੀ ਚੌਥੇ ਪਾਤਸ਼ਾਹ ਗੁਰਗੱਦੀ ‘ਤੇ ਬਿਰਾਜਮਾਨ ਰਹੇ।
ਬੰਸਾਵਲੀਨਾਮੇ ਅਨੁਸਾਰ:
ਰਾਮਦਾਸ ਦੀ ਅਵਸਥਾ ਪੂਰੀ ਥੀ ਹੋਈ।ਆਪਣੀ ਉਮਰ ਵਿਚੋਂ ਉਮਰ ਦੇ ਕੇ ਉਮਰ ਵਧਾਈ ਸੋਈ।
ਭੱਟ ਸਾਹਿਬ ਬਚਨ ਕਰਦੇ ਹਨ:
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥
ਗੁਣੀ ਨਿਧਾਨ ਸੇਵਾ ਦੇ ਪੁੰਜ ਗੋਇੰਦਵਾਲ ਸਾਹਿਬ ਦੇ ਬਾਨੀ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਕੋਟਾਨ ਕੋਟ ਨਮਸਕਾਰ।
ਮੇਜਰ ਸਿੰਘ ,ਉਪ ਸੰਪਾਦਕ