136 views 3 secs 0 comments

ਭਾਈ ਮਰਦਾਨਾ ਜੀ

ਲੇਖ
January 30, 2025

ਡਾ. ਗੁਰਪ੍ਰੀਤ ਸਿੰਘ

ਗੁਰੂ ਨਾਨਕ ਜੀ ਦਾ ਮੁੱਢ ਕਦੀਮ ਦਾ ਸਾਥੀ ਹੋਣ ਕਾਰਨ ਸਿੱਖ ਇਤਿਹਾਸ ਵਿਚ ਭਾਈ ਮਰਦਾਨਾ ਜੀ ਨੂੰ ਸ਼੍ਰੋਮਣੀ ਸਥਾਨ ਹਾਸਿਲ ਹੋਇਆ ਹੈ। ਭਾਈ ਮਰਦਾਨਾ ਜੀ ਜਾਤ ਦੇ ਮੀਰਾਸੀ ਤੇ ਸੰਗੀਤਕਾਰ ਸਨ। ਭਾਈ ਮਰਦਾਨਾ ਜੀ ਦੇ ਵੱਡੇ-ਵੱਡੇਰੇ ਪੱਠੇਵਿੰਡ
ਪਿੰਡ ਤੋਂ ਸਨ। ਇਹ ਪਿੰਡ ਗੁਰੂ ਨਾਨਕ ਦੇਵ ਜੀ ਦੇ ਵੱਡੇ-ਵੱਡੇਰਿਆਂ ਦਾ ਪੁਰਾਤਨ ਪਿੰਡ ਸੀ।

ਪੱਠੇਵਿੰਡ ਪਿੰਡ ਵਿਚ ਰਜਾਨੀ ਚੌਬੜ ਜਾਤ ਦਾ ਡੂੰਮ ਮੀਰਾਸੀ ਰਹਿੰਦਾ ਸੀ। ਇਹ ਮਰਦਾਨਾ ਜੀ ਦਾ ਪੜਦਾਦਾ ਸੀ। ਜਾਪਦਾ ਹੈ ਕਿ ਰਜਾਨੀ ਦਾ ਲੜਕਾ ਭਾਦੜਾ ਗੁਰੂ ਨਾਨਕ ਦੇਵ ਜੀ ਦੇ ਦਾਦਾ ਸ਼ਿਵਨਾਰਾਇਣ ਨਾਲ ਹੀ ਪੱਠਵਿੰਡ ਤੋਂ ਤਲਵੰਡੀ ਰਾਇ ਭੋਇ ਆ ਗਿਆ ਸੀ। ਭਾਦੜਾ ਜੀ ਦੇ ਘਰ ਹੀ ਬਾਦਰਾ ਨਾਮ ਦੇ ਲੜਕੇ ਨੇ ਜਨਮ ਲਿਆ। ਬਾਦਰਾ ਜੀ ਜਦ ਵੱਡੇ ਹੋਏ ਤਾਂ ਉਨ੍ਹਾਂ ਦਾ ਵਿਆਹ ਪਿੰਡ ਨੂਰਖੇੜੀ ਵਿਖੇ ਬੀਬੀ ਲੱਖੋ ਨਾਲ ਹੋਇਆ। ਬੀਬੀ ਲੱਖੋ ਦੀ ਇਕ ਹੋਰ ਭੈਣ ਦੌਲਤਾਂ ਵੀ ਸੀ, ਜਿਸ ਨੇ ਤਲਵੰਡੀ ਵਿਖੇ ਆ ਕੇ ਦਾਈ ਦਾ ਕੰਮ ਸ਼ੁਰੂ ਕੀਤਾ ਸੀ। ਭਾਈ ਮਰਦਾਨਾ ਜੀ ਦਾ ਜਨਮ ਭਾਈ ਬਦਰਾ ਜੀ ਦੇ ਗ੍ਰਹਿ ਵਿਖੇ ਮਾਤਾ ਲੱਖੋ ਦੇ ਉਦਰ ਤੋਂ ੬ ਫਰਵਰੀ ੧੪੫੯ ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਵਿਚ ਦਸ ਸਾਲ ਵੱਡੇ ਸਨ। ਜਦ ਮਰਦਾਨਾ ਜੀ ਜਵਾਨ ਹੋਏ ਤਾਂ ਆਪ ਜੀ ਦਾ ਵਿਆਹ ਬੀਬੀ ਨਜ਼ੀਰਾ ਨਾਲ ਹੋਇਆ। ਇਨ੍ਹਾਂ ਦੇ ਘਰ ਦੋ ਲੜਕੇ ਸਜ਼ਾਦਾ ਤੇ ਰਜ਼ਾਦਾ ਅਤੇ ਇਕ ਲੜਕੀ ਕਾਕੋ ਨੇ ਜਨਮ ਲਿਆ। ਮਰਦਾਨਾ ਜੀ ਨੇ ਆਪਣੇ ਪਿਤਾ ਜੀ ਦੀ ਜਗ੍ਹਾ ਤੇ ਪਿੰਡ ਦਾ ਕੰਮ ਸੰਭਾਲ ਲਿਆ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਸਨ ਅਤੇ ਬਹੁਤ ਸਮਾਂ ਘਰ ਨਾ ਆਏ ਤਾਂ ਗੁਰੂ ਜੀ ਦੇ ਪਿਤਾ ਜੀ ਨੇ ਮਰਦਾਨਾ ਜੀ ਨੂੰ ਗੁਰੂ ਨਾਨਕ ਜੀ ਦਾ ਪਤਾ ਲੈਣ ਭੇਜਿਆ। ਭਾਈ ਮਰਦਾਨਾ ਜੀ ਗੁਰੂ ਜੀ ਕੋਲ ਹੀ ਸੁਲਤਾਨਪੁਰ ਲੋਧੀ ਵਿਖੇ ਟਿਕ ਗਏ। ਇਥੋਂ ਹੀ ਭਾਈ ਫਿਰੰਦੇ ਜੀ ਤੋਂ ਰਬਾਬ ਲੈ ਕੇ ਭਾਈ ਮਰਦਾਨਾ ਜੀ ਗੁਰੂ ਜੀ ਨਾਲ ਉਦਾਸੀਆਂ ‘ਤੇ ਨਿਕਲ ਪਏ ਸਨ। ਉਦਾਸੀਆਂ ‘ਤੇ ਜਾਣ ਤੋਂ ਪਹਿਲਾ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਤਿੰਨ ਉਪਦੇਸ਼ ਦਿੱਤੇ। ਪਹਿਲਾ ਅੰਮ੍ਰਿਤ ਵੇਲੇ ਸਤਿਨਾਮ ਦਾ ਜਾਪ ਕਰਨਾ, ਦੂਜਾ ਕੇਸ ਕਤਲ ਨਹੀਂ ਕਰਨੇ, ਤੀਜਾ ਲੋੜਵੰਦ ਦੀ ਮਦਦ ਕਰਨੀ। ਭਾਈ ਮਰਦਾਨਾ ਜੀ ਉਚ ਕੋਟੀ ਦੇ ਸੰਗੀਤਕਾਰ ਸਨ। ਉਦਾਸੀਆਂ ਦੇ ਦੌਰਾਨ ਹੀ ਪੰਡਿਤ ਹਰਿਦਾਸ ਨੇ ਭਾਈ ਮਰਦਾਨਾ ਜੀ ਨੂੰ ਗੁਰੂ ਧਾਰਨ ਕੀਤਾ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੇਨ ਦੇ ਗੁਰੂ ਹਰਿਦਾਸ ਮਰਦਾਨਾ ਜੀ ਦੇ ਸ਼ਾਗਿਰਦ ਸਨ। ਭਾਈ ਮਰਦਾਨਾ ਜੀ ਗੁਰੂ ਜੀ ਨਾਲ ਉਦਾਸੀਆਂ ਦੌਰਾਨ ਪੱਕੇ ਸਾਥੀ ਬਣ ਕੇ ਵਿਚਰੇ। ਬਾਲਾ ਜਨਮਸਾਖੀ ਅਨੁਸਾਰ ਭਾਈ ਮਰਦਾਨਾ ਜੀ ਨੇ ਕੁਰਮ (ਅਫ਼ਗ਼ਾਨਿਸਤਾਨ) ਵਿਖੇ ਸਰੀਰ ਤਿਆਗਿਆ। ਪਰ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਅਨੁਸਾਰ ਉਨ੍ਹਾਂ ਦਾ ਦੇਹਾਂਤ ਕਰਤਾਰਪੁਰ ਵਿਖੇ ਹੋਇਆ। ਗੁਰੂ ਦੇ ਨਾਨਕ ਦੇਵ ਜੀ ਦੇ ਸੰਬੰਧੀਆਂ ਤੇ ਮਿੱਤਰਾਂ ਵਿਚ ਕੋਈ ਵੀ ਭਾਈ ਮਰਦਾਨਾ ਜੀ ਦੀ ਬਰਾਬਰੀ ‘ਤੇ ਨਹੀਂ ਖੜੋ ਸਕਦਾ। ਨਿਵੇਕਲਾ ਮਿੱਤਰ ਸੀ ਭਾਈ ਮਰਦਾਨਾ ਜਿਸ ਨੇ ਸਭ ਕੁਝ ਗੁਰੂ ਨਾਨਕ ਜੀ ਤੋਂ ਵਾਰ ਦਿੱਤਾ। ਡਾ. ਸੁਰਿੰਦਰ ਸਿੰਘ ਦੁਸਾਂਝ’ ਦੇ ਸ਼ਬਦਾਂ ਵਿਚ “ਭਾਈ ਮਰਦਾਨਾ ਤੇਰਾ ਦਿੱਤਾ ਨਾਨਕ ਦੇ ਸਿੱਖਾਂ ਤੋਂ ਮੋੜ ਨਹੀਂ ਹੋਣਾ, ਉਸਦਾ ਮੁੱਲ ਵੀ ਨਹੀਂ ਚੁਕਾਇਆ ਜਾਣਾ, ਜੇ ਤੁਠੈ ਤਾਂ ਇਕ ਕਿਰਪਾ ਕਰਦੇ, ਨਾਨਕ ਦੇ ਸਿੱਖਾਂ ਨੂੰ ਆਪਣਾ ਸਿੱਦਕ ਦੇ ਦੇ ਨਹੀਂ ਤਾਂ ਇਨ੍ਹਾਂ ਸਿੱਖਾਂ ਸਦਕਾ ਤੇਰਾ ਸਾਥੀ, ਤੇਰੇ ਰਹਿਬਰ ਗੁਰੂ ਨਾਨਕ ਦਾ ਸਰੂਪ ਉਹ ਨਹੀਂ ਰਹਿਣਾ, ਜਿਹੜਾ ਤੂੰ ਵੇਖਿਆ।”