126 views 4 secs 0 comments

ਭਾਈ ਦੇਵੀ ਚੰਦ ਦਾ ਸਾਕਾ

ਲੇਖ
January 17, 2025

-ਐਡ. ਗੁਰਚਰਨਜੀਤ ਸਿੰਘ ਲਾਂਬਾ

ਜਦੋਂ ਭੀਮ ਚੰਦ ਪਹਾੜੀਏ ਰਾਜੇ ਨੇ ਸਾਰੇ ਪਹਾੜੀ ਰਾਜਿਆਂ ਨੂੰ ਗੁਰੂ ਕਲਗੀ ਵਾਲੇ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ‘ਤੇ ਹਮਲਾ ਕਰਨ ਲਈ ਉਕਸਾਇਆ ਤਾਂ ਭੀਮ ਚੰਦ ਦੇ ਦੀਵਾਨ ਭਾਈ ਹੁਕਮ ਚੰਦ ਨੇ (ਜਿਹੜਾ ਸਤਿਗੁਰਾਂ ਦਾ ਪ੍ਰੇਮੀ ਸੀ) ਸਭ ਨੂੰ ਪਿਆਰ ਨਾਲ ਸਮਝਾਇਆ ਕਿ ਕਲਗੀ ਵਾਲੇ ਦੇਸ਼ ਕੌਮ ਤੇ ਹਿੰਦੂ ਧਰਮ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਫ਼ਰਜ਼ੰਦ ਹਨ। ਜੀ ਜ਼ੁਲਮ ਦਾ ਨਾਸ਼ ਕਰਨ ਹਿੱਤ ਪ੍ਰਕਾਸ਼ ਧਾਰ ਕੇ ਮਨੁੱਖੀ ਜਾਮੇ ਵਿਚ ਆਏ ਹਨ। ਇਸ ਲਈ ਸਾਰਿਆਂ ਨੂੰ ਉਨ੍ਹਾਂ ਦੀ ਇੱਜ਼ਤ ਤੇ ਭਗਤੀ ਕਰਨੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਪਾਸ ਜਾ ਕੇ ਆਪਣੀ ਭੁੱਲ ਦੀ ਖਿਮਾ ਮੰਗੋ। ਇਹ ਸੁਣ ਕੇ ਭੀਮ ਚੰਦ ਨੇ ਗੁੱਸੇ ਵਿਚ ਜੱਲਾਦਾਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਪਹਾੜ ’ਤੇ ਲਿਜਾ ਕੇ ਇਸ ਦੀਆਂ ਅੱਖਾਂ ਵਿਚ ਤੱਤੇ ਸੂਏ ਮਾਰ ਕੇ ਅੰਨ੍ਹਾ ਕਰ ਦੇਵੋ। ਦੋ ਜੱਲਾਦ ਭਾਈ ਜੀ ਦੀਆਂ ਅੱਖਾਂ ਵਿਚ ਸੂਏ ਮਾਰਨ ਲੱਗੇ ਤਾਂ ਭਾਈ ਜੀ ਨੇ ਜੱਲਾਦਾਂ ਤੋਂ ਦੋ ਮਿੰਟ ਕਲਗੀ ਵਾਲੇ ਦੇ ਚਰਨਾਂ ਵਿਚ ਧਿਆਨ ਧਰਨ ਲਈ ਮੋਹਲਤ ਮੰਗੀ। ਉਪਰੰਤ ਭਾਈ ਜੀ ਨੇ ਸਮਾਧੀ ਲਾ ਲਈ ਤੇ ਕਲਗੀ ਵਾਲੇ ਦੇ ਚਰਨ ਅੱਖਾਂ ਅੱਗੇ ਧਰ ਕੇ ਅੰਤਰ ਧਿਆਨ ਹੋ ਗਏ। ਜਦੋਂ ਵਕਤ ਖ਼ਤਮ ਹੋਣ ’ਤੇ ਜੱਲਾਦਾਂ ਨੇ ਭਾਈ ਜੀ ਦੀਆਂ ਅੱਖਾਂ ਵਿਚ ਸੂਏ ਮਾਰੇ ਤਾਂ ਸਰਬੰਸਦਾਨੀ ਉਸ ਵਕਤ ਇਸ਼ਨਾਨ ਕਰ ਰਹੇ ਸਨ ਤੇ ਜਾਣੀ-ਜਾਣ ਸਤਿਗੁਰੂ ਜੀ ਦੇ ਚਰਨ ਉਨ੍ਹਾਂ ਦੇ ਸੱਚੇ ਸੇਵਕ ਦੀਆਂ ਅੱਖਾਂ ਅੱਗੇ ਵੱਸੇ ਹੋਏ ਸਨ। ਭਾਈ ਦੇਵੀ ਚੰਦ ਦੀਆਂ ਅੱਖਾਂ ਵਿਚ ਖੋਭੇ ਹੋਏ ਸੂਏ ਕਲਗੀਧਰ ਪਿਤਾ ਦੇ ਚਰਨਾਂ ਨੂੰ ਲਹੂ-ਲੁਹਾਨ ਕਰ ਗਏ। ਉਧਰ ਜੱਲਾਦ ਤਾਂ ਸੂਏ ਮਾਰ ਕੇ ਚਲੇ ਗਏ, ਉਪਰੰਤ ਜਦੋਂ ਭਾਈ ਜੀ ਦੀ ਸਮਾਧੀ ਖੁੱਲ੍ਹੀ ਤਾਂ ਉਨ੍ਹਾਂ ਦੇ ਨੇਤਰ ਬਿਲਕੁਲ ਠੀਕ ਸਨ ਤੇ ਭਾਈ ਸਾਹਿਬ ਪਹਾੜ ਤੋਂ ਸਿੱਧੇ ਕਲਗੀ ਵਾਲੇ ਦੇ ਦੀਵਾਨ ਵਿਚ ਹਾਜ਼ਰ ਹੋਏ ਤਾਂ ਸਾਰੇ ਕੌਤਕ ਦਾ ਸੰਗਤ ਨੂੰ ਪਤਾ ਲੱਗਾ। ਸੰਗਤ ਨੇ ਸੁਣ ਕੇ ‘ਧੰਨ ਸਿੱਖੀ ਤੇ ਧੰਨ ਕਲਗੀ’ ਵਾਲਾ ਕਹਿ ਕੇ ਆਪਣੀ ਸ਼ਰਧਾ ਨੂੰ ਸਤਿਗੁਰਾਂ ਦੀ ਭੇਟ ਕੀਤਾ :

ਕਰਨ ਲੱਗੇ ਇਸ਼ਨਾਨ ਗੁਰੂ ਜੀ ਚੌਕੀ ਉੱਪਰ ਆਏ
ਐਪਰ ਲਹੂ ਚਰਨਾਂ ਦੀਆਂ ਤਲੀਆਂ ਹੇਠੋਂ ਸਿਮ ਸਿਮ ਆਏ
ਚੌਕੀ ਉੱਪਰ ਕਿੱਲ ਨਾ, ਕੋਈ ਜੇਹੜਾ ਲੱਗਿਆ ਹੋਵੇ
ਮਾਤਾ ਬਿਹਬਲ ਹੋ ਕੇ ਪੁੱਛਦੀ ਨੈਨ ਨੀਰ ਭਰ ਆਏ
ਕਹਿੰਦੇ ਮਾਤਾ ਥੋੜ੍ਹੀ ਚਿਰ ਨੂੰ ਜੋ ਕੁਝ ਹੋਇਆ ਹੋਸੀ
ਪਤਾ ਲੱਗੇਗਾ ਸੰਗਤ ਵਿਚ, ਜਿਸ ਸੂਲ ਚੁਭੋਇਆ ਹੋਸੀ
ਪਹੁੰਚੇ ਵਿਚ ਦੀਵਾਨ ਪਿਆਰੇ ਚਰਨੀਂ ਪੱਟੀਆਂ ਬੰਨ੍ਹੀਆਂ।
ਸੰਗਤ ਬੇਹਬਲ ਦੇਖਣ ਨੂੰ ਜੋ ਕੌਤਕ ਹੋਇਆ ਹੋਸੀ
ਆਏ ਦੀਵਾਨ ਦੇਵੀ ਚੰਦ ਪਿਆਰੇ ਗੁਰੂ ਚਰਨਾਂ ਦੇ ਭੌਰੇ
ਚਰਨ ਗੁਰਾਂ ‘ਤੇ ਢੱਠੇ ਆ ਕੇ ਪ੍ਰੇਮ ਅੰਦਰ ਹੋਏ ਬੌਰੇ
ਚਰਨੀਂ ਪੱਟੀਆਂ ਬੰਨ੍ਹੀਆਂ ਤੱਕ ਕੇ, ਪੁੱਛਦੇ ਇਹ ਕੀ ਪ੍ਰੀਤਮ
ਕਹਿੰਦੇ, ਚਰਨ ਅੱਖਾਂ ਵਿਚ ਧਰ ਕੇ ਮੈਥੋਂ ਪੁਛਨਾ ਹੈਂ ਬਉਰੇ
ਸੁਣ ਕੇ ਨੈਨ ਨੀਰ ਭਰ ਆਇਓ ਕਾਂਘਾ ਪ੍ਰੇਮ ਦੀਆਂ ਆਈਆਂ 
ਪ੍ਰੇਮ ਸਮੁੰਦਰ ਅੰਦਰ ਲਹਿਰਾਂ ਉਛਲ-ਉਛਲ ਸੱਧਰਾਈਆਂ
ਸਿੱਖਾਂ ਦਾ ਜੀਵਨ, ਜੀਵਨ ਤੇਰਾਂ ਸਿੱਖ ਦੀ ਜਾਨ ਹੈ ਤੇਰੀ
ਦਿਲ ਮਹਿਰਮ ਕਲਗੀ ਵਾਲੇ ਸਦਕੇ ਤੈਥੋਂ ਸਾਈਆਂ।

ਮਾਨ ਸਿੰਘ ‘ਮਸਕੀਨ ‘ ਲਾਂਬਾ