
ਭਾਦੁਇ ਭਰਮਿ ਭੁਲਾਣੀਆ…
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ॥੭॥ (ਅੰਗ ੧੩੪)
ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਥ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰਹ ਮਾਹਾ ਮਾਝ ਦੀ ਇਸ ਪਾਵਨ ਪਉੜੀ ਵਿਚ ਭਾਦਰੋਂ ਮਹੀਨੇ ਦੀ ਰੁੱਤ ਅਤੇ ਇਸ ਦੇ ਮਨੁੱਖ-ਮਾਤਰ ਅਤੇ ਜੀਵ-ਜਗਤ ਉੱਪਰ ਅਸਰ ਦੇ ਸੰਬੰਧ ਵਿਚ ਮਨੁੱਖਾ ਜੀਵ-ਇਸਤਰੀ ਨੂੰ ਸਰੀਰ ਦੀ ਨਾਸ਼ਮਾਨਤਾ ਤੇ ਸੰਸਾਰਿਕ ਰਿਸ਼ਤਿਆਂ ਦੀ ਅਸਥਿਰਤਾ ਦਰਸਾਉਂਦੇ ਹੋਏ ਸਤਿ, ਸੰਤੋਖ ਤੇ ਧੀਰਜ ਅਤੇ ਸੱਚੇ ਰੂਹਾਨੀ ਗਿਆਨ ਦਾ ਸਹਾਰਾ ਲੈਂਦਿਆਂ ਕੁੜੀ ਅਗਿਆਨਤਾ ‘ਚੋਂ ਬਾਹਰ ਨਿਕਲਣ ਦਾ ਗੁਰਮਤਿ ਗਾਡੀ ਮਾਰਗ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਭਾਦਰੋਂ ਦੇ ਮਹੀਨੇ ਵਿਚ ਉਹ ਜੀਵ-ਇਸਤਰੀ ਅਗਿਆਨਤਾ ਦੇ ਭਰਮ ਵਿਚ ਭੁੱਲੀ ਭਟਕਦੀ ਰਹਿੰਦੀ ਹੈ ਜਿਹੜੀ ਪਰਮਾਤਮਾ ਰੂਪੀ ਸੱਚੇ ਮਾਲਕ ਜਾਂ ਪਤੀ ਦੇ ਪਿਆਰ ਨੂੰ ਛੱਡ ਕੇ ਕਿਸੇ ਹੋਰ ਨਾਲ ਭਾਵ ਰੂਹਾਨੀ ਪਿਆਰ ਨੂੰ ਛੱਡ ਕੇ ਉਲਾਰੂ ਮੋਹ ਸੰਸਾਰ ਨਾਲ ਲਾ ਬੈਠਦੀ ਹੈ। ਪਤੀ-ਪਰਮਾਤਮਾ ਦੇ ਪਿਆਰ ਤੋਂ ਵਾਂਝੀ ਹੋ ਜਾਣ ਕਰਕੇ ਜੀਵਨ ਰੁਪੀ ਭਾਦਰੋਂ ਦੇ ਮਹੀਨੇ ਵਿਚ ਉਹ ਬਾਹਰੋਂ ਜਿੰਨਾ ਮਰਜ਼ੀ ਸ਼ਿੰਗਾਰ ਕਿਉਂ ਨਾ ਕਰ ਲਵੇ ਉਹ ਉਸ ਦੇ ਕੰਮ ਨਹੀਂ ਆਉਂਦਾ ਕਿਉਂ ਜੋ ਜੀਵ-ਇਸਤਰੀ ਨੂੰ ਸ਼ਿੰਗਾਰ ਤਾਂ ਰੂਹਾਨੀ ਅਤੇ ਨੈਤਿਕ ਗੁਣਾਂ ਦਾ ਹੀ ਕਰਨਾ ਚਾਹੀਦਾ ਹੈ ਜਿਸ ਉੱਪਰ ਮਾਲਕ ਖੁਸ਼ ਹੋ ਸਕਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਰੀਰਿਕ ਸ਼ਿੰਗਾਰ ਵੈਸੇ ਵੀ ਬੇਅਰਥ ਹੈ ਕਿਉਂਕਿ ਇਹ ਸਰੀਰ ਤਾਂ ਬਿਨਸ ਜਾਂਦਾ ਹੈ ਅਤੇ ਉਸ ਵੇਲੇ ਸਾਰੇ ਅੰਗ-ਸਾਕ ‘ਪ੍ਰੇਤ’ ਆਖਦੇ ਜਾਂ ਸਮਝਣ ਲੱਗ ਜਾਂਦੇ ਹਨ। ਸਰੀਰ ਅੰਦਰ ਵੱਸਣ ਵਾਲੇ ਜੀਉੜੇ ਨੂੰ ਜਮਦੂਤ ਪਕੜ ਕੇ ਲੈ ਤੁਰਦੇ ਹਨ ਤੇ ਜੀਵ ਦੇ ਕਿਸੇ ਅੰਗ-ਸਾਕ ਨੂੰ ਇਸ ਦਾ ਭੇਤ ਨਹੀਂ ਦਿੰਦੇ। ਅਜਿਹੇ ਮੌਕੇ ਸਾਰੇ ਆਪਣੇ ਕਹਾਉਣ ਜਾਂ ਸਮਝੇ ਜਾਣ ਵਾਲੇ ਜਿਨ੍ਹਾਂ ਨਾਲ ਜੀਵ ਨੇ ਪਿਆਰ ਪਾਇਆ ਹੁੰਦਾ ਹੈ, ਜੀਵ ਦਾ ਸਾਥ ਛੱਡ ਦਿੰਦੇ ਹਨ। ਮੌਤ ਦੀ ਪਕੜ-ਜਕੜ ‘ਚ ਆਏ ਜੀਵ ਦੀ ਹਾਲਤ ਬਿਆਨ ਕਰਦੇ ਹੋਏ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਅਜਿਹੇ ਸਮੇਂ ਜੀਵ ਪਛਤਾਉਂਦਾ ਹੈ, ਕੰਬਦਾ ਹੈ, ਡਰਦਾ ਤੇ ਘਬਰਾਉਂਦਾ ਹੈ ਤੇ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ ਐਪਰ ਇਹ ਸਰੀਰ ਤਾਂ ਕਰਮਾਂ ਵਾਲਾ ਖੇਤ ਹੈ ਜਿਸ ਵਿਚ ਜੀਵ ਜਿਹੋ ਜਿਹਾ ਕੋਈ ਬੀਜਦਾ ਹੈ ਉਹੋ ਜਿਹੀ ਹੀ ਫਸਲ ਵੱਢਦਾ ਹੈ। ਸਤਿਗੁਰੂ ਜੀ ਕਲਯੁਗੀ ਜੀਵਾਂ ਦਾ ਮਾਰਗ-ਦਰਸ਼ਨ ਕਰਦੇ ਹੋਏ ਫਰਮਾਉਂਦੇ ਹਨ ਕਿ, ਹੇ ਨਾਨਕ! ਜਿਹੜੇ ਜੀਵ ਮਾਲਕ ਦਾ ਆਸਰਾ ਲੈ ਲੈਂਦੇ ਹਨ ਉਨ੍ਹਾਂ ਨੂੰ ਉਹ ਮਾਲਕ ਆਪਣੇ ਚਰਨ ਕਮਲ ਰੂਪੀ ਜਹਾਜ਼ ‘ਤੇ ਬਿਠਾ ਲੈਂਦਾ ਹੈ ਇਸ ਕਰਕੇ ਉਹ ਮਨੁੱਖਾ ਜੀਵਨ ਰੂਪੀ ਭਾਦਰੋਂ ਦੇ ਮਹੀਨੇ ਵਿਚ ਨਰਕ ਵਿਚ ਪੈਣ ਤੋਂ ਬਚ ਜਾਂਦੇ ਹਨ।