ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਿੱਖਿਆ, ਖੋਜ ਅਤੇ ਸਮਾਜਿਕ ਵਿਕਾਸ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ –ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੁ ਜੀ
ਅੰਮ੍ਰਿਤਸਰ-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ 50ਵੀਂ ਗੋਲਡਨ ਜੁਬਲੀ ਕਨਵੋਕੇਸ਼ਨ ਵੱਡੇ ਉਤਸ਼ਾਹ ਅਤੇ ਅਕਾਦਮਿਕ ਸ਼ਾਨ ਨਾਲ ਸਫਲਤਾਪੂਰਵਕ ਆਯੋਜਿਤ ਕੀਤੀ। ਇਸ ਮੌਕੇ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੁ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਨਾਲ ਵਿਦਆਰਥੀਆਂ ਨੂੰ ਰਾਸ਼ਟਰ ਸੇਵਾ, ਨਵੀਨਤਾ ਅਤੇ ਨੈਤਿਕ ਮੁੱਲਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਇਸ ਮੌਕੇ ਮੰਚ ਉੱਪਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਮਾਨਯੋਗ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਸਮੇਤ ਸਾਰੇ ਵਿਦਆਰਥੀਆਂ, ਅਧਿਆਪਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ ਦੀ ਗੌਰਵਮਈ ਵਿਰਾਸਤ, ਅਕਾਦਮਿਕ ਪ੍ਰਾਪਤੀਆਂ ਅਤੇ ਸਿੱਖਿਆ, ਖੋਜ ਤੇ ਨਵੀਨਤਾ ਵਿੱਚ ਉੱਤਮਤਾ ਪ੍ਰਤੀ ਵਚਨਬੱਧਤਾ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਯਾਦਗਾਰ ਮੌਕੇ ਯੂਨੀਵਰਸਿਟੀ ਵੱਲੋਂ ਦੋ ਪ੍ਰਸਿੱਧ ਸ਼ਖਸੀਅਤਾਂ ਨੂੰ ਆਨਰੇਰੀ ਡਾਕਟਰੇਟ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਹਨਾਂ ਵਿੱਚ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ (ਦੂਰਦਰਸ਼ੀ ਉਦਯੋਗਪਤੀ ਅਤੇ ਸਮਾਜ ਸੇਵੀ), ਜਿਨ੍ਹਾਂ ਨੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਅਸਾਧਾਰਨ ਯੋਗਦਾਨ ਪਾਇਆ ਅਤੇ ਸ੍ਰੀ ਜਸਵੀਰ ਗਿੱਲ, ਸੀ.ਈ.ਓ., ਅਲਰਟ ਐਂਟਰਪ੍ਰਾਈਜ਼ ਇੰਕ., ਕੈਲੀਫੋਰਨੀਆ (ਯੂ.ਐੱਸ.ਏ.), ਜਿਨ੍ਹਾਂ ਨੇ ਟੈਕਨਾਲੋਜੀ ਖੇਤਰ ਵਿੱਚ ਵਿਸ਼ਵ ਪੱਧਰੀ ਅਗਵਾਈ ਕੀਤੀ। ਇਸ ਮੌਕੇ 17 ਮੈਡਲ, 176 ਯੂ.ਜੀ./ਪੀ.ਜੀ. ਡਿਗਰੀਆਂ ਅਤੇ 258 ਪੀਐਚ.ਡੀ. ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਹਸਤੀਆਂ ਵਿੱਚ ਮਾਨਯੋਗ ਕੈਬਿਨਟ ਮੰਤਰੀ ਸ. ਹਰਭਜਨ ਸਿੰਘ ਈਟੀਓ, ਐਮ.ਪੀ ਸ. ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਜੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਨੂੰ ਅੱਜ ਉਸ ਯੂਨੀਵਰਸਿਟੀ ਵਿਚ ਆਉਣ ਦਾ ਮੌਕਾ ਮਿਲਆ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਪਿਤ ਹੋਈ ਸੀ ਅਤੇ ਗੁਰੂ ਜੀ ਦੀਆਂ ਸਦੀਵੀ ਸਿੱਖਿਆਵਾਂ ਅੱਜ ਵੀ ਇਸਦਾ ਸਥਾਈ ਮਾਰਗਦਰਸ਼ਕ ਹਨ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਸਾਡੀ ਸਾਂਝੀ ਵਿਰਾਸਤ ਦੱਸਿਆ ਅਤੇ ਕਿਹਾ ਕਿ ਇਹਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਮਲ ਵਿਚ ਲਿਆ ਕੇ ਅਸੀਂ ਅਨੇਕ ਸਮਾਜਿਕ ਰੋਗਾਂ ਦਾ ਇਲਾਜ ਲੱਭ ਸਕਦੇ ਹਾਂ।
ਰਾਸ਼ਟਰਪਤੀ ਨੇ ਯਾਦ ਕਰਵਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਲਈ ਬਰਾਬਰੀ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਸਰਗਰਮ ਯਤਨਾਂ ‘ਤੇ ਵਿਸ਼ੇਸ਼ ਮਾਣ ਪ੍ਰਗਟ ਕੀਤਾ, ਜੋ ਇਸ ਸਮਾਗਮ ਵਿੱਚ ਵਿਦਆਰਥਣਾਂ ਵੱਲੋਂ ਡਿਗਰੀਆਂ ਅਤੇ ਪੁਰਸਕਾਰ ਲੈਣ ਵਿੱਚ ਉਨ੍ਹਾਂ ਦੀ ਮਜ਼ਬੂਤ ਮੌਜੂਦਗੀ ਵਿੱਚ ਸਪੱਸ਼ਟ ਦਿਖਾਈ ਦਿੱਤਾ। ਉਨ੍ਹਾਂ ਜ਼ੋਰ ਦਿੱਤਾ ਕਿ ਔਰਤਾਂ ਨੂੰ ਬੇਝਿਜਕ ਵਿਸ਼ਵਾਸ ਨਾਲ ਅੱਗੇ ਵਧਣ ਲਈ ਸਸ਼ਕਤ ਬਣਾਉਣਾ ਸਮਾਜਿਕ ਸਦਭਾਵਨਾ ਅਤੇ ਰਾਸ਼ਟਰੀ ਜੀਵਨਤਾ ਲਈ ਜ਼ਰੂਰੀ ਹੈ ਅਤੇ ਸਾਰਿਆਂ ਨੂੰ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਇਸ ਦੀ ਸਫਲਤਾ ਦਾ ਸਿਹਰਾ ਅਧਿਆਪਕਾਂ, ਵਿਦਆਰਥੀਆਂ ਅਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਦਿੱਤਾ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਇਸ ਗੋਲਡਨ ਜੁਬਲੀ ਕਾਨਵੋਕੇਸ਼ਨ ਨੂੰ ਸਿੱਖਿਆ ਖੇਤਰ ਲਈ ਵੱਡੀ ਖੁਸ਼ਕਿਸਮਤੀ ਦੱਸਿਆ ਕਿ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣਾ ਸਮਰਪਣ, ਪ੍ਰਤਿਭਾ ਅਤੇ ਸਥਿਰਤਾ ਨਾਲ ਗ੍ਰੈਜੂਏਟਸ ਨੂੰ ਅਸੀਸਾਂ ਦਿੱਤੀਆਂ। ਉਨ੍ਹਾਂ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਖਾਸ ਕਰਕੇ ਔਰਤਾਂ (ਜੋ ਹੁਣ ਉੱਚ ਸਿੱਖਿਆ ਵਿੱਚ ਪੁਰਸ਼ਾਂ ਤੋਂ ਵੱਧ ਰਹੀਆਂ ਹਨ) ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਦੇਸ਼ ਦੀਆਂ ਧੀਆਂ ਦੇ ਯੋਗਦਾਨ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਯੂਨੀਵਰਸਿਟੀ ਇਤਿਹਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਸ਼੍ਰੀ ਵੀ. ਵੀ. ਗਿਰੀ ਵੱਲੋਂ ਯੂਨੀਵਰਸਿਟੀ ਦਾ ਨੀਹ ਪੱਥਰ ਰੱਖਿਆ ਗਿਆ ਸੀ ਅਤੇ ਅੱਜ 50ਵੀਂ ਕਾਨਵੋਕੇਸ਼ਨ ਮੌਕੇ ਮੌਜੂਦਾ ਮਾਨਯੋਗ ਰਾਸ਼ਟਰਪਤੀ ਸਾਡੇ ਵਿਚ ਹਾਜ਼ਰ ਹਨ, ਇਹ ਵੀ ਇਕ ਇਤਿਹਾਸਕ ਪਲ ਹੈ। ਉਨ੍ਹਾਂ ਯੂਨੀਵਰਸਿਟੀ ਦੇ ਦੇ ਸਫਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ 16 ਲੱਖ ਗਰੈਜੂਏਟ ਤੇ 13 ਲੱਖ ਪੋਸਟ ਗਰੈਜੂਏਟ ਵਿਿਦਆਰਥੀਆਂ ਨੂੰ ਸਿੱਖਿਆ ਦਿੱਤੀ ਅਤੇ 3900 ਪੀਐਚ.ਡੀ. ਹੋਲਡਰ ਸ਼ਾਮਲ ਹਨ ਜੋ ਦੇਸ਼-ਵਿਦੇਸ਼ ਵਿੱਚ ਸੇਵਾ ਕਰ ਰਹੇ ਹਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਮਾਨਯੋਗ ਰਾਸ਼ਟਰਪਤੀ, ਰਾਜਪਾਲ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਨੂੰ ਯੂਨੀਵਰਸਿਟੀ ਦਾ ਮਾਣ ਵਧਾਉਣ ਵਾਲਾ ਦਸਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਪ੍ਰਮੁੱਖ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਇੱਕ ਬਣ ਚੁੱਕੀ ਹੈ ਜਿਸ ਨੂੰ ਕੈਟੇਗਰੀ-1 ਸਟੇਟਸ ਅਤੇ ਨੈਕ ਦਾ ਸਭ ਤੋਂ ਉੱਚਾ ਸਕੋਰ 3.85 (ਏ++) ਪ੍ਰਾਪਤ ਹੈ। ਯੂਨੀਵਰਸਿਟੀ ਨੇ ਏ.ਆਈ. ਅਧਾਰਿਤ ਅਤੇ ਨੌਕਰੀ-ਅਧਾਰਿਤ ਪ੍ਰੋਗਰਾਮ, ਸਕਿੱਲ ਵਿਕਾਸ, ਉੱਦਮੀ ਸਿੱਖਿਆ, 50 ਤੋਂ ਵੱਧ ਸਟਾਰਟਅੱਪਸ, ਡਿਜੀਟਲ ਬੁਨਿਆਦੀ ਢਾਂਚਾ, ਈ-ਆਫਿਸ, ਈ.ਆਰ.ਪੀ., ਓਪਨ ਐਂਡ ਡਿਸਟੈਂਸ ਲਰਨਿੰਗ ਅਤੇ ਅੰਤਰਰਾਸ਼ਟਰੀ ਸਹਿਯੋਗ ਵਧਾਏ ਹਨ। ਸਮਾਜਿਕ ਜ਼ਿੰਮੇਵਾਰੀ ਅਧੀਨ ਗ੍ਰੀਨ ਕੈਂਪਸ, ਜਾਨਵਰਾਂ ਦੀ ਭਲਾਈ ਅਤੇ ਗ੍ਰਾਮੀਣ/ਸਰਹੱਦੀ ਖੇਤਰਾਂ ਦੇ ਵਿਿਦਆਰਥੀਆਂ ਲਈ 5% ਅਤਿਰਕਤ ਰਾਖਵਾਂਕਰਨ ਵਰਗੇ ਉਪਰਾਲੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਅਸਲ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਵਿੱਚ ਸਮਾਈ ਅਧਿਆਤਮਕ ਵਿਰਾਸਤ ਹੈ ਜੋ ਸਿੱਖਿਆ ਵਿੱਚ ਨਿਮਰਤਾ ਅਤੇ ਦਇਆ ਨੂੰ ਜ਼ਰੂਰੀ ਬਣਾਉਂਦੀ ਹੈ। ਗਿਆਨ ਬਿਨਾਂ ਨਿਮਰਤਾ ਅਤੇ ਵਿਦਵਤਾ ਬਿਨਾਂ ਦਇਆ ਅਧੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੇ ਹਵਾਲੇ ਨਾਲ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀਆਂ ਵੰਡਣ ਤੱਕ ਸੀਮਤ ਨਹੀਂ ਸਗੋਂ ਬਿਹਤਰ ਇਨਸਾਨ ਬਣਾਉਣ ਲਈ ਹੈ।
ਇਸ ਮੌਕੇ ਵਿਦਆਰਥੀਆਂ ਨੂੰ ਵੱਖ-ਵੱਖ ਵਿਿਸ਼ਆਂ ਵਿੱਚ ਡਿਗਰੀਆਂ ਅਤੇ ਮੈਡਲ ਤਕਸੀਮ ਕੀਤੇ ਗਏ। ਸਮਾਗਮ ਵਿੱਚ ਪ੍ਰੋ. ਐਚ.ਐੱਸ. ਸੈਣੀ (ਡੀਨ ਅਕਾਦਮਿਕ ਮਾਮਲੇ ), ਪ੍ਰੋ. ਕੇ.ਐੱਸ. ਚਾਹਲ (ਰਜਿਸਟਰਾਰ), ਸੀਨੀਅਰ ਅਧਿਕਾਰੀ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਮਹਿਮਾਨ ਸ਼ਾਮਲ ਹੋਏ। ਮਾਣਯੋਗ ਰਾਸ਼ਟਰਪਤੀ ਨੇ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਵੰਡੇ ਅਤੇ ਉਨ੍ਹਾਂ ਦੀ ਉੱਤਮਤਾ, ਸਮਰਪਣ ਅਤੇ ਅਟੱਲਤਾ ਦਾ ਜਸ਼ਨ ਮਨਾਇਆ।
