
(੧੨ ਅਪ੍ਰੈਲ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼)
-ਡਾ. ਗੁਰਪ੍ਰੀਤ ਸਿੰਘ
ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਬੇਟੇ, ਭਾਈ ਮਾਈਦਾਸ ਦੇ ਪੋਤੇ ਤੇ ਭਾਈ ਬੱਲੂ ਦੇ ਪੜਪੋਤੇ ਸਨ। ਆਪ ਦਾ ਜਨਮ ੧੨ ਅਪ੍ਰੈਲ ੧੬੬੩ ਈ. ਦੇ ਦਿਨ ਪਿੰਡ ਅਲੀਪੁਰ (ਜ਼ਿਲ੍ਹਾ ਮੁੱਜ਼ਫ਼ਰਗੜ੍ਹ) ਵਿਚ ਹੋਇਆ। ਭਾਈ ਮਨੀ ਸਿੰਘ ਜੀ ਨੇ ਆਪਣੇ ਜਿਹੜੇ ਪੰਜ ਬੇਟੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਰ ਦਿੱਤੇ ਸਨ, ਭਾਈ ਬਚਿੱਤਰ ਸਿੰਘ ਉਹਨਾਂ ਵਿਚੋਂ ਇਕ ਸੀ। ਭਾਈ ਬਚਿੱਤਰ ਸਿੰਘ ਨੇ ਗੁਰੂ ਸਾਹਿਬ ਦੀਆਂ ਤਕਰੀਬਨ ਸਾਰੀਆਂ ਜੰਗਾਂ ਵਿਚ ਹੀ ਹਿੱਸਾ ਲਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਸਿਧਾਂਤਾਂ ਨੂੰ ਨਿਆਰਾ ਰੱਖਣ ਲਈ ਸਿੱਖਾਂ ਦੇ ਬੱਚਿਆਂ ਦੇ ਰਿਸ਼ਤੇ ਸਿੱਖਾਂ ਦੇ ਘਰ ਹੀ ਕਰਨ ਲਈ ਸਮੂਹਿਕ ਵਿਆਹਾਂ ਦੇ ਸਮਾਗਮ ਸ਼ੁਰੂ ਕੀਤੇ ਸਨ । ਜਿਸ ਵਿਚ ਭਾਈ ਬਚਿੱਤਰ ਸਿੰਘ ਦਾ ਵਿਆਹ ੨ ਮਾਰਚ ੧੬੯੩ ਈ. ਨੂੰ ਅਨੰਦਪੁਰ ਵਿਖੇ ਹੋਇਆ। ਖ਼ਾਲਸਾ ਪ੍ਰਗਟ ਕਰਨ ਸਮੇਂ ਆਪ ਜੀ ਨੇ ਅੰਮ੍ਰਿਤ ਛਕਿਆ। ਪਹਿਲੀ ਸਤੰਬਰ ੧੭੦੦ ਈ. ਦੇ ਦਿਨ ਜਦੋਂ ਪਹਾੜੀ ਰਾਜਿਆਂ ਨੇ ਇਕ ਹਾਥੀ ਨੂੰ ਸ਼ਰਾਬ ਪਿਲਾ ਕੇ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੋੜਨ ਵਾਸਤੇ ਲਿਆਂਦਾ ਤਾਂ ਭਾਈ ਬਚਿੱਤਰ ਸਿੰਘ ਨੇ ਗੁਰੂ । ਸਾਹਿਬ ਵਲੋਂ ਦਿੱਤੇ ਨਾਗਨੀ ਬਰਛੇ ਨਾਲ ਉਸ ਸ਼ਰਾਬੀ ਹਾਥੀ ਦਾ ਮੂੰਹ ਮੋੜਿਆ। ਉਹ ਹਾਥੀ ਪਹਾੜੀਆਂ ਦੀਆਂ ਫ਼ੌਜਾਂ ਨੂੰ ਲਤਾੜਦਾ ਹੋਇਆ ਵਾਪਿਸ ਭੱਜ ਗਿਆ।
੫ ਅਤੇ ੬ ਦਸੰਬਰ ਦੀ ਰਾਤ ਜਦ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਤਾਂ ਭਾਈ ਬਚਿੱਤਰ ਸਿੰਘ ਵੀ ਨਾਲ ਸੀ। ਸਰਸਾ ਨਦੀ ਪਾਰ ਕਰ ਕੇ ਮਲਕਪੁਰ ਰੰਘੜਾਂ ਪਿੰਡ ਕੋਲ ਭਾਈ ਬਚਿੱਤਰ ਸਿੰਘ ਦੀ ਸਰਹਿੰਦ ਦੀ ਫ਼ੌਜ ਨਾਲ ਬੜੀ ਗਹਿਗੱਚ ਲੜਾਈ ਹੋਈ। ਇਸ ਜੰਗ ਵਿਚ ਭਾਈ ਬਚਿੱਤਰ ਸਿੰਘ ਸਖ਼ਤ ਜ਼ਖ਼ਮੀ ਹੋ ਗਏ ਤੇ ਬਾਕੀ ੧੦੦ ਸਿੱਖ ਸ਼ਹੀਦ ਹੋ ਗਏ। ਪਿਛੇ ਆ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਜ਼ਖ਼ਮੀ ਹਾਲਤ ਵਿਚ ਪਏ ਬਚਿੱਤਰ ਸਿੰਘ ਜੀ ਨੂੰ ਚੁੱਕ ਕੇ ਕੋਟਲਾ ਨਿਹੰਗ ਖਾਂ ਪਿੰਡ ਚਲੇ ਗਏ। ਗੁਰੂ ਜੀ ਤੇ ਸਿੰਘ ਚਮਕੌਰ ਵੱਲ ਚਲੇ ਗਏ। ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ ਹੀ ਸਨ। ਜਦ ਗੁਰੂ ਜੀ ਚਮਕੌਰ ਵਿਚੋਂ ਨਿਕਲ ਗਏ ਤਾਂ ਰੋਪੜ ਤੇ ਸਰਹਿੰਦ ਦੀਆਂ ਚੌਕੀਆਂ ਨੂੰ ਭਾਜੜਾਂ ਪੈ ਗਈਆਂ। ਰੋਪੜ ਦੇ ਚੌਂਕੀ ਇੰਚਾਰਜ਼ ਜਾਫਰ ਅਲੀ ਖਾਨ ਨੂੰ ਇਤਲਾਹ ਮਿਲੀ ਕਿ ਸਿੰਘ ਕੋਟਲਾ ਨਿਹੰਗ ਖਾ ਰੁਕੇ ਹਨ ਤਾਂ ਜਾਫਰ ਅਲੀ ਨੇ ਸਿਪਾਹੀ ਲੈ ਕੇ ਛਾਪਾ ਮਾਰਿਆ। ਗੜ੍ਹੀ ਦੀ ਤਲਾਸ਼ੀ ਲਈ ਗਈ। ਇਕ ਕੋਠੜੀ ਰਹਿ ਗਈ ਜਿਸ ਵਿਚ ਜ਼ਖ਼ਮੀ ਭਾਈ ਬਚਿੱਤਰ ਸਿੰਘ ਜੀ ਪਏ ਸਨ। ਚੌਂਕੀ ਇੰਚਾਰਜ ਦੇ ਪੁੱਛਣ ’ਤੇ ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿਚ ਮੇਰੀ ਲੜਕੀ ਤੇ ਜਵਾਈ ਹੈ। ਜੇ ਕਹੋ ਤਾਂ ਕਮਰਾ ਦਿਖਾ ਦਿੰਦਾ ਹਾਂ। ਚੌਕੀ ਇੰਚਾਰਜ ਚਲਾ ਗਿਆ। ਨਿਹੰਗ ਖਾਂ ਦੀ ਬੇਟੀ ਮੁਮਤਾਜ ਨੇ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ। ਅਗਲੇ ਦਿਨ ੯ ਪੋਹ ਸ਼ਨੀਵਾਰ ਭਾਈ ਬਚਿੱਤਰ ਸਿੰਘ ਜ਼ਿਆਦਾ ਜ਼ਖ਼ਮੀ ਹੋਣ ਕਾਰਨ ਸ਼ਹੀਦੀ ਪ੍ਰਾਪਤ ਕਰ ਗਏ। ਬੀਬੀ ਮੁਮਤਾਜ ਸਾਰੀ ਉਮਰ ਭਾਈ ਬਚਿੱਤਰ ਸਿੰਘ ਜੀ ਦੀ ਵਿਧਵਾ ਬਣ ਕੇ ਰਹੇ (ਵੇਖੋ ਕੋਟਲਾ ਨਿਹੰਗ ਖਾਂ ਅਤੇ ਬੀਬੀ ਮੁਮਤਾਜ)। ਇਸ ਤਰ੍ਹਾਂ ਇਹ ਸੂਰਬੀਰ ਯੋਧਾ ਧਰਮ ਲਈ ਆਪਣੀ ਜਾਨ ਕੁਰਬਾਨ ਕਰ ਗਿਆ।