
ਬੁੜੈਲ ਜੇਲ, ਚੰਡੀਗੜ੍ਹ ਵਿੱਚ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਜਾਰੀ ਪ੍ਰੈੱਸ ਨੋਟ ਰਾਹੀਂ ਇੰਗਲੈਂਡ ਦੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ 9 ਮਾਰਚ 2025 ਨੂੰ “ਕੋਆਰਡੀਨੇਸ਼ਨ ਕਮੇਟੀ ਆਨ ਟਰੀਟੀ ਆਫ ਲਾਹੌਰ” ਵੱਲੋਂ ਥੈਂਟਫਰਡ, ਇੰਗਲੈਂਡ ਵਿੱਚ “ਲਾਹੌਰ ਸੰਧੀ ਵਿਸਾਹਘਾਤ ਦਿਹਾੜਾ” ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਵਧੇਰੇ ਤੋਂ ਵਧੇਰੇ ਪੰਜਾਬੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਸਮਾਗਮ ਦੀ ਵਿਵਸਥਾ ਕੋਆਰਡੀਨੇਸ਼ਨ ਕਮੇਟੀ ਦੇ ਇੰਗਲੈਂਡ ਕਨਵੀਨਰ ਜਸਪਾਲ ਸਿੰਘ ਚਾਹਲ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਭਾਈ ਭਿਉਰਾ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸੰਧੀ ਪੰਜਾਬ ਦੇ ਇਤਿਹਾਸ ਅਤੇ ਹਕੂਮਤ ਲਈ ਅਤਿ ਮਹੱਤਵਪੂਰਨ ਰਹੀ ਹੈ ਅਤੇ 9 ਮਾਰਚ 1846 ਨੂੰ ਹੋਈ ਲਾਹੌਰ ਸੰਧੀ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ।
ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਥੈਂਟਫਰਡ ਵਿਖੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਘਟਨਾ ਮਹਾਰਾਜਾ ਦਲੀਪ ਸਿੰਘ ਦੀ ਯਾਦ ਅਤੇ ਪੰਜਾਬੀ ਪਛਾਣ ਲਈ ਇੱਕ ਮੁੱਖ ਮੋੜ ਸੀ। ਭਾਈ ਭਿਉਰਾ ਨੇ ਜੋੜਿਆ ਕਿ ਇਸ ਸਮਾਗਮ ਵਿੱਚ ਬੁਲਾਰੇ ਇਤਿਹਾਸਕ ਤੱਥਾਂ ਨੂੰ ਵੀ ਰੋਸ਼ਨ ਕਰਨਗੇ, ਤਾਂਕਿ ਪੰਜਾਬੀ ਨਵੀਂ ਪੀੜ੍ਹੀ ਵੀ ਇਸ ਵਿਸਾਹਘਾਤ ਦੀ ਹਕੀਕਤ ਨਾਲ ਜਾਣੂ ਹੋ ਸਕੇ।