ਭੇਖ ਉਹ ਹੈ ਜੋ ਵਾਸਤਵ ਜਾਂ ਸੱਚ ਨਹੀਂ ਜਾਂ ਇੰਜ ਕਹਿ ਲਵੋ ਕਿ ਭੇਖੀ ਉਹ ਹੈ ਜੋ ਨਕਲ ਨੂੰ ਅਸਲ ਦੱਸ ਕੇ ਭੁਲੇਖਾ ਪਾਉਣ ਦਾ ਜਤਨ ਕਰਦਾ ਹੈ ਜਾਂ ਜੋ ਅਸਲੀਅਤ ਨੂੰ ਢੱਕ ਕੇ ਭਰਮਾਉਂਦਾ ਹੈ, ਜੋ ਮੁਲੰਮੇ ਵਾਂਗ ਕੁੰਦਨ ਦੀ ਨਕਲ ਕਰਦਾ ਹੈ, ਜੋ ਅਸਲ ਵਿਚ ਖੰਡ ਲਪੇਟੀ ਜ਼ਹਿਰ ਹੁੰਦੀ ਹੈ। ਮਨੁੱਖੀ ਅੱਖਾਂ ਵਧੇਰੇ ਕਰਕੇ ਬਾਹਰ ਨੂੰ ਹੀ ਵੇਖ ਕੇ ਪਸੀਜਦੀਆਂ ਹਨ। ਬਾਹਰਲੇ ਪਰਦਿਆਂ ਥੱਲੇ ਲੁਕੀ ਅੰਦਰਲੀ ਅਸਲੀਅਤ ਨੂੰ ਵੇਖ ਸਕਣ ਦੀ ਸਮਰਥਾ ਹਰ ਅੱਖ ਵਿਚ ਨਹੀਂ ਹੁੰਦੀ। ਪਾਖੰਡੀ, ਮਨੁੱਖ ਦੀ ਇਸ ਕਮਜ਼ੋਰੀ ਨੂੰ ਸਮਝਦਾ ਹੈ ਅਤੇ ਉਸ ਦਾ ਵੱਧ ਤੋਂ ਵੱਧ ਲਾਭ ਉਠਾ ਲੈਂਦਾ ਹੈ। ਅਜਿਹੇ ਅਨੇਕਾਂ ਹੀ ਹਨ ਜਿਨ੍ਹਾਂ ਨੂੰ ਵੇਖਦਿਆਂ ਮਨੁੱਖ ਸ਼ਰਧਾ ਵੱਸ ਹੋ ਜਾਂਦਾ ਹੈ ਅਤੇ ਸਭ ਕੁਝ ਨਿਛਾਵਰ ਕਰਨ ਲਈ ਉਤਾਵਲਾ ਹੋ ਜਾਂਦਾ ਹੈ। ਗੁਰਬਾਣੀ ਵਿਚ ਅਜਿਹੇ ਦੰਭੀਆਂ ਦੀਆਂ ਅਨੇਕਾਂ ਹੀ ਤਸਵੀਰਾਂ ਖਿੱਚੀਆਂ ਹਨ ਜਿਨ੍ਹਾਂ ਦੇ ਬਾਹਰਲੇ ਭੇਖ ‘ਤੇ ਜਗਿਆਸੂ ਝੱਟ ਮੋਹਿਆ ਜਾਂਦਾ ਹੈ, ਪਰ ਹੋਸ਼ ਟਿਕਾਣੇ ਓਦੋਂ ਆਉਂਦੀ ਹੈ ਜਦ ਅਚਾਨਕ ਹੀ ਬੁਰਕਾ ਲੱਥਣ ‘ਤੇ ਉਹ ਧਰੋਹੀ ਦੇ ਰੂਪ ਵਿਚ ਸਾਕਾਰ ਹੁੰਦਾ ਹੈ। ਗੁਰਬਾਣੀ ਜਗਿਆਸੂ ਨੂੰ ਇਨ੍ਹਾਂ ਪਾਖੰਡਾਂ ਤੋਂ ਇਸ ਤਰ੍ਹਾਂ ਸਾਵਧਾਨ ਕਰਦੀਆਂ ਹਨ:
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।। ( ਅੰਗ ੪੭੬)
– ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ।। ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ।। ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ॥
(ਅੰਗ ੧੪੦)
ਪਾਖੰਡ ਮਨੁੱਖ ਦੀ ਲਾਲਸਾ ਦੀ ਪਰਦਰਸ਼ਨੀ ਹੈ। ਉਹ ਲਾਲਸਾ ਹੈ:
੧. ਪਦਾਰਥ-ਪ੍ਰਾਪਤੀ ਦੀ।
੨. ਆਪਣੀ ਵਡਿਆਈ ਜਾਂ ਜੈ ਜੈ ਕਾਰ ਦੀ।
੩. ਆਪਣੀ ਕਮਜ਼ੋਰੀ ਜਾਂ ਊਣਤਾ ਨੂੰ ਛੁਪਾਉਣ ਦੀ।
ਪਾਖੰਡ ਦਾ ਪਸਾਰਾ ਭਾਵੇਂ ਹਰ ਸਮੇਂ ਹੀ ਰਿਹਾ ਹੈ, ਪਰ ਅਜੋਕੇ ਸਮੇਂ ਇਸ ਦਾ ਵਿਸ਼ੇਸ਼ ਬੋਲ-ਬਾਲਾ ਹੈ। ਪਦਾਰਥਕ ਬਹੁਲਤਾ ਦੀ ਹਵਸ ਤਾਂ ਮਨੁੱਖ ਵਿਚ ਸਦਾ ਹੀ ਰਹੀ ਹੈ। ਜਦੋਂ ਵੀ ਮਨੁੱਖ ਅੰਦਰ ਮਲਕੀਅਤ ਦੀ ਲਾਲਸਾ ਜਾਗੀ, ਉਸ ਨੇ ਪਰਾਇਆ ਹੱਕ ਖੋਹਣ ਦੀ ਵਿਉਂਤ ਸੋਚੀ। ਪਹਿਲੇ ਪਹਿਲ ਉਸ ਨੇ ਸੀਨਾ-ਜ਼ੋਰੀ ਵਿਖਾਈ, ਪਰ ਜਦ ਸੀਨਾ-ਜ਼ੋਰੀ ਦਾ ਦਾਅ ਨਾ ਚੱਲਿਆ, ਦੂਜੇ ਦੇ ਸਾਹਮਣੇ ਆਪਣੇ ਆਪ ਨੂੰ ਨਿਰਬਲ ਸਮਝਿਆ ਤਾਂ ਉਹਨੇ ਗੁੱਝੇ ਦਾਅ ਖੇਡਣੇ ਅਰੰਭੇ । ਅਜਿਹਾ ਗੁੱਝਾ ਦਾਅ ਪਾਖੰਡ ਹੀ ਹੈ ਜਿਸ ਦੀ ਜਾਦੂ-ਧੂੜ ਨੇ ਕਈਆਂ ਨੂੰ ਝੁਕਾਇਆ।
ਚਤੁਰਤਾ ਦੀ ਜਦੋ-ਜਹਿਦ ਵਿਚ ਵਧੇਰੇ ਚਤੁਰ ਲੋਕ ਅਜੋਕੇ ਜੁਗ ਵਿਚ ਮੋਹਰੀ ਹਨ। ਚਤੁਰਤਾ ਪਾਖੰਡ ਦਾ ਦੂਜਾ ਨਾਂ ਹੈ। ਵਪਾਰ ਖੇਤਰ ਵਿਚ ਇਸ ਚਤੁਰਤਾ ਨੂੰ ਵਿਸ਼ੇਸ਼ ਹਥਿਆਰ ਸਮਝਿਆ ਜਾਂਦਾ ਹੈ। ਉਹ ਵਪਾਰੀ ਹੀ ਕੀ ਹੋਇਆ ਜਿਸ ਨੇ ਸੌ ਗਾਹਕਾਂ ਨੂੰ ਬੁੱਧੂ ਨਹੀਂ ਬਣਾਇਆ। ਇਸ ਚਤੁਰਤਾ ਨੂੰ ਸਭਯ ਨਾਂ ਵਪਾਰ-ਕਲਾ ਦਿੱਤਾ ਜਾਂਦਾ ਹੈ। ਜਿਵੇਂ-ਜਿਵੇਂ ਪਦਾਰਥਕ ਦੌੜ ਤੇਜ਼ੀ ਪਕੜਦੀ ਜਾਂਦੀ ਹੈ ਤਿਵੇਂ-ਤਿਵੇਂ ਪਾਖੰਡ-ਕਲਾ ਵੀ ਪ੍ਰਫੁਲਤ ਹੁੰਦੀ ਜਾਂਦੀ ਹੈ। ਇਸ ਪਦਾਰਥਕ ਦੌੜ ਵਿਚ ਜਿਹੜਾ ਮਨੁੱਖ ਪਿੱਛੇ ਰਹਿ ਜਾਂਦਾ ਹੈ, ਉਸ ਨੂੰ ਅੱਗੇ ਵਧਣ ਲਈ ਪਾਖੰਡ-ਪਹੀਆਂ ਨੂੰ ਹੋਰ ਵੀ ਤੇਜ਼ ਕਰਨਾ ਪੈਂਦਾ ਹੈ। ਵਧੇਰੇ ਪਦਾਰਥਾਂ ਵਾਲ਼ੇ ਨੇ ਤਾਂ ਆਪਣੀ ਸ਼ੁਹਰਤ-ਭੁੱਖ ਦੀ ਘਾਟ ਪੂਰੀ ਕਰਨ ਲਈ ਪਰਦਰਸ਼ਨੀ ਕਰਨੀ ਹੀ ਹੋਈ, ਦੌੜ ਵਿਚ ਪਿੱਛੇ ਰਹਿ ਗਿਆ ਮਨੁੱਖ ਆਪਣੀ ਪਹਿਲੀ ਘਾਟ ਨੂੰ ਦੂਜੇ ਵਾਧੇ ਨਾਲ ਪੂਰਿਆਂ ਕਰਨ ਵਿਚ ਸੰਤੁਸ਼ਟਤਾ ਲੱਭਦਾ ਹੈ। ਘਰ ਤਾਂ ਭੰਗ ਭੱਜਣੀ ਹੈ ਪਰ ਉਸ ਦੇ ਪਹਿਰਾਵੇ, ਦੌੜ ਵਿਚ ਮੂਹਰੀ ਜਾ ਰਹੇ ਨੂੰ ਵੀ ਕਈ ਵਾਰੀ ਮਾਤ ਪਾ ਜਾਂਦੇ ਹਨ। ਕਾਰਜਾਂ ‘ਤੇ ਵੱਧ ਤੋਂ ਵੱਧ ਖਰਚ ਕਰ ਕੇ ਆਪਣੀ ਵਡਿਆਈ ਦੀਆਂ ਡੀਗਾਂ ਮਾਰਦਾ ਹੈ— ਭਾਵੇਂ ਦਿਵਾਲੀਆ ਹੋ ਗਿਆ ਹੋਵੇ ਜਾਂ ਸਾਰੀ ਉਮਰ ਸੂਦ ਥੱਲੇ ਦੱਬਿਆ ਰਹੇ। ਸਾਊ ਮਨੁੱਖ ਦੀ ਕਸਵੱਟੀ ਅੰਦਰਲੀ ਨਿਰਮਲਤਾ ਹੈ। ਬਾਹਰਲੀ ਕੁਲੀਨਤਾ ਵੀ ਜ਼ਰੂਰੀ ਹੈ ਜੇ ਉਹ ਦੰਭ ਦੀ ਪਰਦਰਸ਼ਨੀ ਨਾ ਕਰੇ।
ਨਿੱਜੀ ਸ਼ੁਹਰਤ ਮਨੁੱਖੀ ਦੰਭ ਦੀ ਵਿਸ਼ੇਸ਼ ਸੰਚਾਲਕ ਸ਼ਕਤੀ ਹੈ। ਪਦਾਰਥਕ ਬਹੁਲਤਾ ਵੀ ਸ਼ੁਹਰਤ-ਭੁੱਖ ਦੀ ਪੂਰਤੀ ਲਈ ਹੀ ਹੈ। ਭਾਵੇਂ ਸ਼ੁਹਰਤ ਦੀ ਭੁੱਖ ਵਾਲਾ ਢਿੱਡ ਕਈ ਤਰ੍ਹਾਂ ਭਰਨ ਨਾਲ ਭੀ ਅਭਰ ਹੀ ਰਹਿੰਦਾ ਹੈ। ਜਿਹੜਾ ਮਨੁੱਖ ਪਦਾਰਥਕ ਖੇਤਰ ਵਿਚ ਪਿੱਛੇ ਰਹਿ ਕੇ ਅਮੀਰ ਅਖਵਾਉਣ ਦੀ ਪ੍ਰਸੰਸਾ ਨਹੀਂ ਲੈ ਸਕਦਾ ਉਹ ਕਈ ਵੇਰ ਧਰਮ ਦੀ ਆੜ ਲੈ ਕੇ ਇਸ ਘਾਟ ਨੂੰ ਪਰਿਆਂ ਕਰਨ ਦਾ ਉਪਰਾਲਾ ਕਰਦਾ ਹੈ। ਧਰਮ ਦਾ ਸਬੰਧ ਵਧੇਰੇ ਕਰ ਕੇ ਮਨੁੱਖੀ ਭਾਵਾਂ ਨਾਲ ਹੈ।
ਦੂਜੇ ਦੇ ਭਾਵਾਂ ਦਾ ਅਯੋਗ ਲਾਭ ਉਠਾਉਣਾ ਲਾਲਸੀ ਲਈ ਵਧੇਰੇ ਸੌਖਾ ਹੋ ਜਾਂਦਾ ਹੈ। ਜਿੰਨੇ ਵਧੇਰੇ ਕੋਮਲ ਜਜ਼ਬੇ ਸੰਪਰਕ ਵਿਚ ਆਉਣ ਓਨੇ ਹੀ ਵਧੇਰੇ ਉਸ ਦੀ ਜੈ-ਜੈ ਕਾਰ ਦਾ ਢੋਲ ਵਜਾਉਣ ਵਾਲੇ ਹੋ ਜਾਂਦੇ ਹਨ। ਭਾਵੇਂ ਇਹ ਅਖਾਣ ਚਿਰ-ਕਾਲ ਬੋਲਿਆ-ਸੁਣਿਆ ਆ ਰਿਹਾ ਹੈ ‘ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ ।’ ਪਰ ਫੇਰ ਵੀ ਜਗਿਆਸੂ ਕਈ ਵਾਰੀ ਕਿਸੇ ਦੇ ਮੁੰਦੇ ਨੈਣਾਂ ਨੂੰ ਤੇ ਹਿੱਲਦੇ ਬੁੱਲ੍ਹਾਂ ਨੂੰ ਵੇਖ ਕੇ ਪ੍ਰਭਾਵਤ ਹੋ ਜਾਂਦਾ ਹੈ। ਉਸ ਦੀ ਢੱਕੀ ਹੋਈ ਲਾਲਸਾ ਜ਼ਹਿਰ ਵੱਲ ਉਸ ਦੀ ਨੀਝ ਜਾਂਦੀ ਹੀ ਨਹੀਂ। ਕਈ ਵਾਰੀ ਜਾਣਦੇ ਹੋਏ ਵੀ ਕਿ ਅਮਕਾ ਵਿਅਕਤੀ ਧਰੋਹੀ ਹੈ, ਪਰ ਜਦ ਉਸ ਨੂੰ ਧਰਮ ਦਾ ਬੁਰਕਾ ਪਾਇਆ ਵੇਖੀਦਾ ਹੈ ਤਾਂ ਉਸ ਦੇ ਧਰੋਹ ਅੱਖੋਂ ਉਹਲੇ ਹੀ ਕਰ ਦਈ ਦੇ ਹਨ। ਤੋਂ
ਜ਼ਰੂਰੀ ਨਹੀਂ ਤੋਤੇ ਵਰਗੀ ਮਿੱਠੀ ਬੋਲੀ ਬੋਲਣ ਵਾਲਾ ਹਰ ਕੋਈ ਸ਼ਹਿਦ ਦਾ ਖਜ਼ਾਨਾ ਹੈ, ਜਾਂ ਝੁਕ ਝੁਕ ਸਲਾਮਾਂ ਕਰਨ ਵਾਲਾ ਨਿਮਰਤਾ ਗੁਣ ਦਾ ਧਾਰਨੀ ਹੈ ਸਗੋਂ ਅਜਿਹੇ ਤਾਂ ਕਈ ਵਾਰੀ ਵਧੇਰੇ ਖਤਰਨਾਕ ਸਿੱਧ ਹੋ ਜਾਂਦੇ ਹਨ, ਮਿੱਠੀ ਜ਼ਹਿਰ ਵਾਂਗ। ਇਸੇ ਕਰਕੇ ਗੁਰੂ ਨਾਨਕ ਜੀ ਸਾਵਧਾਨ ਕਰਦੇ ਹਨ:
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥
(ਅੰਗ ੪੭੦)
ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਤਾਂ ਮਨੁੱਖ ਨੂੰ ਵਿਸ਼ੇਸ਼ ਪਾਖੰਡ ਕਰਨਾ ਪੈਂਦਾ ਹੈ। ਕੋਈ ਘੱਟ ਪੜ੍ਹਿਆ ਦੂਜਿਆਂ ਦੇ ਸਾਹਮਣੇ ਇਸ ਤਰ੍ਹਾਂ ਪਖੰਡ ਕਰੇਗਾ।
ਮੂੰਹ ਬਣਾ ਬਣਾ ਕੇ, ਕੁਝ ਮੋਟੇ ਮੋਟੇ ਯਾਦ ਕੀਤੇ ਸ਼ਬਦਾਂ ਦਾ ਪ੍ਰਯੋਗ ਕਰ ਕੇ ਕਿ ਉਸ ਦੀ ਘਾਟ ਵੱਲ ਕੋਈ ਖ਼ਿਆਲ ਹੀ ਨਾ ਕਰ ਸਕੇ। ‘ਥੋਥਾ ਚਨਾ ਬਾਜੇ ਘਨਾ’ ਪ੍ਰਸਿੱਧ ਮਿਸਾਲ ਹੈ। ਪਰ ਵਿਦਵਾਨ ਤਾਂ ਕਿਸੇ ਨਿਕਟਵਰਤੀ ਨਾਲ ਆਪਣੀ ਬੋਲੀ ਵਿਚ ਗੱਲਬਾਤ ਕਰ ਕੇ ਅਨੰਦ ਮਾਣਦਾ ਹੈ।
ਧਰਮਾਤਮਾ ਕੋਈ ਵਿਰਲਾ ਜਨ ਹੀ ਬਣ ਸਕਦਾ ਹੈ, ਇਹ ਤਾਂ ਪ੍ਰਾਪਤੀ ਹੈ। ਮਹਾਨ ਘਾਲਨਾ ਦੀ ਸਾਧਨਾ ਦੀ। ਇਹ ਖੇਡ ਹੈ ਰੂਹ ਦੀ, ਇਹ ਰਸ ਹੈ ਅੰਦਰ ਦਾ ਸ਼ਾਂਤ ਤੇ ਨਿਰਾਲਾ ਰਸ। ਜੋ ਅਜਿਹਾ ਕਰ ਨਹੀਂ ਸਕਦਾ ਉਹ ਇਸ ਸ਼੍ਰੇਣੀ ਵਿਚ ਸ਼ਾਮਲ ਹੋਣ ਲਈ ਬਾਹਰਲੇ ਦਿਖਾਵੇ ‘ਤੇ ਹੀ ਜ਼ੋਰ ਦੇਂਦਾ ਹੈ।
ਪਾਖੰਡ ਘਾਤਕ ਹੈ ਦੇਸ਼ ਦਾ, ਕੌਮ ਦਾ ਧਰਮ ਤੇ ਮਨੁੱਖ ਦੇ ਆਪਣੇ ਆਪ ਦਾ । ਗੁਰਬਾਣੀ ਕਹਿੰਦੀ ਹੈ ਕਿ ਬਾਹਰਲੇ ਵਿਖਾਵੇ ‘ਤੇ ਜ਼ੋਰ ਦੇਂਦੇ ਰਹਿਣ ਵਾਲਾ ਅੰਤਰ-ਆਤਮ ਨਿਵਾਸ ਕਰ ਹੀ ਨਹੀਂ ਸਕਦਾ। ਜਿਹੜਾ ਅੰਦਰਲਾ ਰਸ ਚਖ ਲੈਂਦਾ
ਹੈ ਉਸ ਨੂੰ ਬਾਹਰਲਾ ਰਸ ਫਿੱਕਾ ਤੇ ਅਕਾਰਥ ਲੱਗਣ ਲੱਗ ਪੈਂਦਾ ਹੈ। ਪਾਖੰਡ ਦੀ ਕਾਲਖ ਵਿਚ ਸੱਚ ਦਾ ਝਲਕਾਰਾ ਅਨੁਭਵ ਹੋ ਹੀ ਨਹੀਂ ਸਕਦਾ। ਬਾਹਰਲੇ ਦਿਖਾਵੇ ਵਿਚ ਅਰਥਾਤ ਮੂੰਹ ‘ਤੇ ਸਵਾਹ ਮਲ ਲੈਣ ਨਾਲ, ਡੰਡਾ ਹੱਥ ਵਿਚ ਫੜ ਲੈਣ ਨਾਲ ਅਤੇ ਚਿਪੀ ਫੜ ਕੇ ਘਰ-ਘਰ ਅਲਖ ਜਗਾਉਂਦੇ ਰਹਿਣ ਨਾਲ ਪ੍ਰਾਪਤੀ ਕਦੀ ਨਹੀਂ ਹੋ ਸਕਦੀ ਸਗੋਂ ਉਹ ਤਾਂ ਉਦਰ ਪਾਲਣ, ਲੋਕਾਂ ਦੀ ਕਮਾਈ ਤੇ ਭੇਖ ਦਾ ਡਾਕਾ ਮਾਰਨਾ ਹੈ। ਜੋਗ ਪਰਗਟਾਵਾ ਨਹੀਂ, ਜੋਗ ਤਾਂ ਆਤਮਾ ਦੀ ਜੁੜਨ-ਅਵਸਥਾ ਹੈ:
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥ ਜੋਗੁ ਨ ਮੁੰਦੀ ਮੂੰਡਿ ਮੁੰਡਾਇਐ ਜੋਗੁ ਨ ਸਿੰਙੀ ਵਾਈਐ।।
ਅੰਜਨ ਮਾਹਿ ਨਿਰੰਜਨਿ ਰਹੀਐ
ਜੋਗ ਜੁਗਤਿ ਇਵ ਪਾਈਐ।।
(ਅੰਗ ੭੩੦)
ਅਸਲ ਮੁੰਦਰਾਂ ਪਹਿਨਣੀਆਂ ਚਾਹੀਦੀਆਂ ਹਨ, ਅਸਲ ਸੁਆਹ ਲਗਾਉਣੀ ਚਾਹੀਦੀ ਹੈ, ਇਸ ਤਰ੍ਹਾਂ ਦੀ, ਜਿਵੇਂ ਜਪੁ ਜੀ ਵਿਚ ਹੈ:
ਮੁੰਦਾ ਸੰਤੋਖੁ ਸਰਮ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥
ਤੀਰਥ ਇਸਨਾਨਾਂ ਨਾਲ ਵੀ ਮਨੁੱਖ ਸੁੱਚਾ ਨਹੀਂ ਹੋ ਸਕਦਾ, ਕਿਉਂਕਿ ਇਸ ਨਾਲ ਮਨ ਧੋਤਾ ਨਹੀਂ ਜਾ ਸਕਦਾ ਸਗੋਂ ਦੂਣੀ ਮੈਲ ਹੀ ਕਈ ਵਾਰ ਚੜ੍ਹ ਜਾਂਦੀ ਹੈ। ਗੁਰਬਾਣੀ ਕਹਿੰਦੀ ਹੈ ਜੇ ਇਸ ਤਰ੍ਹਾਂ ਹੀ ਮਨੁੱਖੀ ਪਾਰ ਉਤਾਰਾ ਹੋਣ ਲੱਗੇ ਤਾਂ ਡੱਡੂ ਕਿਉਂ ਨਾ ਤਰ ਗਿਆ ਜੁ ਸਾਰਾ ਸਮਾਂ ਹੀ ਪਾਣੀ ਵਿਚ ਰਹਿੰਦਾ ਹੈ ?
ਜੇ ਮਨੁੱਖ ਬਾਹਰੋਂ ਸਵੱਛ ਨਹੀਂ ਵੀ, ਪਰ ਅੰਦਰ ਮਾਂਜਿਆ ਹੋਇਆ, ਲਿਸੁ ਲਿਸ ਕਰਦਾ ਹੈ, ਸੁੱਚੇ ਵਿਹਾਰ ਨਾਲ, ਤਾਂ ਉਸ ਨੂੰ ‘ਗੋਦੜੀ ਦਾ ਲਾਲ’ ਕਿਹਾ ਹੈ। ਜਿਹੜਾ ਅੰਦਰੋਂ ਮੈਲਾ ਹੈ ਤੇ ਬਾਹਰੋਂ ਨਿਰਮਲ ਉਹ ਪਾਖੰਡੀ ਹੈ, ਉਹ ਅਜਿਹਾ ਕਰਦਾ ਹੈ ਦੂਜਿਆਂ ਨੂੰ ਧੋਖਾ ਦੇਣ ਲਈ ਭਾਵੇਂ ਵਾਸਤਵ ਵਿਚ ਉਹ ਆਪਣਾ ਜੀਵਨ ਜੁਆਰੀਆਂ ਵਾਂਗ ਹਾਰ ਰਿਹਾ ਹੈ। ਗੁਰੂ ਅਮਰਦਾਸ ਜੀ ਨੇ ਦੋਵੇਂ ਤਰ੍ਹਾਂ ਦੇ ਮਨੁੱਖ ਦਰਸਾ ਕੇ ਫੇਰ ਅਜਿਹੇ ਆਦਰਸ਼ਕ ਮਨੁੱਖ ਦਾ ਜੀਵਨ ਚਿਤਰਿਆ ਹੈ ਜਿਸ ਦਾ ਹਿਰਦਾ ਹੀਰੇ ਵਾਂਗ ਦਗ-ਦਗ ਕਰਦਾ ਹੈ ਅਤੇ ਬਾਹਰੋਂ ਵੀ ਸਾਦਾ ਤੇ ਸਵੱਛ ਹੈ। ਅਜਿਹੇ ਮਨੁੱਖ ਹੀ ਜੀਵਨ ਸਫਲ ਕਰ ਕੇ ਜਾਂਦੇ ਹਨ:
ਜੀਅਹੁ ਨਿਰਮਲ ਬਾਹਰਹੁ ਨਿਰਮਲ॥
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ
ਸਤਿਗੁਰ ਤੇ ਕਰਣੀ ਕਮਾਣੀ॥
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ॥
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ।। ੨੦।।
(ਅੰਗ ੯੧੯)
ਪਖੰਡੀ ਮਨੁੱਖ ਦੀ ਦੁਰਦਸ਼ਾ ਸਭ ਤੋਂ ਵੱਧ ਓਦੋਂ ਹੁੰਦੀ ਹੈ, ਜਾਂ ਉਸ ਨੂੰ ਮਾਨਸਿਕ ਸਜ਼ਾ ਉਦੋਂ ਮਿਲਦੀ ਹੈ ਜਦ ਉਸ ਦਾ ਪਾਜ ਉੱਘੜਦਾ ਹੈ। ਜੇ ਉਸ ਨੂੰ ਇਹ ਅਹਿਸਾਸ ਹੋਵੇ ਕਿ ਮੇਰੇ ਕਪਟ ਤਾਂ ਜਾਣੀ-ਜਾਨ ਗੁਰੂ ਹਰ ਸਮੇਂ ਹੀ ਵੇਖ ਰਿਹਾ ਹੈ ਤਾਂ ਉਸ ਦੀ ਉਥੋਂ ਤਕ ਨੌਬਤ ਹੀ ਨਾ ਆਵੇ। ਗੁਰੂ-ਵਾਕ ਸੁਚੇਤ ਕਰਦੇ ਹਨ:
– ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ॥
(ਅੰਗ ੪੮)
– ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥
(ਅੰਗ ੧੦੯੯)
ਦੰਭ ਜਾਂ ਪਾਖੰਡ ਮਾਨਵਤਾ ਦਾ ਦੁਸ਼ਮਣ ਹੈ। ਮਾਨਵਤਾ ਦੀ ਸੁਰੱਖਿਅਤਾ ਲਈ ਅਤੇ ਦੰਭੀ ਨੂੰ ਚਿੰਤਾਤੁਰ ਕਰਨ ਲਈ ਗੁਰੂ ਸਾਹਿਬ ਨੇ ਤਾੜਨਾ ਕੀਤੀ:
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ (ਅੰਗ ੭੪੭)
ਕਪਟੀ ਮਨੁੱਖ ਨੂੰ ਕਪਟ ਕਰਨ ਨਾਲ ਅੰਤ ਉਹੋ ਕੁਝ ਹੀ ਪ੍ਰਾਪਤ ਹੋਵੇਗਾ ਜੋ ਪਾਣੀ ਰਿੜਕਣ ਵਾਲੇ ਨੂੰ:
ਹ੍ਰਿਦੈ ਕਪਟੁ ਮੁਖ ਗਿਆਨੀ।। ਝੂਠੇ ਕਹਾ ਬਿਲੋਵਸਿ ਪਾਨੀ॥ ਕਾਂਇਆ ਮਾਂਜਸਿ ਕਉਨ ਗੁਨਾਂ ॥
ਜਉ ਘਟ ਭੀਤਰਿ ਹੈ ਮਲਨਾਂ।।(ਅੰਗ ੬੫੬)
ਕਬੀਰ ਦੇ ਪਰਮਾਣ ਬਹੁਤ ਨਿਸਚੇਦਾਇਕ ਹਨ। ਉਹ ਦੱਸਦੇ ਹਨ ਕਿ ਨੰਗਿਆਂ ਫਿਰਨ ਨਾਲ ਜੋਗ ਕਮਾਇਆ ਜਾਵੇ ਤਾਂ ਸਾਰੇ ਹਿਰਨ ਹੀ ਮੁਕਤ ਹੋ ਜਾਣ, ਇਸ ਤਰ੍ਹਾਂ ਸਿਰ ਮੁੰਡਾਉਣ ਨਾਲ ਤੇ ਬਿੰਦ ਰੱਖਣ ਵਾਲਾ ਵੀ ਪਾਖੰਡੀ ਹੀ ਹੈ ਕਿਉਂਕਿ ਜੇ ਅਜਿਹਾ ਹੀ ਮਾਰਗ ਸਫਲ ਹੋਵੇ ਤਾਂ ਭੇਡਾਂ ਅਤੇ ਖੁਸਰੇ ਪਹਿਲਾਂ ਹੀ ਤਰ ਜਾਣ !
ਪਾਖੰਡ ਵਾਸਤਵ ਵਿਚ ਕਾਇਰਤਾ ਹੈ, ਹੋਛਾਪਨ ਹੈ। ਸੱਚ ਦੇ ਮਾਰਗ ‘ਤੇ ਚੱਲਣ ਲਈ ਤਾਂ ਸੱਚੇ ਆਚਾਰ ਦੀ ਲੋੜ ਹੈ। ਪਾਖੰਡ ਇਸ ਦੇ ਪੰਧਾਊ ਦੇ ਪੈਰਾਂ ਵਿਚ ਬੇੜੀਆਂ ਹਨ। ਗੁਰੂ ਦੀ ਸ਼ਰਨ ਪਿਆਂ ਹੀ ਇਹ ਬੇੜੀਆਂ ਕੱਟੀਆਂ ਜਾਂਦੀਆਂ ਹਨ ਤੇ ਮਨੁੱਖ ਦੀ ਬੰਦ-ਖਲਾਸੀ ਹੋ ਜਾਂਦੀ ਹੈ।
ਡਾ. ਦਲੀਪ ਸਿੰਘ ‘ਦੀਪ’
