
ਸਿੱਖ-ਪੰਥ ਵਿਚ ਭਾਈ ਘਨੱਈਆ ਜੀ ਦੀ ਅਦੁੱਤੀ ਸੇਵਾ ਕਾਰਨ ਉਨ੍ਹਾਂ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਨੂੰ ਸੇਵਾ-ਪੰਥੀ ਸੰਪ੍ਰਦਾਇ ਦਾ ਮੋਢੀ ਮੰਨਿਆ ਜਾਂਦਾ ਹੈ। ਯੂਰਪ ਵਿਚ ਹੈਨਰੀ ਡੁੱਨਟ ਵੱਲੋਂ ਚਲਾਈ ਰੈੱਡ ਕਰਾਸ ਲਹਿਰ ਤੋਂ ਪਹਿਲਾਂ ਹੀ ਉਹ ਨਿਰਸੁਆਰਥ ਤੇ ਨਿਰਵੈਰ ਹੋ ਕੇ ਆਪਣਿਆਂ ਤੇ ਬਿਗਾਨਿਆਂ ਦੀ ਸੇਵਾ ਕਰਨ ਦਾ ਮਿਸ਼ਨ ਅਰੰਭ ਕਰ ਚੁੱਕੇ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਯੁੱਧਾਂ ਵਿਚ ਉਨ੍ਹਾਂ ਨੇ ਆਪਣੇ ਮਿਸ਼ਨ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸੰਨਤਾ ਤੇ ਬਖ਼ਸ਼ਿਸ਼ ਪ੍ਰਾਪਤ ਕੀਤੀ ਸੀ।
ਭਾਈ ਘਨੱਈਆ ਜੀ ਦਾ ਜਨਮ ੧੬੪੮ ਈ: ਵਿਚ ਵਜ਼ੀਰਾਬਾਦ (ਪਾਕਿਸਤਾਨ) ਨੇੜੇ “ਪਿੰਡ ਸੋਦਰਾ” ਵਿਚ ਭਾਈ ਨੱਥੂ ਰਾਮ ਖੱਤਰੀ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਸ਼ਾਹੀ ਲੋੜ ਪੂਰਤੀ ਸਪਲਾਈ ਦੇ ਠੇਕੇਦਾਰ ਸਨ, ਸੋ ਭਾਈ ਘਨੱਈਆ ਜੀ ਵੀ ਸਮੇਂ ਦੀ ਮੁਗ਼ਲ ਸਰਕਾਰ ਦੇ ਨਾਲ ਆਪਣੇ ਪਿਤਾ ਦੀ ਮ੍ਰਿਤੂ ਪਿੱਛੋਂ ਕੁਝ ਸਮਾਂ ਸੰਬੰਧਿਤ ਰਹੇ। ਭਾਈ ਨੱਥੂ ਰਾਮ ਜੀ ਜਰਨੈਲ ਅਮੀਰ ਸਿੰਘ ਮੁਸਾਹਿਬ ਦੇ ਕਾਰਦਾਰ ਸਨ। ਇਕ ਵਾਰ ਭਾਈ ਨੱਥੂ ਰਾਮ ਜੀ ਦੇ ਅਕਾਲ ਚਲਾਣੇ ਪਿੱਛੋਂ ਹਾਕਮ ਦੇ ਡੇਰੇ ਨਾਲ ਲੋੜ ਪੂਰਤੀ ਦੀ ਸਪਲਾਈ ਲਈ ਠੇਕੇਦਾਰ ਦੇ ਸਹਾਇਕ ਵਜੋਂ ਭਾਈ ਘਨੱਈਆ ਜੀ ਨੂੰ ਹਾਕਮ ਦੇ ਨਾਲ ਕਾਬਲ ਦੇ ਦੌਰੇ ਸਮੇਂ ਨਾਲ ਜਾਣਾ ਪਿਆ। ਸਫਰ ’ਤੇ ਜਾਂਦਿਆਂ ਭਾਈ ਘਨੱਈਆ ਜੀ ਨੂੰ ਇਕ ਦਿਲ-ਖਿੱਚਵੀਂ ਅਵਾਜ਼ ਕੰਨੀਂ ਪੈ ਗਈ ਤੇ ਉਹ ਮੁਗ਼ਲ ਕੈਂਪ ਛੱਡ ਕੇ ਸੁਰੀਲੀ ਅਵਾਜ਼ ਦੇ ਪਿੱਛੇ-ਪਿੱਛੇ ਉਸ ਥਾਂ ਤੇ ਪਹੁੰਚ ਗਏ ਜਿੱਥੋਂ ਉਹ ਮੰਤਰ-ਮੁਗਧ ਕਰਨ ਵਾਲੀ ਅਵਾਜ਼ ਆ ਰਹੀ ਸੀ। ਇਸ ਤਰ੍ਹਾਂ ਭਾਈ ਘਨੱਈਆ ਜੀ ਸੰਤਾਂ-ਸਾਧੂਆਂ ਦੀ ਸੰਗਤ ਵਿਚ ਅਧਿਆਤਮਿਕ ਸ਼ਾਂਤੀ ਦੀ ਤਲਾਸ਼ ਲਈ ਤੁਰ ਪਏ। ੧੨ ਸਾਲ ਦੀ ਉਮਰ ਵਿਚ ਉਨ੍ਹਾਂ ਦਾ ਮਿਲਾਪ ਭਗਤ ਨਨੂਆ ਜੀ ਨਾਲ ਹੋਇਆ। ਭਗਤ ਨਨੂਆ ਜੀ ਨੇ ਕਿਹਾ ਕਿ ਪਰਮ-ਪਦ ਤਕ ਪਹੁੰਚਣ ਲਈ ਧਰੂ ਭਗਤ ਵਾਂਗ ਨਿਰੰਤਰ ਸਾਧਨਾ ਕਰਨ ਦੀ ਲੋੜ ਹੈ। ਉਹ ਭਗਤ ਨਨੂਆ ਜੀ ਦੇ ਸੇਵਕ ਬਣ ਗਏ। ਫਿਰ ਉਨ੍ਹਾਂ ਨੂੰ ਇਕ ਸਾਧੂ ਮਿਲਿਆ ਜਿਸ ਨੇ ਉਨ੍ਹਾਂ ਨੂੰ ਪਰਮ ਪਦ ਦੀ ਪ੍ਰਾਪਤੀ ਲਈ ‘ਤਪ’ ਦਾ ਰਾਹ ਦੱਸਿਆ। ਉਹ ਅੰਨ-ਜਲ ਤਿਆਗ ਕੇ ਨਦੀ ਕਿਨਾਰੇ ਬੈਠ ਗਏ। ਇਸ ਤਰ੍ਹਾਂ ਉਹ ਸੱਚ ਦੀ ਖੋਜ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ।
ਉਹ ਸ੍ਰੀ ਅਨੰਦਪੁਰ ਪਹੁੰਚ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਤੇ ਮਨ ਦੀ ਸ਼ਾਂਤੀ ਪ੍ਰਾਪਤ ਕੀਤੀ। ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਨਦੀ ਤੋਂ ਪਾਣੀ ਲਿਆਉਣ ਦੀ ਸੇਵਾ ਬਖ਼ਸ਼ੀ। ਭਾਈ ਘਨੱਈਆ ਜੀ ਜਦ ਪਾਣੀ ਦਾ ਘੜਾ ਲਿਆਏ ਤਾਂ ਗੁਰੂ ਸਾਹਿਬ ਨੇ ਹੱਥ ਧੋ ਕੇ ਬਾਕੀ ਸਾਰਾ ਪਾਣੀ ਡੋਲ੍ਹ ਦਿੱਤਾ। ਇਕ ਹੋਰ ਘੜਾ ਲਿਆਉਣ ਲਈ ਕਿਹਾ। ਇਸ ਵਾਰ ਘੜਾ ਆਉਣ ਮਗਰੋਂ ਗੁਰੂ ਜੀ ਨੇ ਆਪਣੇ ਪੈਰ ਧੋਤੇ ਤੇ ਬਾਕੀ ਸਾਰਾ ਪਾਣੀ ਰੋੜ੍ਹ ਦਿੱਤਾ। ਦੂਸਰੇ ਦਿਨ ਵੀ ਇੰਝ ਹੀ ਹੋਇਆ ਤੇ ਇਸ ਤਰ੍ਹਾਂ ਤਿੰਨ ਮਹੀਨੇ ਲਈ ਹੁੰਦਾ ਰਿਹਾ। ਭਾਈ ਘਨੱਈਆ ਜੀ ਹਰ ਰੋਜ਼ ਸਤਿ ਬਚਨ ਕਹਿ ਕੇ ਨਦੀ ਵਿੱਚੋਂ ਪਾਣੀ ਲਿਆਉਂਦੇ ਰਹੇ। ਫਿਰ ਉਹ ਲੰਗਰ ਵਿਚ ਸੇਵਾ ਕਰਦੇ। ਸੰਗਤਾਂ ਨੂੰ ਜਲ ਛਕਾਉਂਦੇ, ਗੁਰੂ ਦਰਬਾਰ ਵਿਚ ਬੈਠੀਆਂ ਸੰਗਤਾਂ ਦੀ ਵੀ ਜਲ ਪਿਲਾ ਕੇ ਸੇਵਾ ਕਰਦੇ। ਇਸ ਤੋਂ ਬਿਨ੍ਹਾਂ ਉਹ ਗੁਰੂ ਜੀ ਦੇ ਘੋੜਿਆਂ ਲਈ ਘਾਹ ਦਾਣਾ ਆਦਿ ਲਿਆਉਂਦੇ, ਲਿੱਦ ਇਕੱਠੀ ਕਰਦੇ ਰਹੇ ਤੇ ਨਹਾਉਣ ਲਈ ਪਾਣੀ ਲਿਆਉਣ ਦੀ ਸੇਵਾ ਵੀ ਨਿਭਾਉਂਦੇ ਰਹੇ। ਇਸ ਤਰ੍ਹਾਂ ਸੇਵਾ ਕਰਦਿਆਂ ਜਦ ਕਾਫੀ ਸਮਾਂ ਹੋ ਗਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, “ਭਾਈ ਸਿੱਖਾ! ਤੇਰੀ ਘਾਲਿ ਥਾਂਇ ਪਈ ਹੈ।ਪ੍ਰਭੂ ਨੇ ਤੈਨੂੰ ਪੂਰਨਤਾ ਦੀ ਬਖ਼ਸ਼ਿਸ਼ ਕੀਤੀ ਹੈ। ਹੁਣ ਤੂੰ ਜਾਹ ਤੇ ਹੋਰਨਾਂ ਨਾਲ ਜਾ ਕੇ ਇਹ ਕਮਾਈ ਸਾਂਝੀ ਕਰ।”
ਭਾਵੇਂ ਭਾਈ ਘਨੱਈਆ ਜੀ ਸ੍ਰੀ ਅਨੰਦਪੁਰ ਸਾਹਿਬ ਨਹੀਂ ਛੱਡਣਾ ਚਾਹੁੰਦੇ ਸੀ,ਪਰ ਗੁਰੂ ਜੀ ਦਾ ਹੁਕਮ ਤਾਂ ਟਾਲਿਆ ਨਹੀਂ ਜਾ ਸਕਦਾ ਸੀ। ਭਾਈ ਘਨੱਈਆ ਜੀ ਪੰਜਾਬ ਦੀ ਉੱਤਰ-ਪੱਛਮੀ ਸੀਮਾ ਵੱਲ ਤੁਰ ਪਏ। ਉਹ ਅਟਕ ਜ਼ਿਲ੍ਹੇ ਦੇ ਪਹਾੜੀ ਖੇਤਰ ਦੇ ਇਕ ਪਿੰਡ ਕਵ੍ਹਾ ਜਾਂ “ਕਵਹਾਂ” ਵਿਚ ਪਹੁੰਚ ਗਏ। ਉੱਥੇ ਪਹੁੰਚ ਕੇ ਭਾਈ ਜੀ ਨੇ ਹਰ ਵਿਅਕਤੀ ਲਈ ਬਿਨ੍ਹਾਂ ਕਿਸੇ ਧਾਰਮਿਕ ਜਾਂ ਸਮਾਜਿਕ ਵਿਤਕਰੇ ਦੇ ਪ੍ਰਚਾਰ ਕੇਂਦਰ ਸਥਾਪਿਤ ਕੀਤਾ।
ਜਦ ੧੬੭੫ ਈ: ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਵਿਚ ਔਰੰਗਜ਼ੇਬ ਦੇ ਹੁਕਮ ਨਾਲ ਸ਼ਹਾਦਤ ਹੋਈ ਤਾਂ ਭਾਈ ਘਨੱਈਆ ਜੀ ਹੋਰ ਸੰਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਬਾਕੀ ਤਾਂ ਦਸਵੇਂ ਗੁਰੂ ਜੀ ਦੇ ਦਰਸ਼ਨ ਕਰ ਕੇ ਮੁੜ ਗਏ ਪਰ ਭਾਈ ਸਾਹਿਬ ਉੱਥੇ ਟਿਕੇ ਰਹੇ ਤੇ ‘ਪਾਣੀ’ ਦੀ ਸੇਵਾ ਕਰਨ ਲੱਗ ਪਏ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਸ਼ਸਤਰ ਪਹਿਨਣ ਲਈ ਆਦੇਸ਼ ਦਿੱਤਾ ਤਾਂ ਆਪ ਨੂੰ ਵੀ ਇਕ ਤੇਗ ਪੁਆ ਦਿੱਤੀ ਗਈ।
ਜਦੋਂ ਪਹਾੜੀ ਰਾਜਿਆਂ ਨਾਲ ਗੁਰੂ ਜੀ ਯੁੱਧ ਕਰ ਰਹੇ ਸਨ ਤਾਂ ਭਾਈ ਸਾਹਿਬ ਵੈਰੀਆਂ ਤੇ ਸਿੱਖ ਫੌਜੀਆਂ ਨੂੰ ਬਿਨਾਂ ਕਿਸੇ ਵਿਤਕਰੇ ਪਾਣੀ ਪਿਲਾਉਂਦੇ। ਜਦੋਂ ਸਿੱਖਾਂ ਨੇ ਵੇਖਿਆ ਕਿ ਭਾਈ ਸਾਹਿਬ ਜ਼ਖ਼ਮੀ ਵੈਰੀਆਂ ਨੂੰ ਜਲ ਛਕਾ ਰਹੇ ਹਨ ਤਾਂ ਉਨ੍ਹਾਂ ਗੁਰੂ ਜੀ ਪਾਸ ਸ਼ਿਕਾਇਤ ਕੀਤੀ। ਭਾਈ ਜੀ ਨੂੰ ਜਦ ਬੁਲਾ ਕੇ ਪੁੱਛਿਆ ਗਿਆ ਤਾਂ ਆਪ ਨੇ ਕਿਹਾ, “ਮਹਾਰਾਜ ਸਿੰਘਾਂ ਦੀ ਸ਼ਿਕਾਇਤ ਸਹੀ ਹੈ। ਜਦ ਵੀ ਕੋਈ ਜ਼ਖ਼ਮੀ ਹੁੰਦਾ ਹੈ, ਮੈਂ ਪਾਣੀ ਲੈ ਕੇ ਪਹੁੰਚ ਜਾਂਦਾ ਹਾਂ। ਉਸ ਸਮੇਂ ਮੈਨੂੰ ਜ਼ਖ਼ਮੀ ਵਿੱਚੋਂ ਕੋਈ ਮੁਗ਼ਲ ਜਾਂ ਪਹਾੜੀਆ ਵੈਰੀ ਨਹੀ ਦਿਸਦਾ, ਬਲਕਿ ਹਰ ਵਿਅਕਤੀ ਵਿੱਚੋਂ ਮੈਨੂੰ ਮੇਰੇ ਸਤਿਗੁਰੂ ਦਾ ਨੂਰਾਨੀ ਚਿਹਰਾ ਨਜ਼ਰ ਆਉਂਦਾ ਹੈ।
“ਤੈਨੂੰ ਸਮਝ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਂਈ।
ਤੁਰਕ ਅਤੁਰਕ ਨ ਦਿਸਦਾ ਮੈਨੂੰ ‘ਤੂੰ’ ਸਾਰੇ ਦਿਸ ਆਈਂ।”
ਗੁਰੂ ਜੀ ਉਸ ਦੇ ਉੱਤਰ ਤੋਂ ਬਹੁਤ ਖੁਸ਼ ਹੋਏ। ਗੁਰੂ ਜੀ ਨੇ ਕਿਹਾ; ਭਾਈ ਘਨੱਈਆ ਨੇ ਮੇਰੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਿਆ ਹੈ ਤੇ ਉਨ੍ਹਾਂ ਨੂੰ ਅਮਲੀ ਰੂਪ ਦਿੱਤਾ ਹੈ।” ਗੁਰੂ ਜੀ ਨੇ ਫਿਰ ਭਾਈ ਘਨੱਈਆ ਜੀ ਨੂੰ ਮਰਹਮ ਦੀ ਡੱਬੀ ਵੀ ਦਿੱਤੀ ਤੇ ਕਿਹਾ, “ਜਾਹ! ਲੋੜ ਪੈਣ ਤੇ ਜ਼ਖ਼ਮੀਆਂ ਦੀ ਮਰਹਮ-ਪੱਟੀ ਵੀ ਕਰ ਦਿਆ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਤਾਂ ਸਰਬੱਤ ਦਾ ਭਲਾ ਹੈ।”
ਜਦੋਂ ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤਾਂ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਆਪਣੇ ਪਿੰਡ ‘ਕਵ੍ਹਾ’ ਵਿਚ ਜਾ ਕੇ ਪ੍ਰਚਾਰ ਕਰਨ ਲਈ ਕਿਹਾ। ਭਾਈ ਸਾਹਿਬ ‘ਕਵ੍ਹਾ’ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਤੇ ਉਨ੍ਹਾਂ ਦੁਖੀਆਂ ਬੀਮਾਰਾਂ ਦੀ ਸੇਵਾ ਕਰਨ ਦਾ ਮਹਾਨ ਕਾਰਜ ਵੀ ਅਰੰਭ ਕਰ ਦਿੱਤਾ। ਬੀਮਾਰ ਤੇ ਜ਼ਖ਼ਮੀਆਂ ਦੀ ਸੇਵਾ ਕਰਨ ਵਾਲੀ ਸੰਸਥਾ “ਰੈੱਡ ਕਰਾਸ ਸੁਸਾਇਟੀ” ਜਿਸ ਦਾ ਮੁੱਢ ਹੈਨਰੀ ਡੁੱਨਟ ਨੇ ਬੰਨਿ੍ਹਆ ਤੇ ਜਿਸ ਨੂੰ ੧੮੪੬ ਈ: ਦੀ ਜੈਨੇਵਾ ਕਨਵੈਨਸ਼ਨ ਅਨੁਸਾਰ ਵਿਸ਼ੇਸ਼ ਅਧਿਕਾਰ ਮਿਲੇ ਸਨ, ਉਸ ਦਾ ਮੁੱਢ ਭਾਈ ਘਨੱਈਆ ਜੀ ਦੇ ਸੇਵਾ ਮਿਸ਼ਨ ਨਾਲ ੧੬੦ ਸਾਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ।
ਭਾਈ ਘਨੱਈਆ ਜੀ ਸੇਵਾ ਦੇ ਪੁਤਲੇ ਤੇ ਗੁਰਮਤਿ ਦੇ ਮਹਾਨ ਪ੍ਰਚਾਰਕ ਸਨ। ਉਨ੍ਹਾਂ ਨੇ ਮਹਾਨ ਕਾਰਜ ਕਰਦਿਆਂ ੨੦ ਨਵੰਬਰ ਸੰਨ ੧੭੧੮ ਨੂੰ ਆਪਣੇ ਪਿੰਡ ਸੋਦਰੇ ਵਿਖੇ ਪ੍ਰਾਣ ਤਿਆਗੇ।
ਆਪ ਜੀ ਦੇ ਅਕਾਲ ਚਲਾਣੇ ਮਗਰੋਂ ਆਪ ਜੀ ਦੇ ਸ਼ਰਧਾਲੂ ਭਾਈ ਸਹਿਸਰਾਮ, ਤੇ ਸੇਵਾ ਰਾਮ ਨੇ ਇਹ ਨੇਕ ਕਾਰਜ ਜਾਰੀ ਰੱਖਿਆ। ਭਾਈ ਸੇਵਾ ਰਾਮ ਦੀ ਅਦੁੱਤੀ ਘਾਲਣਾ ਕਰਕੇ ਇਸ ਸੰਪ੍ਰਦਾਇ ਦਾ ਨਾਮ “ਸੇਵਾ ਪੰਥੀ” ਪੈ ਗਿਆ। ਭਾਈ ਸੇਵਾ ਰਾਮ ਤੋਂ ਮਗਰੋਂ ਇਸ ਦੀ ਵਾਗਡੋਰ ਭਾਈ ਅੱਡਣਸ਼ਾਹ ਨੇ ਸੰਭਾਲੀ ਜਿਸ ਕਾਰਨ ਇਨ੍ਹਾਂ ਨੂੰ “ਅੱਡਣ ਸ਼ਾਹੀਏ” ਵੀ ਕਿਹਾ ਜਾਂਦਾ ਹੈ।
-ਡਾ. ਗੁਰਚਰਨ ਸਿੰਘ