
ਸਾਹਸੀ ਅਤੇ ਨਿਧੜਕ ਸਿੰਘ ਸੂਰਮੇ ਕਿਉਂਕਿ ਸਰਕਾਰ ਦੀ ਪਹੁੰਚ ਤੋਂ ਬਾਹਰ ਸਨ, ਇਸ ਲਈ ਨੀਚ ਪ੍ਰਵਿਰਤੀ ਵਾਲੇ ਝੋਲੀਚੁਕਾਂ ਨੇ ਸ਼ਰੀਫ਼ ਅਤੇ ਇਹੋ ਜਿਹੇ ਸਿੱਖਾਂ ਤੋਂ ਆਪਣਾ ਬਦਲਾ ਲਿਆ ਜੋ ਕਿਸੇ ਦਾ ਕੁਝ ਨਹੀਂ ਵਿਗਾੜਦੇ ਸਨ। ਮਾਝੇ ਦੇ ਇਲਾਕੇ ਦੇ ਪੂਹਲਾ ਪਿੰਡ ਵਿਚ ਭਾਈ ਤਾਰੂ ਸਿੰਘ ਨਾਮ ਦਾ ਇਕ ਸਿੱਖ ਰਹਿੰਦਾ ਸੀ।
ਇਹ ਸਦਾ ਨਾਮ ਦੇ ਰੰਗ ਵਿਚ ਰੰਗਿਆ ਹੋਇਆ, ਸਾਧੂ ਬਿਰਤੀ ਵਾਲਾ ਦਰਵੇਸ਼ ਨੌਜਵਾਨ ਸੀ। ਇਸ ਦਾ ਕਿਸੇ ਨਾਲ ਕੋਈ ਸਰੋਕਾਰ ਨਹੀਂ ਸੀ। ਇਸ ਦੇ ਪਰਵਾਰ ਵਿਚ ਇਸ ਦੀ ਮਾਤਾ ਅਤੇ ਇਕ ਭੈਣ ਸੀ। ਇਹ ਆਪਣੇ ਡੇਰੇ ‘ਤੇ ਸਦਾ ਬਰਤ ਲੰਗਰ ਜਾਰੀ ਰੱਖਦੇ ਸਨ। ਹਰ ਇਕ ਨੂੰ ਬਿਨਾਂ ਕਿਸੇ ਭਿੰਨ-ਭੇਦ ਤੋਂ ਲੰਗਰ ਛਕਾਉਂਦੇ ਸਨ। ਭਾਈ ਤਾਰੂ ਸਿੰਘ ਜੀ ਅੰਦਰਖਾਤੇ ਆਪਣੇ ਬਨਵਾਸੀ ਭਰਾਵਾਂ ਦੀ ਮਦਦ ਵੀ ਕਰਦੇ ਸਨ।
ਜੰਡਿਆਲੇ ਦਾ ਹਰਿਭਗਤ ਨਿਰੰਜਣੀਆਂ ਜੋ ਕਿ ਸਿੱਖਾਂ ਦਾ ਵੱਡਾ ਵੈਰੀ ਸੀ। ਇਸ ਨੇ ਭਾਈ ਸਾਹਿਬ ਜੀ ਨੂੰ ਚੁਗਲੀ ਕਰ ਕੇ ਫੜਵਾ ਦਿੱਤਾ। ਭਾਈ ਜੀ ਨੂੰ ਲਾਹੌਰ ਲਿਆਂਦਾ ਗਿਆ। ਇਸਲਾਮ ਧਾਰਨ ਕਰਨ ਅਤੇ ਕੇਸ ਕਟਾਉਣ ਲਈ ਕਿਹਾ ਗਿਆ। ਭਾਈ ਜੀ ਨੇ ਕਿਹਾ ਕਿ ਉਨ੍ਹਾਂ ਦੇ ਕੇਸ ਉਨ੍ਹਾਂ ਦੀ ਖੋਪਰੀ ਨਾਲੋਂ ਵੱਖ ਨਹੀਂ ਕੀਤੇ ਜਾ ਸਕਦੇ। ਜ਼ਕਰੀਆ ਖ਼ਾਨ ਨੇ ਹੁਕਮ ਦਿੱਤਾ ਕਿ ਉਸ ਦੀ ਖੋਪਰੀ ਤੋਂ ਉਸ ਦੇ ਵਾਲ ਉਤਾਰ ਦਿੱਤੇ ਜਾਣ। ਜਦੋਂ ਜੱਲਾਦ ਕੇਸ ਕੱਟਣ ਲੱਗਾ ਤਾਂ ਕੈਂਚੀ ਮੋਮ ਦੀ ਬਣ ਗਈ। ਕੈਂਚੀ ਭਾਈ ਸਾਹਿਬ ਜੀ ਦਾ ਇਕ ਵਾਲ ਵੀ ਨਾ ਕੱਟ ਸਕੀ। ਨਵਾਬ ਨੇ ਝੁੰਜਲਾ ਕੇ ਜੱਲਾਦ ਨੂੰ ਕਿਹਾ ਕਿ ਇਸ ਦੀ ਖੋਪਰੀ ਵਾਲਾਂ ਸਮੇਤ ਲਾਹ ਦਿਉ। ਜੱਲਾਦ ਨੇ ਖੋਪਰੀ ਕੇਸਾਂ ਸਮੇਤ ਉਤਾਰ ਦਿੱਤੀ। ਭਾਈ ਤਾਰੂ ਸਿੰਘ ਜੀ ਦਾ ਸਾਰਾ ਚਿਹਰਾ, ਸਾਰਾ ਸਰੀਰ ਲਹੂ ਵਿਚ ਭਿੱਜ ਗਿਆ। ਭਾਈ ਸਾਹਿਬ ਨੇ ਜ਼ਕਰੀਆ ਖਾਨ ਨੂੰ ਕਿਹਾ, “ਖਾਨ, ਅਸੀਂ ਜਾਣ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ, ਲੈ ਕੇ ਚੱਲਾਂਗੇ!” ਭਾਈ ਸਾਹਿਬ ਜੀ ਦੇ ਇਹ ਵਾਕ ਕਹਿਣ ਦੀ ਦੇਰ ਸੀ ਕਿ ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਉਹ ਬਹੁਤ ਤੜਫੇ, ਰੋਵੇ ਪਰ ਤੀਰ ਕਮਾਨ ਵਿੱਚੋਂ ਨਿਕਲ ਚੁੱਕਾ ਸੀ। ਖ਼ਾਨ ਨੇ ਭਾਈ ਸੁਬੇਗ ਸਿੰਘ ਨੂੰ ਭਾਈ ਤਾਰੂ ਸਿੰਘ ਵੱਲ ਭੇਜਿਆ। ਜੱਲਾਦਾਂ ਨੇ ਲਹੂ-ਲੁਹਾਣ ਹੋਏ ਭਾਈ ਤਾਰੂ ਸਿੰਘ ਨੂੰ ਨੀਵੀਂ ਥਾਂ ਸੁੱਟ ਦਿੱਤਾ। ਉੱਥੇ ਦੋ ਤਰਖਾਣ ਭਰਾਵਾਂ ਨੇ ਭਾਈ ਸਾਹਿਬ ਜੀ ਨੂੰ ਆਪਣੇ ਘਰ ਲਿਆ ਕੇ, ਮਿੱਠੇ ਤੇਲ ਦਾ ਕੜਾਹ ਬਣਾ ਕੇ ਸਿਰ ‘ਤੇ ਰੱਖਦੇ ਰਹੇ ਸਨ। ਜਦੋਂ ਸੁਬੇਗ ਸਿੰਘ ਭਾਈ ਤਾਰੂ ਸਿੰਘ ਕੋਲ ਖਾਨ ਵੱਲੋਂ ਮੁਆਫ਼ੀ ਮੰਗਣ ਆਇਆ ਤਾਂ ਭਾਈ ਤਾਰੂ ਸਿੰਘ ਨੇ ਕਿਹਾ, “ਮੈਂ ਕੌਣ ਹਾਂ ਮੁਆਫ਼ ਕਰਨ ਵਾਲਾ, ਗੁਰੂ-ਪੰਥ ਪਾਸ ਜਾਓ, ਜੇ ਉਹ ਮਾਫ ਕਰ ਦੇਣ!” ਭਾਈ ਸੁਬੇਗ ਸਿੰਘ ਝਬਾਲ-ਲਾਲੂ ਘੁੰਮਣ ਦੀ ਰੱਖ ਵਿਚ ਸਿੰਘਾਂ ਪਾਸ ਪੁੱਜੇ। ਅਰਦਾਸ ਕੀਤੀ ਤਾਂ ਪੰਥ ਖਾਲਸੇ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਦੇ ਪੈਰ ਦਾ ਛਿੱਤਰ (ਜੁੱਤੀ) ਜ਼ਕਰੀਆ ਖ਼ਾਨ ਦੇ ਸਿਰ ਵਿਚ ਮਾਰੋ। ਜਿਉਂ-ਜਿਉਂ ਛਿੱਤਰ ਮਾਰੋਗੇ ਤਾਂ ਪਿਸ਼ਾਬ ਆਈ ਜਾਏਗਾ।
ਸੁਬੇਗ ਸਿੰਘ ਭਾਈ ਤਾਰੂ ਸਿੰਘ ਨੂੰ ਗੁਰੂ-ਪੰਥ ਦਾ ਹੁਕਮ ਦੱਸ ਕੇ, ਭਾਈ ਸਾਹਿਬ ਦਾ ਛਿੱਤਰ ਲੈ ਗਿਆ। ਇਸ ਤਰ੍ਹਾਂ ਜਿਉਂ-ਜਿਉਂ ਖ਼ਾਨ ਦੇ ਸਿਰ ਵਿਚ ਛਿੱਤਰ ਵੱਜਦੇ ਤਿਉਂ-ਤਿਉਂ ਉਸ ਨੂੰ ਪਿਸ਼ਾਬ ਆਈ ਜਾਂਦਾ। ਖ਼ਾਨ ਚਿਲਾਉਂਦਾ ਹੋਇਆ ਕਹਿੰਦਾ, ਹੋਰ ਜ਼ੋਰ ਦੀ ਮਾਰੋ!
ਇਸ ਤਰ੍ਹਾਂ ਜ਼ਕਰੀਆ ਖ਼ਾਨ ਭਾਈ ਤਾਰੂ ਸਿੰਘ ਜੀ ਦੇ ਛਿੱਤਰ ਸਿਰ ਵਿਚ ਖਾਂਦਾ-ਖਾਂਦਾ ਮਰ ਗਿਆ। ਇਹ ਘਟਨਾ ਪਹਿਲੀ ਜੁਲਾਈ, ੧੭੪੫ ਈ. ਨੂੰ ਹੋਈ ਸੀ। ਜਦੋਂ ਭਾਈ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹ ਵੀ ਜਪੁਜੀ ਸਾਹਿਬ ਦਾ ਪਾਠ ਸੁਣਦੇ ਗੁਰੂ-ਚਰਨਾਂ ਵਿਚ ਜਾ ਬਿਰਾਜੇ। ਦੋਵਾਂ ਰਾਮਗੜ੍ਹੀਆ ਭਰਾਵਾਂ, ਜਿਨ੍ਹਾਂ ਵਿੱਚੋਂ ਇਕ ਦਾ ਨਾਮ ਰੂਪ ਸਿੰਘ ਸੀ, ਨੇ ਭਾਈ ਸਾਹਿਬ ਜੀ ਦਾ
ਅੰਤਮ ਸਸਕਾਰ ਆਪਣੇ ਵਿਹੜੇ ਵਿਚ ਕੀਤਾ ਅਤੇ ਉਨ੍ਹਾਂ ਦੀ ਯਾਦਗਾਰ ਆਪਣੇ ਵਿਹੜੇ ਵਿਚ ‘ਸ਼ਹੀਦ ਗੰਜ’ ਵਿਖੇ ਬਣਾ ਦਿੱਤੀ ਜੋ ਕਿ ਮੌਜੂਦਾ ਸਮੇਂ ਲਾਹੌਰ ਵਿਖੇ ਸਥਿਤ ਹੈ। ਉਨ੍ਹਾਂ ਦਾ ਘਰ ‘ਸ਼ਹੀਦ ਗੰਜ’ ਦੇ ਨਾਲ ਲੱਗਦੀ ਕੰਧ ਦੇ ਨਾਲ ਸੀ। ਭਾਈ ਤਾਰੂ ਸਿੰਘ ਜੀ ੨੨ ਦਿਨ ਬਿਨਾਂ ਖੋਪੜੀ ਤੋਂ ਇਸ ਸਰੀਰ ਵਿਚ ਰਹੇ ਤੇ ਬਾਈ ਦਿਨ ਦੋਵੇਂ ਭਰਾ ਮਿੱਠੇ ਤੇਲ ਦਾ ਕੜਾਹ ਬਣਾ-ਬਣਾ ਕੇ ਭਾਈ ਸਾਹਿਬ ਜੀ ਦੇ ਸੀਸ ਉੱਤੇ ਰੱਖਦੇ ਰਹੇ ਸਨ।
ਡਾ. ਅਮਰਜੀਤ ਕੌਰ ਇੱਬਣ