
ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਹਿਯੋਗੀ ਭਾਈ ਪਪਲਪ੍ਰੀਤ ਸਿੰਘ ਤੋਂ ਰਾਸ਼ਟਰੀ ਸੁਰੱਖਿਆ ਐਕਟ (ਐੱਨ.ਐੱਸ.ਏ.) ਹਟਾ ਲਿਆ ਗਿਆ ਹੈ। ਇਸ ਸਮੇਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਹਨ ਪਰ ਹੁਣ ਉਹਨਾਂ ਨੂੰ ਪੰਜਾਬ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ।
ਮੁਢਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਐੱਨ.ਐੱਸ.ਏ. ਦੀ ਮਿਆਦ ਨਹੀਂ ਵਧਾਈ ਅਤੇ ਅੱਜ 9 ਅਪ੍ਰੈਲ ਨੂੰ ਭਾਈ ਸਾਹਿਬ ਦੀ ਨਜ਼ਰਬੰਦੀ ਸਮਾਪਤ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਇਕ ਟੀਮ ਅਸਾਮ ਵੱਲ ਰਵਾਨਾ ਹੋਈ ਹੈ ਜੋ ਅਜਨਾਲਾ ਥਾਣਾ ਮਾਮਲੇ ‘ਚ ਉਹਨਾਂ ਦੀ ਰਸਮੀ ਗ੍ਰਿਫ਼ਤਾਰੀ ਕਰਕੇ ਪੰਜਾਬ ਵਾਪਸ ਲਿਆਵੇਗੀ।
ਸਾਲ 2023 ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 9 ਸਾਥੀ ਐੱਨ.ਐੱਸ.ਏ. ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਨ। ਹੁਣ ਤੱਕ ਉਨ੍ਹਾਂ ਵਿੱਚੋਂ 8 ਸਾਥੀਆਂ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਵਾਪਸ ਲਿਆ ਚੁੱਕੀ ਹੈ। ਭਾਈ ਪਪਲਪ੍ਰੀਤ ਦੀ ਵੀ ਵਾਪਸੀ ਹੋਣ ‘ਤੇ, ਡਿਬਰੂਗੜ੍ਹ ਜੇਲ੍ਹ ਵਿੱਚ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਹੀ ਬਾਕੀ ਰਹਿ ਜਾਣਗੇ , ਜਿਹਨਾਂ ਦੀ ਹਿਰਾਸਤ 23 ਅਪ੍ਰੈਲ ਨੂੰ ਖ਼ਤਮ ਹੋਣੀ ਹੈ।