
-ਡਾ. ਜਸਬੀਰ ਸਿੰਘ ਸਰਨਾ
ਸਿੱਖ ਕੌਮ ਦੇ ਦਾਨਿਸ਼-ਏ-ਨੂਰਾਨੀ ਅਤੇ ਰੋਸ਼ਨ-ਦਿਮਾਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਮੈਨੂੰ ਦਿਲੀ ਪ੍ਰਸੰਨਤਾ ਹੋਈ ਹੈ ਕਿ ਬੀਬਾ ਜਸਵਿੰਦਰ ਕੌਰ ਨੇ ਆਪਣੇ ਖੋਜ ਕਾਰਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ: ਸਿਧਾਂਤਿਕ ਤੇ ਇਤਿਹਾਸਕ ਪਰਿਪੇਖ ਨੂੰ ਪ੍ਰਕਾਸ਼ਿਤ ਰੂਪ ਵਿਚ ਸਾਹਮਣੇ ਲਿਆਂਦਾ ਹੈ। ਭਾਈ ਸਾਹਿਬ ਦੀਆਂ ਰੂਹਾਨੀ ਰਮਜ਼ਾਂ, ਗੁਰਮਤਿ ਸਿਧਾਂਤਾਂ ਅਤੇ ਗਹਿਰ-ਗੰਭੀਰ ਸੰਕਲਪਾਂ ਦੇ ਰਹੱਸਾਂ ਨੂੰ ਜਿਸ ਚਿੰਤਨ- ਧਾਰਾ ਰਾਹੀਂ ਬਿਆਨ ਕੀਤਾ ਹੈ ਉਹ ਬਾ-ਕਮਾਲ ਨਿੱਧੀ ਹੈ। ਭਾਈ ਸਾਹਿਬ ਜਿੱਥੇ ਵੀ ਗਏ ਆਪਣੇ ਚੰਦਨ ਵਰਗੇ ਆਤਮਿਕ ਰੰਗ ਬਖੇਰਦੇ ਗਏ ਜੋ ਖਾਲਸਈ ਜਾਹ-ਓ-ਜਲਾਲ ਦੀ ਆਬਾ ਕੇਂਦਰ ਬਿੰਦੂ ਹੋ ਨਿਬੜਿਆ।
ਖੋਜ ਕਰਤਾ ਨੇ ਸਮੁੱਚੀ ਪੁਸਤਕ ਨੂੰ ਛੇ ਅਧਿਆਇਆਂ ਵਿਚ ਭਾਈ ਸਾਹਿਬ ਦੀ ਸਮੁੱਚੀ ਜ਼ਿੰਦਗੀ ਦਾ ਪੈਰਾਡਾਇਮ ਪੇਸ਼ ਕਰਨ ਦਾ ਯਤਨ ਕੀਤਾ ਹੈ। ਪਹਿਲੇ ਭਾਗ (੬੧ ਪੰਨੇ) ਵਿਚ ਭਾਈ ਸਾਹਿਬ ਦੀ ਸ਼ਖ਼ਸੀਅਤ ਦੀ ਰੂਹਾਨੀਅਤ ਅਤੇ ਗੁਰਮਤਿ ਚਿੰਤਨ ਨੂੰ ਉਭਾਰਨ ਦਾ ਯਤਨ ਕੀਤਾ ਹੈ ਜਿਸ ਵਿਚ ਤਰਜ਼-ਏ-ਜ਼ਿੰਦਗੀ ਦੀ ਬਹੁਰੰਗਤਾ, ਉੱਚੀ-ਸੁੱਚੀ ਮਿਕਨਾਤੀਸੀ ਸ਼ਖ਼ਸੀਅਤ, ਰਚਨਾਵਾਂ ਦੇ ਸਰੋਤ ਅਤੇ ਹੋ ਚੁੱਕੇ ਖੋਜ-ਕਾਰਜਾਂ ਦਾ ਵਿਵਰਣਾਤਮਿਕ ਸਰਵੇਖਣ ਸ਼ਾਮਲ ਹੈ। ਦੂਜੇ ਵਿਭਾਗ ਲਈ ਕੇਵਲ ੨੪ ਪੰਨੇ ਸਰਫ਼ ਕੀਤੇ ਗਏ ਹਨ ਜਿਸ ਵਿਚ ਭਾਈ ਸਾਹਿਬ ਦੇ ਦਾਰਸ਼ਨਿਕ ਚਿੰਤਨ ਦੇ ਦੀਦਾਰ ਹੁੰਦੇ ਹੁੰਦੇ ਹਨ। ਇਸੇ ਤਰ੍ਹਾਂ ਤੀਜੇ ਭਾਗ ਲਈ ੫੪ ਪੰਨਿਆਂ ਵਿਚ ਧਾਰਮਿਕ ਚਿੰਤਨ ਦਾ ਉਲੇਖ ਕੀਤਾ ਗਿਆ ਹੈ। ਚੌਥੇ ਤੇ ਪੰਜਵੇਂ ਭਾਗ ਲਈ ਕੁੱਲ ੩੦ ਪੰਨੇ ਹਨ ਜਿਸ ਵਿਚ ਭਾਈ ਸਾਹਿਬ ਦੀਆਂ ਰਚਨਾਵਾਂ ਦਾ ਸਮਾਜਿਕ ਚਿੰਤਨ ਅਤੇ ਗੁਰਬਾਣੀ ਵਿਆਖਿਆ ਦਾ ਸਰੂਪ ‘ ਪੇਸ਼ ਕੀਤਾ ਹੈ। ਛੇਵੇਂ ਖੰਡ ਦੇ ੨੦ ਪੰਨਿਆਂ ਵਿਚ ਭਾਈ ਸਾਹਿਬ ਦੀਆਂ ਰਚਨਾਵਾਂ ਦਾ ਸੁਹਜ-ਸ਼ਾਸਤਰ ਦੀਆਂ ਰਹੱਸਮਈ ਰਮਜ਼ਾਂ ਅਤੇ ਰੂਹਾਨੀ ਮੰਡਲਾਂ ਦਾ ਪਾਸਾਰ ਦ੍ਰਿਸ਼ਟੀਗੋਚਰ ਹੁੰਦਾ ਹੈ। ਖੋਜ ਕਰਤਾ ਨੇ ਭਾਈ ਸਾਹਿਬ ਦੇ ਜੀਵਨ ਦੇ ਹਰ ਲਕਸ਼ ਨੂੰ ‘ਗਾਗਰ ਵਿਚ ਸਾਗਰ’ ਭਰਨ ਦਾ ਭਾਵਪੂਰਿਤ ਯਤਨ ਕੀਤਾ ਹੈ ਜੋ ਪ੍ਰਸੰਸਾ-ਯੋਗ ਹੈ।
ਭਾਈ ਸਾਹਿਬ ਨੂੰ ਅਜਿਹਾ ਰੂਹਾਨੀ ਇਲਮ ਦਾ ਇਲਹਾਮ ਹੋਇਆ ਕਿ ਉਨ੍ਹਾਂ ਨੂੰ ਜਾਪਿਆ ਕਿ ਮਿੱਟੀ ਦੇ ਸਰੀਰ ਵਿੱਚੋਂ ਰੱਬ ਦੇ ਨਾਮ ਬਿਨਾਂ ਹੋਰ ਕੁਝ ਨਾ ਨਿਕਲੇ। ਭਾਈ ਨੰਦ ਲਾਲ ਗੋਯਾ :
“ਤਾਂ ਆਫ਼ਰੀਦਾ ਅਸਤ ਮਰਾ ਆਂ ਖ਼ੁਦਾਇ ਪਾਕ
ਜੁਜ਼ ਹਰਫ਼ਿ ਨਾਮਿ ਹੱਕ ਨਿਆਇਦ ਜ਼ਿ ਜਿਸਮਿ ਖ਼ਾਕ”
ਇਸ ਪੁਸਤਕ ਦਾ ਅਧਿਐਨ ਕਰਦਿਆਂ ਇਸ ਗੱਲ ਦਾ ਤੀਬਰਤਾ ਨਾਲ ਅਹਿਸਾਸ ਹੁੰਦਾ ਹੈ ਕਿ ਸਾਰੀ ਕੌਮੀ ਵਿਰਾਸਤ ਨੂੰ ਹਰ ਹੀਲੇ ਸਾਂਭਣ ਦਾ ਯਤਨ ਕਰਨਾ ਚਾਹੀਦੀ ਹੈ। ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਅਜਿਹੇ ਰੂਹਾਨੀ ਪੁਰਖ ਸੰਗ-ਏ-ਮੀਲ ਬਣਨ। ਭਾਈ ਰਣਧੀਰ ਸਿੰਘ ਟਰੱਸਟ (ਯੂ ਕੇ) ਇੰਗਲੈਂਡ ਵੱਲੋਂ ਇਸ ਨੂੰ ਪ੍ਰਕਾਸ਼ਿਤ ਕਰਨਾ ਸੁਆਗਤ ਯੋਗ ਹੈ। ੨੨੦ ਪੰਨਿਆਂ ਦੀ ਪੇਪਰ ਬੈਕ ਵਾਲੀ ਕਿਤਾਬ ੩੫੦ ਰੁਪਏ ਆਮ ਪਾਠਕਾਂ ਦੀ ਪਹੁੰਚ ਵਿਚ ਹੈ। ਭਾਈ ਸਾਹਿਬ ਦੀ ਦੀਦਾਰੀ ਫੋਟੋ ਦੀ ਘਾਟ ਮੈਨੂੰ ਬੇਹੱਦ ਖਟਕੀ ਹੈ। ਭਾਈ ਸਾਹਿਬ ਦੀ ਸਮੁੱਚੇ ਜੀਵਨ ਸ਼ੈਲੀ ਦੇ ਦੀਦਾਰ ਕਰਨ ਲਈ ਇਸ ਪੁਸਤਕ ਦਾ ਅਧਿਐਨ ਕਰਨ ਲਈ ਧੁਰ ਦਿਲੋਂ ਸਿਫਾਰਸ਼ ਹੈ।